(ਸਮਾਜ ਵੀਕਲੀ)
ਸਫਿਆਂ ਉੱਤੇ ਚਮਕਣ ਤਾਰੇ
ਰੂਹ ਮੇਰੀ ਨੂੰ ਦੇਣ ਹੁਲਾਰੇ
ਕਾਲੀ ਰਾਤ ਦੀ ਲੋਈ ਲੈ ਕੇ
ਚਾਅ ਵੀ ਤਾਂ ਲੁੱਕ ਗਏ ਸਾਰੇ
ਮੈਂ ਕਮਲੀ ਵਣਜਾਰਣ ਹੋਈ
ਸ਼ਬਦ ਮੇਰੇ ਬਣਗੇ ਵਣਜਾਰੇ
ਅੱਜ ਓ ਪੱਕੀ ਛੱਤ ਦੇ ਹੇਠਾਂ
ਸੀ ਕਦੇ ਜੀਦੇ ਕੱਚੇ ਢਾਰੇ
ਬੇਰੁਜਗਾਰ ਰੁਜਗਾਰ ਦੀ ਖਾਤਿਰ
ਚੌਂਕਾਂ ਦੇ ਵਿੱਚ ਲਾਵਣ ਨਾਹਰੇ
ਓ ਜੱਗ ਦੇ ਵਿੱਚ ਕਦੇ ਨੀ ਰਲਦੇ
ਜੀ ਜੋ ਚਲਦੇ ਜੱਗੋਂ ਬਾਹਰੇ
ਓਹੀ ਲੇਖਕ ਪਾਠਕ ਥੀਂ ਭਾਵੇ
ਜਿਸ ਦੀ ਲਿਖਤ ਦਾ ਕੋਈ ਮਿਆਰੇ
ਜਿਹੜਾ ਨਾਮ ਦੇ ਬੇੜੇ ਚੜਿਆ
ਓਹੀ ਹੋਇਆ ਭਵਜਲ ਪਾਰੇ
ਮੈਂ ਸੱਜਣਾ ਦੀ ਬੌਰੀ ਹੋ ਗਈ
ਸੱਜਣ ਮੇਰੇ ਗਲ ਦਾ ਹਾਰੇ
ਦੇਖ ਦਿਲੇ ਦੇ ਰੋਗੀ ਅੜਿਆ
ਵੱਸਣ ਸਾਡੇ ਸ਼ਹਿਰ ਚ ਸਾਰੇ
ਅਮਨ ਦੀ ਆਦਤ ਬਣਕੇ ਬੈਠਾ
ਵਗਦਾ ਬਣ ਬਣ ਹੰਝੂ ਖਾਰੇ
ਅਮਨ ਢਿੱਲੋਂ ਕਸੇਲ



