HOME ਕੌਫ਼ੀ ਵਿਦ ਜਸਪਾਲ ਮਾਨਖੇੜਾ

ਕੌਫ਼ੀ ਵਿਦ ਜਸਪਾਲ ਮਾਨਖੇੜਾ

   (ਸਮਾਜ ਵੀਕਲੀ)  ਮੇਰੀ ਕੌਫ਼ੀ ਵਿਦ ਦੇ ਬਹੁਤੇ ਮਹਿਮਾਨ ਇੰਨੀ ਮਹਾਨ ਸਖਸ਼ੀਅਤ ਦੇ ਮਾਲਿਕ ਦੇ ਹੁੰਦੇ ਹਨ ਕਿ ਉਹਨਾਂ ਲਈ ਕੌਫ਼ੀ ਵਿਦ ਦੀ ਇੱਕ ਸ਼ਿਫਟ ਕਾਫੀ ਨਹੀਂ ਹੁੰਦੀ।  ਘੜੀ ਦੀਆਂ ਸੂਈਆਂ ਦੀ ਸਪੀਡ ਤੇਜ਼ ਹੋਣ ਕਰਕੇ ਅਕਸਰ ਹੀ ਗੱਲਬਾਤ ਵਿਚਾਲੇ ਛੱਡਣੀ ਪੈਂਦੀ ਹੈ ਤੇ  “ਬਾਕੀ ਫਿਰ ਸਹੀ। “ਜਾਂ “ਬਾਕੀ ਅਗਲੀ ਵਾਰ ਸਹੀ।” ਕਹਿਕੇ ਪ੍ਰੋਗਰਾਮ ਖਤਮ ਕਰਨਾ ਪੈਂਦਾ ਹੈ। ਕਈ ਵਾਰੀ ਗੱਲਾਂ ਕਰਦਿਆਂ ਕਰਦਿਆਂ ਮੱਗ ਵਾਲੀ ਕੌਫ਼ੀ ਕੋਲਡ ਕੌਫ਼ੀ ਚ ਬਦਲ ਜਾਂਦੀ ਹੈ। ਪ੍ਰੰਤੂ ਉਹ ‘ਫਿਰ’  ਕਦੇ ਦੁਬਾਰਾ ਨਹੀਂ ਆਉਂਦੀ। ਪਹਿਲੀ ਵਾਰ ਆਉਣ ਵਾਲਿਆਂ ਦੀ ਲਿਸਟ ਲੰਮੀ ਹੋਣ ਕਰਕੇ  ਦੂਜੇ ਵਾਰੀ   ਦਾ ਸਬੱਬ ਨਹੀਂ ਬਣਦਾ। ਜਸਪਾਲ ਮਾਨਖੇੜਾ ਬਠਿੰਡਾ ਦੇ ਸਾਹਿਤਕਾਰਾਂ ਦਾ ਬੁਰਜ ਖਲੀਫਾ ਹੈ। ਉਹ ਇੱਕ ਮਜਬੂਤ ਸਤੰਭ ਹੈ। ਉਸਦਾ ਸਾਹਿਤਿਕ ਕੱਦ ਉਸਦੇ ਸਰੀਰਕ ਕੱਦ ਨਾਲੋਂ ਵੀ ਉੱਚਾ ਹੈ। ਉਹ ਹਰ ਸਾਹਿਤਿਕ ਸਮਾਰੋਹ ਗੋਸ਼ਟੀ ਦਾ ਕੇਂਦਰ ਬਿੰਦੂ ਹੁੰਦਾ ਹੈ। ਕਈ ਨਾਵਲਾਂ ਦੇ ਰਚੇਤਾ ਸ਼੍ਰੀ ਜਸਪਾਲ ਜੀ ਬਾਰੇ ਲਿਖਣ ਲਈ ਲੰਬਾ ਸਮਾਂ ਚਾਹੀਦਾ ਹੈ। ਕਾਫੀ ਸਮੇਂ ਤੋਂ ਮੇਰੀ ਇਹਨਾਂ ਨਾਲ ਦੁਬਾਰਾ #ਕੌਫ਼ੀ_ਵਿਦ ਕਰਨ ਦੀ ਰੀਝ ਸੀ। ਕੁਦਰਤੀ ਅੱਜ ਉਹ ਮੌਕਾ ਮਿਲ ਹੀ ਗਿਆ। ਦਰਅਸਲ ਮੈਂ ਆਪਣੀ ਇੱਕ ਕਿਤਾਬ #ਮੇਰਾ_ਘੁਮਿਆਰਾ ਦਾ ਖਰੜਾ ਸ਼੍ਰੀ ਮਾਨਖੇੜਾ ਸਾਹਿਬ ਤੋਂ ਯੋਗ ਅਗਵਾਈ ਲੈਣ ਲਈ ਇਹਨਾਂ ਨੂੰ ਦਿੱਤਾ ਸੀ। ਮੇਰੀ ਇਹਨਾਂ ਦੇ ਹਾਲ ਹੀ ਵਿੱਚ ਛਪੇ ਨਾਵਲ ਹਵੇਲੀਆਣਾ ਤੇ ਚਰਚਾ ਕਰਨ ਦੀ ਵੀ ਇੱਛਾ ਸੀ। ਸਾਡੀ ਅੱਜ ਦੀ ਕੌਫ਼ੀ #114ਸ਼ੀਸ਼ਮਹਿਲ ਵਿਖੇ ਹੀ ਪੀਤੀ ਗਈ। ਹਰ ਨਵੇਂ ਪੁਰਾਣੇ ਲੇਖਕ ਨੂੰ ਹੱਲਾਸ਼ੇਰੀ ਦੇਣ ਵਾਲੇ ਅਤੇ ਆਪਣੀ ਜਿੰਦਗੀ ਦਾ ਬਹੁਤਾ ਹਿੱਸਾ ਸਾਹਿਤ ਦੇ ਲੇਖੇ ਲਾਉਣ ਵਾਲੇ ਸ੍ਰੀ ਮਾਨਖੇੜਾ ਕੋਲ੍ਹ ਵੰਡਣ ਨੂੰ ਬਹੁਤ ਕੁਝ ਹੈ। ਗਿਆਨ ਦਾ ਅਟੁੱਟ ਭੰਡਾਰ ਹੈ  ਨਾਵਲ ਲਿਖਣਾ ਕੋਈ ਸੁਖਾਲਾ ਨਹੀਂ ਹੁੰਦਾ। ਸ਼੍ਰੀ ਮਾਨਖੇੜਾ ਜੀ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਨਾਵਲ ਹੱਥ ਨਾਲ ਚਾਰ ਵਾਰ ਲਿਖਿਆ। ਉਸਨੂੰ ਕੋਈ ਸੱਤਰ ਵਾਰ ਪੜ੍ਹਿਆ। ਹਰੇਕ ਪਾਤਰ ਦੇ ਡਾਇਲੋਗ ਨੂੰ ਅਲੱਗ ਅਲੱਗ ਲਿਖਕੇ ਉਸ ਨੂੰ ਨੀਝ ਨਾਲ ਪੜ੍ਹਿਆ ਤਾਂਕਿ ਹਰ ਪਾਤਰ ਦੀ ਭਾਸ਼ਾ, ਸਖਸ਼ੀਅਤ, ਸੁਭਾਅ, ਯੋਗਤਾ ਦਾ ਬਰੀਕੀ ਨਾਲ ਅਧਿਐਨ ਕਰਕੇ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਚੰਗੀ ਸਿਰਜਣਾ ਉਸ ਤੇ ਕੀਤੀ ਮਿਹਨਤ ਤੇ ਨਿਰਭਰ ਕਰਦੀ ਹੈ। ਅੱਜਕਲ੍ਹ ਸ਼੍ਰੀ ਜਸਪਾਲ ਜੀ ਮੁਜ਼ਾਰਾ ਅੰਦੋਲਨ ਤੇ ਇੱਕ ਨਾਵਲ ਲਿਖਣ ਲਈ ਕੰਮ ਕਰ ਰਹੇ ਹਨ। ਜੋ 1857 ਦੇ ਗਦਰ ਤੋਂ ਬਾਅਦ 1860 ਤੋਂ ਸ਼ੁਰੂ ਹੋਵੇਗਾ। ਜਿਸ ਵਿੱਚ ਜਗੀਰਦਾਰੀ ਪ੍ਰਥਾ, ਮੁਜ਼ਾਰਿਆ ਦੇ ਅੰਦੋਲਨ ਅਤੇ ਉਸ ਸਮੇਂ ਦੇ ਰਾਜ ਪ੍ਰਬੰਧ ਦਾ ਵਿਸਥਾਰ ਨਾਲ ਵਰਨਣ ਕੀਤਾ ਜਾਵੇਗਾ। ਨਵੇਂ ਪਿੰਡ ਬੰਨਣ ਤੋਂ ਲੈਕੇ , ਕੱਚੀ ਪੱਕੀ ਇੱਟ ਦੀ ਆਮਦ ਅਤੇ ਖੂਹ, ਖੇਤ ਖਲਿਆਣ ਦਾ ਵੇਰਵਾ ਹੋਵੇਗਾ। ਸ਼੍ਰੀ ਮਾਨਖੇੜਾ ਦੀ ਹਰ ਲਿਖਤ ਕਿਸੇ ਅੰਦੋਲਨ ਅਤੇ ਇਤਿਹਾਸ ਨੂੰ ਸਮਰਪਿਤ ਹੁੰਦੀ ਹੈ। ਮੇਰੀ ਕਿਤਾਬ ਬਾਰੇ ਵੀ ਜਸਪਾਲ ਜੀ ਨੇ ਮੈਨੂੰ ਬਹੁਤ ਉਮਦਾ ਸੁਝਾਅ ਦਿੱਤੇ। ਹੱਥਲੇ ਮੈਟਰ ਤੋਂ ਇਲਾਵਾ ਇਸਨੂੰ ਹੋਰ ਵਿਸਥਾਰ ਦੇਣ ਦੀ ਸਲਾਹ ਦਿੱਤੀ ਤਾਂਕਿ ਇਹ ਇੱਕ ਮਿਆਰੀ ਇਤਿਹਾਸਿਕ ਦਸਤਾਵੇਜ਼ ਬਣ ਸਕੇ। ਸ਼੍ਰੀ ਮਾਨਖੇੜਾ ਜੀ ਨੇ ਸਾਹਿਤਿਕ ਗਤੀਵਿਧੀਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਨੇ ਬਲਵੰਤ ਗਾਰਗੀ ਐਡੀਟੋਰੀਅਮ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਨ ਅਤੇ ਨਾਟਿਅਮ ਪੰਜਾਬ ਦੀ ਭੂਮਿਕਾ ਅਤੇ ਹੋਰ ਪ੍ਰਾਪਤੀਆਂ ਦਾ ਜਿਕਰ ਕੀਤਾ। ਸਾਹਿਤਿਕ ਬੰਦੇ ਨਾਲ ਗੱਲਾਂ ਕਦੇ ਖਤਮ ਨਹੀਂ ਹੁੰਦੀਆਂ ਜੇ ਅਗਲੇ ਨੂੰ ਘਰੇ ਜਾਣ ਦੀ ਕਾਹਲੀ ਨਾ ਹੋਵੇ ਤਾਂ।
ਰਮੇਸ਼ ਸੇਠੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਲਾਕ ਮਸੀਤਾਂ ਦੀਆਂ 47 ਦੀਆਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਠੱਟਾ ਨਵਾਂ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ
Next articleਕਸਾਣਾ ਗੋਤ ਦਾ ਸਤੀ ਮੇਲਾ 31 ਅਕਤੂਬਰ ਨੂੰ