HOME ਅਦਾਲਤ ਦੀ ਦੁਨੀਆ ਦਾ ਗਲਪਕਾਰ : ਮਿੱਤਰ ਸੈਨ ਮੀਤ

ਅਦਾਲਤ ਦੀ ਦੁਨੀਆ ਦਾ ਗਲਪਕਾਰ : ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ
-ਭੋਲਾ ਸਿੰਘ ਸੰਘੇੜਾ 
ਭੋਲਾ ਸਿੰਘ ਸੰਘੇੜਾ

 (ਸਮਾਜ ਵੀਕਲੀ)  ਮਨੁੱਖ ਨੂੰ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਜਾਣਨ ਦੀ ਤੀਬਰ ਇੱਛਾ ਰਹੀ ਹੈ। ਜੇ ਪੜ੍ਹਨ ਪੜ੍ਹਾਉਣ ਦੀ ਗੱਲ ਕਰੀਏ ਤਾਂ ਪੰਜਾਬੀ ਪਾਠਕ ਵੀ ਅਜਿਹੀ ਜਾਣਕਾਰੀ ਤੋਂ ਮੁਤਾਸਿਰ ਹੁੰਦਾ ਰਿਹਾ ਹੈ। ਅਜਿਹੀ ਜਾਣਕਾਰੀ ਵਾਲੀਆਂ ਪੁਸਤਕਾਂ, ਚਾਹੇ ਕਿਸੇ ਵਿਧਾ ਦੀਆਂ ਵੀ ਹੋਣ, ਅੱਜ ਵੀ ਪਾਠਕਾਂ ਦੀ ਪਹਿਲੀ ਪਸੰਦ ਹਨ। ਸੰਤੋਸ਼ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਵਿਚ ਇਸ ਤਰ੍ਹਾਂ ਦੇ ਸਾਹਿਤ ਦੀ ਸਿਰਜਣਾ ਕਰਨ ਵਾਲੇ ਲੇਖਕ ਹਨ। ਇਹਨਾਂ ਲੇਖਕਾਂ ਦੀ ਢਾਣੀ ਵਿਚ ਇਕ ਨਾਂ ਮਿੱਤਰ ਸੈਨ ਮੀਤ ਦਾ ਵੀ ਸ਼ਾਮਲ ਹੈ। ਮਿੱਤਰ ਸੈਨ ਦਾ ਜਨਮ 20 ਅਕਤੂਬਰ,1952 ਵਿਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਵਿਖੇ ਮਾਤਾ ਸ਼ਾਂਤੀ ਦੇਵੀ ਅਤੇ ਪਿਤਾ ਸਹਿਜ ਰਾਮ ਗੁਪਤਾ ਦੇ ਘਰ ਹੋਇਆ। ਪਿਤਾ ਜੀ ਪਟਵਾਰ ਦੀ ਨੌਕਰੀ ਕਰਦੇ ਸਨ। ਉਹਨਾਂ ਦਿਨਾਂ ਵਿਚ ਆਵਾਜਾਈ ਦੀਆਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ। ਇਸ ਲਈ ਜਿੱਥੇ ਵੀ ਪਿਤਾ ਦੀ ਬਦਲੀ ਹੋ ਜਾਂਦੀ ਪਰਿਵਾਰ ਨੂੰ ਵੀ ਨਾਲ ਹੀ ਲਿਜਾਣਾ ਪੈਂਦਾ ਸੀ। ਮੁਢਲੀ ਸਿੱਖਿਆ ਦੌਰਾਨ ਮਿੱਤਰ ਸੈਨ ਨੂੰ ਪਹਿਲਾਂ ਪਿੰਡ ਕਾਲੇਕੇ ਤੇ ਫਿਰ ਫਰਵਾਹੀ ਪੜ੍ਹਨਾ ਪਿਆ। ਸਾਲ 1963 ਵਿਚ ਪਰਿਵਾਰ ਨੇ ਪੱਕੀ ਰਿਹਾਇਸ਼ ਬਰਨਾਲਾ ਵਿਖੇ ਕਰ ਲਈ। ਮਿੱਤਰ ਸੈਨ ਨੇ ਦਸਵੀਂ ਜਮਾਤ ਸਰਕਾਰੀ ਹਾਈ ਸਕੂਲ ਬਰਨਾਲਾ ਤੋਂ ਪਾਸ ਕੀਤੀ। ਮਿੱਤਰ ਸੈਨ ਪੜ੍ਹਨ ਵਿਚ ਮੁੱਢ ਤੋਂ ਹੀ ਹੁਸ਼ਿਆਰ ਸੀ। ਇਹੀ ਕਾਰਨ ਹੈ ਕਿ ਉਸ ਨੇ ਐੱਸ. ਡੀ. ਕਾਲਜ ਬਰਨਾਲਾ ਤੋਂ ਬੀ. ਏ. ਆਨਰਜ਼ ਗਣਿਤ ਵਿਚ ਪਾਸ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਜਿੱਤਿਆ। ਉਸ ਨੇ ਐਲ. ਐਲ. ਬੀ. ਦੀ ਡਿਗਰੀ ਇਸੇ ਯੂਨੀਵਰਸਿਟੀ ਵਿਚੋਂ ਦੂਜੇ ਸਥਾਨ ਤੇ ਰਹਿ ਕੇ ਪ੍ਰਾਪਤ ਕੀਤੀ ਤੇ ਰਾਸ਼ਟਰੀ ਸ਼ਕਾਲਰਸ਼ਿਪ ਆਪਣੇ ਨਾਂ ਕੀਤਾ। 1979 ਵਿਚ ਮਿੱਤਰ ਸੈਨ ਦੀ ਨਿਯੁਕਤੀ ਸਰਕਾਰੀ ਵਕੀਲ ਦੇ ਤੌਰ ਤੇ ਹੋਈ। ਵੱਖ ਵੱਖ ਅਦਾਲਤਾਂ ਵਿਚ ਸੇਵਾ ਨਿਭਾਉਂਦਿਆਂ ਉਸ ਨੇ ਡਿਸਟ੍ਰਿਕਟ ਅਟਾਰਨੀ ਦਾ ਅਹੁਦਾ ਪ੍ਰਾਪਤ ਕੀਤਾ ਤੇ 31 ਅਕਤੂਬਰ, 2011 ਨੂੰ ਇਸ ਅਹੁਦੇ ਤੋਂ ਸੇਵਾ ਮੁਕਤ ਹੋਇਆ। ਦਸਵੀਂ ਜਮਾਤ ਵਿਚ ਪੜ੍ਹਦਿਆਂ ਹੀ ਮਿੱਤਰ ਸੈਨ ਦੀ ਰੁਚੀ ਕਹਾਣੀਆਂ ਲਿਖਣ ਵੱਲ ਹੋ ਗਈ ਸੀ। 1968 ਵਿਚ ਉਸ ਦੀਆਂ ਦੋ ਕਹਾਣੀਆਂ, ਨਵਤੇਜ ਸਿੰਘ ਦੀ ਸੰਪਾਦਨਾ ਹੇਠ ਛਪਦੇ ‘ਬਾਲ ਸੰਦੇਸ਼’ ਵਿਚ ਪ੍ਰਕਾਸ਼ਿਤ ਹੋਈਆਂ ਤੇ ਉਹ ਮਿੱਤਰ ਸੈਨ ਤੋਂ ਮਿੱਤਰ ਸੈਨ ਮੀਤ ਬਣ ਗਿਆ।

ਗਣਿਤ ਵਰਗੇ ਔਖੇ ਵਿਸ਼ੇ ਦੀ ਪੜ੍ਹਾਈ ਕਰਦਿਆਂ ਹੋਇਆਂ ਵੀ, ਉਹ ਕਾਲਜ ਵਿੱਚ ਲਿਖਣ ਪ੍ਰਕਿਰਿਆ ਨਾਲੋਂ ਨਹੀਂ ਸੀ ਟੁੱਟਿਆ। ਕਾਲਜ ਦੀ ਪੜ੍ਹਾਈ ਦੌਰਾਨ 19 ਸਾਲ ਦੀ ਉਮਰ ਵਿਚ ਉਸ ਨੇ ਨਾਵਲ ‘ਅੱਗ ਦੇ ਬੀਜ ‘ ਲਿਖ ਕੇ ਸਾਹਿਤਕਾਰਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਨਾਵਲ ਗੁਰਸ਼ਰਨ ਸਿੰਘ ਭਾਅ ਦੀ ਨਿਰਦੇਸ਼ਨਾਂ ਹੇਠ ਕੰਮ ਕਰਦੇ ‘ਬਲਰਾਜ ਸਾਹਨੀ ਪ੍ਰਕਾਸ਼ਨ’ ਦੁਆਰਾ ਛਾਪਿਆ ਗਿਆ ਸੀ। ਇਸ ਨਾਵਲ ਦੀ ਪ੍ਰਕਾਸ਼ਨਾ ਨਾਲ ਮਿੱਤਰ ਸੈਨ ਮੀਤ ਬਰਨਾਲਾ ਵਿਚ ਸਭ ਤੋਂ ਛੋਟੀ ਉਮਰ ਦਾ ਨਾਵਲਕਾਰ ਬਣ ਗਿਆ ਸੀ। 1973 ਵਿਚ ਉਸ ਨੇ ਨਾਵਲ ‘ਕਾਫ਼ਲਾ’ ਲਿਖਿਆ ਜੋ 1986 ਵਿਚ ਪ੍ਰਕਾਸ਼ਿਤ ਹੋਇਆ। ਇਹਨਾਂ ਨਾਵਲਾਂ ਦੀ ਸਿਰਜਣਾ ਤੋਂ ਬਾਅਦ ਉਹ ਫਿਰ ਕਹਾਣੀਆਂ ਲਿਖਣ ਵੱਲ ਪਰਤਿਆ ਤੇ ਉਸ ਦੇ ਦੋ ਕਹਾਣੀ-ਸੰਗ੍ਰਹਿ ‘ਪੁਨਰਵਾਸ’, ‘ਲਾਮ’ ਅਤੇ ‘ਠੋਸ ਸਬੂਤ’ ਪ੍ਰਕਾਸ਼ਿਤ ਹੋਏ। ਇਹਨਾਂ ਪੁਸਤਕਾਂ ‘ਤੇ ਹੋਈਆਂ ਗੋਸ਼ਟੀਆਂ ਤੋਂ ਮਿੱਤਰ ਸੈਨ ਮੀਤ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਨੇ ਸੰਸਾਰ ਪ੍ਰਸਿੱਧ ਰਚਨਾਵਾਂ ਦਾ ਅਧਿਐਨ ਕੀਤਾ। ਜਿਥੇ ਉਸ ਨੂੰ ਨਾਟਕਕਾਰ ਗੁਰਸ਼ਰਨ ਸਿੰਘ ਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ ਉੱਥੇ ਮੈਕਸਿਮ ਗੋਰਕੀ ਦੇ ਨਾਵਲ ਮਾਂ ਅਤੇ ਹੋਰ ਰਚਨਾਵਾਂ ਤੋਂ ਵੀ ਸੇਧ ਮਿਲੀ। ਹੈਮਿੰਗਵੇ ਦੇ ਨਾਵਲ ਓਲਡ ਮੈਂਨ ਐਂਡ ਦੀ ਸੀ ਨੇ, ਉਸ ਨੂੰ ਲੇਖਕ ਦੇ ਦ੍ਰਿਸ਼ਟੀਬੱਧ ਹੋਣ ਦੀ ਨਿਰਦੇਸ਼ਨਾਂ ਮਿਲੀ। ਇਹਨਾਂ ਪੁਸਤਕਾਂ ਦੇ ਅਧਿਐਨ ਤੋਂ ਬਾਅਦ ਮਿੱਤਰ ਸੈਨ ਮੀਤ ਜਾਣ ਗਿਆ ਸੀ ਕਿ ਕੋਈ ਵੀ ਲੇਖਕ, ਜੇ ਆਪਣੇ ਅਨੁਭਵ ਤੋਂ ਬਾਹਰ ਜਾ ਕੇ ਰਚਨਾ ਕਰੇਗਾ ਤਾਂ ਰਚਨਾ ਨਾਲ ਇਨਸਾਫ ਨਹੀਂ ਕਰ ਸਕੇਗਾ। ਸਰਕਾਰੀ ਵਕੀਲ ਹੋਣ ਕਰਕੇ ਮਿੱਤਰ ਸੈਨ ਮੀਤ ਕੋਲ ਥਾਣੇ, ਅਦਾਲਤ ਤੇ ਜ਼ੇਲ ਦੀ ਦੁਨੀਆ ਬਾਰੇ ਉਹ ਜਾਣਕਾਰੀ ਸੀ ਜੋ ਦੂਜੇ ਵਕੀਲਾਂ ਕੋਲ ਨਹੀਂ ਹੁੰਦੀ। ਦੂਜੀ ਅਹਿਮ ਗੱਲ ਇਹ ਕਿ ਪੰਜਾਬੀ ਸਾਹਿਤ ਵਿਚ ਇਸ ਵਿਸ਼ੇ ਬਾਰੇ ਲਿਖਿਆ ਵੀ ਨਹੀਂ ਸੀ ਗਿਆ। ਮਿੱਤਰ ਸੈਨ ਮੀਤ ਜਾਣਦਾ ਸੀ ਕਿ ਭਾਵੇਂ ਆਮ ਬੰਦਾ ਥਾਣੇ ਕਚਹਿਰੀਆਂ ਦੇ ਚੱਕਰ ਵਿਚ ਪੈਣ ਤੋਂ ਡਰਦਾ ਰਹਿੰਦਾ ਹੈ ਪਰ ਉਹ  ਇਸ ਦੁਨੀਆ ਬਾਰੇ ਜ਼ਰੂਰ ਜਾਣਨਾ ਚਾਹੁੰਦਾ ਹੈ। ਮੀਤ ਨੇ ਅਗਲੀਆਂ ਰਚਨਾਵਾਂ ਪ੍ਰੋਜੈਕਟ ਬਣਾਕੇ ਲਿਖਣ ਦਾ ਫ਼ੈਸਲਾ ਕੀਤਾ। ਇਸ ਪ੍ਰੋਜੈਕਟ ਦੀ ਲੜੀ ਵਿਚ ਥਾਣਾ ਅਦਾਲਤ ਅਤੇ ਜ਼ੇਲ ਦੇ ਮੁੱਖ ਪੜਾ ਸਨ। ਇਹਨਾਂ ਪੜਾਵਾਂ ਵਿਚ ਗੁਜ਼ਰਦੀ  ਪ੍ਰਕਿਰਿਆ ਨੂੰ ਕਈ ਵਾਰ ਰਾਜਨੀਤੀ ਵੀ ਪ੍ਰਭਾਵਿਤ ਕਰਦੀ ਹੈ। ਸਮਾਜ ਵਿਚ ਲੁੱਟ ਖੋਹ, ਮਾਰ ਧਾੜ  ਕਤਲ ਅਤੇ ਹੋਰ ਜੁਰਮ ਦੀ ਵਾਪਰੀ ਘਟਨਾ ਬਾਰੇ ਅਗਲੇਰੀ ਕਾਰਵਾਈ ਦਾ ਮੁੱਢ ਥਾਣੇ ਤੋਂ ਆਰੰਭ ਹੁੰਦਾ ਹੈ। ਮਿੱਤਰ ਸੈਨ ਮੀਤ ਨੇ ਇਹਨਾਂ ਪੜਾਵਾਂ ਅਨੁਸਾਰ ਰਚਨਾਵਾਂ ਲਿਖਣ ਦਾ ਫ਼ੈਸਲਾ ਕੀਤਾ। ਉਹਨਾਂ ਦਿਨਾਂ ਵਿਚ ਪੰਜਾਬ ਦੇ ਇਕ ਸ਼ਹਿਰ ਵਿਚ ਦਿਲ ਕੰਬਾਊ ਘਟਨਾ ਵਾਪਰ ਗਈ। ਫਿਰੌਤੀ ਲਈ ਇਕ ਬੱਚੇ ਨੂੰ ਪਹਿਲਾਂ ਅਗਵਾਹ ਕੀਤਾ ਗਿਆ ਤੇ ਫਿਰ ਕਤਲ ਵੀ ਕਰ ਦਿੱਤਾ ਗਿਆ। ਇਸ ਘਟਨਾ ਕ੍ਰਮ ਨੂੰ ਕੇਂਦਰ ਵਿਚ ਰੱਖ ਕੇ ਮਿੱਤਰ ਸੈਨ ਮੀਤ ਨੇ 1990 ਵਿਚ ਨਾਵਲ ‘ਤਫ਼ਤੀਸ਼’ ਦੀ ਸਿਰਜਣਾ ਕੀਤੀ। ਇਸ ਨਾਵਲ ਦੇ ਪ੍ਰਕਾਸ਼ਿਤ ਹੁੰਦਿਆਂ ਹੀ ਮਿੱਤਰ ਸੈਨ ਮੀਤ ਦਾ ਨਾਂ ਚਰਚਾ ਵਿਚ ਆ ਗਿਆ। ਪੰਜਾਬੀ ਸਾਹਿਤ ਵਿਚ ਇਹ ਨਵਾਂ ਤਜਰਬਾ ਸੀ। ਇਸ ਨੇ ਪਾਠਕਾਂ ਦੇ ਸਾਹਮਣੇ ਪੁਲੀਸ ਤੰਤਰ ਦੀ ਅੰਦਰਲੀ ਪ੍ਰਕਿਰਿਆ ਨੂੰ ਖੋਲ ਕੇ ਰੱਖ ਦਿੱਤਾ ਸੀ। ਆਮ ਪਾਠਕ ਤੋਂ ਲੈ ਕੇ ਕਹਿੰਦੇ-ਕਹਾਉਂਦੇ ਆਲੋਚਕਾਂ ਤੱਕ ਦਾ ਧਿਆਨ ਇਸ ਨਾਵਲ ਨੇ ਖਿੱਚਿਆ।ਇਸ ਨਾਵਲ ਦੇ ਹੁਣ ਤੱਕ ਚਾਰ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ।ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਨੇ, ਇਸ ਨੂੰ ਆਪਣੇ  ਪੰਜਾਬੀ ਵਿਸ਼ੇ ਦੇ ਐਮ ਏ ਦੇ ਪਾਠ-ਕ੍ਰਮ ਦਾ ਹਿੱਸਾ ਬਣਵਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪਿਛਲੇ ਸੱਤ ਸਾਲਾਂ ਤੋਂ ਇਸ ਨਾਵਲ ਨੂੰ ਬੀ ਏ ਦੇ ਪਾਠ ਕ੍ਰਮ ਵਿਚ ਸ਼ਾਮਲ ਕੀਤਾ ਹੋਇਆ ਹੈ। ਅਦਾਲਤੀ ਦੁਨੀਆ ਨਾਲ ਸਬੰਧਤ ਮਿੱਤਰ ਸੈਨ ਮੀਤ ਦਾ ਦੂਜਾ ਨਾਵਲ ‘ਕਟਹਿਰਾ’ 1993 ਵਿਚ ਪ੍ਰਕਾਸ਼ਿਤ ਹੋਇਆ। ਅਦਾਲਤ ਵਿਚ ਗਵਾਹਾਂ ਅਤੇ ਵਕੀਲਾਂ ਦੀ ਕੀ ਭੂਮਿਕਾ ਹੁੰਦੀ ਹੈ ?,ਕਿਵੇਂ ਸੱਚ ਝੂਠ ਵਿਚ ਤੇ ਝੂਠ ਸੱਚ ਵਿਚ ਬਦਲ ਜਾਂਦਾ ਹੈ ? ਬਾਰੇ ਪਾਠਕਾਂ ਨੂੰ ਜਾਣਕਾਰੀ ਇਸ ਨਾਵਲ ਵਿਚੋਂ ਮਿਲ ਜਾਂਦੀ ਹੈ। ਇਸੇ ਲੜੀ ਵਿਚ ਜ਼ੇਲ ਪ੍ਰਬੰਧ ਨੂੰ ਆਧਾਰ ਬਣਾਕੇ ਉਸਨੇ 2006 ਵਿਚ ਨਾਵਲ ‘ਸੁਧਾਰ ਘਰ’ ਦੀ ਸਿਰਜਣਾ ਕੀਤੀ। ਕੀ ਸਾਡੀਆਂ ਜ਼ੇਲਾਂ ਸੱਚਮੁੱਚ ਹੀ ਸੁਧਾਰ ਘਰਾਂ ਵਿਚ ਬਦਲੀਆਂ ਹਨ ਜਾਂ ਫਿਰ ਸੱਚਾਈ ਕੁਝ ਹੋਰ ਹੈ ? ਇਹ ਨਾਵਲ ਪਾਠਕਾਂ ਨੂੰ ਇਹਨਾਂ ਦੇ  ਪ੍ਰਬੰਧ ਤੋਂ ਜਾਣੂੰ ਕਰਵਾਉਂਦਾ ਹੈ। ਇਸੇ ਤਰ੍ਹਾਂ ਮੀਤ ਨੇ ਸਾਡੀ ਨਿਆਂ ਪ੍ਰਣਾਲੀ ਦੀਆਂ ਖ਼ਾਮੀਆਂ ਨੂੰ ਉਜਾਗਰ ਕਰਦਾ ਨਾਵਲ ‘ਕੌਰਵ ਸਭਾ’ ਲਿਖਿਆ। ਇਸ ਨਾਵਲ ਨੂੰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਬਿਨਾਂ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਨੇ ਆਪਣੇ ਐਮ ਏ ਪੰਜਾਬੀ ਦੇ ਪਾਠ ਕ੍ਰਮ ਵਿੱਚ ਲਗਾਇਆ ਹੋਇਆ ਹੈ। ਪੰਜਾਬੀ ਸਾਹਿਤ ਵਿਚ ਇਹ ਗੱਲ ਪਹਿਲੀ ਵਾਰ ਦੇਖਣ ਨੂੰ ਮਿਲੀ ਕਿ ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਪੰਜਾਬ ਦੇ ਪੁਲੀਸ ਵਿਭਾਗ ਨੇ ਵਿਸ਼ੇਸ਼ ਰੁਚੀ ਲਈ। ਹਰਿਆਣਾ ਪੁਲੀਸ ਅਕਾਦਮੀ ਨੇ ਉਸ ਦੇ ਤਿੰਨ ਨਾਵਲ ਤਫ਼ਤੀਸ਼, ਕਟਹਿਰਾ ਅਤੇ ਸੁਧਾਰ ਘਰ ਨੂੰ ਇਕੋ ਜ਼ਿਲਦ ਵਿਚ ਛਾਪ ਕੇ ‘ਰਾਮ ਰਾਜਿਆ’ ਨਾਂ ਹੇਠ ਪ੍ਰਕਾਸ਼ਿਤ ਕਰਵਾਇਆ। ਇਸੇ ਤਰ੍ਹਾਂ ਨੈਸ਼ਨਲ ਪੁਲੀਸ ਅਕਾਦਮੀ ਹੈਦਰਾਬਾਦ ਨੇ ‘ਕੌਰਵ ਸਭਾ’ ਨਾਵਲ ਨੂੰ ਪ੍ਰਕਾਸ਼ਿਤ ਕਰਵਾਇਆ। ਦੇਸ਼ ਦੇ ਪੁਲੀਸ ਵਿਭਾਗ ਅਤੇ ਇਸ ਦੀਆਂ ਹੋਰ ਸ਼ਾਖ਼ਾਵਾਂ ਵਿਚ ਕੰਮ ਕਰਦੇ ਛੋਟੇ ਤੋਂ ਲੈ ਕੇ ਵੱਡੇ ਕਰਮਚਾਰੀਆਂ ਨੇ ਮੀਤ ਦੀਆਂ ਰਚਨਾਵਾਂ ਨੂੰ  ਦਿਲਚਸਪੀ ਨਾਲ ਪੜ੍ਹਿਆ। ਉਸ ਦੇ ਨਾਵਲਾਂ ‘ਤੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਸਮੇਂ ਸਮੇਂ ਸ਼ੋਧ ਕਾਰਜ ਕੀਤੇ ਹਨ ਤੇ ਅੱਜ ਵੀ ਕਰ ਰਹੇ ਹਨ। ਭਾਰਤੀ  ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਲ 2008 ਦਾ ਆਪਣਾ ਵਕਾਰੀ ਪੁਰਸਕਾਰ ਮਿੱਤਰ ਸੈਨ ਮੀਤ ਦੇ ਨਾਵਲ ‘ਸੁਧਾਰ ਘਰ’ ਨੂੰ ਪ੍ਰਦਾਨ ਕਰਕੇ ਉਸ ਦਾ ਮਾਣ ਵਧਾਇਆ। ਇਸੇ ਸਾਲ ਹੀ ਭਾਰਤ ਸਰਕਾਰ ਦੇ ‘ਪੁਲੀਸ ਰਿਸਰਚ ਐਂਡ ਡਿਵੈਲਪਮੈਂਟ ਬਿਓਰੋ’ (ਗ੍ਰਹਿ ਵਿਭਾਗ) ਦਿੱਲੀ ਅਦਾਰੇ ਨੇ ਮੀਤ ਦੇ ਇਸ ਨਾਵਲ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਹਨਾਂ ਤੋਂ ਬਿਨਾਂ ਹੋਰ ਵੀ ਕਈ ਸੰਸਥਾਵਾਂ ਵੱਲੋਂ ਸਮੇਂ ਸਮੇਂ ਉਸ ਦਾ ਸਨਮਾਨ ਕੀਤਾ ਹੈ। ਉਹ ਅੱਜ ਕੱਲ੍ਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਵਿਖੇ ਰਹਿ ਰਹੇ ਹਨ।
—-ਭੋਲਾ ਸਿੰਘ ਸੰਘੇੜਾ 
ਸੰਪਰਕ : 9814787506
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤਰੱਕੀ ਦੇ ਦਾਗ -ਡਾ. ਮੇਹਰ ਮਾਣਕ 
Next articleਨਿਗਾਹ ਦਾ ਲੰਗਰ ਤੇ ਟੀਵੀ ਸਕਰੀਨਿੰਗ ਨਾਲ ਲੋਕਾਂ ਦੀ ਸਿਹਤ ਸੁਰੱਖਿਅਤ ਕਰਨਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ – ਕੁਮਾਰ ਰਾਹੁਲ ਆਈ.ਏ.ਐਸ