ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰਨਾਂ ਅਲਾਮਤਾਂ ਤੋਂ ਦੂਰ ਰੱਖਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਵੱਖ-ਵੱਖ ਪਿੰਡਾਂ, ਜਿਵੇਂ ਕਿ ਗ੍ਰਾਮ ਪੰਚਾਇਤ ਗੋਬਿੰਦਪੁਰ ਖੁਨ-ਖੁਨ, ਗ੍ਰਾਮ ਪੰਚਾਇਤ ਹਾਜੀ ਖ਼ਾਨਪੁਰ, ਗ੍ਰਾਮ ਪੰਚਾਇਤ ਝੰਡੀ, ਗ੍ਰਾਮ ਪੰਚਾਇਤ ਪਿੱਪਲਾਂਵਾਲਾ, ਗ੍ਰਾਮ ਪੰਚਾਇਤ ਭਵਾਨੀਪੁਰ, ਗ੍ਰਾਮ ਪੰਚਾਇਤ ਚੱਬੇਵਾ ਵਿਖੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੈਨਲ ਐਡਵੋਕੇਟਾਂ ਵੱਲੋਂ ‘ਬਾਲ ਵਿਵਾਹ ਮੁਕਤ ਭਾਰਤ’ ਮੁਹਿੰਮ ਸਬੰਧੀ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਧਿਆਨ ਵਿੱਚ ਲਿਆਂਦਾ ਗਿਆ ਕਿ ਲੜਕੀ ਦੀ ਵਿਆਹ ਦੀ ਉਮਰ 18 ਸਾਲ ਤੋ ਘੱਟ ਨਾ ਹੋਵੇ ਅਤੇ ਲੜਕੇ ਦੀ ਉਮਰ 21 ਸਾਲ ਤੋ ਘੱਟ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ‘ਨਾਲਸਾ’ ਦੀ ਵਾਤਾਵਰਨ ਕਾਨੂੰਨੀ ਸਾਖ਼ਰਤਾ ਅਤੇ ਭਾਈਚਾਰਕ ਸੁਰੱਖਿਆ ਪਹਿਲਕਦਮੀ, ਜਿਸ ਦਾ ਸਿਰਲੇਖ ‘ਅੱਜ ਦੀ ਰੱਖਿਆ ਕਰੋ, ਕੱਲ੍ਹ ਨੂੰ ਸੁਰੱਖਿਅਤ ਕਰੋ’ ਸੀ, ਬਾਰੇ ਦੱਸਦੇ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਪਿੰਡਾਂ ਵਿੱਚ ਪਰਾਲੀ ਨੂੰ ਨਾ ਸਾੜਿਆ ਜਾਵੇ, ਨਾ ਹੀ ਪਲਾਸਟਿਕ ਨੂੰ ਅੱਗ ਲਗਾਈ ਜਾਵੇ, ਕਿਉਂਕਿ ਇਸ ਦੇ ਧੂੰਏਂ ਤੋਂ ਪ੍ਰਦੂਸ਼ਨ ਹਵਾ ਵਿੱਚ ਫ਼ੈਲਦਾ ਹੈ, ਜਿਸ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ। ਇਸ ਤੋਂ ਇਲਾਵਾ ਐਚ.ਆਈ.ਵੀ ਏਡਜ਼ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ।
https://play.google.com/store/apps/details?id=in.yourhost.samajweekly

