HOME ਸਿੱਖ ਰਾਜ ਦੀ ਬਚੀ ਆਖਰੀ ਨਿਸ਼ਾਨੀ ਦੀ ਸੇਵਾ-ਸੰਭਾਲ਼ ਲਈ ਕਮੇਟੀ ਦਾ ਗਠਨ

ਸਿੱਖ ਰਾਜ ਦੀ ਬਚੀ ਆਖਰੀ ਨਿਸ਼ਾਨੀ ਦੀ ਸੇਵਾ-ਸੰਭਾਲ਼ ਲਈ ਕਮੇਟੀ ਦਾ ਗਠਨ

5
ਰੋਪੜ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਸਿੱਖ ਰਾਜ ਦੀ ਬਚੀ ਆਖਰੀ ਨਿਸ਼ਾਨੀ ਦੀ ਸੇਵਾ-ਸੰਭਾਲ਼ ਲਈ 13 ਮੈਂਬਰੀ ਕਮੇਟੀ (ਚੌਂਕੀ: ਸਰਕਾਰ-ਏ-ਖਾਲਸਾ, ਵੈੱਲਫੇਅਰ ਸੁਸਾਇਟੀ) ਦੀ ਚੋਣ ਕੀਤੀ ਗਈ। ਜਿਸ ਦੇ ਮੈਂਬਰਾਂ ਕੁਲਵੰਤ ਸਿੰਘ ਕੋਟਲਾ, ਸੁਖਵਿੰਦਰ ਸਿੰਘ ਮੀਆਂਪੁਰ, ਜਸਵੀਰ ਸਿੰਘ ਪੜ੍ਹੀ, ਤੀਰਥ ਸਿੰਘ ਅਨੰਦਪੁਰ ਸਾਹਿਬ, ਅਮਰਜੀਤ ਸਿੰਘ ਕਮਾਲਪੁਰ ਤੇ ਜਸਵਿੰਦਰ ਸਿੰਘ ਆਸਰੋਂ ਨੇ ਸਰਬ-ਸੰਮਤੀ ਨਾਲ਼ ਕੁਲਦੀਪ ਸਿੰਘ ਪਤਿਆਲਾਂ ਨੂੰ ਸਰਪ੍ਰਸਤ, ਰਣਜੀਤ ਸਿੰਘ ਪਤਿਆਲਾਂ ਨੂੰ ਮੁੱਖ-ਸੇਵਾਦਾਰ, ਜਸਵਿੰਦਰ ਕੌਰ ਨੂੰ ਮੀਤ-ਪ੍ਰਧਾਨ, ਕੁਲਵੰਤ ਸਿੰਘ ਸਰਾੜ੍ਹੀ ਨੂੰ ਮੁੱਖ-ਸਕੱਤਰ, ਜਰਨੈਲ ਸਿੰਘ ਮਗਰੋੜ੍ਹ ਨੂੰ ਜੋਆਇੰਟ-ਸਕੱਤਰ, ਅਜਮੇਰ ਸਿੰਘ ਲੋਦੀਮਾਜਰਾ ਨੂੰ ਖਜ਼ਾਨਚੀ ਅਤੇ ਅਤਿੰਦਰਪਾਲ ਸਿੰਘ ਰੋਪੜ ਨੂੰ ਉਪ-ਖਜ਼ਾਨਚੀ ਦੀ ਸੇਵਾ ਸੌਂਪੀ। ਸਮੂਹ ਮੈਂਬਰਾਂ ਨੇ ਦੱਸਿਆ ਕਿ 1801 ਤੋਂ 1849 ਤੱਕ ਪੰਜਾਬ ਇੱਕ ਮੁਕੰਮਲ ਦੇਸ਼ ਹੁੰਦਾ ਸੀ। ਜਿਸ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਸਨ। ਇਹਨਾਂ 48 ਸਾਲਾਂ ਨੂੰ ਇਤਿਹਾਸ ਵਿੱਚ ‘ਸਿੱਖ ਰਾਜ’ ਜਾਂ ‘ਖਾਲਸਾ ਰਾਜ’ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਰੋਪੜ ਦੇ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਵੱਲ ਭਾਰਤ ਅਤੇ ਲਹਿੰਦੇ ਵੱਲ ਪੰਜਾਬ ਦੀ ਹੱਦ ਹੁੰਦੀ ਸੀ। ਇਸੇ ਭੂਗੋਲਿਕ ਸਥਿਤੀ ਕਾਰਨ ਇੱਥੇ ਪਹਾੜੀ ਉੱਤੇ ‘ਖਾਲਸਾ ਫੌਜ’ ਦਾ ਕੈਂਪ ਹੁੰਦਾ ਸੀ। ਉਕਤ ਥਾਂ ‘ਤੇ ਅੱਜ ਵੀ ਝੰਡਾ ਲੱਗਿਆ ਹੋਇਆ ਹੈ। ਜਿਸ ਉੱਤੇ ਪੰਜਾਬੀ ਅਤੇ ਊਰਦੂ ਜ਼ੁਬਾਨਾਂ ਵਿੱਚ ‘ਸਰਕਾਰ-ਏ-ਖਾਲਸਾ’ ਅੰਕਿਤ ਹੈ। ਅੰਗਰੇਜ਼ਾਂ ਵੱਲੋਂ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਕੈਂਪ ਨੂੰ ਤਬਾਹ ਕਰ ਦਿੱਤਾ ਗਿਆ ਸੀ। ਜੋ ਕਾਫੀ ਸਮਾਂ ਬੇਆਬਾਦ ਰਿਹਾ। ਸੰਨ 2023 ਵਿੱਚ ਸੰਗਤ ਵੱਲੋਂ ਝੰਡੇ ਤੱਕ ਜਾਣ ਵਾਲ਼ੇ ਸੁਤੰਤਰ ਰਸਤੇ ਅਤੇ ਇਸ ਅਸਥਾਨ ਦੇ ਨਾਮ (ਮਹਾਰਾਜਾ ਰਣਜੀਤ ਸਿੰਘ, ਹਿੱਲ ਪਾਰਕ ਵਜੋਂ) ਬੋਲਦੀ ਜਮੀਨ ਦੀ ਨਿਸ਼ਾਨਦੇਹੀ ਲਈ ਮੋਰਚਾ ਲਗਾਇਆ ਗਿਆ। ਮੋਰਚੇ ਦੀ ਸਫਲਤਾ ਤੋਂ ਬਾਅਦ ਇੱਥੇ ਨਾਲ਼ ਲਗਦੀ ਫੈਕਟਰੀ ਸਵਰਾਜ ਮਾਜਦਾ ਵੱਲੋਂ 1,75,00,000 ਰੁਪਏ ਦੀ ਲਾਗਤ ਨਾਲ਼ ਰਸਤੇ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਦਾ ਕੰਮ ਕਰਵਾਇਆ ਗਿਆ। ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਨਿੱਜੀ ਪੱਧਰ ‘ਤੇ 1,00,000 ਰੁਪਏ ਨਾਲ਼ ‘ਦਰਸ਼ਨੀ ਡਿਊਢੀ’ (ਮੁੱਖ ਸੜਕ ਵੱਲੋਂ) ਬਣਵਾਈ। ਬਰਿੰਦਰ ਸਿੰਘ ਢਿੱਲੋਂ ਵੱਲੋਂ ਸਰਬਜੀਤ ਸਿੰਘ ਸੈਣੀ (ਕੌਂਸਲਰ) ਦੀ ਪ੍ਰੇਰਨਾ ਸਦਕਾ 2,51,000 ਰੁਪਏ ਨਾਲ਼ ਪਾਰਕਿੰਗ ਬਣਵਾ ਦਿੱਤੀ ਗਈ। ਚੋਣ ਉਪਰੰਤ ਸਮੂਹ ਮੈਂਬਰਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਦਾਨਵੀਰ ਸੱਜਣ ਉਪਰੋਕਤ ਇਤਿਹਾਸਕ/ਵਿਰਾਸਤੀ ਸਥਾਨ ਲਈ ਕੋਈ ਸੇਵਾ ਕਰਵਾਉਣ ਦਾ ਇਛੁੱਕ ਹੋਵੇ ਤਾਂ ਉਹ ਕਿਸੇ ਵੀ ਮੈਂਬਰ ਨਾਲ਼ ਸੰਪਰਕ ਕਰ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਸੀ ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲੇ ’ਚ ਆਰਜੂ- ਏਨਾ ਗਰੁੱਪ ਰਿਹਾ ਅਵੱਲ
Next articleਫਾਲਕਨ ਇੰਟਰਨੈਸ਼ਨਲ ਸਕੂਲ ‘ਚ ਕਰਵਾ ਚੌਥ ਦਾ ਤਿਉਹਾਰ ਮਨਾਇਆ