(ਸਮਾਜ ਵੀਕਲੀ)
ਰੋਮ ਰੋਮ ‘ਤੇ ਪਰਦੇ ਕੱਜੇ
ਕਿਹੜੀ ਮਿੱਟੀ ਤੇ ਕਿਹੜਾ ਮੋਹ
ਵਗਦੀ ਹਵਾ ‘ਚੋਂ ਧੂੜ ਗਵਾਚੀ
ਪੈਰਾਂ ਹੇਠੋਂ ਧਰਤੀ ਦੀ ਛੋਹ।
ਮੋਤੀਏ ਵਾਲ਼ੀ ਛਤਰੀ ਸਿਰ ‘ਤੇ
ਕਿਹੜੀ ਨਜ਼ਰ ਤੇ ਕਿਹੜੀ ਖਿੱਚ
ਨੈਣਾਂ ਵਿਚਲਾ ਨੂਰ ਗਵਾਚਾ
ਸੁਪਨਿਆਂ ‘ਤੇ ਚੜ੍ਹ ਬੈਠੀ ਵਿੱਥ।
ਤੰਦੁਏ ਤੰਦ ਜੀਭ ਨੂੰ ਪਾਈ
ਬੇਵੱਸ ਲਫ਼ਜ਼ ਮੂੰਹ ‘ਚ ਹੀ ਘੁੰਮਣ
ਰੰਗਤ ਉੜ ਗਈ ਮਾਰ ਉਡਾਰੀ
ਸੁਰਖ਼ ਲਬਾਂ ‘ਤੋਂ ਖਿਸਕੇ ਚੁੰਮਣ।
ਨੱਚਣ ਸਾਹਮਣੇ ਆ ਵਾਵਰੋਲੇ
ਹੁੱਟੇ ਸਾਹ ਠਾਕੀਆਂ ਨੇ ਜੀਭਾਂ
ਉੜ ਗਏ ਕਿੱਧਰ ਲਫ਼ਜ਼ ਪੰਖੇਰੂ
ਬੰਨ ਪੋਟਲੀ ਘੜ ਤਰਕੀਬਾਂ।
ਸਾੜਿਆ ਸੰਦਲ ਦਿਨ ਦਿਹਾੜੇ
ਵਿੱਚ ਵਿਹੜਿਆਂ ਖਿਲਰੀ ਰਾਖ਼
ਜਤ ਸਤ ਵਾਲੇ ਹੱਥ ਝੜ ਗਏ
ਕਿੱਧਰ ਨੇ ਕਾਗਜ਼ ਕਲਮ ਦਵਾਤ।
ਤਰੱਕੀ ਵਾਲ਼ੀ ਤੁੰਗਲੁੰਗ ਤੁੰਗਲੁੰਗ
ਬੜੀ ਨਸ਼ੀਲੀ ਇਸ ਦੀ ਛੋਹ
ਸਮਿਆ ਦੇ ਮੱਥੇ ਜੋ ਦਾਗ਼ ਜੜ ਗਈ
ਉਹ ਸਦੀਆਂ ਤੱਕ ਨਹੀ ਹੋਣਾ ਧੋ।



