HOME ਦਰਦ ‘ਚ ਦ੍ਰਵਿਤ ਬੋਲਾਂ ਦਾ ਸੰਗ੍ਰਹਿ -ਉਡੀਕਾਂ ਸੱਜਣਾਂ ਦੀਆਂ

ਦਰਦ ‘ਚ ਦ੍ਰਵਿਤ ਬੋਲਾਂ ਦਾ ਸੰਗ੍ਰਹਿ -ਉਡੀਕਾਂ ਸੱਜਣਾਂ ਦੀਆਂ

5

  (ਸਮਾਜ ਵੀਕਲੀ)  ਯਾਦਵਿੰਦਰ ਤਪਾ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ, ਆਪਣੇ ਪਹਿਲੇ ਨਾਵਲ * ਚੜਦੇ – ਲਹਿੰਦੇ* ਨਾਲ਼ ਹੀ ਉਸਨੇ ਪੰਜਾਬੀ ਪਾਠਕਾਂ ਦੇ ਦਿਲਾਂ ਅੰਦਰ ਆਪਣੀ ਥਾਂ ਬਣਾ ਲਈ ਸੀ। ਜਿਆਦਾ ਸਮਾਂ ਪੱਤਰਕਾਰੀ ਵਰਗੇ ਕਾਰਜ ਨੂੰ ਸਮਰਪਿਤ ਰਹਿੰਦਿਆਂ ਹੋਇਆਂ ਵੀ, ਉਸ ਨੇ ਆਪਣੇ ਅੰਦਰੋਂ ਸੰਵੇਦਨਾ ਨੂੰ ਮਰਨ ਨਹੀਂ ਦਿੱਤਾ। ਇਹ ਸੰਵੇਦਨਾ ਹੀ ਹੈ, ਜਿਸ ਨੇ ਉਸ ਨੂੰ ਲੰਮੇ ਅਰਸੇ ਬਾਅਦ ਅੱਜ ਫਿਰ ਸਾਡੇ ਨਾਲ਼ ਕਾਵਿਕ ਸਾਂਝ ਪਾਉਣ ਲਈ ਮਿਲ ਬੈਠਣ ਦਾ ਮੌਕਾ ਪ੍ਰਦਾਨ ਕੀਤਾ ਹੈ । ਇਸੇ ਸਾਲ ਉਸ ਦਾ ਨਵਾਂ ਗਜ਼ਲ ਸੰਗ੍ਰਹਿ * ਉਡੀਕਾਂ ਸੱਜਣਾਂ ਦੀਆਂ * ਪ੍ਰਕਾਸ਼ਿਤ ਹੋਇਆ ਹੈ। ਇਹ ਸੰਗ੍ਰਹਿ ਵਿੱਚ ਉਸ ਦੀਆਂ 79 ਗ਼ਜ਼ਲਾਂ ਸ਼ਾਮਿਲ ਹਨ। ਇਹ ਗਜ਼ਲਾਂ ਵਿਛੋੜੇ ਚੋਂ ਉਪਜੇ ਬੋਲ ਹਨ, ਇਨ੍ਹਾਂ ਬੋਲਾਂ ਵਿੱਚ ਆਪ ਮੁਹਾਰਾ ਵੇਗ ਹੈ ਜੋ ਦਰਦ ਨਾਲ਼ ਦ੍ਰਵਿਤਾ ਹੈ। ਇਹਨਾਂ ਬੋਲਾਂ ਵਿੱਚ ਤੜਫ ਹੈ, ਪੀੜ ਹੈ, ਵਿਰਾਗ ਹੈ, ਇਕੱਲਤਾ ਹੈ, ਖਾ਼ਲੀਪਣ ਹੈ, ਬਿਰਹਾ ਹੈ, ਬੇਵਸੀ ਹੈ ਅਤੇ ਯਾਦਾਂ ਹਨ।
ਮਨੁੱਖੀ ਮਨ ਵਿੱਚ ਬੇਸ਼ੁਮਾਰ ਇੱਛਾਵਾਂ ਕਾਰਨ ਅਨੰਤ ਭਾਵ ਹਨ । ਜਿਨ੍ਹਾਂ ਭਾਵਾਂ ਦਾ ਸਬੰਧ ਸਥੂਲ ਸਰੀਰ ਨਾਲ਼ ਹੁੰਦਾ ਹੈ ,ਉਹਨਾਂ ਨੂੰ ਇੰਦਰਿਆਈ ਭਾਵ ਕਿਹਾ ਜਾਂਦਾ ਹੈ। ਮਾਨਸਿਕ ਅਤੇ ਅਨੁਭਵ ਉੱਤੇ ਆਧਾਰਿਤ ਭਾਵਾਂ ਨੂੰ ਗਿਆਨ ਮੂਲਕ ਭਾਵਾਂ ਦਾ ਨਾਂ ਦਿੱਤਾ ਜਾਂਦਾ ਹੈ। ਕਿਸੇ ਵੀ ਰਚਨਾ ਵਿੱਚ ਭਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਵ ਵਿਹੂਣੀ ਰਚਨਾ ਉੱਚ ਪਾਏ ਦੀ ਰਚਨਾ ਨਹੀਂ ਹੋ ਸਕਦੀ। ਭਾਵਾਂ ਵਿਚਲੀ ਮੌਲਿਕਤਾ ਕਿਸੇ ਵੀ ਰਚਨਾ ਨੂੰ ਦਿਲ ਨੂੰ ਹਲੂਣਾ ਦੇਣ ਵਾਲ਼ੀ ਰਚਨਾ ਬਣਾ ਦਿੰਦੀ ਹੈ। ਕਵੀ ਦੇ ਮਨ ਵਿੱਚ ਜੋ ਭਾਵ ਫੁੱਟਦੇ ਹਨ ਉਹਨਾਂ ਨੂੰ ਆਪਣੀ ਰਚਨਾ ਰਾਹੀਂ ਉਹ ਦੂਸਰਿਆਂ ਦੇ ਮਨਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ। ਯਾਦਵਿੰਦਰ ਤਪਾ ਵੀ ਇਸੇ ਆਹਰ ਵਿੱਚ ਲੱਗਿਆ ਦਿਖਾਈ ਦੇ ਰਿਹਾ ਹੈ। ਪੁਸਤਕ ਵਿਚ ਉਹ ਆਪਣੇ ਦਿਲ ਦੇ ਭਾਵਾਂ ਦੀ , ਆਪਣੀ ਵੇਦਨਾ ਦੀ ਸਾਡੇ ਨਾਲ਼ ਸਾਂਝ ਪਵਾ ਰਿਹਾ ਹੈ।
ਯਾਦਵਿੰਦਰ ਤਪੇ ਦੀਆਂ ਇਹਨਾਂ ਗਜ਼ਲਾਂ ਵਿੱਚ ਆਪਣੇ ਜੀਵਨ ਸਾਥੀ ਤੋਂ ਵਿਛੜਨ ਦੀ ਕਸ਼ਕ ਹੈ, ਇਕੱਲਤਾ ਦਾ ਸੰਤਾਪ ਹੈ ,ਦਿਲ ਵਿੱਚ ਵਸਦੇ ਸਾਥੀ ਦੇ ਖੁੱਸੇ ਸਾਥ ਦੀ ਪੀੜ ਹੈ , ਇਕੱਲਿਆਂ ਜ਼ਿੰਦਗੀ ਨੂੰ ਤੋਰੀ ਰੱਖਣ ਦਾ ਹੰਬਲਾ ਹੈ, ਆਪਣੀ ਜੀਵਨ ਸਾਥਣ ਉੱੱਪਰ ਪੂਰਨ ਨਿਰਭਰਤਾ ਵਾਲ਼ੀ ਜੀਵਨ ਸ਼ੈਲੀ ਦੇ ਤਬਦੀਲ ਹੋ ਜਾਣ ਦਾ ਮਲਾਲ ਹੈ, ਵਿਛੜ ਗਏ ਸਾਥੀ ਨੂੰ ਅਜੇ ਹੋਰ ਬਹੁਤ ਕੁਝ , ਜੋ ਕਹਿ ਨਹੀਂ ਹੋਇਆ, ਉਸਦੇ ਮਨ ਚ ਹੀ ਰਹਿ ਜਾਣ ਦਾ ਝੋਰਾ ਹੈ, ਜ਼ਿੰਦਗੀ ਦੇ ਰੰਗਾਂ ਵਿੱਚ ਉਦਾਸ ਪਲਾਂ ਦੇ ਰਲ਼ ਜਾਣ ਨੂੰ ਵੇਖਦੀਆਂ ਨਮ ਅੱਖਾਂ ਦੇ ਕੋਇਆਂ ਦੀ ਰੜਕ ਹੈ। ਯਾਦਵਿੰਦਰ ਇੰਨਾਂ ਗਜ਼ਲਾਂ ਵਿੱਚ ਆਪਣੀ ਜੀਵਨ ਸਾਥਣ ਨੂੰ ਯਾਦ ਕਰਦਾ ਹੈ, ਉਸਦੇ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਦਾ ਹੈ ,ਸਾਲਾਂ ਦੀ ਪਈ ਸਾਂਝ ਬਾਰੇ ਸੋਚਦਾ ਹੈ। ਆਪਣੇ ਪਿਆਰੇ ਨਾਲ਼ ਬਿਤਾਏ ਹੋਏ ਪਲਾਂ ਨੂੰ ਚੇਤੇ ਕਰਦਿਆਂ, ਉਹਨਾਂ ਖੁਸ਼ਗਵਾਰ ਪਲਾਂ ਵਿੱਚੋਂ ਪਿਆਰੇ ਦੇ ਮਨਫੀ ਹੋਣ ਦੇ ਦਰਦ ਨੂੰ ਬਿਆਨ ਕਰਦਾ ਹੈ। ਇਹਨਾਂ ਗਜ਼ਲਾਂ ਵਿੱਚ ਕਵੀ ਦੀ ਮੁਹੱਬਤ ਬੜੇ ਕਰੁਣਾਮਈ ਅਹਿਸਾਸਾਂ ਵਿੱਚ ਪੇਸ਼ ਹੋਈ ਨਜ਼ਰ ਆਉਂਦੀ ਹੈ ਇਹਨਾਂ ਗਜ਼ਲਾਂ ਵਿੱਚ ਯਾਦਵਿੰਦਰ ਕਿਧਰੇ ਪੁੰਨੂ ਦੀ ਤਲਾਸ਼ ਵਿੱਚ ਤੜਫਦੀ ਸੱਸੀ ਦੇ ਰੂਪ ਵਿੱਚ ਤੜਫਦਾ ਦਿਖਾਈ ਦਿੰਦਾ ਹੈ। ਕਿਤੇ ਇਕੱਲਤਾ ਦਾ ਯੋਗ ਧਾਰਨ ਕਰ ਹੀਰ ਨੂੰ ਭਾਲਦਾ ਦਰ-ਦਰ ਘੁੰਮਦਾ ਹੈ ਤੇ ਕਿਤੇ ਆਪਣੇ ਪਿਆਰੇ ਸਾਥੀ ਨੂੰ ਮਿਲਣ ਲਈ ਸਾਹ ਹੁਸੈਨ ਵਾਂਗ
ਮਸਤ ਮਲੰਗ ਬਣ ਆਪਣੇ ਮੋਹ ਦਾ ਪ੍ਰਗਟਾਵਾ ਕਰਦਾ ਹੈ। ਓਪਰੀ ਨਜ਼ਰ ਵਿੱਚ ਤਪੇ ਦੀਆਂ ਗਜ਼ਲਾਂ ਦੇ ਸ਼ੇਅਰ ਉਹ ਪ੍ਰਭਾਵ ਨਹੀਂ ਛੱਡਦੇ, ਜੋ ਪ੍ਰਭਾਵ ਗਜ਼ਲ ਦੇ ਸ਼ੇਅਰ ਦਾ ਹੁੰਦਾ ਹੈ ਪਰ ਭਾਵ ਵੀ ਪੱਧਰ ਤੇ ਗਹਿਨ ਦ੍ਰਿਸ਼ਟੀ ਨਾਲ਼ ਜਦੋਂ ਅਸੀਂ ਇਨ੍ਹਾਂ ਨੂੰ ਵਾਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਨ੍ਹਾਂ ਗ਼ਜ਼ਲਾਂ ਵਿਚ ਕਿੱਸਾ ਕਾਵਿ ,ਸੂਫੀ ਕਾਵਿ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਇਹਨਾਂ ਵਿੱਚ ਪੰਜਾਬੀ ਕਿੱਸਾ ਕਾਵਿ ਪਰੰਪਰਾ ਦੀਆਂ ਰੂੜ ਹੋ ਚੁੱਕੀਆਂ ਅਤੇ ਲੋਕ ਮਨਾਂ ਵਿੱਚ ਵਸੀਆਂ ਘਟਨਾਵਾਂ ਦਾ ਬਿਆਨ ਮਿਲਦਾ ਹੈ। ਭਾਵੇਂ ਕਵੀ ਦਾ ਇਹ ਆਪਣਾ ਨਿੱਜੀ ਦੁਖਾਂਤ ਹੈ ਪਰ ਜਦੋਂ ਉਹ ਇਹ ਦੁਖਾਂਤ ਨੂੰ ਬਿਆਨ ਕਰਦਾ ਹੈ ਤਾਂ ਸਹਜ ਸੁਭਾਅ ਸਾਨੂੰ ਉਸਦੇ ਬੋਲ ਕਿੱਸਾ ਕਾਵਿ ਦੀਆਂ ਘਟਨਾਵਾਂ ਨਾਲ਼ ਜੋੜ ਦਿੰਦੇ ਹਨ। ਜਿਵੇਂ –

ਤੇਰੀ ਪੈੜ ਦਾ ਪਿੱਛਾ ਕਰ , ਪੁੱਜ ਜਾਣਾ ਏ ਤੇਰੇ ਦਰ ‘ਤੇ ਮੈਂ
ਭਾਵੇਂ ਉਰਲੀ ਪੱਤਣ ਤੋਂ ਪਰਲੀ ਪੱਤਣ ਦਾ ਪੈਂਡਾ ਚੌਖਾ ਏ।

ਗਜ਼ਲਾਂ ਵਿੱਚ ਕਈ ਥਾਵੇਂ ਉਸਦੇ ਸ਼ੇਅਰਾਂ ਨੂੰ ਸਾਹ ਹੁਸੈਨ ਦੀ ਬੋਲੀ ਦਾ ਰੰਗ ਚੜਿਆ ਨਜ਼ਰੀਂ ਆਉਂਦਾ ਹੈ। ਪਿਆਰੇ ਨੂੰ ਮਿਲਣ ਦੀ ਤਾਂਘ ਉਸ ਨੂੰ ਸਾਹ ਹੁਸੈਨ ਵਾਂਗ ਨਿਸੰਗ ਬਣਾ ਦਿੰਦੀ ਹੈ ।ਇਸੇ ਲਈ ਉਹ ਲਿਖਦਾ ਹੈ-

ਯਾਰੜੇ ਦਾ ਘਰ ਦੂਰ ਸੁਣੀਂਦਾ ਜੋੜਨਾ ਪੈ ਗਿਆ ਯੱਕਾ
ਪੈਰੀ ਤੁਰ ਚਲ ਸੱਜਣਾਂ ਦੇ ਦਰ, ਕੀ ਕਰਨੀਆਂ ਜੱਕਾਂ ਤੱਕਾਂ।

ਇੱਕਲਤਾ ਦਾ ਜ਼ਿਕਰ ਉਸਦੇ ਸ਼ੇਰਾਂ ਵਿੱਚ ਅਨੇਕਾਂ ਥਾਈ ਆਇਆ ਹੈ। ਇਹ ਇਕੱਲਤਾ ਨੇ ਉਸਦੇ ਅੰਦਰ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਉਸ ਨੂੰ ਅੰਦਰੋਂ ਤੋੜਿਆ ਹੈ। ਇਸ ਗੱਲ ਦਾ ਸੰਤਾਪ ਉਸ ਨੂੰ ਆਪਣੇ ਜੀਵਨ ਸਾਥੀ ਦੀ ਗੈਰ ਮੌਜੂਦਗੀ ਦਾ ਅਹਿਸਾਸ ਹੋਰ ਤੀਬਰਤਾ ਨਾਲ ਕਰਾਉਂਦਾ ਹੈ। ਉਹ ਲਿਖਦਾ ਹੈ-

ਲੋਕੀ ਮੈਨੂੰ ਆਖਣ ਝੱਲਾ- ਝੱਲਾ, ਝੱਲਾ ਓਏ! ਮੈਂ ਝੱਲਾ,
ਇੱਕੋ ਮੋਰੀ ਨਿਕਲ ਗਏ ਸਾਰੇ, ਰਹਿ ਗਿਆ ਮੈਂ ਕੱਲਾ।

ਗਲਾਸ ਪਾਣੀ ਵੀ ਪੀ ਰਿਹਾ ਸੀ ਹਮਸਫਰ ਦੇ ਹੱਥੋਂ
ਹੇ ਰਾਮ! ਕੀ ਅਧੀਨਗੀ ਦੇ ਦੌਰ ‘ਚ ਆ ਗਿਆ ਹਾਂ।

ਆਪਣੀਆਂ ਗਜ਼ਲਾਂ ਵਿੱਚ ਯਾਦਵਿੰਦਰ ਤਪਾ ਜੀਵਨ ਦੇ ਸੱਚ ਤੋਂ ਕਿਤੇ ਵੀ ਮੁਨਕਰ ਹੋਇਆ ਨਜ਼ਰ ਨਹੀਂ ਆ ਰਿਹਾ। ਉਹ ਜਾਣਦਾ ਹੈ ਕਿ ਜੀਵਨ ਇੱਕ ਸੰਘਰਸ਼ ਹੈ । ਇਸ ਸੰਘਰਸ਼ ਲਈ ਹਰ ਮਨੁੱਖ ਨੂੰ ਤਿਆਰ ਰਹਿਣਾ ਹੀ ਪਵੇਗਾ। ਜੇਕਰ ਇਹ ਸੰਘਰਸ਼ ਨਾ ਲੜਿਆ ਗਿਆ ਤਾਂ ਮਨੁੱਖ ਜੀਵਨ ਦੀ ਜੰਗ ਹਾਰ ਜਾਵੇਗਾ। ਉਹ ਆਪਣੀ ਗਜ਼ਲ ਦਾ ਇਹ ਸ਼ੇਅਰ ਬੜੀ ਦ੍ਰਿੜਤਾ ਨਾਲ਼ ਆਖ ਰਿਹਾ ਹੈ-

ਪਰਵਾਨਿਆ ਤਾਂ ਜਲ਼ ਬਲ਼ ਮੁੱਕਣਾ ਹੁੰਦਾ ਦੀਵੇ ਦੀ ਲੋਅ ‘ਤੇ
ਜਲ਼ ਕੇ ਰਾਖ ਨਾ ਹੋਏ ਤਾਂ ਕਾਹਦੇ ਪਰਵਾਨਿਆਂ ਦੇ ਯਾਰਾਨੇ।

ਭਾਵੇਂ ਯਾਦਵਿੰਦਰ ਦੀਆਂ ਇਹ ਗ਼ਜ਼ਲਾਂ ਉਸ ਦੇ ਅੰਦਰ ਚੱਲ ਰਹੀ ਘੋਰ ਨਿਰਾਸ਼ਾ ਦਾ ਪ੍ਰਗਟਾਵਾ ਕਰਦੀਆਂ ਹਨ, ਪਰ ਉਸਦੇ ਅਵਚੇਤਨ ਵਿੱਚ ਇੱਕ ਆਸ਼ਾਵਾਦ ਦੀ ਕਿਰਨ ਅਜੇ ਵੀ ਚਮਕਦੀ ਨਜ਼ਰ ਆਉਂਦੀ ਹੈ। ਇਹ ਆਸ਼ਾਵਾਦ ਹੀ ਹੈ ਜੋ ਉਸ ਨੂੰ ਉਸਦੀਆਂ ਦੁੱਖਾਂ ਤਕਲੀਫਾਂ ਨਾਲ਼ ਲੜਨ ਲਈ ਹੌਸਲਾ ਦੇ ਰਿਹਾ ਹੈ। ਉਸ ਦਾ ਸ਼ੇਅਰ ਹੈ-

ਪਤਝੜ ਅਜਿਹੀ ਕੀ ਆਈ ਉੱਜੜੇ ਚਮਨ ਦੇ ਫੁੱਲ ਮੁਰਝਾ ਬੈਠੇ,
ਤਪੇ ਕਦੀ ਤੇ ਮੁੜੇਗੀ ਬਹਾਰ ਕੰਬਖ਼ਤ ਮਾਲੀ ਹੌਸਲੇ ਢਾਹ ਬੈਠੇ।

ਇਸ ਆਸ਼ਾਵਾਦ ਨੇ ਹੀ ਅਜੇ ਤੱਕ ਯਾਦਵਿੰਦਰ ਤਪੇ ਨੂੰ ਸਾਂਭਿਆ ਹੋਇਆ ਹੈ। ਇਹ ਆਸ਼ਾਵਾਦ ਨੇ ਹੀ ਉਸਦੇ ਜੀਵਨ ਨੂੰ ਗਤੀਸ਼ੀਲਤਾ ਪ੍ਰਦਾਨ ਕੀਤੀ ਹੈ। ਉਸ ਨੂੰ ਨਿਰਾਸ਼ਾ ਦੇ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਖੜ੍ਹਾ ਕੀਤਾ ਹੈ ‌। ਮਨੁੱਖ ਦਾ ਜੀਵਨ ਅਣਗਿਣਤ ਘਟਨਾਵਾਂ ਦੇ ਨਾਲ਼ ਭਰਪੂਰ ਹੈ। ਜਿੱਥੇ ਸੁੱਖ ਅਤੇ ਦੁੱਖ, ਉਥਾਨ ਅਤੇ ਪਤਨ ਦਾ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ। ਆਸ਼ਾਵਾਦ ਇਸ ਸਿਲਸਿਲੇ ਨੂੰ ਮੋੜਾ ਦਿੰਦਾ ਹੈ ਅਤੇ ਮਨੁੱਖ ਨੂੰ ਨਵੇਂ ਰਾਹਾਂ ਦਾ ਪਾਂਧੀ ਬਣਾਉਂਦਾ ਹੈ। ਯਾਦਵਿੰਦਰ ਤਪਾ ਇਸ ਸੱਚ ਨੂੰ ਆਪਣੇ ਜਿਉਂਣ ਦਾ ਹਿੱਸਾ ਬਣਾਉਂਦਾ ਹੈ ਅਤੇ ਆਸ਼ਾਵਾਦ ਦਾ ਪੱਲਾ ਫੜਦਾ ਦਾ ਹੈ। ਉਹ ਆਪਣੇ ਸ਼ੇਅਰ ਵਿੱਚ ਕਹਿੰਦਾ ਹੈ –

ਰੁੱਤ ਬਦਲੀ ਸਨਮ ਕਿਉਂ ਲੱਗਦਾ ਆਲਮ ਉਦਾਸ ਹੈ
ਲੱਖ ਹੋਣ ਝੱਖੜ ਝੋਲੇ ਫਿਰ ਵੀ ਮਿਲਣ ਦੀ ਆਸ ਹੈ।

ਦੁਨਿਆਵੀ ਦਸਤੂਰ ਹੈ ਕਿ ਜੋ ਇਨਸਾਨ / ਵਸਤੂ/ ਪ੍ਰਾਣੀ ਇਸ ਧਰਤੀ ‘ਤੇ ਪੈਦਾ ਹੁੰਦਾ ਹੈ, ਉਸਨੇ ਇਕ ਦਿਨ ਇਸ ਦੁਨੀਆਦਾਰੀ ਤੋਂ ਰੁਖਸਤ ਵੀ ਹੋਣਾ ਹੈ। ਇਹ ਦੁਨਿਆਵੀ ਸੱਚ ਹੈ। ਇਸ ਸੱਚ ਤੋਂ ਯਾਦਵਿੰਦਰ ਸਿੰਘ ਤਪਾ ਸੁਚੇਤ ਹੈ ਪਰ ਫਿਰ ਵੀ ਉਸਦਾ ਮਨ ਆਪਣੇ ਰੱਬ ਨੂੰ ਉਲਾਭਾ ਦਿੰਦਾ ਹੈ-

ਖੂਹਾਂ ਨੂੰ ਖੂਹ ਨਾ ਮਿਲਦੇ ਕਦੇ, ਮਿਲਦਾ ਨਾ ਮੋਇਆ ਮੁੱਕਾ,
ਰਾਹ ਜਾਂਦੇ ‘ਤਪੇ’ ਛੁੱਟ ਗਏ ਪਾਂਧੀ, ਰਹਿਬਰ ਕਰ ਗਿਆ ਧੱਕਾ।

ਮਨੁੱਖੀ ਜੀਵਨ ਵਿੱਚ ਹਰਿਆਲੀ ਦਾ ਬੜਾ ਮਹੱਤਵ ਹੈ । ਹਰਿਆਲੀ ਵਾਧੇ ਦਾ ਪ੍ਰਤੀਕ ਹੈ । ਲੋਕ ਜੀਵਨ ਵਿੱਚ ਹਰਿਆਲੀ ਨੂੰ ਖੁਸ਼ਹਾਲੀ ਦੀ ਨਿਗਾਹ ਦੇ ਨਾਲ਼ ਦੇਖਿਆ ਜਾਂਦਾ ਹੈ। ਯਾਦਵਿੰਦਰ ਤਪਾ ਹਰਿਆਲੀ ਦੇ ਮਹੱਤਵ ਨੂੰ ਦਰਸਾਉਂਦਾ ਲਿਖਦਾ ਹੈ-

ਦਿਲਕਸ਼ ਅੰਦਾਜ ‘ਚ ਹਰਿਆਵਲ ਮੈਨੂੰ ਮਾਰੇ ਗੁਝੀਆਂ ਸੈਨਤਾਂ
ਮੇਰੇ ਆਂਗਣ ਦੀ ਕਲੀ ਮੁਸਕੁਰਾ ਗਈ ਅੱਜ ਸੁਭਾਹ- ਸੁਭਾਹ।

ਇਹ ਗੱਲ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਛੀਆਂ ਅਤੇ ਪ੍ਰਦੇਸੀਆਂ ਦੇ ਪੈਰਾਂ ਵਿੱਚ ਹਮੇਸ਼ਾ ਹੀ ਚੱਕਰ ਰਹਿੰਦਾ ਹੈ। ਪ੍ਰਦੇਸੀਆਂ ਨੇ ਕਦੇ ਵੀ, ਕਿਸੇ ਥਾਂ ਜਾਂ ਟਿਕਾਣੇ ਨੂੰ ਪੱਕੇ ਤੌਰ ‘ਤੇ ਮੱਲ ਕੇ ਨਹੀਂ ਬੈਠਣਾ ਹੁੰਦਾ। ਉਸੇ ਤਰ੍ਹਾਂ ਪੰਛੀ ਵੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਉਡਾਰੀਆਂ ਲਾਉਂਦੇ ਰਹਿੰਦੇ ਹਨ। ਯਾਦਵਿੰਦਰ ਤਪਾ ਇਹ ਸਭ ਜਾਣਦਾ ਹੈ ਪਰ ਫਿਰ ਵੀ ਉਹ ਆਪਣੇ ਸ਼ੇਅਰ ਦੇ ਵਿੱਚ ਪ੍ਰਦੇਸੀ ਅਤੇ ਪੰਛੀ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਕਰਦਾ ਹੈ । ਪ੍ਰਤੀਕ ਵਜੋਂ ਆਪਣੇ ਜੀਵਨ ਲਈ ਇਨ੍ਹਾਂ ਦੀ ਵਰਤੋਂ ਕਰਦਾ ਲਿਖਦਾ ਹੈ-

ਉਹ ਪੰਛੀ ਚ’ ਜ਼ਿੰਦ ਅਸਾਡੀ, ਸਾਨੂੰ ਚੈਨ ਰਤਨ ਆਵੇ
ਉਹ ਪੰਛੀ ਪ੍ਰਦੇਸੀ ਨੇ ,ਸਾਡੀ ਰਾਤਾਂ ਦੀ ਨੀਂਦ ਉਡਾਈ।

ਇਨ੍ਹਾਂ ਗ਼ਜ਼ਲਾਂ ਵਿੱਚ ਕਈ ਥਾਂ ਉਹ ਲੋਕ ਗੀਤਾਂ ਵਰਗੇ ਬੋਲ ਵੀ ਉਚਾਰਦਾ ਹੈ। ਇਹਨਾਂ ਬੋਲਾਂ ਵਿੱਚ ਸਾਦਗੀ ਹੈ ,ਸਰਲਤਾ ਹੈ। ਇੱਕ ਤਰ੍ਹਾਂ ਦਾ ਸਾਵਾਂਪਣ ਹੈ। ਜਿਵੇਂ ਉਹ ਲਿਖਦਾ ਹੈ-

ਰੱਬਾ ਪੱਲੇ ਰੋਣਾ ਨਾ ਕਿਸੇ ਦੇ ਪਾਈ,
ਇੱਕੋ ਜਿਨੇ ਸਾਹ ਵੰਡਦੇ।

ਲੋਕੀ ਝੱਲੀ ਝੱਲੀ ਪਏ ਨੇ ਆਖਦੇ,
ਮੈਂ ਆਸਕ ਸੱਚੇ ਮਾਹੀਏ ਦੀ।

ਸਾਡੇ ਹਿਜਰਾਂ ਨੂੰ ਦਿੱਤੀ ਤੈ ਪੀੜ,
ਦੁੱਖ ਪਿੱਛੇ ਕੀ ਰਹਿ ਗਿਆ।

ਯਾਦਵਿੰਦਰ ਤਪਾ ਆਪਣੀਆਂ ਇਨ੍ਹਾਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਬਹੁਤ ਸਾਰੇ ਬਿੰਬਾਂ ਦੀ ਵੀ ਵਰਤੋਂ ਕਰਦਾ ਹੈ ਇਹਨਾਂ ਬਿੰਬਾਂ ਦਾ ਉਸਦੇ ਭਾਵਾਂ ਨੂੰ ਅਭੀਵਿਅਕਤ ਕਰਨ ਵਿੱਚ ਵੱਡਾ ਯੋਗਦਾਨ ਹੈ ।ਯਾਦਵਿੰਦਰ ਇਹਨਾਂ ਬਿੰਬਾਂ ਦੇ ਮਾਧਿਅਮ ਨਾਲ਼ ਸਾਨੂੰ ਅਜਿਹੇ ਚੋਗਿਰਦੇ ਵਿੱਚ ਲੈ ਜਾਂਦਾ ਹੈ, ਜਿੱਥੇ ਉਸਦੀ ਆਪਣੀ ਅਨੁਭੂਤੀ ਨੂੰ ਪ੍ਰਤੱਖ ਰੂਪ ਪ੍ਰਦਾਨ ਹੁੰਦਾ ਹੈ । ਉਹ ਲਿਖਦਾ ਹੈ-
ਬਾਗੀ ਖਿੜੇ ਫੁੱਲ, ਬੇਰੀਆਂ ਨੂੰ ਪਿਆ ਬੂਰ ਵੇ,
ਰੁੱਤ ਆਈ ਪਿਆਰਾਂ ਵਾਲ਼ੀ।

ਚਿੱਠੀ ਨੂੰ ਨਾ ਕੋਈ ਸਿਰਨਾਵਾਂ ,
ਦੁੱਖ ਦੱਸਣ ਨੂੰ ਛੱਡੀ ਨਾ ਕੋਈ ਥਾਂ ਵੇ।

ਸਮੁੱਚਾ ਸੰਗ੍ਰਹਿ ਮੁਹੱਬਤ ਦੇ ਦੁਆਲੇ ਕੇਂਦਰਿਤ ਹੈ।‌ ਯਾਦਵਿੰਦਰ ਇੰਨਾਂ ਗ਼ਜ਼ਲਾਂ ਵਿੱਚ ਸੰਬੋਧਨੀ ਯੁਕਤ ਵਰਤ ਰਿਹਾ ਹੈ। ਇਹ ਸੰਬੋਧਨ “ਮੈਂ ” ਵੱਲੋਂ “ਤੂੰ ” ਨੂੰ ਹੋ ਰਿਹਾ ਹੈ। ਯਾਦਵਿੰਦਰ ” ਮੈਂ” ਹੈ ਅਤੇ ਉਸਦੀ ਪਤਨੀ “ਤੂੰ ” ਹੈ । ਸਮੁੱਚੇ ਸੰਗ੍ਰਹਿ ਵਿੱਚ ” ਤੂੰ” ਚੁੱਪ ਹੈ ਅਤੇ ” ਮੈਂ ” ਬੋਲ ਰਿਹਾ ਹੈ ।ਯਾਦਵਿੰਦਰ ਮਹਿਸੂਸ ਕਰ ਰਿਹਾ ਹੈ ਕਿ ਭਾਵੇਂ ਉਸਦੀ ਉਮਰ ਦਾ ਬਹੁਤਾ ਹਿੱਸਾ ਬੀਤ ਚੁੱਕਾ ਹੈ ਪਰ ਅਜੇ ਵੀ ਉਸਦੇ ਅਚੇਤ ਮਨ ਵਿੱਚ ਆਪਣੇ ਜੀਵਨ ਸਾਥੀ ਦਾ ਅਕਸ਼ ਤਰੋ ਤਾਜਾ ਹੈ। ਮੁਹੱਬਤ ਦੀ ਇਹ ਤਾਜ਼ਗੀ ਦੇ ਅਹਿਸਾਸ ਨੇ ਉਸਦੇ ਜੀਵਨ ਵਿੱਚ ਨਵਾਂ ਆਤਮ ਵਿਸ਼ਵਾਸ ਭਰਿਆ ਹੈ। ਯਾਦਵਿੰਦਰ ਸਮਝਦਾ ਹੈ ਕਿ ਆਤਮ ਮਿਲਣ ਵਿੱਚ ਕੋਈ ਵਿੱਥ ਨਹੀਂ ਹੁੰਦੀ । ਇਸੇ ਲਈ ਉਹ ਆਤਮ ਮਿਲਣ ਦੇ ਸਫ਼ਰ ਅੰਦਰ ਕਿਸੇ ਕਿਸਮ ਦਾ ਓਹਲਾ ਤੇ ਉਚੇਚ ਨਹੀਂ ਰੱਖਦਾ , ਸਗੋਂ ਉਹ ਤਾਂ ਆਪਣੇ ਜੀਵਨ ਸਾਥੀ ਪ੍ਰਤੀ ਖੁੱਲ ਕੇ ਪਿਆਰ ਦਾ ਇਜ਼ਹਾਰ ਕਰਦਾ ਹੈ। ਕਈ ਥਾਂਈ ਉਹ ਪ੍ਰਕਿਰਤੀ ਦੇ ਚਿੰਨ੍ਹਾਂ ਰਾਹੀਂ ਆਪਣੇ ਪਿਆਰੇ ਨੂੰ ਸੰਬੋਧਨ ਹੁੰਦਾ ਹੈ । ਕਈ ਥਾਂਈ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪਣੇ ਸਰੀਰ ਰੂਪੀ ਘਰ ਦੀ ਵਲਗਣ ਵਿੱਚੋਂ ਬਾਹਰਾ ਆ, ਆਪਣੇ ਪਿਆਰੇ ਨਾਲ਼ ਬਿਤਾਏ ਦਿਨਾਂ ਨੂੰ ਯਾਦ ਕਰ ਰਿਹਾ ਹੈ।

ਕਈ ਥਾਵਾਂ ਤੇ ਯਾਦਵਿੰਦਰ ਸਵੈ ਸੰਬੋਧਨੀ ਜੁਗਤ ਦੀ ਵਰਤੋਂ ਵੀ ਕਰਦਾ ਹੈ । ਜਿੱਥੇ ਉਹ ਆਪਣੇ ਆਪ ਨਾਲ਼ ਗੱਲਾਂ ਕਰਦਾ ਹੈ। ਇਸ ਤਰ੍ਹਾਂ ਇਹ ਗਜ਼ਲਾਂ ਆਤਮ ਨਿਸਠ ਪ੍ਰਕਿਰਤੀ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਯਾਦਵਿੰਦਰ ਦਾ ਇਸ ਤਰਾਂ ਦਾ ਸੰਬੋਧਨ ਪਾਠਕ ਵਰਗ ਨੂੰ ਲੁਕਾ ਲੈਂਦਾ ਹੈ ਤੇ ਪਾਠਕ ਵੱਲ ਉਸਦੀ ਪਿੱਠ ਹੋ ਜਾਂਦੀ ਹੈ। ਉਸਦਾ ਸਵੈ ਸੰਬੋਧਨ ਹੈ ਕਿ ਜੀਵਨ ਸਾਥੀ ਦੇ ਵਿਛੜਨ ਤੋਂ ਬਾਅਦ ਉਸ ਦੀ ਜ਼ਿੰਦਗੀ ਐਨੀ ਜਟਲ ਅਤੇ ਪੇਚੀਦਾ ਕਿਸਮ ਦੀ ਬਣ ਗਈ ਹੈ ਕਿ ਉਸਨੂੰ ਕਿਤੇ ਵੀ ਇਕਾਗਰਤਾ ਜਾਂ ਟੇਕ ਨਹੀਂ ਮਿਲਦੀ ,ਸਗੋਂ ਨਿਰੰਤਰ ਜ਼ਿੰਦਗੀ ਦਾ ਸਫੁਰ ਵਿਛੜੇ ਸਾਥੀ ਬਿਨਾਂ ਅਧੂਰਾ ਹੈ।

ਸਮੁੱਚੇ ਰੂਪ ਵਿੱਚ ਯਾਦਵਿੰਦਰ ਦਾ ਇਹ ਗ਼ਜ਼ਲ ਸੰਗ੍ਰਹਿ ਉਸ ਮਨੁੱਖ ਦੀ ਸਥਿਤੀ ਦੁਆਲੇ ਕੇਂਦਰਿਤ ਹੈ ,ਜਿਸ ਕੋਲ਼ ਦੁਨਿਆਵੀ ਲੋੜਾਂ ਦੀ ਪੂਰਤੀ ਲਈ ਸਭ ਕੁਝ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਖ਼ਾਲੀ-ਖਾ਼ਲੀ ਅਤੇ ਇਕੱਲਾ ਮਹਿਸੂਸ ਕਰਦਾ ਹੈ। ਯਾਦਵਿੰਦਰ ਦੇ ਬੋਲ ਉਸਦੇ ਧੁਰ ਅੰਦਰਲੇ ਖਾ਼ਲੀਪਣ ਅਤੇ ਬੇ-ਆਵਾਜੀ ਦਾ ਪ੍ਰਗਟਾਵਾ ਕਰਦੇ ਹਨ। ਉਹ ਆਪਣੇ ਅੰਦਰ ਦੀਆਂ ਘਾਟਾਂ, ਥੁੜਾਂ, ਕਸਮਕਸ਼ਾਂ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ, ਤੇ ਆਪਣੀਆਂ ਸਥਿਤੀਆਂ, ਪਰਸਥਿਤੀਆਂ ਸਾਹਮਣੇ ਆਪਣੇ ਆਪ ਨੂੰ ਠੋਸ ਰੂਪ ਵਿੱਚ ਰੱਖਣ ਲਈ ਤਤਪਰ ਹੈ। ਜਿੱਥੇ ਅਜੋਕਾ ਮਨੁੱਖ ਰਿਸ਼ਤਿਆਂ, ਅਹਿਸਾਸਾਂ, ਭਾਵਾਂ ਨੂੰ ਮੁੱਲ ਖਰੀਦਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ,ਉੱਥੇ ਯਾਦਵਿੰਦਰ ਤਪਾ ਆਪਣੇ ਅੰਦਰਲੇ ਮਨੁੱਖ ਦੇ ਗੁਆਚੇ ਇਕੱਲੇਪਣ ਤੇ ਅਵਸਥਾ ਨੂੰ ਖਿੰਡਣ ਤੋਂ ਬਚਾਉਣ ,ਆਪਣੇ ਆਪ ਨੂੰ ਸੰਜੋ ,ਸਹੇਜ ਰਿਹਾ ਹੈ ।ਯਾਦਵਿੰਦਰ ਸਮੁੱਚੇ ਸੰਗ੍ਰਹਿ ਵਿੱਚ ਪਤੀ ਪਤਨੀ ਦੇ ਰਿਸ਼ਤੇ ਦੁਆਲੇ ਪਰਿਕਰਮਾ ਕਰਦਾ ਹੈ , ਆਪਣੇ ਆਪ ਨੂੰ ਤੇ ਆਪਣੀ ਹੋਂਦ ਨੂੰ ਆਪਣੀ ਪਤਨੀ ਦੇ ਨਾਲ਼ ਸੁਰੱਖਿਅਤ ਮਹਿਸੂਸ ਕਰਦਾ ਹੈ।

 ਰਾਮਪਾਲ ਸ਼ਾਹਪੁਰੀ (ਡਾ.)
9914886310

Previous articleਅਧਿਆਪਕ ਮੇਲੇ ਦੇ ਦੂਜੇ ਦਿਨ ਅਧਿਆਪਕਾਂ ਨੇ ਪ੍ਰਭਾਵਸ਼ਾਲੀ ਮਾਡਲ ਪੇਸ਼ ਕੀਤੇ
Next articleਬੇਸਹਾਰਾ ਗਾਵਾਂ ਦੇ ਕਾਰਣ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਉਠਾਏ ਸਰਕਾਰ-ਮੋਨੂੰ ਢੀਂਗਰਾ