(ਸਮਾਜ ਵੀਕਲੀ) ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇਨਸਾਨ ਦੇ ਅੰਦਰ ਇੱਕ ਕਲਾਕਾਰ ਛੁਪਿਆ ਹੁੰਦਾ ਹੈ, ਬਸ ਲੋੜ ਹੁੰਦੀ ਹੈ ਉਸ ਅੰਦਰਲੀ ਕਲਾ ਨੂੰ ਪਛਾਣਣ ਅਤੇ ਨਿਖਾਰਣ ਦੀ। ਅਕਸਰ ਕਈ ਕਲਾਕਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਕਲਾ ਵਿਰਾਸਤ ਵਿੱਚ ਮਿਲੀ ਹੈ, ਪਰ ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਵਿਰਾਸਤ ਵਿੱਚ ਕੁਝ ਨਹੀਂ ਮਿਲਦਾ, ਫਿਰ ਵੀ ਉਹ ਆਪਣੀ ਮੇਹਨਤ, ਹਿੰਮਤ ਅਤੇ ਹੌਸਲੇ ਨਾਲ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਅਜਿਹਾ ਹੀ ਬਹੁ-ਕਲਾਵਾਂ ਦਾ ਸੁਮੇਲ ਹੈ ਅਵਤਾਰ ਨਗਲੀਆਂ। ਅਵਤਾਰ ਨਗਲੀਆਂ ਦਾ ਜਨਮ 14 ਫਰਵਰੀ 1982 ਨੂੰ ਜ਼ਿਲ੍ਹਾ ਮੁਹਾਲੀ ਦੀ ਤਹਿਸੀਲ ਖਰੜ ਅਧੀਨ ਪੈਂਦੇ ਪਿੰਡ ਨਗਲੀਆਂ (ਨੇੜੇ ਕੁਰਾਲੀ) ਵਿੱਚ ਅਮਰੀਕ ਸਿੰਘ ਦੇ ਘਰ ਮਾਤਾ ਜਸਬੀਰ ਕੌਰ ਦੀ ਕੋਖੋਂ ਹੋਇਆ। ਇੱਕ ਗਰੀਬ ਤੇ ਸਧਾਰਣ ਪਰਿਵਾਰ ਵਿੱਚ ਜਨਮਿਆ ਅਵਤਾਰ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਸਮਾਜ ਸੇਵਾ, ਥੀਏਟਰ ਅਤੇ ਸਾਹਿਤ ਨਾਲ ਗੂੜ੍ਹਾ ਨਾਤਾ ਰੱਖਣ ਵਾਲਾ ਅਵਤਾਰ ਨਗਲੀਆਂ ਦੂਜਿਆਂ ਦੇ ਕੰਮ ਆਉਣ ਨੂੰ ਹੀ ਆਪਣਾ ਧਰਮ ਸਮਝਦਾ ਹੈ। ਉਹ ਆਪਣੇ ਗੁਰੂ ਮਾਸਟਰ ਸੁਰਿੰਦਰ ਕੁਮਾਰ ਪੁਖਰਾਲੀ ਤੋਂ ਮਿਲੇ ਗੁਣਾਂ ਨੂੰ ਆਪਣਾ ਆਦਰਸ਼ ਮੰਨਦਾ ਹੈ। ਨਸ਼ਿਆਂ, ਭਰੂਣ ਹੱਤਿਆ ਅਤੇ ਸਮਾਜ ਵਿੱਚ ਫੈਲ ਰਹੀਆਂ ਹੋਰ ਮਾੜੀਆਂ ਅਲਾਮਤਾਂ ਵਿਰੁੱਧ ਵੱਖ-ਵੱਖ ਥਾਵਾਂ ‘ਤੇ ਨਾਟਕ ਮੰਚਨ ਕਰਕੇ ਉਹ ਲੋਕਾਂ ਨੂੰ ਜਾਗਰੂਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਆ ਰਿਹਾ ਹੈ। ਅਵਤਾਰ ਨਗਲੀਆਂ ਨੇ ਥੀਏਟਰ ਦੀਆਂ ਬਰੀਕੀਆਂ ਉੱਘੇ ਕਾਮੇਡੀਅਨ ਤੇ ਅਦਾਕਾਰ ਰਾਣਾ ਰਣਵੀਰ, ਜਗਤਾਰ ਜੱਗੀ, ਰਵਿੰਦਰ ਮੰਡ, ਕਰਮਜੀਤ ਅਨਮੋਲ, ਰਮਨ ਮਿੱਤਲ, ਅਮਨ ਭੋਗਲ, ਜਸਵੀਰ ਗਿੱਲ, ਜਰਨੈਲ ਪਠਾਣ, ਜਸਵੀਰ ਜੱਸੀ, ਅਰਵਿੰਦਰ ਚੌਤਾਂ, ਸੁਦਾਗਰ ਭੈਣੀ ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਤੋਂ ਸਿੱਖੀਆਂ। ਉਸ ਵੱਲੋਂ ਪੇਸ਼ ਕੀਤੇ ਗਏ ਪ੍ਰਸਿੱਧ ਨਾਟਕਾਂ ਵਿੱਚ ਮਿੱਟੀ ਰੁਦਨ ਕਰੇ, ਬੁੱਤ ਜਾਗ ਪਿਆ, ਪੰਡਤ ਬਲਾਕੀ ਰਾਮ, ਕੰਜਕਾਂ, ਛਿਪਣ ਤੋਂ ਪਹਿਲਾਂ, ਤਬੀਤ, ਸੁਪਨਾ ਵਿਆਹ ਦਾ, ਸੱਚਾ ਕੌਣ, ਪੁੰਨ ਨੂੰ ਘਸੁੰਨ, ਮੇਰੀ ਮਰਜ਼ੀ, ਲੁਕਿਆ ਸੱਚ ਆਦਿ ਸ਼ਾਮਲ ਹਨ। ‘ਪ੍ਰਭ ਆਸਰਾ ਰੰਗ ਮੰਚ’ ਪਟਿਆਲਾ ਅਤੇ ਆਪਣੇ ਗਰੁੱਪ ‘ਪੁਕਾਰ ਰੰਗ ਮੰਚ’ ਰਾਹੀਂ, ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ, ਉਸ ਨੇ ਅਨੇਕਾਂ ਸਟੇਜ ਸ਼ੋਅ ਕਰਕੇ ਸਮਾਜਕ ਮੁੱਦਿਆਂ ਉੱਤੇ ਖੁੱਲ੍ਹ ਕੇ ਚੋਟ ਕੀਤੀ ਹੈ। ਭਰੂਣ ਹੱਤਿਆ ‘ਤੇ ਆਧਾਰਿਤ ਨਾਟਕ ਧੀ ਪੁੱਤ ਇੱਕ ਬਰਾਬਰ ਨੂੰ ਲੋਕਾਂ ਵੱਲੋਂ ਖ਼ਾਸ ਤੌਰ ‘ਤੇ ਭਰਪੂਰ ਸਰਾਹਨਾ ਮਿਲੀ। ਲਿਖਣ ਕਲਾ ਵਿੱਚ ਵੀ ਅਵਤਾਰ ਨਗਲੀਆਂ ਨੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ। ਉਸ ਵੱਲੋਂ ਲਿਖੀਆਂ ਕਹਾਣੀਆਂ, ਮਿੰਨੀ ਕਹਾਣੀਆਂ, ਗ਼ਜ਼ਲਾਂ ਅਤੇ ਕਵਿਤਾਵਾਂ ਪੰਜਾਬੀ ਦੀਆਂ ਨਾਮਵਰ ਅਖਬਾਰਾਂ ਅਤੇ ਰਸਾਲਿਆਂ ਵਿੱਚ ਨਿਯਮਤ ਤੌਰ ‘ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਜਲਦੀ ਹੀ ਉਹ ਆਪਣੀਆਂ ਰਚਨਾਵਾਂ ਦੀ ਇੱਕ ਕਿਤਾਬ ਵੀ ਪਾਠਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ। ਅਵਤਾਰ ਨਗਲੀਆਂ ਦਾ ਕਹਿਣਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਰੂਣ ਹੱਤਿਆ ਵਰਗੇ ਮਹਾਂਪਾਪ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਦਾਜ ਦਹੇਜ ਵਰਗੀ ਸਮਾਜਕ ਲਾਹਨਤ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਥੀਏਟਰ ਦੇ ਜ਼ਰੀਏ ਉਹ ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਆਦਿ ਰਾਜਾਂ ਵਿੱਚ ਮੰਚਨ ਕਰਕੇ ਕਈ ਸਨਮਾਨ ਹਾਸਲ ਕਰ ਚੁੱਕਾ ਹੈ। ਉਸ ਨੂੰ ਰਾਜਸਥਾਨ ਦੇ ‘ਰਾਜ ਗਰੁੱਪ ਅਲਵਰ’ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅਵਤਾਰ ਨਗਲੀਆਂ ਵੱਲੋਂ ਮਿੰਨੀ ਕਹਾਣੀਆਂ ਨੂੰ ਫਿਲਮੀ ਰੂਪ ਦੇ ਕੇ ਵੀ ਸਮਾਜ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਅਨਪੜਤਾ, ਤੂੰ ਅਜੇ ਬੱਚਾ ਏ, ਸ਼ਰਮਿੰਦਗੀ ਆਦਿ ਸ਼ਾਮਲ ਹਨ। ਉਸ ਦਾ ਮੰਨਣਾ ਹੈ ਕਿ ਜਿੱਥੇ ਪੜ੍ਹਨ ਦਾ ਰੁਝਾਨ ਹੈ, ਉੱਥੇ ਸੋਸ਼ਲ ਮੀਡੀਆ ਅਤੇ ਵੀਡੀਓ ਫਿਲਮਾਂ ਰਾਹੀਂ ਵੀ ਲੋਕਾਂ ਤੱਕ ਗੱਲ ਸੌਖੇ ਤਰੀਕੇ ਨਾਲ ਪਹੁੰਚਾਈ ਜਾ ਸਕਦੀ ਹੈ। ਅੱਜਕੱਲ੍ਹ ਅਵਤਾਰ ਨਗਲੀਆਂ ਆਪਣੇ ਪਰਿਵਾਰ ਸਮੇਤ ਕੁਰਾਲੀ ਵਿਖੇ ਰਹਿ ਰਿਹਾ ਹੈ ਅਤੇ ਲਗਾਤਾਰ ਸਮਾਜਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ।
ਸੁਖਵਿੰਦਰ ਸਿੰਘ ਹੈਪੀ
ਮੋਰਿੰਡਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



