HOME ਨਾਟਕ ਜੀ ਆਇਆ ਨੂੰ

ਨਾਟਕ ਜੀ ਆਇਆ ਨੂੰ

2
   (ਸਮਾਜ ਵੀਕਲੀ)   ਪੰਜਾਬੀ ਮਾਹ ਨਵੰਬਰ 2025  ਦੇ ਸਬੰਧ ਵਿੱਚ ਬਠਿੰਡਾ ਦੇ ਬਲਵੰਤ ਗਾਰਗੀ ਐਡੀਟੋਰੀਅਮ ਵਿੱਚ ਖੇਡੇ ਗਏ ਦੂਜੇ ਦਿਨ ਦਾ ਨਾਟਕ ‘ਜੀ ਆਇਆ ਨੂੰ’ ਜੋ ਟੀਮ ਨਟਰੰਗ ਅਬੋਹਰ ਦੀ ਜਬਰਦਸਤ ਪੇਸ਼ਕਾਰੀ ਸੀ। ਜਿਸ ਦੇ ਲੇਖਕ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਨਿਰਦੇਸ਼ਕ ਸ਼੍ਰੀ ਹਨੀ ਉਤਰੇਜਾ ਜੀ ਸਨ। ਨਾਟਕ ਦੇ ਸਤਿਕਾਰਿਤ ਮਹਿਮਾਨਾ ਵਿੱਚ ਹੋਰਨਾਂ ਹਸਤੀਆਂ ਤੋਂ ਇਲਾਵਾ ਸ਼੍ਰੀ ਗਗਨਦੀਪ ਸਿੰਘ ਜੀ ਸਕੱਤਰ, ਰੀਜਨਲ ਟ੍ਰਾੰਸਪੋਰਟ ਅਥਾਰਟੀ ਬਠਿੰਡਾ ਵੀ ਮੁੱਖ ਰੂਪ ਵਿੱਚ ਸ਼ਾਮਿਲ ਸਨ।  ਸ਼੍ਰੀ ਸੰਦੀਪ ਗਿੱਲ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਹਰ ਵਾਰ ਦੀ ਤਰ੍ਹਾਂ ਬਾਖੂਬੀ ਨਿਭਾਈ। ਇਹਨਾਂ ਨਾਟਕਾਂ ਦੀ ਧੁਰੀ ਜਿਲ੍ਹਾ ਭਾਸ਼ਾ ਅਫਸਰ ਸ਼੍ਰੀ ਕੀਰਤੀ ਕ੍ਰਿਪਾਲ ਜੀ ਦੁਆਲੇ ਘੁੰਮਦੀ ਹੈ। ਖਚਾਖਚ ਭਰੇ ਹਾਲ ਦਾ ਕਰੈਡਿਟ ਸ਼੍ਰੀ ਕੀਰਤੀ ਕ੍ਰਿਪਾਲ ਜੀ ਨੂੰ ਜਾਂਦਾ ਹੈ। ਇਹ ਨਾਟਕ ਆਮ ਜਿਹੇ ਵਿਸ਼ੇ ਤੇ ਅਧਾਰਿਤ ਸੀ। ਆਪਣੇ ਬੱਚਿਆਂ ਦੇ ਵਿਦੇਸ਼ੀ ਪ੍ਰਵਾਸ ਦਾ ਦੁੱਖ ਹੰਢਾ ਰਹੇ ਬਜ਼ੁਰਗ ਮਾਪਿਆਂ ਦੀ ਦਾਸਤਾਨ ਬਿਆਨ ਕਰਦਾ ਇਹ ਨਾਟਕ ਦਰਸ਼ਕਾਂ ਦੀਆਂ ਅੱਖਾਂ ਸਿਲੀਆਂ ਹੋਣੋ ਨਾ ਰੋਕ ਸਕਿਆ। ਅੱਜ ਦੇ ਸਮਾਜ ਦਾ ਤਕਰੀਬਨ ਹਰ ਤੀਜਾ ਆਦਮੀ ਇਹ ਸੰਤਾਪ ਆਪਣੇ ਪਿੰਡੇ ਤੇ ਝੱਲ ਰਿਹਾ ਹੈ। ਬਾਹਰਲੇ ਮੁਲਕ ਗਏ ਜੁਆਕਾਂ ਦਾ ਸਮਾਨ ਅਤੇ ਖਾਲੀ ਕੋਠੀਆਂ ਮਾਪਿਆਂ ਦੇ ਦੁੱਖਾਂ ਦਾ ਕਾਰਨ ਹਨ। ਜਦੋਂ ਨਾਟਕ ਦਾ ਮੁੱਖ ਪਾਤਰ ਮਿਸਟਰ ਸੋਢੀ ਕਹਿੰਦਾ ਹੈ ਕਿ ਬਜ਼ੁਰਗ ਤੇ ਖਿਡੌਣੇ ਇੱਕੋ ਜਿਹੇ ਹੁੰਦੇ ਹਨ ਦੋਹਾਂ ਨੂੰ ਬੱਚਿਆਂ ਦਾ ਇੰਤਜ਼ਾਰ ਰਹਿੰਦਾ ਹੈ। ਤਾਂ ਬਜ਼ੁਰਗ ਦਰਸ਼ਕਾਂ ਦੇ ਮਨ ਤੇ ਸਿੱਧੀ ਸੱਟ ਵੱਜਦੀ ਹੈ। ਘਰ ਵਿੱਚ ਸੁੱਕੇ ਹੋਏ ਪੌਦਿਆਂ ਨੂੰ ਦੇਖਕੇ ਆਪ ਮੁਹਾਰਾ ਹੀ ਉਸ ਦੇ ਮੂੰਹ ਵਿਚੋਂ ਨਿਕਲਦਾ ਹੈ ਕਿ ਆਪਣੇ ਲਾਏ ਆਪ ਹੀ ਸੰਭਾਲਣੇ ਪੈਂਦੇ ਹਨ ਜੁਆਕ ਹੋਣ ਜਾਂ ਪੌਦੇ। ਇਸ ਤਰ੍ਹਾਂ ਨਾਲ ਉਸਦਾ ਅੰਦਰਲਾ ਦੁੱਖ ਬਾਹਰ ਆਉਂਦਾ ਹੈ। ਬਾਹਰਲੇ ਮੁਲਕ ਗਏ ਬੱਚੇ ਆਪਣੇ ਕੰਮਾਂ ਵਿੱਚ ਮਸਤ ਹੋ ਜਾਂਦੇ ਹਨ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਨ।  ਓਹ ਮਾਂ ਪਿਓ ਨੂੰ ਵੀ ਵਸਾਰ ਦਿੰਦੇ ਹਨ ਤਾਂ ਉਹ ਆਪਣੇ ਸਾਥੀ ਦੀਆਂ ਅੱਖਾਂ ਵਿੱਚ ਹੰਝੂ ਦੇਖਕੇ ਕਹਿੰਦਾ ਹੈ ਕਿ ਪਿਆਜ਼ਾਂ ਦਾ ਤਾਂ ਪਤਾ ਨਹੀਂ, ਪ੍ਰੰਤੂ ਖੂਨ ਦੇ ਰਿਸ਼ਤਿਆਂ ਵਿੱਚ ਕੁੜਤਨ ਬਹੁਤ ਆ ਚੁੱਕੀ ਹੈ। ਅੱਜ ਦੇ ਯੁੱਗ ਦੀ ਸਚਾਈ ਬਿਆਨ ਕਰਦੇ ਇਹ ਡਾਇਲੋਗ ਨਾਟਕ ਵਿੱਚ ਜਾਨ ਭਰਨ ਲਈ ਕਾਫੀ ਸਨ। ਇਹ ਨਾਟਕ ਡਾਇਰੈਕਟਰ ਦੀ ਖੂਬੀ ਹੀ ਸੀ ਕਿ ਉਸਨੇ ਇਹ ਨਾਟਕ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ। ਚਾਹੇ ਉਹ ਰੇਲਵੇ ਸਟੇਸ਼ਨ ਦਾ ਸੀਨ ਸੀ ਜਾਂ ਘਰ ਚ ਬਣੇ ਅਲੱਗ ਅਲੱਗ ਪੋਰਸ਼ਨ ਦਾ। ਇਹ ਨਿਰਦੇਸ਼ਕ ਦੀ ਪੇਸ਼ਕਾਰੀ ਦਾ ਹੀ ਕਮਾਲ ਸੀ ਕਿ ਰੇਲਵੇ ਸਟੇਸ਼ਨ ਦਾ ਸੀਨ, ਚਲਦੀ ਕੈਬ ਅਤੇ ਆਮ ਘਰ ਦਾ ਡਰਾਇੰਗ ਰੂਮ ਅਤੇ ਜਨਮਦਿਨ ਮਨਾਉਣ ਲਈ ਕੀਤੀ ਗਈ ਡੇਕੋਰੇਸ਼ਨ ਪਲਾਂ ਵਿੱਚ ਮੌਕੇ ਅਨੁਸਾਰ ਬਦਲਦੀ ਗਈ। ਇਸ ਨਾਟਕ ਦੀ ਇਹ ਖੂਬੀ ਵੀ ਸੀ ਕਿ ਹਾਲ ਦੀ ਪਿਛਲੀ ਕਤਾਰ ਵਿੱਚ ਬੈਠੇ ਦਰਸ਼ਕ ਨੂੰ ਹਰ ਡਾਇਲੋਗ ਸਾਫ ਸਮਝ ਆਉਂਦਾ ਸੀ। ਇਸੇ ਲਈ ਹਰ ਉਚਿੱਤ ਮੌਕੇ ਤੇ ਦਰਸ਼ਕ ਆਪਣੀ ਦਾਦ ਦੇਣਾ ਨਹੀਂ ਭੁੱਲੇ। ਤਾੜੀਆਂ ਨਾਲ ਹਾਲ ਗੂੰਜਦਾ ਹੀ ਰਿਹਾ। ਨਹੀਂ ਤਾਂ ਕਈ ਵਾਰੀ ਤਾੜੀਆਂ ਵੀ ਕਹਿਕੇ ਵਜਵਾਉਣੀਆ ਪੈਂਦੀਆਂ ਹਨ।
ਰਮੇਸ਼ ਸੇਠੀ ਬਾਦਲ
9876627233
114 ਸੀਸ਼ ਮਹਿਲ ਬਠਿੰਡਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਲ ਮੇਲਾ ਧੂਮਧਾਮ ਨਾਲ ਮਨਾਇਆ ਗਿਆ।
Next article*51000 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ ਦੇ ਸਾਲ 2025 ਲਈ ਜੇਤੂ ਅਤੇ ਫਾਈਨਲਿਸਟ ਪੁਸਤਕਾਂ ਦਾ ਐਲਾਨ*