(ਸਮਾਜ ਵੀਕਲੀ) ਰਿਸ਼ਤਿਆਂ ਅਤੇ ਰੁਤਬਿਆਂ ਦਾ ਆਪਸ ਵਿੱਚ ਇੱਕ ਗਹਿਰਾ ਸਬੰਧ ਹੈ। ਸਾਡੇ ਸਮਾਜ ਵਿੱਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੈ। ਜੇ ਦੇਖਿਆ ਜਾਵੇ ਤਾਂ ਬੱਚਾ ਜਨਮ ਲੈਂਦਿਆਂ ਹੀ ਕਿੰਨੇ ਸਾਰੇ ਰਿਸ਼ਤਿਆਂ ਦੇ ਬੰਧਨ ਵਿੱਚ ਬੱਝ ਜਾਂਦਾ ਹੈ। ਉਹ ਆਪ ਚਾਹੇ ਇਸ ਗੱਲੋਂ ਬੇਖ਼ਬਰ ਹੁੰਦਾ ਹੈ ਪਰ ਜਿਵੇਂ ਜਿਵੇਂ ਸੋਝੀ ਆਈ ਜਾਂਦੀ ਹੈ ਉਸ ਨੂੰ ਆਪਣੇ ਰਿਸ਼ਤਿਆਂ ਦੀ ਪਛਾਣ ਆਉਣ ਲੱਗਦੀ ਹੈ। ਮਾਂ-ਬਾਪ,ਭੈਣ- ਭਰਾ ਵਰਗੇ ਰਿਸ਼ਤੇ ਖੂਨ ਦੇ ਰਿਸ਼ਤੇ ਹੁੰਦੇ ਹਨ ਜਦ ਕਿ ਬਾਕੀ ਕੁਝ ਰਿਸ਼ਤੇ ਸਕੇ ਸਬੰਧੀਆਂ ਦੇ,ਕੁਝ ਨਵੇਂ ਜੁੜਨ ਵਾਲੇ ਰਿਸ਼ਤੇ ਸਾਕਾਦਾਰੀ ਦੇ ਰਿਸ਼ਤੇ ਹੁੰਦੇ ਹਨ,ਕੁਝ ਸਮਾਜ ਵਿੱਚ ਵਿਚਰਦਿਆਂ ਸਮਾਜਿਕ ਰਿਸ਼ਤੇ ਬਣਦੇ ਹਨ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ।
“ਰੁਤਬਾ” ਅਰਥ ਹੈ “ਪਦਵੀ, ਅਹੁਦਾ,ਮਾਣ, ਇੱਜ਼ਤ, ਜਾਂ ਦਰਜਾ”। ਇਹ ਸ਼ਬਦ ਕਿਸੇ ਵਿਅਕਤੀ ਦੀ ਸਮਾਜਿਕ ਸਥਿਤੀ ਜਾਂ ਉਸਦੀ ਮਹੱਤਤਾ ਨੂੰ ਦਰਸਾਉਂਦਾ ਹੈ।ਰੁਤਬਿਆਂ ਦੀ ਗੱਲ ਕਰੀਏ ਤਾਂ ਮਨੁੱਖ ਰੁਤਬਾ ਹਾਸਲ ਕਰਨ ਲਈ ਬਹੁਤ ਮਿਹਨਤ ਕਰਦਾ ਹੈ। ਜਦ ਕੋਈ ਵੀ ਮਨੁੱਖ ਆਪਣੇ ਪਰਿਵਾਰਕ ਮੈਂਬਰਾਂ ਜਾਂ ਸਮਾਜ ਦੇ ਲੋਕਾਂ ਨਾਲੋਂ ਅਲੱਗ ਇੱਕ ਉੱਚੀ ਪਦਵੀ ਜਾਂ ਉਪਾਧੀ ਹਾਸਲ ਕਰ ਲੈਂਦਾ ਹੈ ਤਾਂ ਉਸ ਦਾ ਰੁਤਬਾ ਉਹਨਾਂ ਨਾਲ਼ੋਂ ਉੱਚਾ ਹੋ ਜਾਂਦਾ ਹੈ। ਆਮ ਕਰਕੇ ਪਰਿਵਾਰ ਵਿੱਚ ਵਿਚਰਦਿਆਂ ਜੀਵਨ ਦੇ ਮੁੱਢਲੇ ਸਮੇਂ ਵਿੱਚ ਕਈ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਜਾਂਦੇ ਹਨ ਤੇ ਉਹਨਾਂ ਦੇ ਹੀ ਭੈਣ ਭਰਾ ਕਈ ਵਾਰ ਘੱਟ ਪੜ੍ਹਦੇ ਹਨ ਤੇ ਉਹਨਾਂ ਦਾ ਜੀਵਨ ਪੱਧਰ ਮਿਹਨਤ ਮਜ਼ਦੂਰੀ ਨਾਲ ਸਬੰਧਤ ਹੋ ਜਾਂਦਾ ਹੈ। ਕਈ ਵਿਅਕਤੀ ਚੰਗੇ ਸਮਾਜਿਕ ਕੰਮ ਕਰਕੇ ਜਾਂ ਸਮਾਜ ਸੇਵਾ ਕਰਕੇ ਤੇ ਕਈ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਜਦੋਂ ਇੱਕ ਵੱਡਾ ਮੁਕਾਮ ਹਾਸਲ ਕਰ ਲੈਂਦੇ ਹਨ ਜੋ ਪਰਿਵਾਰ ਦੇ ਬਾਕੀ ਮੈਂਬਰਾਂ ਜਾਂ ਸਮਾਜ ਦੇ ਬਾਕੀ ਲੋਕਾਂ ਤੋਂ ਵੱਖਰੀ ਪਛਾਣ ਬਣਾ ਲੈਂਦੇ ਹਨ, ਉਹਨਾਂ ਦਾ ਰੁਤਬਾ ਵੀ ਬਾਕੀਆਂ ਨਾਲ਼ੋਂ ਉੱਚਾ ਹੋ ਜਾਂਦਾ ਹੈ ।ਇਹੋ ਜਿਹੀਆਂ ਸਾਡੇ ਸਮਾਜ ਵਿੱਚ ਅਨੇਕਾਂ ਹੀ ਉਦਾਹਰਣਾਂ ਆਪਣੇ ਆਲੇ ਦੁਆਲੇ ਵਿੱਚ ਵੇਖਣ ਨੂੰ ਮਿਲ ਜਾਂਦੀਆਂ ਹਨ।
ਕੀ ਰੁਤਬਿਆਂ ਦਾ ਰਿਸ਼ਤਿਆਂ ਉੱਤੇ ਕੋਈ ਅਸਰ ਪੈਂਦਾ ਹੈ ਕਿ ਨਹੀਂ? ਆਮ ਕਰਕੇ ਇਹ ਵੇਖਣ ਨੂੰ ਆਇਆ ਹੈ ਕਿ ਜਦੋਂ ਕੋਈ ਵਿਅਕਤੀ ਸਾਡੇ ਆਲੇ ਦੁਆਲੇ ਵਿੱਚੋਂ ਕੋਈ ਉੱਚਾ ਰੁਤਬਾ ਹਾਸਲ ਕਰ ਲੈਂਦਾ ਹੈ ਤਾਂ ਉਹ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹੋ ਜਾਂਦਾ ਹੈ ਤੇ ਖਾਸ ਕਰਕੇ ਆਪਣੇ ਬਰਾਬਰ ਦੇ ਲੋਕਾਂ ਵਿੱਚ ਵਿਚਰਨ ਲੱਗਦਾ ਹੈ। ਜਿਵੇਂ ਜਿਵੇਂ ਉਸ ਦਾ ਉੱਠਣਾ ਬੈਠਣਾ ਵੱਡੇ ਲੋਕਾਂ ਵਿੱਚ ਭਾਵ ਆਪਣੇ ਰੁਤਬੇ ਦੇ ਬਰਾਬਰ ਦੇ ਲੋਕਾਂ ਵਿੱਚ ਹੋਣ ਲੱਗਦਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ਼ ਦੂਰੀ ਵਧਾਉਣ ਲੱਗਦਾ ਹੈ ਕਿਉਂਕਿ ਉਹ ਆਪਣੇ ਹੀ ਭੈਣ ਭਰਾਵਾਂ ਜਾਂ ਮਾਪਿਆਂ ਨੂੰ ਆਪਣੀ ਹੈਸੀਅਤ ਤੋਂ ਛੋਟਾ ਸਮਝਣ ਲੱਗ ਪੈਂਦਾ ਹੈ।ਉਹ ਵਿਅਕਤੀ ਇਹ ਭੁੱਲ ਜਾਂਦੇ ਹਨ ਕਿ ਉਹ ਵੀ ਇਸੇ ਪਰਿਵਾਰ ਦਾ ਹਿੱਸਾ ਹੁੰਦੇ ਸਨ। ਕਈ ਵਾਰ ਤਾਂ ਰੁਤਬਿਆਂ ਦਾ ਮਨੁੱਖ ਉੱਪਰ ਇਸ ਤਰ੍ਹਾਂ ਦਾ ਗਰੂਰ ਸਵਾਰ ਹੋਇਆ ਵੇਖਿਆ ਜਾਂਦਾ ਹੈ ਕਿ ਆਪਣੇ ਸਕੇ ਭੈਣ ਭਰਾਵਾਂ ਨੂੰ ਆਪਣੇ ਰਿਸ਼ਤੇਦਾਰ ਕਹਿਣ ਤੋਂ ਵੀ ਕੰਨੀਂ ਕਤਰਾਉਂਦੇ ਹਨ। ਕਈ ਲੋਕ ਤਾਂ ਆਪਣੇ ਰੁਤਬੇ ਦੇ ਨਸ਼ੇ ਵਿੱਚ ਆਪਣੇ ਬੁੱਢੇ ਮਾਪਿਆਂ ਨੂੰ ਵੀ ਆਪਣੀ ਸੁਸਾਇਟੀ ਦੇ ਲੋਕਾਂ ਨਾਲ ਮਿਲਵਾਉਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਰੁਤਬੇ ਮਨੁੱਖ ਦੇ ਨਿੱਜੀ ਰਿਸ਼ਤਿਆਂ ਉੱਤੇ ਇਸ ਤਰ੍ਹਾਂ ਭਾਰੂ ਪੈ ਜਾਂਦੇ ਹਨ ਕਿ ਆਪਣੇ ਹੀ ਸਕੇ ਸਬੰਧੀਆਂ ਨੂੰ ਆਪਣਿਆਂ ਤੋਂ ਦੂਰ ਕਰ ਦਿੰਦੇ ਹਨ।
ਜਿਹੜੇ ਲੋਕ ਆਪਣੇ ਰੁਤਬੇ ਦੇ ਪ੍ਰਭਾਵ ਹੇਠ ਆ ਕੇ ਜਿੱਥੇ ਆਪਣੇ ਘਰ ਪਰਿਵਾਰ ਤੋਂ ਦੂਰੀ ਬਣਾਉਣ ਲੱਗਦੇ ਹਨ ਉੱਥੇ ਉਹ ਉਸ ਸਮਾਜਿਕ ਦਾਇਰੇ ਤੋਂ ਵੀ ਕਿਨਾਰਾ ਕਰ ਲੈਂਦੇ ਹਨ ਜਿੱਥੇ ਕਦੇ ਉਹਨਾਂ ਨੇ ਆਪਣੇ ਸਮਾਜ ਦੇ ਲੋਕਾਂ ਤੋਂ ਬਹੁਤ ਕੁਝ ਸਿੱਖਿਆ ਹੁੰਦਾ ਹੈ। ਉਹਨਾਂ ਨੂੰ ਆਪਣੇ ਪਿਛੋਕੜ ਨੂੰ ਦੱਸਣ ਲੱਗਿਆਂ ਸ਼ਰਮ ਮਹਿਸੂਸ ਹੁੰਦੀ ਹੈ। ਇਹੋ ਜਿਹੇ ਲੋਕ ਜਿਹੜੇ ਨਵੇਂ ਸਮਾਜ ਦਾ ਹਿੱਸਾ ਬਣਦੇ ਹਨ ਉੱਥੇ ਵੀ ਉਹ ਖੁੱਲ੍ਹ ਕੇ ਵਿਚਰ ਨਹੀਂ ਸਕਦੇ ਕਿਉਂ ਕਿ ਉਹਨਾਂ ਨੇ ਸਿਰਫ਼ ਆਪਣੇ ਰੁਤਬੇ ਦੇ ਅਧਾਰ ਤੇ ਹੀ ਉਹਨਾਂ ਲੋਕਾਂ ਵਿੱਚ ਆਪਣਾ ਕਿਰਦਾਰ ਸਿਰਜਿਆ ਹੁੰਦਾ ਹੈ , ਉਹਨਾਂ ਨੂੰ ਆਪਣੇ ਗਰੀਬ ਭੈਣ ਭਰਾਵਾਂ ਜਾਂ ਮਾਪਿਆਂ ਦਾ ਭੇਦ ਖੁੱਲ੍ਹਣ ਦਾ ਡਰ ਲੱਗਿਆ ਰਹਿੰਦਾ ਹੈ। ਇਹੋ ਜਿਹੇ ਲੋਕ ਆਪਣੇ ਆਲ਼ੇ ਦੁਆਲ਼ੇ ਦੇ ਲੋਕਾਂ , ਗੁਆਂਢੀਆਂ ਜਾਂ ਦੋਸਤਾਂ ਮਿੱਤਰਾਂ, ਜਿਹਨਾਂ ਨਾਲ ਕਦੇ ਜ਼ਿੰਦਗੀ ਦਾ ਮਹੱਤਵ ਪੂਰਨ ਸਮਾਂ ਬਿਤਾਇਆ ਹੁੰਦਾ ਹੈ, ਜਿਹਨਾਂ ਨਾਲ ਮੌਜ ਮਸਤੀ ਕਰਦੇ ਹੋਏ ਜੀਵਨ ਜਾਚ ਸਿੱਖੀ ਹੁੰਦੀ ਹੈ, ਉਹਨਾਂ ਨੂੰ ਵੀ ਪਛਾਨਣ ਤੋਂ ਕੋਰੀ ਨਾਂਹ ਕਰ ਦਿੰਦੇ ਹਨ। ਮੰਨਿਆ ਕਿ ਉਹ ਆਪਣੀ ਇੱਕ ਉੱਚ ਸਤਰ ਦੀ ਜੀਵਨਸ਼ੈਲੀ ਤਾਂ ਅਪਣਾ ਲੈਂਦੇ ਹਨ, ਉਹਨਾਂ ਦੀ ਜਾਣ ਪਛਾਣ ਵੱਡੇ ਲੋਕਾਂ ਨਾਲ਼ ਹੋ ਜਾਂਦੀ ਹੈ ਪਰ ਇਹੋ ਜਿਹੇ ਲੋਕ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਣ ਤੋਂ ਵਾਂਝੇ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਆਪਣੇ ਆਪ ਨਾਲ ਵਿਚਾਰਾਂ ਦੀ ਇੱਕ ਲੜਾਈ ਜਿਹੀ ਚਲਦੀ ਰਹਿੰਦੀ ਹੈ ਜਿਸ ਦਾ ਜ਼ਿਕਰ ਉਹ ਕਿਸੇ ਨਾਲ ਨਹੀਂ ਕਰ ਸਕਦੇ। ਉਹਨਾਂ ਦੀ ਸੋਚ ਦਾ ਪੱਧਰ ਸੌੜਾ ਜਿਹਾ ਹੋ ਕੇ ਰਹਿ ਜਾਂਦਾ ਹੈ, ਮਿਲਵਰਤਣ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਤੇ ਜ਼ਿੰਦਗੀ ਬਨਾਵਟੀ ਰੰਗਤ ਨਾਲ ਰੰਗੀ ਜਾਂਦੀ ਹੈ।
ਅਗਰ ਕੋਈ ਵਿਅਕਤੀ ਉੱਚਾ ਰੁਤਬਾ ਹਾਸਲ ਕਰਕੇ ਵੀ ਆਪਣੇ ਪਿਛੋਕੜ ਜਾਂ ਆਪਣੇ ਰਿਸ਼ਤਿਆਂ ਨੂੰ ਓਨੀ ਹੀ ਅਹਿਮੀਅਤ ਦਿੰਦਾ ਹੈ ਜਿੰਨਾ ਉਹ ਰੁਤਬਾ ਹਾਸਲ ਕਰਨ ਤੋਂ ਪਹਿਲਾਂ ਦਿੰਦਾ ਸੀ ਤਾਂ ਇਹੋ ਜਿਹੇ ਵਿਅਕਤੀ ਦੀ ਸਮਾਜ ਵਿੱਚ ਸ਼ੋਭਾ ਵਧਦੀ ਹੈ। ਇਹੋ ਜਿਹੇ ਵਿਅਕਤੀ ਨੂੰ ਹਰ ਕੋਈ ਸਤਿਕਾਰ ਦੀ ਨਜ਼ਰ ਨਾਲ਼ ਵੇਖਦਾ ਹੈ। ਉਹ ਵਿਅਕਤੀ ਆਪਣੇ ਨਿੱਜੀ ਅਤੇ ਸਮਾਜਿਕ ਦਾਇਰੇ ਵਿੱਚ ਖੁੱਲ੍ਹ ਕੇ ਜਿਊਣ ਦੇ ਸਮਰੱਥ ਹੁੰਦਾ ਹੈ। ਸਾਡੇ ਸਮਾਜ ਵਿੱਚ ਚਾਹੇ ਇਹੋ ਜਿਹੇ ਵਿਅਕਤੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਪਰ ਫਿਰ ਵੀ ਇਹ ਲੋਕ ਬਹੁਤ ਸਤਿਕਾਰ ਦੇ ਪਾਤਰ ਹੁੰਦੇ ਹਨ। ਸਮਾਜ ਵਿੱਚ ਵਿਚਰਦਿਆਂ ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰੁਤਬਿਆਂ ਦਾ ਰਿਸ਼ਤਿਆਂ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪੈਣ ਦੇਣਾ ਚਾਹੀਦਾ ਤਾਂ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਮੁੱਖ ਰੱਖ ਕੇ ਹੀ ਜੀਵਨ ਬਤੀਤ ਕੀਤਾ ਜਾ ਸਕੇ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



