ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚੀਨ ਲਈ ਭਾਰਤੀ ਚਿਕਿਤਸਾ ਮਿਸ਼ਨ (1938-1942) ਦੀ 87ਵੀਂ ਵਰ੍ਹੇਗੰਢ ਮੌਕੇ ਤਿੰਨ ਦਿਨਾਂ ਦਾ ਐਕਿਊਪੰਕਚਰ ਮੈਡੀਕਲ ਕੈਂਪ ਠਾਠ, ਬੇਗਮਪੁਰਾ ਭੋਰਾ ਸਾਹਿਬ, ਨਾਨਕਸਰ ਕਲੇਰਾਂ ‘ਚ ਲਗਾਇਆ ਗਿਆ, ਜੋ ਬਾਬਾ ਆਨੰਦ ਸਿੰਘ ਜੀ ਦੇ ਪਰਮ ਸੇਵਕ ਬਾਬਾ ਹਜੂਰਾ ਸਿੰਘ ਜੀ ਦੀ ਬਰਸੀ ਦੇ ਸੰਬੰਧ ‘ਚ ਸੀ। ਕੈਂਪ ਦੀ ਸ਼ੁਰੂਆਤ ਮੁੱਖ ਪ੍ਰਬੰਧਕ ਬਾਬਾ ਜੀਵਾ ਸਿੰਘ ਜੀ, ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ, ਸ੍ਰ: ਇਕਬਾਲ ਸਿੰਘ ਗਿੱਲ (ਆਈ.ਪੀ.ਐਸ.), ਅਤੇ ਸ੍ਰ: ਜਸਵੰਤ ਸਿੰਘ ਛਾਪਾ (ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਲੁਧਿਆਣਾ) ਵੱਲੋਂ ਕੀਤੀ ਗਈ। ਇਸ ਕੈਂਪ ਵਿੱਚ ਸ਼੍ਰੀ ਓ.ਪੀ. ਵਰਮਾ (ਰਿਟਾਇਰਡ ਪੀ.ਸੀ.ਐਸ.) ਦੀ ਬੇਨਤੀ ‘ਤੇ ਡਾ: ਰਘੁਵੀਰ ਸਿੰਘ, ਡਾ: ਬਲਜਿੰਦਰ ਢਿੱਲੋਂ, ਡਾ: ਇੰਦਰਜੀਤ ਸਿੰਘ ਆਦਿ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ। ਲੇਡੀਜ਼ ਵਿੰਗ ਦਾ ਉਦਘਾਟਨ ਮਾਤਾ ਜਸਵਿੰਦਰ ਕੌਰ ਜੀ ਨੇ ਕੀਤਾ। ਸਮਾਗਮ ਦੌਰਾਨ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਐਕਿਊਪੰਕਚਰ ਇੱਕ ਐਸੀ ਚਿਕਿਤਸਾ ਪ੍ਰਣਾਲੀ ਹੈ ਜੋ ਦਵਾਈ ਅਤੇ ਓਪਰੇਸ਼ਨ ਤੋਂ ਬਿਨਾਂ ਸਰੀਰ ਨੂੰ ਕਿਸੇ ਵੀ ਨਕਾਰਾਤਮਕ ਪ੍ਰਭਾਵ ਤੋਂ ਬਚਾਉਂਦੀ ਹੈ ਅਤੇ ਹੋਰ ਇਲਾਜਾਂ ਨਾਲੋਂ ਘੱਟ ਖਰਚੀਲੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਪਿਛਲੇ 50 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅਤੇ ਇਹ ਕੈਂਪ ਡਾ: ਦਵਾਰਕਾਨਾਥ ਕੋਟਨੀਸ ਅਤੇ ਡਾ: ਵਿਜੈ ਕੁਮਾਰ ਬਾਸੂ ਦੀ ਯਾਦ ਵਿੱਚ ਲਗਾਇਆ ਗਿਆ ਹੈ, ਜਿਨ੍ਹਾਂ ਨੇ 1938 ਤੋਂ 1942 ਤੱਕ ਚੀਨ ਦੀ ਸੇਵਾ ਕਰਦੇ ਹੋਏ ਹਿੰਦ-ਚੀਨ ਦੋਸਤੀ ਅਤੇ ਮਨੁੱਖਤਾ ਦੀ ਸੇਵਾ ਵਿੱਚ ਬੇਮਿਸਾਲ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਵੱਲ਼ੋਂ ਪੂਰੇ ਭਾਰਤ ਵਿੱਚ ਮੁਫ਼ਤ ਐਕਿਊਪੰਕਚਰ ਕੈਂਪ ਲਗਾਏ ਜਾ ਰਹੇ ਹਨ। ਇਸ ਕੈਂਪ ਵਿੱਚ ਕਮਰ ਦਰਦ, ਰੀੜ੍ਹ ਦੀ ਹੱਡੀ ਦਾ ਦਰਦ, ਸਰਵਾਈਕਲ, ਸਪੌਂਡਿਲਾਈਟਿਸ, ਜੋੜਾਂ ਦੇ ਦਰਦ, ਸਾਹ ਲੈਣ ਦੀ ਸਮੱਸਿਆ, ਦਮਾ ਆਦਿ ਦਾ ਇਲਾਜ ਮੁਫ਼ਤ ਕੀਤਾ ਗਿਆ, ਅਤੇ ਲਗਭਗ 95 ਮਰੀਜ਼ਾਂ ਦਾ ਇਲਾਜ ਹੋਇਆ। ਕੈਂਪ ਨੂੰ ਸਫਲ ਬਣਾਉਣ ਵਿੱਚ ਰੇਸ਼ਮ ਸਿੰਘ ਨਤ, ਪਾਮੋਇਸਟ ਮੋਨ ਸੇਨ, ਮਕਰੰਦ ਸਿੰਘ, ਸਾਰੰਗ ਸਿੰਘ, ਮਨੀਸ਼ਾ, ਅਮਨ, ਮੀਨੂ ਆਦਿ ਨੇ ਖਾਸ ਯੋਗਦਾਨ ਦਿੱਤਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



