HOME ਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਲ ਦੀ ਇਮਾਰਤ ਦਾ ਹੋਇਆ ਨਵੀਨੀਕਰਣ

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਲ ਦੀ ਇਮਾਰਤ ਦਾ ਹੋਇਆ ਨਵੀਨੀਕਰਣ

* ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂ ਹੋਈਆਂ ਕਲਾਸਾਂ

ਫਗਵਾੜਾ/ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ) ਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਲ ਦੀ ਇਮਾਰਤ ਦਾ ਨਵੀਨੀਕਰਣ ਕਰਕੇ ਖੂਬਸੂਰਤ ਰੂਪ ਦਿੱਤਾ ਗਿਆ ਹੈ। ਜਿਸ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਮੁੜ ਤੋਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਅਰੁਣ ਕੁਮਾਰ ਘਈ ਐਨ.ਵਾਈ.ਏ., ਸੁਰਿੰਦਰ ਪਾਲ ਸਿੰਘ, ਹੰਸਰਾਜ ਨੰਬਰਦਾਰ, ਹਰਮੇਸ਼ ਸਿੰਘ ਨੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਖੂਬਸੂਰਤ ਵਾਤਾਵਰਣ, ਚੰਗਾ ਫਰਨੀਚਰ ਅਤੇ ਹੋਰ ਲੋੜੀਂਦੀਆਂ ਆਧੂਨਿਕ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਲਿਹਾਜ ਦੇ ਨਾਲ ਦਾਨੀ ਸੱਜਣਾਂ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਸਮਾਗਮ ਦੌਰਾਨ ਮਹਿਲਾਵਾਂ ਵਲੋਂ ਸਕੂਲ ਦੇ ਨਵੀਨੀਕਰਣ ਕਰਨ ਵਾਲੇ ਦਾਨੀ ਸੱਜਣਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜੋ ਕਿ ਆਪਣੇ ਆਪ ਵਿੱਚ ਇਕ ਵਿਲੱਖਣ ਤਸਵੀਰ ਸੀ। ਇਸ ਤੋਂ ਇਲਾਵਾ ਸਕੂਲ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਨ ਵਾਲੇ ਮਿਹਨਤੀ ਮਜਦੂਰਾਂ ਅਤੇ ਕਾਰੀਗਰ ਮਿਸਤਰੀਆਂ ਜਸਵਿੰਦਰ ਕੁਮਾਰ ਸ਼ਿੰਦਾ, ਕਸ਼ਮੀਰ ਸ਼ੀਰੋ, ਹਰਜਿੰਦਰ ਕੁਮਾਰ, ਧਰਮਜੀਤ, ਰਾਜਕੁਮਾਰ, ਸਤਨਾਮ ਸਿੰਘ, ਅਮਰਜੀਤ ਪੱਪੂ, ਚਰਨਾ ਤੇ ਕਸ਼ਮੀਰ ਲਾਲ ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਗਮ ਦੇ ਮੁੱਖ ਆਯੋਜਕ ਅਵਤਾਰ ਸਿੰਘ ਬਿੱਟੂ ਪੰਚ ਨੇ ਸਾਰੇ ਪ੍ਰੋਜੈਕਟ ਦੌਰਾਨ ਆਈਆਂ ਮੁਸ਼ਕਿਲਾਂ ਤੇ ਮਿਲੇ ਸਹਿਯੋਗ ਦਾ ਜਿਕਰ ਕੀਤਾ। ਸੁਰਿੰਦਰ ਪਾਲ ਸਿੰਘ ਨੇ ਸ਼੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਬੰਗਾ ਦੁਆਰਾ ਪਿੰਡ ਤੇ ਇਲਾਕਾ ਨਿਵਾਸੀਆਂ ਲਈ ਕੀਤੀਆਂ ਆਰਥਕ ਸੇਵਾਵਾਂ ਦਾ ਜਿਕਰ ਕੀਤਾ। ਸਕੂਲ ਦੇ ਮੁੱਖ ਅਧਿਆਪਕ ਜਸਬੀਰ ਕੁਮਾਰ ਨੇ ਹਾਜਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਨੂੰ ਵਿੱਦਿਆ ਦਾ ਮੰਦਿਰ ਕਿਹਾ ਜਾਂਦਾ ਹੈ। ਜਿੱਥੇ ਵਿੱਦਿਆਰਥੀਆਂ ਦੇ ਰੂਪ ਵਿੱਚ ਸਮਾਜ ਦੇ ਚੰਗੇ ਨਾਗਰਿਕਾਂ ਵਜੋਂ ਇਨਸਾਨ ਦੇ ਚਰਿੱਤਰ ਨਿਰਮਾਣ ਦੀ ਸ਼ੁਰੂਆਤ ਹੁੰਦੀ ਹੈ। ਸਟੇਜ ਦੀ ਸੇਵਾ ਬਾਖੂਬੀ ਸੰਭਾਲਦਿਆਂ ਕਲਮਕਾਰ ਆਰ.ਐਸ. ਜੱਸੀ ਨੇ ਖੂਬਸੂਰਤ ਅੰਦਾਜ ਵਿੱਚ ਪਿੰਡ ਚੱਕ ਕਲਾਲ ਦੇ ਪਿਛੋਕੜ ਅਤੇ ਮਹਾਨਤਾ ਬਾਰੇ ਚਾਨਣਾ ਪਾਇਆ। ਉਹਨਾਂ ਨੇ ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਜਿਕਰ ਕੀਤਾ ਅਤੇ ਸ਼ਾਇਰਾਨਾ ਅੰਦਾਜ ‘ਚ ਸਮਾਗਮ ਦੀ ਤਾਜਗੀ ਨੂੰ ਕਾਇਮ ਰੱਖਿਆ। ਇਸ ਮੌਕੇ ਪਿੰਡ ਦੇ ਪਤਵੰਤੇ, ਪਰਸਨ, ਅਮਰਜੀਤ ਪੱਪੂ, ਰਮਨ ਕੁਮਾਰ ਕੌਂਸਲਰ ਬੰਗਾ, ਗੁਰਮੁੱਖ ਸਿੰਘ ਗ੍ਰੰਥੀ, ਜਰਨੈਲ ਸਿੰਘ, ਮਾਸਟਰ ਕੁਲਦੀਪ, ਸੁਮਨ ਪੰਚ ਤੋਂ ਇਲਾਵਾ ਸਕੂਲ ਸਟਾਫ ਆਸ਼ਾ ਰਾਣੀ ਸੀ.ਐਚ.ਟੀ, ਨਰਿੰਦਰ ਕੌਰ, ਆਸ਼ਾ ਰਾਣੀ ਚੱਕ ਕਲਾਲ ਸਮੇਤ ਹੋਰ ਪਤਵੰਤੇ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ‘ਚ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleSAMAJ WEEKLY = 04/10/2025
Next articleਰੋਟੋਰੂਆ ਨਿਊਜ਼ੀਲੈਂਡ ਵਿੱਚ ਹੋਈ ਬੋਲੀ (Auction) ਵਿੱਚ 170 ਬਿੱਡਾਂ (Bids) ਲੱਗੀਆਂ