HOME ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਪੰਜਾਬੀ ਬਾਲ ਸਾਹਿਤ ਨੂੰ ਮਿਲਿਆ ਭਰਵਾਂ ਹੁੰਗਾਰਾ

ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਪੰਜਾਬੀ ਬਾਲ ਸਾਹਿਤ ਨੂੰ ਮਿਲਿਆ ਭਰਵਾਂ ਹੁੰਗਾਰਾ

ਇਸ ਮੌਕੇ 105 ਬਾਲ ਲੇਖਕਾਂ ਦੀ ਸਾਂਝੀ ਕਿਤਾਬ ਵੀ ਰਿਲੀਜ਼ ਕੀਤੀ ਗਈ
ਜਲੰਧਰ   (ਸਮਾਜ ਵੀਕਲੀ)  (ਬਲਦੇਵ ਸਿੰਘ ਬੇਦੀ)  ਬੀਤੇ ਦਿਨੀਂ ਹਨੂੰਮਾਨਗੜ੍ਹ ਟਾਊਨ ‘ਚ ਐਨ.ਐਮ. ਲਾਅ ਪੀ.ਜੀ. ਕਾਲਜ ਵਿਖੇ ਆਯੋਜਿਤ ਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫਰੰਸ ਵਿੱਚ 476 ਬੱਚਿਆਂ ਨੇ ਭਾਗ ਲਿਆ। ਦੋ ਦਿਨ ਚੱਲੇ ਇਸ ਸਮਾਗਮ ਦੌਰਾਨ 105 ਬਾਲ ਲੇਖਕਾਂ ਦੀ ਇਕ ਸਾਂਝੀ ਕਿਤਾਬ ਨੂੰ ਵੀ ਰਿਲੀਜ਼ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੁੱਖੀ ਬਾਠ (ਸੰਸਥਾਪਕ, ਪੰਜਾਬ ਭਵਨ, ਸਰੀ, ਕੈਨੇਡਾ) ਜਦਕਿ ਵਿਸ਼ੇਸ਼ ਮਹਿਮਾਨਾਂ ਵਿੱਚ ਡਾ. ਸੀਤਾਰਾਮ (ਪ੍ਰਿੰਸੀਪਲ, ਐਨ.ਐਮ. ਲਾਅ ਕਾਲਜ), ਜਤਿੰਦਰ ਬਠਲਾ (ਡੀ.ਈ.ਓ., ਸੈਕੰਡਰੀ) ਅਤੇ ਰਜਨੀਸ਼ ਗੋਦਾਰਾ (ਏ.ਸੀ.ਬੀ.ਓ., ਪੀਲੀਬੰਗਾ) ਸ਼ਾਮਲ ਸਨ। ਸਮਾਗਮ ਦਾ ਸੰਚਾਲਨ ਸ. ਕੁਲਦੀਪ ਸਿੰਘ ਨੇ ਕੀਤਾ। ਇਸ ਮੌਕੇ ਸੁੱਖੀ ਬਾਠ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਸਥਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਲਗਾਤਾਰ ਯਤਨ ਕਰਨੇ ਬਹੁਤ ਜ਼ਰੂਰੀ ਹਨ। “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਬਾਰੇ ਓਂਕਾਰ ਸਿੰਘ ਤੇਜੇ ਅਤੇ ਗੁਰਵਿੰਦਰ ਸਿੰਘ ਕਾਂਗੜਾ ਨੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰਾਜਸਥਾਨ ਇੰਚਾਰਜ ਰਾਜਿੰਦਰ ਸਿੰਘ ਸਹੂ ਦੀ ਅਗਵਾਈ ਵਿੱਚ 105 ਬਾਲ ਲੇਖਕਾਂ ਦੀ ਕਿਤਾਬ ਦਾ ਪ੍ਰਕਾਸ਼ਨ ਵੀ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਸ਼ਾਸਨ ਦੇ ਸਹਿਯੋਗ ਲਈ ਡਾ. ਸੀਤਾਰਾਮ ਦਾ ਧੰਨਵਾਦ ਵੀ ਕੀਤਾ ਗਿਆ। ਜ਼ਿਲ੍ਹਾ ਮੀਡੀਆ ਇੰਚਾਰਜ ਬਲਕਰਨ ਸਿੰਘ ਅਤੇ ਕਰਨੈਲ ਸਿੰਘ ਔਲਖ ਨੇ ਮੁਕਾਬਲਿਆਂ ਦੇ ਨਤੀਜੇ ਜਾਰੀ ਕੀਤੇ। ਪ੍ਰਾਇਮਰੀ ਲੋਕ ਪਹਿਰਾਵੇ ਵਿੱਚ ਸਾਨੀਆ, ਤੇਗਮੀਤ ਕੌਰ ਅਤੇ ਜਪਸਿਮਰਤ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਰੱਸਾਕਸ਼ੀ ਵਿੱਚ ਡੀ.ਏ.ਵੀ. ਸਕੂਲ ਪਹਿਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੂਜਾ ਅਤੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ 45 ਐਸ.ਐਸ.ਡਬਲਯੂ. ਤੀਜੇ ਸਥਾਨ ’ਤੇ ਰਿਹਾ। ਕਵਿਤਾ ਪਾਠ ਵਿੱਚ ਡੋਲੀ, ਇੰਦਰਪ੍ਰੀਤ ਕੌਰ, ਮਨਦੀਪ ਕੌਰ, ਕੈਲੀਗ੍ਰਾਫੀ ਵਿੱਚ ਸ਼ਨਮੀਤ ਸਿੰਘ, ਆਰਾਧਿਆ ਅਤੇ ਗਰਿਮਾ ਜੇਤੂ ਰਹੇ। ਸੀਨੀਅਰ ਲੋਕ ਨਾਚ ਵਿੱਚ ਸਪਨਾ, ਖੁਸ਼ਮੀਤ, ਪ੍ਰੀਤੀ, ਜਸਮੀਤ ਅਤੇ ਬਲਜੀਤ ਕੌਰ, ਜਦਕਿ ਕਵਿਤਾ ਪਾਠ ਵਿੱਚ ਜੋਬਨਬੀਰ ਕੌਰ, ਤੀਰਥ ਕੌਰ ਅਤੇ ਖੁਸ਼ੀ ਨੇ ਕ੍ਰਮਵਾਰ ਤਿੰਨ ਸਥਾਨ ਹਾਸਲ ਕੀਤੇ। ਕਮਲਦੀਪ, ਜਪਨੀਤ ਕੌਰ ਅਤੇ ਜੰਨਤ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਜੇਤੂ ਰਹੇ।ਇਸ ਪ੍ਰੋਗਰਾਮ ਦੇ ਸਾਰੇ ਪ੍ਰਬੰਧ ਜਸਕਰਨ ਸਿੰਘ ਅਤੇ ਹਰਸ਼ਿੰਦਰ ਸਿੰਘ ਨੇ ਸੰਭਾਲੇ। ਕਾਨਫਰੰਸ ਦੇ ਦੂਜੇ ਦਿਨ “ਰਾਜਸਥਾਨ ਵਿੱਚ ਪੰਜਾਬੀ ਭਾਸ਼ਾ: ਸੰਭਾਵਨਾਵਾਂ, ਸਮੱਸਿਆਵਾਂ ਅਤੇ ਭਵਿੱਖ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਓਂਕਾਰ ਸਿੰਘ ਤੇਜੇ ਨੇ ਰਾਜਸਥਾਨੀ ਪੰਜਾਬੀ ਬੂਲਾਰਿਆਂ ਨੂੰ ਵਧਾਈ ਦਿੱਤੀ, ਜਦਕਿ ਗੁਰਵਿੰਦਰ ਕਾਂਗੜਾ ਨੇ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਚੁਣੌਤੀਆਂ ਉੱਤੇ ਚਾਨਣ ਪਾਇਆ। ਕਵੀ ਰੂਪ ਸਿੰਘ ਰਾਜਪੁਰੀ ਨੇ ਕਵਿਤਾ ਰਾਹੀਂ ਪੰਜਾਬੀ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਰਾਜਸਥਾਨੀ ਬੋਲੀ ਨੂੰ ਪੰਜਾਬੀ ਦੀ ਉਪ-ਬੋਲੀ ਵਜੋਂ ਦਰਸਾਇਆ। “ਪੈੜਾਂ” ਮੈਗਜ਼ੀਨ ਦੇ ਸੰਪਾਦਕ ਰਾਜਿੰਦਰ ਸਿੰਘ ਸਹੂ ਨੇ ਬੱਚਿਆਂ ਨੂੰ ਸਾਹਿਤਕ ਗਤੀਵਿਧੀਆਂ ਨਾਲ ਜੋੜਨ ਦੀ ਲੋੜ ਉੱਤੇ ਜ਼ੋਰ ਦਿੱਤਾ। ਬਲਕਰਨ ਸਿੰਘ ਨੇ ਪੰਜਾਬੀ ਨਾਲ ਸੰਬੰਧਤ ਸੈਮੀਨਾਰਾਂ ਦੇ ਨਿਰੰਤਰ ਆਯੋਜਨ ਦੀ ਪ੍ਰੇਰਣਾ ਦਿੱਤੀ। ਅੰਤ ਵਿੱਚ ਪ੍ਰਿੰਸੀਪਲ ਡਾ. ਸੀਤਾਰਾਮ ਨੇ ਸਾਰੇ ਮਹਿਮਾਨਾਂ ਅਤੇ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਾਲੂਸ਼ਾਹੀਆ
Next articleਸਿੰਘ ਸਾਹਿਬ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਸਰਬ ਧਰਮ ਸੰਮੇਲਨ ਤੇ ਹੋਰ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਸੱਦਾ