(ਸਮਾਜ ਵੀਕਲੀ) ਇੱਕ ਦਿਨ ਫਬ ਨੂੰ ਅੰਗੂਠੇ ਨਾਲ ਅੱਗੇ ਹੋਰ ਅੱਗੇ ਕਰਦੇ ਦੇ ਇੱਕ ਫੋਟੋ ਨਜ਼ਰੀਂ ਪਈ। ਜਿਸ ਵਿੱਚ ਕਿਸੇ ਨੇ ਸੁਨਹਿਰੀ ਜੁੱਤੀ, ਲਾਲ ਪੱਗ (ਬੰਨੀ ਹੋਈ), ਸੋਨੇ ਦਾ ਕੜਾ, ਸੋਹਣੀ ਵਰਦੀ, ਮੋਬਾਈਲ ਫੋਨ, ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਇਕ ਤਸਵੀਰ ਅਤੇ ਆਈਡੈਂਟਟੀ ਕਾਰਡ ਨੂੰ ਕਿਸੇ ਸ਼ੋਅ ਕੇਸ ਵਿੱਚ ਸਜਾਇਆ ਹੋਇਆ ਸੀ। ਜੋ ਇਹਨਾਂ ਵਸਤੂਆਂ ਪ੍ਰਤੀ ਕਿਸੇ ਦੇ ਮੋਂਹ ਨੂੰ ਦਿਖਾ ਰਿਹਾ ਸੀ। ਇਹ ਤਸਵੀਰ ਵੇਖਕੇ ਮੇਰਾ ਅੰਗੂਠਾ ਵੀ ਰੁੱਕ ਗਿਆ ਤੇ ਦਿਲ ਵੀ। ਫੋਟੋ ਨੂੰ ਨੀਝ ਲਾਕੇ ਵੇਖਿਆ ਤਾਂ ਇਹ ਜਾਣੀ ਪਹਿਚਾਣੀ ਜਿਹੀ ਨਜ਼ਰ ਆਈ। ਪਰ ਮੈਨੂੰ ਯਕੀਨ ਜਿਹਾ ਨਾ ਹੋਇਆ। ਇਹ ਤਸਵੀਰ ਤਾਂ ਵੈਨ ਵਾਲੇ ਬਲਜੀਤ ਸਿੰਘ ਦੀ ਹੈ। ਉਹ ਤੁਰ ਗਿਆ। ਮੈਨੂੰ ਹੈਰਾਨੀ ਹੋਈ। ਜਦੋਂ ਮੈਂ 2019 ਚ ਸਕੂਲ ਛੱਡਿਆ ਤਾਂ ਉਹ ਭਰ ਨੌਜਵਾਨ ਚੰਗਾ ਭਲਾ ਸੀ। ਉਸ ਨੇ ਪਿਛਲੇ ਕਈ ਸਾਲਾਂ ਤੋਂ ਸਕੂਲ ਵੈਨ ਪਾਈ ਹੋਈ ਸੀ। ਯਾਨੀ ਉਹ ਸਾਡੇ ਟਰਾਂਸਪੋਰਟ ਠੇਕੇਦਾਰਾਂ ਚੋ ਇੱਕ ਸੀ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਅਣ ਦਾਹੜੀਆਂ ਜਿਹਾ ਜੁਆਕ ਸੀ। ਫਿਰ ਉਸ ਦਾ ਵਿਆਹ ਹੋ ਗਿਆ। ਮੇਰਾ ਉਸ ਨਾਲ ਨਿੱਤ ਦਾ ਵਾਹ ਸੀ। ਕਈ ਵਾਰੀ ਅਸੀਂ ਟੂਰਨਾਮੈਂਟ, ਆਜ਼ਾਦੀ ਦੇ ਜਸ਼ਨਾਂ ਅਤੇ ਸਾਇੰਸ ਮੁਕਾਬਲਿਆਂ ਵਿੱਚ ਬੱਚੇ ਬਾਹਰਲੇ ਸ਼ਹਿਰਾਂ ਵਿੱਚ ਭੇਜਣੇ ਹੁੰਦੇ ਸਨ। ਵੈਨਾਂ ਦੀ ਐਡਜਸਟਮੈਂਟ ਕਰਨੀ ਹੁੰਦੀ ਸੀ। ਉਹ ਮੇਰੇ ਕੋਲ੍ਹ ਆਉਂਦਾ। ਪੈਸੇ ਖਰਚੇ ਦੀ ਗੱਲ ਕਰਦਾ। ਆਪਣੀ ਗੱਲ ਤਰਕ ਨਾਲ ਕਰਦਾ। ਬਹਿਸ ਨਾ ਕਰਦਾ। “ਜਿਵੇਂ ਤੁਹਾਡੀ ਮਰਜ਼ੀ” ਕਹਿਕੇ ਗੱਲ ਮੇਰੇ ਤੇ ਸੁੱਟ ਦਿੰਦਾ। ਉਹ ਵੈਨ ਮਾਲਿਕਾਂ ਦੀਆਂ ਸਮੱਸਿਆ ਲੈਕੇ ਮੇਰੇ ਕੋਲ੍ਹ ਆਉਂਦਾ। ਮੇਰੇ ਨਾਲ ਗੱਲ ਬਲਜੀਤ ਹੀ ਕਰਦਾ। ਕਿਉਂਕਿ ਬਾਕੀ ਦੀਆਂ ਵੈਨਾਂ ਵਾਲੇ ਜਲਦੀ ਗਰਮੀ ਖਾ ਜਾਂਦੇ ਸਨ। ਇਸ ਨੂੰ ਗੱਲ ਕਰਨ ਦਾ ਤਰੀਕਾ ਸੀ। ਆਮ ਤੌਰ ਤੇ ਉਹ ਸਾਦੇ ਜਿਹੇ ਕਪੜੇ ਪਾਉਂਦਾ ਡਰਾਈਵਰਾਂ ਵਾਲੇ ਜਾਂ ਵਰਦੀ। ਪਰ ਸਕੂਲ ਦੇ ਕਿਸੇ ਸਮਾਰੋਹ ਵਗੈਰਾ ਤੇ ਉਹ ਸੁਨਿਹਰੀ ਜਿਹੇ ਰੰਗ ਦਾ ਕੋਟ ਪੈਂਟ ਪਾਉਂਦਾ ਤੇ ਨਿਖਰਿਆਂ ਜਿਹਾ ਲੱਗਦਾ। ਫੋਟੋ ਤੇ ਉਸਦੇ ਜਾਣ ਦੀ 18 07 2023 ਦੀ ਤਰੀਕ ਪਾਈ ਹੋਈ ਸੀ। ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੇ ਮੈਨੂੰ ਦੱਸਿਆ ਨਾ ਹੋਵੇ। ਮੈਂ ਅਕਸਰ ਸਕੂਲ ਦੀ ਪੁਰਾਣੀ ਸੇਵਾਦਾਰ ਤੋਂ ਸਭ ਦੀ ਸੁੱਖਸਾਂਦ ਪੁੱਛਦਾ ਰਹਿੰਦਾ ਹਾਂ। ਉਹ ਵੀ ਪੂਰੀ ਰਿਪੋਰਟ ਦਿੰਦੀ ਹੈ। ਭਾਵੇਂ ਮੈਥੋਂ ਕਿਸੇ ਦੇ ਦੁੱਖ ਸੁੱਖ ਤੇ ਪਹੁੰਚਿਆ ਨਾ ਜਾਵੇ ਪਰ ਖੁਸ਼ੀ ਦਾ ਜਾਂ ਆਹ ਦਾ ਨਾਅਰਾ ਤਾਂ ਮਾਰ ਹੀ ਦੇਈਦਾ ਹੈ। ਮੈਂ ਆਪਣੀ ਇਸ ਗੱਲ ਦੀ ਪੁਸ਼ਟੀ ਲਈ ਉਸੇ ਸੇਵਾਦਾਰ ਨੂੰ ਫੋਨ ਕੀਤਾ। ਕਦੇ ਇਹੋ ਜਿਹੀਆਂ ਗੱਲਾਂ ਵੀ ਝੂਠ ਹੋਈਆਂ ਹਨ। ਉਸ ਨੇ ਮੈਨੂੰ ਬਲਜੀਤ ਦੀ ਬਿਮਾਰੀ ਅਤੇ ਰੁਖਸਤ ਹੋਣ ਬਾਰੇ ਦੱਸਿਆ। ਜਦੋਂ ਮੈਂ ਪੋਸਟ ਪਾਉਣ ਵਾਲੇ ਦਾ ਪ੍ਰੋਫ਼ਾਈਲ ਦੇਖਿਆ ਤਾਂ ਇਹ ਅਮਨਦੀਪ ਦਾ ਸੀ। ਇਹ ਸ਼ਾਇਦ ਮੇਰੇ ਸਕੂਲ ਦੀ ਵਿਦਿਆਰਥਣ ਵੀ ਰਹੀ ਹੋਵੇ ਤੇ ਮੇਰੇ ਆਉਣ ਤੋਂ ਬਾਅਦ ਓਥੇ ਟੀਚਰ ਵੀ ਲੱਗੀ ਸੀ। ਹੁਣ ਮੇਰੀਆਂ ਅੱਖਾਂ ਵਿੱਚ ਬਲਜੀਤ ਦੇ ਜਾਣ ਦੇ ਹੰਝੂ ਨਹੀਂ ਸਗੋਂ ਇੱਕ ਧੀ ਦਾ ਪਿਓ ਪ੍ਰਤੀ ਪਿਆਰ ਵੇਖਕੇ ਖੁਸ਼ੀ ਦੇ ਸਨ। ਪਿਓ ਨੂੰ ਪਿਆਰ ਕਰਨਾ ਸ਼ਾਇਦ ਧੀਆਂ ਦੇ ਹਿੱਸੇ ਹੀ ਆਇਆ ਹੈ ਮੁੰਡੇ ਤਾਂ ਅਸੀਂ ਵਾਰਸ ਪੈਦਾ ਕਰਨ ਲਈ ਹੀ ਜੰਮਦੇ ਹਾਂ।
ਰਮੇਸ਼ ਸੇਠੀ ਬਾਦਲ
9876627233



