HOME ਬੰਦ ਕਮਰਿਆਂ ਵਿੱਚ ਅੰਗੀਠੀ ਬਾਲ ਕੇ ਸੇਕਣਾ ਜਾਨਲੇਵਾ ਹੋ ਸਕਦੈ : ਡਾ....

ਬੰਦ ਕਮਰਿਆਂ ਵਿੱਚ ਅੰਗੀਠੀ ਬਾਲ ਕੇ ਸੇਕਣਾ ਜਾਨਲੇਵਾ ਹੋ ਸਕਦੈ : ਡਾ. ਸਤਿੰਦਰਜੀਤ ਕੌਰ

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸਿਹਤ ਵਿਭਾਗ ਬਲਾਚੌਰ ਵੱਲੋਂ ਵਧ ਰਹੀ ਠੰਢ ਅਤੇ ਤਾਪਮਾਨ ਵਿੱਚ ਆ ਰਹੀ ਲਗਾਤਾਰ ਗਿਰਾਵਟ ਨੂੰ ਦੇਖਦਿਆਂ ਸਿਹਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੀ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਜੀਤ ਕੌਰ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਸਿਹਤ ਪ੍ਰਤੀ ਲਾਪਰਵਾਹੀ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਦਿਲ ਦੇ ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਸਵੇਰੇ ਅਤੇ ਦੇਰ ਸ਼ਾਮ ਠੰਢ ਅਤੇ ਧੁੰਦ ਦੇ ਸਮੇਂ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਧ ਸਮੇਂ ਤੱਕ ਠੰਢ ਵਿੱਚ ਰਹਿਣ ਨਾਲ ਸਰੀਰ ਦਾ ਤਾਪਮਾਨ ਘਟ ਸਕਦਾ ਹੈ, ਜਿਸ ਨਾਲ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਵਿੱਚ ਕਠੋਰਤਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਉਨ੍ਹਾਂ ਨੇ ਕੰਬਣੀ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਹਾਈਪੋਥਰਮੀਆ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਛੋਟੇ ਬੱਚਿਆਂ ਵਿੱਚ ਇਸ ਮੌਸਮ ਦੌਰਾਨ ਨਿਮੋਨੀਆ, ਉਲਟੀ ਅਤੇ ਦਸਤ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢਕਣ ਵਾਲੇ ਗਰਮ ਕੱਪੜੇ ਪਹਿਨਾਏ ਜਾਣ ਅਤੇ ਸਿਰ ’ਤੇ ਟੋਪੀ ਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ। ਡਾ. ਸਤਿੰਦਰਜੀਤ ਕੌਰ ਨੇ ਕਿਹਾ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣਾ ਬਹੁਤ ਜ਼ਰੂਰੀ ਹੈ। ਭਾਰੀ ਕੱਪੜਿਆਂ ਦੀ ਇੱਕ ਪਰਤ ਪਹਿਨਣ ਦੀ ਬਜਾਏ ਹਲਕੇ ਭਾਰ ਵਾਲੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣੀਆਂ ਚਾਹੀਦੀਆਂ ਹਨ, ਕਿਉਂਕਿ ਤੰਗ ਕੱਪੜੇ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਗਰਮ ਤਰਲ ਪਦਾਰਥਾਂ ਜਿਵੇਂ ਚਾਹ, ਦੁੱਧ, ਸੂਪ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨ, ਵਿਟਾਮਿਨ-ਸੀ ਨਾਲ ਭਰਪੂਰ ਫਲਾਂ ਤੇ ਸਬਜ਼ੀਆਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਅਤੇ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਸੀਨੀਅਰ ਮੈਡੀਕਲ ਅਫਸਰ ਨੇ ਖਾਸ ਤੌਰ ’ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਦੇ ਬੰਦ ਕਮਰਿਆਂ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣਾ ਬਹੁਤ ਖਤਰਨਾਕ ਹੈ, ਕਿਉਂਕਿ ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ, ਜੋ ਆਕਸੀਜਨ ਦੀ ਘਾਟ ਕਰਕੇ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਤੋਂ ਇਲਾਵਾ ਰੂਮ ਹੀਟਰ ਦੀ ਵਰਤੋਂ ਕਰਦੇ ਸਮੇਂ ਹਵਾ ਦੀ ਆਵਾਜਾਈ ਯਕੀਨੀ ਬਣਾਈ ਜਾਵੇ ਅਤੇ ਸ਼ਰਾਬ ਦੇ ਸੇਵਨ ਤੋਂ ਬਚਿਆ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਖ਼ੂਨੀ ਚਾਈਨਾ ਡੋਰ’ ‘ਤੇ ਨਕੇਲ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ-ਸਰਬਜੀਤ ਸਿੰਘ ਰਾਣਾ ਤੇ ਬਲਵੀਰ ਛੋਕਰ
Next articleਸਰਕਾਰੀ ਜੰਗਲ ਸਿਆਣਾ ਵਿੱਚ ਵਣ ਵਿਭਾਗ ਬਲਾਚੌਰ ਵੱਲੋਂ ਚੋਰੀ ਦੀ ਖੈਰ ਦੀ ਲੱਕੜ ਅਤੇ ਪਿੱਕਅਪ ਗੱਡੀ ਫੜੀ, ਮੌਕੇ ਤੋਂ ਗੱਡੀ ਛੱਡ ਆਰੋਪੀ ਹੋਏ ਫਰਾਰ