(ਸਮਾਜ ਵੀਕਲੀ) ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਦੀ ਸ਼ਹਾਦਤ : ਅੱਜ ਮਿਤੀ 22 ਦਸੰਬਰ ਜਾਣੀਕਿ ੮ ਪੋਹ ਦੇ ਦਿਨ ਚੜ੍ਹਦਿਆਂ ਹੀ ਚਮਕੌਰ ਦੀ ਉੱਚੇ ਥਾਂ ‘ਤੇ ਸਥਿਤ ਕੱਚੀ ਗੜ੍ਹੀ ਅੰਦਰ ਮੋਰਚਾਬੰਦੀ ਕਰ ਕੇ ਬੈਠੇ ਸਤਿਗੁਰਾਂ, ਵੱਡੇ ਸਾਹਿਬਜ਼ਾਦਿਆਂ ਅਤੇ 40 ਬਹੁਤ ਪਿਆਰੇ ਭੁੱਖਣ ਭਾਣੇ ਸਿੰਘ ਸੂਰਮਿਆਂ ਉੱਤੇ ਮੁਗ਼ਲ ਹਾਕਮਾਂ ਅਤੇ ਪਹਾੜੀ ਰਾਜਿਆਂ ਦੀ ਫ਼ੌਜ ਦੇ ਵੱਡੇ ਟਿੱਡੀਦਲ ਨੇ ਤਾਬੜਤੋੜ ਹਮਲਾ ਕਰ ਦਿੱਤਾ, ਇਸ ਤਰਾਂ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਧ ਅਸਾਵੀਂ ਅਤੇ ਅਦੁੱਤੀ ਜੰਗ ਦਾ ਆਰੰਭ ਹੋਇਆ।ਇਸ ਯੁੱਧ ਵਿੱਚ ਹਮਲਾਵਰ ਹੋ ਕੇ ਆਈ ਫ਼ੌਜ ਦੀ ਅਗਵਾਈ ਨਾਹਰ ਖ਼ਾਨ ਅਤੇ ਖਵਾਜਾ ਜਫ਼ਰ ਬੇਗ ਕਰ ਰਿਹਾ ਸੀ, ਜਿਉਂ ਹੀ ਕਾਲੇ ਕਪੜੇ ਪਾ ਕੇ ਮਖਿਆਲ ਵਾਂਗ ਚੜ੍ਹ ਕੇ ਇੱਕ ਵੱਡੇ ਜੱਥੇ ਨੇ ਕੱਚੀ ਗੜ੍ਹੀ ਦੇ ਵੱਡੇ ਦਰਵਾਜ਼ੇ ਵੱਲ ਵਧਣ ਦਾ ਯਤਨ ਕੀਤਾ ਤਾਂ ਅੱਗੋਂ ਤੀਰਾਂ ਅਤੇ ਗੋਲੀਆਂ ਦਾ ਐਸਾ ਮੀਂਹ ਵਰ੍ਹਿਆ ਕਿ ਹਮਲਾਵਰ ਫ਼ੌਜ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਦਿਨ ਦੇ ਦੂਜੇ ਪਹਿਰ ਤੱਕ ਮੁਗ਼ਲ ਫ਼ੌਜ ਬਾਰ-ਬਾਰ, ਧਾਹ-ਧਾਹ ਕੇ ਮੁੱਖ ਦਰਵਾਜ਼ੇ ਵਾਲੇ ਪਾਸਿਉਂ ਗੜ੍ਹੀ ‘ਤੇ ਹਮਲੇ ਕਰਦੀ ਰਹੀ। ਅੱਗੋਂ ਤੀਰਾਂ ਅਤੇ ਗੋਲ਼ੀਆਂ ਦੀ ਬਾਰਸ਼ ਲਗਾਤਾਰ ਹੁੰਦੀ ਰਹੀ। ਇਸ ਸਮੇਂ ਦੌਰਾਨ ਨਾਹਰ ਖ਼ਾਨ ਸਤਿਗੁਰਾਂ ਦੇ ਤੀਰ ਨਾਲ ਅੱਲਾਹ ਨੂੰ ਪਿਆਰਾ ਹੋ ਗਿਆ, ਜਫ਼ਰ ਬੇਗ ਨੇ ਕੰਧ ਓਹਲੇ ਲੁਕ ਕੇ ਮਸਾਂ ਜਾਨ ਬਚਾਈ। ਦਿਨ ਦੇ ਤੀਜੇ ਪਹਿਰ ਤੱਕ ਜਦੋਂ ਤੀਰਾਂ ਅਤੇ ਗੋਲੀਆਂ ਦਾ ਭੰਡਾਰ ਬਿਲਕੁਲ ਥੋੜ੍ਹਾ ਰਹਿ ਗਿਆ ਤਾਂ ਕਾਮਲ ਸੈਨਾਪਤੀ ਸਤਿਗੁਰਾਂ ਰਣਨੀਤੀ ਬਦਲੀ। 5-5 ਸਿੰਘਾਂ ਦਾ ਜੱਥਾ ਗੜ੍ਹੀ ਦੇ ਹੇਠਾਂ ਖ਼ੁੱਲ੍ਹੇ ਮੈਦਾਨ-ਏ-ਜੰਗ ਵਿੱਚ ਆ ਕੇ ਦੁਸ਼ਮਣ ਨੂੰ ਵੰਗਾਰ ਪਾਉਣ ਲੱਗਾ। ਇੱਕ ਜੱਥਾ ਸ਼ਹੀਦੀ ਪ੍ਰਾਪਤ ਕਰ ਜਾਂਦਾ ਤਾਂ ਦੂਜਾ ਆ ਜਾਂਦਾ। ਚੌਥੇ ਅਤੇ ਪੰਜਵੇਂ ਜੱਥੇ ਦੀ ਅਗਵਾਈ ਕਰਦਿਆਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਗੁਰੂ ਜੀ ਨੇ ਥਾਪੜਾ ਦੇ ਕੇ ਨਾਲ ਹੋਰ ਸਿੰਘਾਂ ਨੂੰ ਜੰਗ ਵੱਲ ਤੋਰ ਦਿੱਤਾ ਜੋ ਆਖਰੀ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹੁੰਦੇ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ ਬਚਨ ਕੀਤੇ;
‘ਆਜ ਖ਼ਾਸ ਭਯੋ ਖਾਲਸਾ, ਸਤਿਗੁਰੁ ਕੇ ਦਰਬਾਰ।’ ਬਾਅਦ ‘ਚ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਹੋਰ ਸਿੰਘ ਨਾਲ ਤੋਰਿਆ, ਯੁੱਧ ਇਕ ਵਾਰ ਫੇਰ ਭੱਖ ਪਿਆ। ਵੈਰੀ ਦਲ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ, ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਨੇਜ਼ੇ ਨਾਲ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਪਰੋ-ਪਰੋ ਕੇ ਸੁੱਟਦੇ ਰਹੇ, ਉੱਪਰੋਂ ਗੁਰੂ ਜੀ ਨੇ ਤੀਰਾਂ ਦੀ ਬੁਛਾੜ ਲਗਾ ਦਿੱਤੀ, ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ, ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ।
ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ;
‘ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ।
ਸ਼ੁਕਰੇ ਅੱਲਾਹ ਕੀਆ ਉਠਾ ਕੇ ਸਰ। ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੋਂ ਕੀ ਜਾਨ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।’ ਬਾਬਾ ਜੁਝਾਰ ਸਿੰਘ ਜੀ ਵੀ ਵਾਰੋ ਵਾਰੀ ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਸਤਿਗੁਰੂ ਜੀ ਆਪ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਣਾ ਚਾਹੁੰਦੇ ਸਨ, ਸਾਹਿਬਜ਼ਾਦਿਆਂ ਦੇ ਜੱਥਿਆਂ ਤੋਂ ਬਾਅਦ ਜਦੋਂ ਸਿੰਘਾਂ ਦਾ ਇੱਕ ਹੋਰ ਜੱਥਾ ਕੁਰਬਾਨ ਹੋ ਚੁੱਕਾ ਤਾਂ ਉਦੋਂ ਤੱਕ ਸ਼ਾਮ ਬਿਲਕੁਲ ਢਲ ਚੁੱਕੀ ਸੀ। ਗੜ੍ਹੀ ਵਿੱਚ ਸਤਿਗੁਰਾਂ ਨਾਲ ਕੇਵਲ 11 ਸਿੰਘ ਸੂਰਮੇ ਰਹਿ ਗਏ ਸਨ। ਸਤਿਗੁਰਾਂ ਤੁਰੰਤ ਪੈਂਤੜਾ ਬਦਲਿਆ, ਤੀਰਾਂ ਅਤੇ ਗੋਲੀ-ਸਿੱਕੇ ਨਾਲ ਦੁਸ਼ਮਣਾਂ ਨੂੰ ਗੜ੍ਹੀ ਦੇ ਹੇਠਾਂ ਹੀ ਡੱਕੀ ਰੱਖਿਆ, ਏਨੇ ਨੂੰ ਹਨੇਰਾ ਪਸਰ ਗਿਆ, ਦੁਸ਼ਮਣਾਂ ਨੇ ਜੰਗ ਰੋਕ ਦਿੱਤੀ।
-ਚਲਦਾ –
ਪੇਸ਼ਕਾਰੀ : ਭਾਈ ਰਜਿੰਦਰਪਾਲ ਸਿੰਘ ਨਾਭਾ ਕਥਾਵਾਚਕ -97810-03077
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



