ਨਵਾਂਸਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਰਹਾਲ ਨੇ 69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਦੇ ਨੈਸ਼ਨਲ ਸਟਾਈਲ ਕਬੱਡੀ ਉਮਰ ਵਰਗ 19 ਸਾਲ ਦੇ ਲੜਕਿਆਂ ਦੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ ਵਿੱਚ ਖੇਡ ਮੈਦਾਨ ਅਤੇ ਇੰਡੋਰ ਜਿੰਮ ਸਥਾਪਤ ਕੀਤੇ ਜਾਣਗੇ ਜਿੱਥੇ ਵਧੀਆ ਰਨਿੰਗ ਟ੍ਰੈਕ, ਬੱਚਿਆਂ ਲਈ ਵੱਖਰਾ ਖੇਡ ਖੇਤਰ ਅਤੇ ਸੋਲਰ ਲਾਈਟਿੰਗ ਉਪਲਬਧ ਹੋਣਗੇ। ਇਸਦੇ ਨਾਲ ਹੀ ਹਰ ਪਿੰਡ ਦੇ ਖੇਡ ਮੈਦਾਨ ਵਿਚ ਸਥਾਨਕ ਤੌਰ ‘ਤੇ ਹਰਮਨ ਪਿਆਰੀਆਂ ਖੇਡਾਂ ਜਿਵੇਂ ਵਾਲੀਬਾਲ, ਫੁੱਟਬਾਲ, ਹਾਕੀ, ਕਬੱਡੀ ਆਦਿ ਲਈ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਹੋਣਗੀਆਂ । ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਜਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਵਲੋਂ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਅਨੁਸਾਸਨ ਵਿੱਚ ਰਹਿਕੇ ਖੇਡਣ ਦੀ ਅਪੀਲ ਕੀਤੀ। ਅੱਜ ਹੋਏ ਮੁਢਲੇ ਲੀਗ ਮੁਕਾਬਲਿਆ ਵਿੱਚ ਫਤਿਹਗੜ ਸਾਹਿਬ ਨੇ ਕਪੂਰਥਲਾ ਨੂੰ ,ਬਠਿੰਡਾ ਨੇ ਰੂਪਨਗਰ ਨੂੰ ਸੰਗਰੂਰ ਨੇ ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ ਨੇ ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਮਾਲੇਰਕੋਟਲਾ ਨੂੰ ਹਰਾਇਆ ।


