
*ਬੱਚਿਆਂ ਦੇ ਅਧਿਕਾਰਾਂ ਨੂੰ ਲੈ ਕੇ ਹੋਈ ਅਹਿਮ ਮੀਟਿੰਗ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਅੱਜ ਰੁਚੀ ਬਾਵਾ ਉਪ-ਚੇਅਰਮੈਨ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੇ ਮਾਹਿਰਾਂ ਨੇ ਹਿੱਸਾ ਲਿਆ। ਮੀਟਿੰਗ ਦਾ ਕੇਂਦਰੀ ਥੀਮ ਬੱਚੇ ਦੇ ਅਧਿਕਾਰਾਂ ਉੱਪਰ ਕੇਂਦਰਿਤ ਰਿਹਾ। ਇਸ ਮੌਕੇ ਸ਼੍ਰੀਮਤੀ ਰੁਚੀ ਬਾਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਦੇ ਬੱਚਿਆਂ ਨੂੰ ਸੰਸਾਰ ਪੱਧਰ ‘ਤੇ ਸਮੇਂ ਦੇ ਹਾਣੀ ਬਣਾਉਣ ਲਈ ਜਿੱਥੇ ਉਨ੍ਹਾਂ ਲਈ ਆਧੁਨਿਕ ਪੱਧਰ ਦਾ ਸਿੱਖਿਆ ਢਾਂਚਾ ਜ਼ਰੂਰੀ ਹੈ, ਉਥੇ ਉਹਨਾਂ ਲਈ ਉਨ੍ਹਾਂ ਨੂੰ ਅਧਿਕਾਰਾਂ ਤੋਂ ਜਾਣੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਇੱਕ ਚੰਗੇ ਸ਼ਹਿਰੀ ਬਣਾਉਣ ਲਈ ਕੇਵਲ ਇੱਕ ਅਧਿਆਪਕ ਦੀ ਹੀ ਵੱਡੀ ਜ਼ਿੰਮੇਵਾਰੀ ਨਹੀਂ ਬਲਕਿ ਮਾਪਿਆਂ ਅਤੇ ਸਮੁੱਚੇ ਸਮਾਜ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਬਸਤੇ ਖੋਲ੍ਹ ਕੇ ਕਿਤਾਬਾਂ /ਕਾਪੀਆਂ ਉੱਪਰ ਝਾਤੀ ਜ਼ਰੂਰ ਮਾਰਨ ਤਾਂ ਜੋ ਪਤਾ ਲੱਗ ਸਕੇ ਕਿ ਕੀ ਬੱਚਾ ਸਕੂਲ ਦਾ ਕੰਮ ਕਰਦਾ ਹੈ ਜਾਂ ਨਹੀਂ। ਉਨ੍ਹਾਂ ਅੱਗੇ ਕਿਹਾ ਹੁਣ ਬੱਚੇ ਨੂੰ ਕੁੱਟ ਕੇ, ਮਾਰ ਕੇ ਨਹੀਂ ਬਲਕਿ ਵਿਦੇਸ਼ਾਂ ਦੀ ਤਰ੍ਹਾਂ ਤਕਨੀਕੀ ਢੰਗ ਨਾਲ ਬੱਚੇ ਨੂੰ ਪੜ੍ਹਾਇਆ ਅਤੇ ਸਮਝਾਇਆ ਜਾ ਸਕਦਾ ਹੈ। ਇਸ ਮੌਕੇ ਮਾਹਿਰਾਂ ਨੇ ਸ਼੍ਰੀਮਤੀ ਬਾਵਾ ਕੋਲ ਮਾਮਲਾ ਉਠਾਉਂਦਿਆਂ ਦੱਸਿਆ ਕਿ ਬੱਚਿਆਂ ਨੂੰ ਵਰਦੀ ਲਈ ਜੋ ਗ੍ਰਾਂਟ ਭੇਜੀ ਜਾਂਦੀ ਹੈ, ਦੇ ਵਿੱਚ ਯੋਗ ਵਾਧਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 500-600 ਰੁਪਏ ਨਾਲ ਬੱਚੇ ਦੀ ਵਰਦੀ ਨਹੀਂ ਖਰੀਦੀ ਜਾ ਸਕਦੀ। ਇਸ ਮੌਕੇ ਸਾਰਾ ਸਾਲ ਅਧਿਆਪਕਾਂ ਦੀਆਂ ਲਗਾਈਆਂ ਜਾ ਰਹੀਆਂ ਗੈਰ-ਵਿੱਦਿਅਕ ਡਿਊਟੀਆਂ ਉੱਪਰ ਰੋਕ ਲਗਾਉਣ ਜਾਂ ਘੱਟ ਕਰਨ ਲਈ ਵੀ ਸਿੱਖਿਆ ਮਾਹਿਰਾਂ ਵੱਲੋਂ ਆਵਾਜ਼ ਉਠਾਈ ਗਈ। ਮੀਟਿੰਗ ਦੌਰਾਨ ਇਸ ਗੱਲ ਉਪਰ ਚਿੰਤਾ ਪ੍ਰਗਟਾਈ ਗਈ ਕਿ ਕਈ ਸਕੂਲਾਂ ਵਿੱਚ ਬੱਚੇ ਲੜਾਈ-ਝਗੜੇ ਲਈ ਆਪਣੇ ਨਾਲ ਛੁਰੀਆਂ, ਕਿਰਚਾਂ ਤੇ ਦਾਤ ਵਗੈਰਾ ਲੈ ਕੇ ਆਉਂਦੇ ਹਨ ਜਿਸ ਨਾਲ ਸਕੂਲ ਅਤੇ ਸਮਾਜ ਦਾ ਮਾਹੌਲ ਖਰਾਬ ਹੁੰਦਾ ਹੈ, ਦੀ ਰੋਕਥਾਮ ਲਈ ਸਕੂਲਾਂ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਮਾਨਸਿਕ ਰੋਗਾਂ ਦੇ ਮਾਹਿਰਾਂ ਦੇ ਸੈਮੀਨਾਰ ਬਹੁਤ ਜ਼ਰੂਰੀ ਹੈ। ਇਸ ਮੌਕੇ ਮੀਟਿੰਗ ਵਿੱਚ ਬੱਚਿਆਂ ਵਿੱਚ ਕਿਰਤ ਦਾ ਸਤਿਕਾਰ ਕਰਨ ਸਮੇਤ ਅਧਿਆਪਕਾਂ, ਬਜ਼ੁਰਗਾਂ ਅਤੇ ਮਾਪਿਆਂ ਪ੍ਰਤੀ ਘੱਟ ਰਹੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਪਾਠ-ਕ੍ਰਮ ਸ਼ਾਮਲ ਕਰਨ ਉੱਪਰ ਜ਼ੋਰ ਦਿੱਤਾ ਗਿਆ, ਜੋ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ ਨਾਲ ਇੱਕ ਚੰਗਾ ਸ਼ਹਿਰੀ ਬਣਾਉਣ ਲਈ ਸੇਧ ਦੇਵੇ। ਇਸ ਮੌਕੇ ਸਿੱਖਿਆ ਸ਼ਾਸ਼ਤਰੀ ਕਿਰਨ ਗੁਪਤਾ, ਪ੍ਰੋਫੈਸਰ ਦੀਪਕ ਮਲਿਕ, ਐਡਵੋਕੇਟ ਸ਼ਮਸ਼ੀਰਪਾਲ ਸਿੰਘ, ਸਟੇਟ ਅਵਾਰਡੀ ਸੁਖਦੇਵ ਸਿੰਘ ਅਤੇ ਵਿਦਿਆਰਥਣ ਤਮੰਨਾ ਕੌਰ ਅਤੇ ਸਾਈਕਾਲੋਜਿਸਟ ਸਾਨਵੀ ਮਲਿਕ ਨੇ ਆਪਣੇ ਵਿਚਾਰ ਪੇਸ਼ ਕੀਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


