HOME ਪੈਨਸ਼ਨਰ ਐਸੋਸੀਏਸ਼ਨ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਹੋਈ

ਪੈਨਸ਼ਨਰ ਐਸੋਸੀਏਸ਼ਨ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਹੋਈ

5
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪੈਨਸ਼ਨਰ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਕਾ (ਬਠਿੰਡਾ) ਦੀ ਮਾਸਿਕ ਇਕੱਤਰਤਾ ਨਰੇਗਾ ਭਵਨ ਵਿੱਚ ਹੋਈ ਜਿਸ ‘ਚ ਭਾਰੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜ਼ਰ ਹੋਏ। ਮੀਟਿੰਗ ਦੇ ਆਰੰਭ ਵਿੱਚ ਮਾਸਟਰ ਉਜਾਗਰ ਸਿੰਘ ਜੀ ਢਿੱਲੋਂ ਭਗਤਾ ਭਾਈ ਕਾ ਜੋ ਬੀਤੇ ਦਿਨੀਂ 80 ਸਾਲ ਦੀ ਆਯੂ ਪੂਰੀ ਕਰ ਕੇ ਸ੍ਵਰਗ ਸਿਧਾਰ ਗਏ ਸਨ, ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਮਾਸਟਰ ਨਰਿੰਦਰ ਕੁਮਾਰ ਜੀ ਭਗਤਾ ਭਾਈ ਵੱਲੋਂ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਕਈ ਮੁੱਦਿਆਂ ਤੇ ਗੱਲ ਕਰਦੇ ਹੋਇਆਂ ਭਾਰਤੀਯ ਸੰਵਿਧਾਨ ਦੀ ਸੰਖੇਪ ਵਿਆਖਿਆ, ਸੰਵਿਧਾਨ ਦੇ ਹੋਂਦ ਵਿੱਚ ਆਉਣ ਅਤੇ ਲਾਗੂ ਹੋਣ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਨਾਗਰਿਕ ਦਾ ਭਾਰਤੀਯ ਸੰਵਿਧਾਨ ਤੋਂ ਜਾਣੂ ਹੋਣਾ ਜ਼ਰੂਰੀ ਹੈ ਜੋ ਅਸਾਨੂੰ ਵੋਟ ਦੇ ਅਧਿਕਾਰ ਦੇ ਨਾਲ-ਨਾਲ ਆਜ਼ਾਦੀ ਦੇ ਪੂਰੇ-ਪੂਰੇ ਹੱਕ ਦਿੰਦਾ ਹੈ। ਭਾਰਤੀਯ ਸੰਵਿਧਾਨ ਔਰਤਾਂ ਪ੍ਰਤੀ ਸੰਵੇਦਨਾ ਵਿਅਕਤ ਕਰਦੇ ਹੋਏ ਉਨ੍ਹਾਂ ਨੂੰ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਹੱਕ ਪ੍ਰਦਾਨ ਕਰਦਾ ਹੈ। ਕਿਸਾਨਾਂ ਵੱਲੋਂ ਖੇਤੀਬਾੜੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਲਾਏ ਗਏ ਮੋਰਚੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਪਸੀ ਲਈ ਲਾਏ ਗਏ ਮੋਰਚੇ ਦੀ ਉਦਾਹਰਣ ਦਿੰਦੇ ਹੋਇਆਂ ਨਰਿੰਦਰ ਕੁਮਾਰ ਜੀ ਨੇ ਸਮੂਹ ਪੈਨਸ਼ਨਰ ਸਾਥੀਆਂ ਨੂੰ ਵੀ ਸਮੂਹਿਕ ਰੂਪ ਵਿੱਚ ਸੰਘਰਸ਼ ਰਤ ਹੋ ਕੇ ਆਪਣੇ ਅਧਿਕਾਰਾਂ ਲਈ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ। ਬਲਵਿੰਦਰ ਸਿੰਘ ਸੋਢੀ ਕੋਠਾ ਗੁਰੂ ਨੇ ਆਪਣੇ ਸੰਬੋਧਨ ਵਿੱਚ ਵਰਤਮਾਨ ਸਮੇਂ ਵਿੱਚ ਆਰ.ਆਰ.ਐਸ.ਵੱਲੋਂ, ਭਾਜਪਾ ਸਰਕਾਰ ਵੱਲੋਂ ਸੰਵਿਧਾਨ ਨੂੰ ਕਮਜ਼ੋਰ ਕਰਨ ਲਈ ਹਰ ਸਰਕਾਰੀ, ਪ੍ਰਾਈਵੇਟ ਅਦਾਰਿਆਂ ਵਿੱਚ ਕੱਟੜ ਧਾਰਮਿਕ ਸੋਚ ਵਾਲੇ ਅਧਿਕਾਰੀਆਂ, ਕਰਮਚਾਰੀਆਂ ਨੂੰ ਭਰਤੀ ਕਰ ਕੇ ਹਰ ਸੰਸਥਾ ਨੂੰ ਕਮਜ਼ੋਰ ਕਰਨ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਇਹ ਵੀ ਦੱਸਿਆ ਕਿ ਵਰਤਮਾਨ ਸਰਕਾਰਾਂ ਨੂੰ ਚੰਦ-ਕੁ ਕਾਰਪੋਰੇਟ ਘਰਾਣੇ ਹੀ ਚਲਾ ਰਹੇ ਹਨ ਅਤੇ ਕਾਰਪੋਰੇਟ ਪੱਖੀ ਕਾਨੂੰਨ ਪਾਸ ਕਰਵਾ ਕੇ ਲੋਕ ਹਿਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ।ਮਾਸਟਰ ਆਤਮ ਤੇਜ ਜੀ ਸ਼ਰਮਾ ਨੇ ਪੈਨਸ਼ਨਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਦੇ ਜਨਵਰੀ ਮਹੀਨੇ ਵਿੱਚ ਐਲ.ਟੀ. ਸੀ.ਬਕਾਏ (ਬੇਸਿਕ ਪੇ) ਵਜੋਂ ਮਿਲਣ ਯੋਗ ਹਨ, ਉਹ ਪੱਤਰ ਲਿਖ ਕੇ ਸਮੂਹ ਬੈਂਕ ਮੈਨੇਜਰ ਸਾਹਿਬਾਨ ਨੂੰ ਸੂਚਿਤ ਕਰਨ । ਇਸੇ ਤਰ੍ਹਾਂ ਮ੍ਰਿਤੂ ਹੋ ਚੁੱਕੇ ਜਾਂ ਮ੍ਰਿਤੂ ਹੋ ਜਾਣ ਦੀ ਸੂਰਤ ਵਿੱਚ ਕਰਮਚਾਰੀਆਂ ਦੇ ਬਕਾਇਆਂ ਦੀ ਅਦਾਇਗੀ ਲਈ ਨੌਮੀਨੇਸ਼ਨ ਫ਼ਾਰਮ ਭਰ ਕੇ ਵੀ ਬੈਂਕ ਮੈਨੇਜਰ ਨੂੰ ਦੇਣ ਸੰਬੰਧੀ ਪ੍ਰੇਰਿਤ ਕੀਤਾ। ਮਾਸਟਰ ਆਤਮ ਤੇਜ ਜੀ ਨੇ ਜਨਵਰੀ 2026 ਮਹੀਨੇ ਵਿੱਚ ਬਲਾਕ ਐਸੋਸੀਏਸ਼ਨ ਦੀ ਨਵੀਂ ਚੋਣ ਕਰਵਾਉਣ ਲਈ ਯਾਦ ਕਰਵਾਉਂਦਿਆਂ ਇਸ ਤੋਂ ਪਹਿਲਾਂ 17 ਦਸੰਬਰ 2025 ਨੂੰ ‘ਪੈਨਸ਼ਨਰ ਡੇ’ ਮਨਾਉਣ ਲਈ ਬੈਠਕ ਕਰਕੇ 80 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਸੰਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੈਨਸ਼ਨਰ ਐਸੋਸ਼ੀਏਸ਼ਨ ਜਨਰਲ ਬਾਡੀ ਪੰਜਾਬ ਦੀ ਇਕਾਈ ਧੂਰੀ ਵੱਲੋਂ 27 ਦਸੰਬਰ ਨੂੰ ਮੂਣਕ (ਜ਼ਿਲ੍ਹਾ ਸੰਗਰੂਰ) ਵਿਖੇ ਹੜ੍ਹ ਪੀੜਤ 11 ਲਾਭਪਾਤਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਦੀ ਵੀ ਤਫ਼ਸੀਲ ਵਿੱਚ ਜਾਣਕਾਰੀ ਮੁਹੱਈਆ ਕਰਵਾਈ। ਜਨਰਲ ਸਕੱਤਰ ਡਾਕਟਰ ਗੁਰਜੀਤ ਸਿੰਘ ਜੀ ਭਗਤਾ ਭਾਈ ਕਾ ਨੇ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਦਰ-ਕਿਨਾਰ ਕਰਨ ਸੰਬੰਧੀ ਜਿੱਥੇ ਵਿਸਥਾਰਿਤ ਜਾਣਕਾਰੀ ਦਿੱਤੀ, ਉੱਥੇ ਉਨ੍ਹਾਂ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਪੈਨਸ਼ਨਰ ਪੋਰਟਲ ਦੀ ਗੱਲ ਕਰਦਿਆਂ ਦੱਸਿਆ ਕਿ ਇਹ ਪੋਰਟਲ ਤਿਆਰ ਕਰਨ ਲਈ ਸਰਕਾਰ ਵੱਲੋਂ ਦੂਸਰਾ ਕੈਂਪ ਲਗਾਇਆ ਗਿਆ ਹੈ ਜੋ ਮਿੰਨੀ ਸਕੱਤਰੇਤ ਬਠਿੰਡਾ ਦੇ ਮੁੱਖ ਗੇਟ ‘ਤੇ ਮਿਤੀ 4/12/2025 ਤੋਂ ਮਿਤੀ 6/12/2025 ਤੱਕ ਚੱਲਦਾ ਰਹੇਗਾ, ਇਸ ਲਈ ਸਾਰੇ ਪੈਨਸ਼ਨਰ ਉੱਥੇ ਸਮੇਂ ਸਿਰ ਪਹੁੰਚ ਕੇ ਆਪਣਾ-ਆਪਣਾ ਪੈਨਸ਼ਨ ਪੋਰਟਲ ਜ਼ਰੂਰ ਤਿਆਰ ਕਰਵਾਉਣ।                 ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਅਮਰਜੀਤ ਸਿੰਘ ਜੀ ਵਿੱਤ ਸਕੱਤਰ ਭਗਤਾ ਭਾਈ, ਗ੍ਰਾਮ ਸੇਵਕ ਕੌਰ ਸਿੰਘ ਕੋਠਾ ਗੁਰੂ, ਮਾਸਟਰ ਨਛੱਤਰ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਰਣਜੋਧ ਸਿੰਘ, ਰੇਸ਼ਮ ਸਿੰਘ, ਮਾਸਟਰ ਸੁਰਜੀਤ ਸਿੰਘ, ਪਟਵਾਰੀ ਦਰਸ਼ਨ ਸਿੰਘ (ਸਾਰੇ ਭਗਤਾ ਭਾਈ), ਮਾਸਟਰ ਲਾਭ ਸਿੰਘ ਡੋਡ, ਮਾਸਟਰ ਨਛੱਤਰ ਸਿੰਘ ਸਿਰੀਏਵਾਲਾ, ਏ.ਐਸ.ਆਈ.ਗੁਰਦੀਪ ਸਿੰਘ ਕੇਸਰ ਸਿੰਘ ਵਾਲਾ, ਮਾਸਟਰ ਜੋਰਾ ਸਿੰਘ ਮੌਜੀ ਬੁਰਜ਼ ਥਰੋੜ, ਮਾਸਟਰ ਕਰਨੈਲ ਸਿੰਘ ਬੁਰਜ਼ ਥਰੋੜ, ਮਾਸਟਰ ਦਰਬਾਰਾ ਸਿੰਘ ਮਲੂਕਾ, ਰਛਪਾਲ ਸਿੰਘ ਗੁਰੂਸਰ, ਮਾਸਟਰ ਬੰਤਾ ਸਿੰਘ ਕੋਠਾ ਗੁਰੂ, ਗੁਰਜੰਟ ਸਿੰਘ ਜਲਾਲ, ਮਾਸਟਰ ਰੂਪ ਸਿੰਘ ਜੀ ਭੋਡੀਪੁਰਾ ਅਤੇ ਮਾਸਟਰ ਹਰਮੇਲ ਸਿੰਘ ਆਕਲੀਆ ਜਲਾਲ ਆਦਿਕ ਅਨੇਕ ਪੈਨਸ਼ਨਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਡੀਗੋ ਸੰਕਟ ਦੌਰਾਨ ਰੇਲਵੇ ਸਹਾਇਤਾ ਪ੍ਰਦਾਨ ਕਰਦਾ ਹੈ: ਦੇਸ਼ ਭਰ ਵਿੱਚ 116 ਵਾਧੂ ਕੋਚ ਤਾਇਨਾਤ ਕੀਤੇ ਗਏ, ਵਿਸ਼ੇਸ਼ ਟ੍ਰੇਨਾਂ ਵੀ ਚਲਾਈਆਂ ਗਈਆਂ
Next articleਬਲਾਚੌਰ ਪਬਲਿਕ ਸੂਕਲ ਵਿੱਚ 8 ਦਸੰਬਰ ਨੂੰ ਸੂਰੀ ਹਸਪਤਾਲ ਵਲੋਂ ਅੱਖਾਂ ਦਾ ਫ੍ਰੀ ਚੈੱਕਅੱਪ ਲਗਾਇਆ ਜਾਵੇਗਾ