
(ਸਮਾਜ ਵੀਕਲੀ) ਕੋਈ ਕਿਰਤ ਪਿਆ ਕਰੇਂਦਾ ਏ, ਕੋਈ ਨਾਮ ਪਿਆ ਜਪੇਂਦਾ ਏ, ਕੋਈ ਵੰਡ ਪਿਆ ਛਕੇਂਦਾ ਏ, ਜਿਸ ਦੇ ਉੱਪਰ ਪੂਰੀ ਕਿਰਪਾ ਓਹੋ ਤਿੰਨੋਂ ਪਿਆ ਕਰੇਂਦਾ ਏ। (ਕੋਈ ਕਿਰਤ ਕਰ ਰਿਹਾ ਹੈ, ਕੋਈ ਨਾਮ ਜਪ ਰਿਹਾ ਹੈ, ਕੋਈ ਵੰਡ ਕੇ ਛਕ ਰਿਆ ਹੈ, ਜਿਸ ਦੇ ਉੱਤੇ ਪੂਰੀ ਕਿਰਪਾ ਹੈ ਓਹੀ ਤਿੰਨੋ ਕਰਦਾ ਹੈ।)
ਸ਼ਾਮ ਦਾ ਵੇਲਾ ਹੈ, ਪਿੰਡ ਰਾਏ ਭੋਇ ਦੀ ਤਲਵੰਡੀ ਵਿੱਚ ਕਾਲੂ ਬੇਦੀ ਦੇ ਘਰ ਚਹਿਲ ਪਹਿਲ ਹੈ, ਠੰਡੀ ਮਿੱਠੀ ਹਵਾ ਚੱਲ ਰਹੀ ਹੈ, ਦਾਈ ਦੌਲਤਾਂ ਆ ਗਈ ਹੈ, ਇੰਜ ਜਾਪਦਾ ਹੈ ਕਿ ਕਿਸੀ ਬਾਲਕ ਦਾ ਜਨਮ ਹੋਣ ਵਾਲਾ ਹੈ। ਪੂਰਨਮਾਸ਼ੀ ਦੀ ਰਾਤ ਹੈ। ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਨੂੰ ਮਾਤਾ ਤ੍ਰਿਪਤਾ ਨੇ ਬਾਲਕ ਨੂੰ ਜਨਮ ਦਿੱਤਾ ਹੈ।
ਪਿਤਾ ਕਾਲੂ ਨੇ ਵੱਡੇ ਵੇਲੇ ਉਠ ਕੇ ਪਰੋਹਿਤ ਹਰਦਿਆਲ ਜੀ ਦੇ ਘਰ ਜਾ ਕੇ ਪੁੱਤਰ ਦੇ ਜਨਮ ਹੋਣ ਦਾ ਸੁਨੇਹਾ ਦਿੱਤਾ ਹੈ, ਪੰਡਿਤ ਜੀ ਨੇ ਕਿਹਾ ਕਿ ਤੁਸੀਂ ਜਾਓ ਮੈਂ ਹੁਣੇ ਆਂਦਾ ਹਾਂ। ਪਰੋਹਿਤ ਹਰਦਿਆਲ ਜੀ ਪਿਤਾ ਕਾਲੂ ਦੇ ਘਰ ਆ ਗਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਬਾਲਕ ਨੂੰ ਲੈ ਕੇ ਆਓ। ਪੁਰੋਹਿਤ ਜੀ ਨੇ ਦਾਈ ਦੌਲਤਾਂ ਤੋਂ ਪੁੱਛਿਆ ਕਿ ਬਾਲਕ ਦੇ ਬਾਰੇ ਵਿੱਚ ਦੱਸੋ ਦਾਈ ਨੇ ਦੱਸਿਆ ਕਿ ਬਾਲਕ ਹੱਸ ਕੇ ਮਿਲਿਆ ਹੈ ਜਿਵੇਂ ਕੋਈ ਵੱਡਾ ਸਿਆਣਾ ਮਿਲਦਾ ਹੈ। ਪਿਤਾ ਕਾਲੂ ਪਰੋਹਿਤ ਜੀ ਦੇ ਸਾਹਮਣੇ ਬੱਚੇ ਨੂੰ ਝੋਲੀ ਵਿੱਚ ਲੈ ਕੇ ਬੈਠ ਗਏ ਨੇ ਪਰੋਹਿਤ ਨੇ ਬੱਚੇ ਦੇ ਚਿਹਰੇ ਤੋਂ ਕੱਪੜਾ ਹਟਾ ਕੇ ਬਾਲਕ ਦਾ ਚਿਹਰਾ ਦੇਖਿਆ ਤਾਂ ਪਰੋਹਿਤ ਜੀ ਖੜੇ ਹੋ ਗਏ, ਪਿਤਾ ਕਾਲੂ ਮਨ ਹੀ ਮਨ ਘਬਰਾ ਗਏ ਕੀ ਗੱਲ ਹੈ। ਪੁਰੋਹਿਤ ਜੀ ਨੇ ਖੜੇ ਹੋ ਕੇ ਬਾਲਕ ਨੂੰ ਨਮਸਕਾਰ ਕੀਤੀ ਤੇ ਕਿਹਾ ਕੀ ਇਹ ਬਾਲਕ ਵੱਡਾ ਅਵਤਾਰੀ ਜਨਮਿਆ ਹੈ ਨੌ ਨਾਥ ਚੌਰਾਸੀ ਸਿੱਧ ਛੇਜਤੀ ਬਵੰਜਾਬੀਰ ਚੌਸਠ ਜੋਗਣੀ ਭੂਤ ਪ੍ਰੇਤ ਦੇਵ ਦਾਨਵ ਦੇਵੀਆਂ ਰਿਖੀ ਮੁਨੀ ਪੀਰ ਪੈਗੰਬਰ ਇਸ ਦੀ ਆਗਿਆ ਮੰਨਣਗੇ। ਇਹ ਆਪ ਨਿਰੰਕਾਰ ਹੈ ਜਗਤ ਦਾ ਉਧਾਰ ਕਰਨ ਨੂੰ ਆਇਆ ਹੈ।
ਬਾਬਾ ਨਾਨਕ ਵੱਡੇ ਹੋਏ ਤੇ ਬੱਚਿਆਂ ਨਾਲ ਖੇਡਣ ਲੱਗੇ ਉਹ ਉੱਥੇ ਪਰਮੇਸ਼ਰ ਦੀਆਂ ਗੱਲਾਂ ਕਰਦੇ। ਬਾਬੇ ਨਾਨਕ ਨੂੰ ਪਾਂਧੇ ਕੋਲ ਪੜਨ ਲਈ ਪਾਇਆ ਤਾਂ ਬਾਬੇ ਨਾਨਕ ਨੇ ਇੱਕ ਪਰਮੇਸ਼ਰ ਦਾ ਉਪਦੇਸ਼ ਸੁਣਾਇਆ। ਫਿਰ ਮੁੱਲਾ ਕੋਲ ਪੜਨ ਨੂੰ ਪਾਇਆ ਬਾਬੇ ਨਾਨਕ ਨੇ ਮੁੱਲਾਂ ਨੂੰ ਖੁਦਾ ਪ੍ਰਸਤੀ ਦੇ ਮਾਇਨੇ ਕਰਕੇ ਸੁਣਾਏ ਮੁੱਲਾ ਨਿਹਾਲ ਹੋ ਗਿਆ। ਫਿਰ ਪੁਰੋਹਿਤ ਨੂੰ ਸੱਚਾ ਜਨੇਊ ਪਾਉਣ ਦਾ ਉਪਦੇਸ਼ ਦਿੱਤਾ। ਬਾਬਾ ਨਾਨਕ ਨੇ ਗਊਆਂ ਦੁਆਰਾ ਖੇਤ ਉਜਾੜਨ ਤੇ ਖੇਤਾਂ ਨੂੰ ਹਰਾ ਭਰਾ ਕਰ ਦਿੱਤਾ। ਸੁੱਤੇ ਪਏ ਨਾਨਕ ਤੇ ਸਰਪ ਨੇ ਛਾਇਆ ਕਰ ਦਿੱਤੀ ਇਹ ਦੇਖ ਕੇ ਰਾਏ ਬੁਲਾਰ ਧੰਨ ਧੰਨ ਹੋ ਗਿਆ। ਮਾਤਾ ਪਿਤਾ ਬਾਬਾ ਨਾਨਕ ਨੂੰ ਖੇਤੀ ਵਿੱਚ ਲਾਣਾ ਚਾਹੁੰਦੇ ਸਨ ਪਰ ਨਾਨਕ ਹਮੇਸ਼ਾ ਪਰਮੇਸ਼ਰ ਦੇ ਰੰਗਾਂ ਵਿੱਚ ਰੰਗੇ ਰਹਿੰਦੇ ਸਨ ਅਤੇ ਘਰ ਵਿੱਚ ਲੇਟੇ ਰਹਿੰਦੇ ਸਨ। ਲੋਕ ਕਹਿੰਦੇ ਕਾਲੂ ਪਟਵਾਰੀ ਦਾ ਪੁੱਤਰ ਦੀਵਾਨਾ ਹੋ ਗਿਆ ਹੈ ਪਿਤਾ ਪੁੱਤਰ ਨੂੰ ਵੈਦ ਕੋਲ ਲੈ ਗਏ ਉੱਥੇ ਵੈਦ ਨੂੰ ਵੀ ਨਾਨਕ ਨੇ ਸੱਚ ਦੀ ਗੱਲ ਸਮਝਾਈ। ਪਿਤਾ ਨੇ ਵੀਹ ਰੁਪਏ ਦੇ ਕੇ ਵਪਾਰ ਲਈ ਭੇਜਿਆ ਬਾਬਾ ਨਾਨਕ ਨੇ ਸਾਧਾਂ ਭੁੱਖਿਆਂ ਗਰੀਬਾਂ ਨੂੰ ਲੰਗਰ ਛਕਾ ਕੇ ਖਰਾ ਸੱਚਾ ਸੌਦਾ ਕਰ ਦਿੱਤਾ। ਬਾਬੇ ਨਾਨਕ ਨੇ ਮੋਦੀਖਾਨੇ ਵਿੱਚ ਤੇਰਾ ਤੇਰਾ ਤੋਲ ਕੇ ਲੋਕਾਂ ਵਿੱਚ ਅਨਾਜ ਵੰਡਿਆ ਹਿਸਾਬ ਚੈੱਕ ਕਰਨ ਤੇ ਪੂਰਾ ਨਿਕਲਿਆ ਉਹ ਵੱਟੇ ਅੱਜ ਵੀ ਸੁਲਤਾਨ ਪੁਰ ਲੋਧੀ ਵਿੱਚ ਦਰਸ਼ਨਾਂ ਲਈ ਪਏ ਨੇ। ਫਿਰ ਮਾਤਾ ਸੁਲੱਖਣੀ ਨਾਲ ਵਿਆਹ ਹੋਇਆ ਅਤੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਹੋਏ।
ਗੁਰੂ ਨਾਨਕ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੁਨੀਆਂ ਨੂੰ ਤਾਰਨ ਲਈ ਘਰੋਂ ਚੱਲ ਪਏ। ਗੁਰੂ ਨਾਨਕ ਨੇ ਲਾਲੋ ਦੀਆਂ ਕੋਧਰੇ ਦੀ ਰੋਟੀਆਂ ਵਿੱਚੋਂ ਦੁੱਧ ਕੱਢ ਕੇ ਦਿਖਾਇਆ ਮਲਕ ਭਾਗੋ ਦੀਆਂ ਲੁੱਚੀ ਕਚੋਰੀਆਂ ਵਿੱਚੋਂ ਲਹੂ ਕੱਢ ਕੇ ਦਿਖਾਇਆ। ਫਿਰ ਕੋਡੇ ਰਾਖਸ਼ ਨੂੰ ਸੱਚੇ ਰਾਹ ਤੇ ਲਾਇਆ, ਬਿਸੰਭਰ ਦੇ ਸਮੁੰਦਰ ਦੇ ਟਾਪੂ ਵਿੱਚ ਮੱਛ ਦੇ ਉੱਤੇ ਯਾਤਰਾ ਕਰਕੇ ਮੱਛ ਦਾ ਉਧਾਰ ਕੀਤਾ, ਰਾਜਾ ਦੇਵਲੂਤ ਨੂੰ ਦੁਨੀਆਂ ਦੇ ਉਧਾਰ ਤੇ ਲਾਇਆ, ਰਾਜਾ ਤੀਖਣ ਸੈਨ ਨੂੰ ਸੱਚ ਦਾ ਰਾਹ ਦਿਖਾਇਆ, ਰਾਜਾ ਸੁਧਰਸੈਨ ਅਤੇ ਇੰਦਰਸੈਣ ਨੂੰ ਕਰਤਾਰ ਵਲ ਲਾਇਆ, ਸਾਲਸ ਰਾਇ ਨੂੰ ਦਰਸ਼ਨ ਦਿੱਤੇ।
ਗੁਰੂ ਨਾਨਕ ਫਿਰ ਮੱਕੇ ਮਦੀਨੇ ਵੱਲ ਚੱਲੇ, ਮੱਕੇ ਵਿੱਚ ਕਾਜੀ ਰੁਕਨਦੀਨ ਨਾਲ ਸਵਾਲ ਜਵਾਬ ਹੋਏ, ਮੱਕੇ ਦੇ ਸਭ ਹਾਜੀ ਨਵਾਇ ਕੇ ਬਾਬਾ ਮਦੀਨੇ ਨੂੰ ਚੱਲੇ ਉੱਥੇ ਸੱਚ ਦਾ ਪ੍ਰਚਾਰ ਕੀਤਾ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀਆਂ ਨੂੰ ਆਖਿਆ ਬੇਬੇ ਨਾਨਕੀ ਨੇ ਯਾਦ ਕੀਤਾ ਹੈ ਅਸੀਂ ਉੱਥੇ ਚੱਲਣਾ ਹੈ ਸਾਥੀਆਂ ਨੇ ਆਖਿਆ ਬਾਬਾ ਅਸੀਂ ਬੜੀ ਦੂਰ ਹਾਂ ਬਾਬੇ ਨੇ ਕਿਹਾ ਅੱਖਾਂ ਮੀਟੋ ਤੇ ਧਿਆਨ ਧਰੋ।ਬਾਬਾ ਬੇਬੇ ਨਾਨਕੀ ਕੋਲ ਪਹੁੰਚ ਗਏ। ਬੇਬੇ ਨਾਨਕੀ ਨੇ ਆਖਿਆ ਭਾਈ ਜੀ ਪੋਣੇ ਸੱਤ ਵਰੇ ਹੋ ਗਏ ਸਨ ਮੈਂ ਬਹੁਤ ਵੈਰਾਗੀ ਸੀ ਸੋ ਤੁਸਾਂ ਨੂੰ ਯਾਦ ਕੀਤਾ ਤੁਸੀਂ ਆ ਗਏ ਇੱਥੇ ਨੇੜੇ ਹੀ ਸੀ। ਮਰਦਾਨੇ ਆਖਿਆ ਬਾਬਾ ਤਾਂ ਸਤਾਈ ਸੈ ਕੋਹਾ ਦੂਰ ਸੀ ਅੱਖਾਂ ਮਿਟਾ ਕੇ ਇਕ ਘੜੀ ਵਿੱਚ ਲੈ ਆਇਆ ਹੈ, ਬਾਬੇ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਹੈ।
ਤਾਂ ਉਥੋਂ ਗੁਰੂ ਨਾਨਕ ਜੀ ਅੰਤਰ ਧਿਆਨ ਹੋਏ ਤਾਂ ਬਵੰਜਾਂ ਸੈ ਕੋਹਾਂ ਪ੍ਰਭਾਤ ਵੇਲੇ ਜਾ ਖਲੋਤੇ, ਬਾਬੇ ਆਖਿਆ ਸੁਮੇਰ ਚੱਲੀਏ ਉੱਥੇ ਸਿੱਧ ਮੰਡਲੀ ਹੈ। ਗੁਰੂ ਨਾਨਕ ਜੀ ਉਥੋਂ ਅੰਤਰ ਧਿਆਨ ਹੋਏ ਤੇ ਦੂਸਰੇ ਪਰਬਤ ਉਪਰ ਜਾਇ ਖੜੇ ਹੋਏ, ਉਹ ਪਹਾੜ, ਜਮੀਨ, ਸਮਗਰੀ ਸਭ ਸੋਨੇ ਦੀ ਸੀ, ਮਰਦਾਨੇ ਡਿੱਠਾ ਉੱਥੇ ਅੰਮ੍ਰਿਤ ਰਸ ਵਹਿ ਰਿਹਾ ਸੀ, ਬਾਬੇ ਨਾਨਕ ਦੱਸਿਆ ਇਹ ਸੋਨਾ ਔਰ ਅੰਮ੍ਰਿਤ ਰਸ ਭਗਤਾਂ ਨੂੰ ਨਜ਼ਰ ਆਉਂਦਾ ਹੈ, ਇਹ ਉਹ ਹੀ ਪੀ ਸਕਦੇ ਹਨ ਤੇ ਉਹਨਾਂ ਨੂੰ ਹੀ ਪਚਦਾ ਹੈ ਫਿਰ ਉਨਾਂ ਦੀ ਮੇਰ ਤੇਰ ਵਿਸਰ ਜਾਂਦੀ ਹੈ ਉਹ ਨਿਰਬੰਧ ਹੋਏ ਜਾਂਦੇ ਹਨ। ਬਾਬੇ ਨੂੰ ਪੁੱਛ ਕੇ ਮਰਦਾਨੇ ਨੇ ਵੀ ਅੰਮ੍ਰਿਤ ਰਸ ਪੀਤਾ ਤੇ ਮਸਤ ਹੋ ਗਿਆ, ਬਾਬੇ ਨੇ ਕਿਹਾ ਮਰਦਾਨਿਆ ਚਿਤ ਥਾਇ ਰੱਖ ਅਸੀਂ ਤੈਨੂੰ ਨਾਲ ਨਿਭਾਵਣਾ ਹੈ।
ਗੁਰੂ ਨਾਨਕ ਜੀ ਅੰਤਰ ਧਿਆਨ ਹੋਏ ਹਿਮਾਚਲ ਪਰਬਤ ਉਪਰ ਜਾਇ ਖੜੇ ਹੋਏ। ਬਾਬੇ ਆਖਿਆ ਇੱਥੇ ਆਮ ਆਦਮੀ ਨਹੀਂ ਆ ਸਕਦਾ ਇੱਥੇ ਭਗਤ ਕਬੀਰ ਅਤੇ ਭਗਤ ਰਵਿਦਾਸ ਪਹੁੰਚੇ ਹਨ।
ਉੱਥੇ ਗੋਰਖ ਨਾਥ ਮਿਲੇ, ਸਿੱਧ ਮੰਡਲੀ ਨਾਲ ਵਿਚਾਰ ਹੋਇਆ। ਸਿੱਧ ਗੋਸ਼ਟਿ ਉਚਾਰੀ। ਫਿਰ ਬਿਆਰ ਪਰਬਤ ਉੱਪਰ ਪਹੁੰਚੇ ਉੱਥੇ ਦੱਤਾਤ੍ਰੇਉ ਰਹਿੰਦਾ ਸੀ। ਅੱਗੇ ਕਾਗ ਭਸੁੰਡ ਕੋਲ ਪਹੁੰਚੇ। ਫਿਰ ਅਲਲਾਚੀਨ ਨੇ ਪ੍ਰਹਿਲਾਦ ਭਗਤ ਨਾਲ ਮਿਲਾਇਆ। ਮਰਦਾਨੇ ਦੇ ਪੁੱਛਣ ਤੇ ਬਾਬੇ ਨਾਨਕ ਨੇ ਦੱਸਿਆ ਅਸੀਂ ਧਰਤੀ ਤੋਂ ਸਤਾਰਾਂ ਲੱਖ ਤੇ ਅਠਤਾਲੀ ਹਜ਼ਾਰ ਜੋਂਜਨ ਦੂਰ ਆਏ ਹਾਂ। ਸੱਚਖੰਡ ਦੇ ਸਾਹਮਣੇ ਅਤੇ ਬੈਕੁੰਠ ਧਾਮ ਤੇ ਨਿਕਟ ਧਰੂਅ ਭਗਤ ਨੇ ਸ੍ਰੀ ਬਾਬੇ ਨਾਨਕ ਜੀ ਨੂੰ ਨਮਸਕਾਰ ਕਰੀ ਅਤੇ ਕਿਹਾ ਜੀ ਅੱਜ ਹਮਾਰੇ ਧੰਨ ਭਾਗ ਹਨ ਜੋ ਪ੍ਰਤੱਖ ਵਿਸ਼ਨੂ ਦਾ ਦਰਸ਼ਨ ਹੋਇਆ ਹੈ। ਧਰੂਅ ਭਗਤ ਨੇ ਕਿਹਾ ਸੁਣਿ ਨਾਨਕ ਤਪਾ ਜੀ ਤੁਝ ਪਰ ਨਿਰੰਕਾਰ ਜੀ ਕੀ ਬੜੀ ਕਿਰਪਾ ਹੁੰਦੀ ਹੈ ਹੋਰ ਵੱਡੇ ਵੱਡੇ ਭਗਤ ਹੋਏ ਹਨ ਪਰ ਇਥੋਂ ਤੀਕਰ ਕੋਈ ਨਹੀਂ ਆਇਆ ਇਕ ਤੁਸੀਂ ਇੱਥੇ ਪਹੁੰਚੇ ਹੋ ਕਲਯੁਗ ਵਿੱਚ ਨਾਨਕ ਜੀ ਆਪ ਦੇ ਸਮਾਨ ਕੋਈ ਨਹੀਂ ਹੋਇਆ ਅਤੇ ਜੋਂ ਆਪ ਦਾ ਨਾਮ ਲਏਗਾ ਸੋ ਸੰਸਾਰ ਸੇ ਉਧਰੇਗਾ ਜਿਸ ਤੇ ਤੇਰੀ ਖੁਸ਼ੀ ਹੋਵੇਗੀ ਉਸ ਤੇ ਨਿਰੰਕਾਰ ਜੀ ਕੀ ਭੀ ਕਿਰਪਾ ਹੋਵੇਗੀ ਅਤੇ ਤਪਾ ਜੀ ਜਹਾਂ ਆਪ ਜੀ ਰਜਾਏ ਹੋਵੇ ਤਾਂ ਹੀ ਚਲੋ ਤਾਂ ਗੁਰੂ ਨਾਨਕ ਜੀ ਧਰੂਅ ਭਗਤ ਪਾਸੋ ਵਿਦਾ ਲਈ।
ਅੱਗੇ ਗੁਰੂ ਨਾਨਕ ਜੀ ਧੁਰ ਸੱਚਖੰਡ ਦਰਬਾਰ ਵਿੱਚ ਜਾ ਪਹੁੰਚੇ ਜਿੱਥੇ ਵੱਡਾ ਪ੍ਰਕਾਸ਼ ਹੈ ਪ੍ਰਕਾਸ਼ ਰੂਪ ਤਖਤ ਦੇ ਉੱਪਰ ਸਤਿ ਨਿਰੰਕਾਰ ਜੋਤੀ ਸਰੂਪ ਬੈਠੇ ਹਨ ਸੰਪੂਰਨ ਭਗਤ ਅਵਤਾਰ ਹਥ ਜੋੜ ਕੇ ਖੜੇ ਨੇ ਅਤੇ ਬਾਬਾ ਨਾਨਕ ਜੀ ਨੇ ਉਹ ਜੋ ਕੋਟਾਨ ਸੂਰਜ ਦੇ ਸਮਾਨ ਪ੍ਰਕਾਸ਼ ਹੈ ਕੋਟਾਨ ਚੰਦਰਮਾ ਜੈਸਾ ਸ਼ੀਤਲ ਪ੍ਰਕਾਸ਼ ਹੈ ਉਸ ਸੱਚੇ ਪ੍ਰਕਾਸ਼ ਵਿਖੇ ਪ੍ਰਕਾਸ਼ ਦੀਆਂ ਉਸ ਜੋਤ ਸਰੂਪ ਭਗਵਾਨ ਦੀ ਉਸਤਤ ਕੀਤੀ ਅਤੇ ਅੱਗੇ ਸਤ ਸਰੂਪ ਨਿਰੰਕਾਰ ਵਿਸ਼ਨੂ ਜੀ ਬਿਰਾਜਮਾਨ ਹਨ ਸਰਬ ਸਮਰੱਥ ਸਰਬ ਸ਼ਕਤੀਵਾਨ ਭਗਵੰਤ ਜੀ ਨੇ ਕਿਹਾ ਆਓ ਨਾਨਕ ਭਗਤ ਤੂ ਸਦਾ ਹੀ ਮੇਰੇ ਨਾਲ ਮਿਲਿਆ ਹੈ ਤੇਰੇ ਅਤੇ ਮੇਰੇ ਵਿੱਚ ਕੋਈ ਭੇਦ ਨਹੀਂ ਪਰ ਜਿਸ ਵਾਸਤੇ ਸੰਸਾਰ ਵਿੱਚ ਸਤਿਨਾਮ ਉਪਦੇਸ਼ ਨੂੰ ਜਪਾਉਣ ਦੇ ਵਾਸਤੇ ਗਏ ਸੀ ਦ੍ਰਿੜਾਇਆ ਹੈ ਤਾਂ ਸ਼੍ਰੀ ਗੁਰੂ ਨਾਨਕ ਜੀ ਕਿਹਾ ਹੇ ਸਰਬ ਸੁਆਮੀ ਜਿਥੇ ਆਪ ਦੀ ਆਗਿਆ ਭਈ ਤਹਾ ਸਤਿਨਾਮ ਦਾ ਚੱਕਰ ਫੇਰਿਆ ਹੈ ਜਿੱਥੇ ਜਿੱਥੇ ਆਪ ਦਾ ਹੁਕਮ ਹੋਏਗਾ ਉਥੇ ਉਥੇ ਚੱਕਰ ਫੇਰਾਂਗੇ ਅੱਗੇ ਜਿਉ ਆਪ ਜੀ ਦੀ ਰਜਾਏ ਹੋਵੇਗੀ ਤਿਉ ਹੀ ਹੋਵੇਗਾ ਐਸਾ ਕਹਿ ਕੇ ਸ੍ਰੀ ਗੁਰੂ ਨਾਨਕ ਜੀ ਨੇ ਸ਼ਬਦ ਉਚਾਰਨ ਕੀਤਾ ਉਸ ਅਕਾਲ ਪੁਰਖ ਦੀ ਉਸਤਤ ਵਿੱਚ :-
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ। …
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



