ਐਸ ਸੀ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ – ਪੈਂਥਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਮੁੱਖ ਮੰਤਰੀ ਪੰਜਾਬ ਸਰਕਾਰ, ਸਮਾਜ ਭਲਾਈ ਮੰਤਰੀ ਪੰਜਾਬ ਅਤੇ ਐਸ ਸੀ ਕਮਿਸ਼ਨ ਪੰਜਾਬ ਨੂੰ ਪੱਤਰ ਲਿਖੇ ਗਏ ਸਨ ਕਿ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ‘ਤੇ ਐਸ ਸੀ ਭਾਈਚਾਰੇ ਲਈ ਕੱਟੇ ਗਏ ਰਿਹਾਇਸ਼ੀ ਪਲਾਟਾਂ ‘ਤੇ ਬਣੇ ਮੁਹੱਲਿਆਂ ਦੇ ਗ਼ੈਰ ਸੰਵਿਧਾਨਕ ਨਾਮਾਂ ਦੇ ਲਗਾਏ ਬੋਰਡ ਸੁਧਾਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਐਸ ਸੀ ਕਲੋਨੀ ਅਤੇ ਹਰੀਜਨ ਕਲੋਨੀ ਗੈਰ ਸੰਵਿਧਾਨਿਕ ਹਨ ਅਤੇ ਇੱਕ ਵਿਸ਼ੇਸ਼ ਜਾਤੀ ਦੇ ਲੋਕਾਂ ਲਈ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸੁਸਾਇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸਮਾਜ ਸੇਵਕ ਧਰਮ ਪਾਲ ਪੈਂਥਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਲਈ ਪੱਤਰ ਜਵਾਬ ਵੱਜੋਂ ਭੇਜਿਆ ਗਿਆ ਸੀ। ਪਰ ਸਰਕਾਰ ਵੱਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਨਾ ਤਾਂ ਇਸ ਸੰਬੰਧੀ ਸਮਾਜ ਭਲਾਈ ਮੰਤਰੀ ਅਤੇ ਨਾ ਹੀ ਐਸ ਸੀ ਕਮਿਸ਼ਨ ਪੰਜਾਬ ਵੱਲੋਂ ਕੋਈ ਕਾਰਵਾਈ ਕੀਤੀ ਗਈ। ਸੁਸਾਇਟੀ ਵੱਲੋਂ ਹਰੀਜਨ ਸ਼ਬਦ ਅਤੇ ਐਸ ਸੀ ਕਲੋਨੀਆਂ ਦੇ ਲੱਗੇ ਬੋਰਡਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਵੱਲੋਂ ਮਿਤੀ 22-11-2012 ਕੇਂਦਰ ਦੇ ਸਾਰੇ ਵਿਭਾਗਾਂ ਅਤੇ ਸੂਬਾ ਸਰਕਾਰਾਂ ਨੂੰ ਹਰੀਜਨ ਸ਼ਬਦ ਵਰਤੋਂ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਵੀ ਪੱਤਰ ਨੱਥੀ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿੱਖਿਆ ਅਤੇ ਸੂਚਨਾ ਲੋਕ ਸੰਪਰਕ ਵਿਭਾਗ ਦੇ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨ ਆਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਨਵੀਨੀਕਰਣ ਅਤੇ ਹੋਰ ਸਮਾਜ ਭਲਾਈ ਕੰਮਾਂ ਦਾ ਨੀਂਹ ਪੱਥਰ ਰੱਖਣ ਸੰਬੰਧੀ ਅਖਬਾਰਾਂ ਨੂੰ ਪ੍ਰੈਸ ਨੋਟ ਜਾਰੀ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਹਰੀਜਨ ਬਸਤੀ ਦੀ ਸੜਕ ਦਾ ਜ਼ਿਕਰ ਕੀਤਾ ਗਿਆ ਜੋ ਕਿ ਗੈਰ ਸੰਵਿਧਾਨਕ ਸ਼ਬਦ ਦੀ ਵਰਤੋਂ ਕਰਕੇ ਭਾਰਤ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਸੰਵਿਧਾਨ ਵਿੱਚ ਕਿਤੇ ਵੀ ਹਰੀਜਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਸ ਸ਼ਬਦ ਦੀ ਦਲਿਤ ਸਮਾਜ ਨੂੰ ਗਾਲੀ ਦੇ ਬਰਾਬਰ ਮੰਨਿਆ ਗਿਆ ਹੈ। ਪੈਂਥਰ ਨੇ ਕਿਹਾ ਕਿ ਇਹ ਸ਼ਬਦ ਵਰਤਣ ਨਾਲ ਐਸ ਸੀ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਐਸ ਸੀ ਕਮਿਸ਼ਨ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੰਤਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਸਰਕਾਰੀ ਅਤੇ ਗੈਰ ਸਰਕਾਰੀ ਵਿਆਕਤੀ ਗੈਰ ਸੰਵਿਧਾਨਕ ਸ਼ਬਦਾਂ ਦੀ ਵਰਤੋਂ ਨਾ ਕਰੇ।



