HOME ਊਂ ਗੱਲ ਆ ਇੱਕ

ਊਂ ਗੱਲ ਆ ਇੱਕ

ਰਮੇਸ ਸੇਠੀ ਬਾਦਲ
 (ਸਮਾਜ ਵੀਕਲੀ) 
“ਡੈਡੀ ਜੀ ਉਮਰ ਦੇ ਵੱਧਣ ਨਾਲ ਤੁਸੀਂ ਕੁੱਝ ਜਿਆਦਾ ਹੀ ਕੰਜੂਸ ਜਿਹੇ ਹੋ ਗਏ। ਚੀਪੜ ਜਿਹੇ।”
ਸੁਣ ਕੇ ਮੈਂ ਹੱਸਿਆ। ਅੰਦਰੋਂ ਵੀ ਹੱਸਿਆ।
ਉਸਨੂੰ ਕਿਵੇਂ ਦੱਸਾਂ ਪੁੱਤ। ਅਸੀਂ ਬਚਪਨ ਵਿਚ ਗਰੀਬੀ ਵੇਖੀ ਹੈ। ਸੇਠ ਸੀ ਪਰ ਤਾਜ਼ੀ ਕਮਾਕੇ ਖਾਣ ਵਾਲੇ। ਸਰਕਾਰੀ ਮੁਲਾਜ਼ਮ ਦਾ ਪੁੱਤ ਸੀ ਪਰ ਹਾਲਾਤ ਅਨੁਕੂਲ ਨਹੀਂ ਸਨ।
ਉਸਨੂੰ ਕਿਵ਼ੇਂ ਦੱਸਾਂ ਕਿ ਮੇਰੀ ਮਾਂ ਜੋ  ਸ਼ੈਦੀ ਨਾਲ (ਜੋ ਸਾਡੇ ਗੋਹੇ ਕੂੜਾ ਕਰਦੀ ਹੁੰਦੀ ਸੀ) ਨਾਲ ਲੱਗਕੇ ਘਰ ਦੀਆਂ ਕੰਧਾਂ ਲਿਪਦੀ ਸੀ। ਤਾਕਿ ਉਸਨੂੰ ਦੇਣ ਵਾਲੀ ਮਜ਼ਦੂਰੀ ਦੀ ਅਠਿਆਨੀ ਬਚ ਸਕੇ।
ਉਸਨੂੰ ਕਿਵੇਂ ਦੱਸਾਂ ਕਿ ਮੇਰੀ ਮਾਂ ਰਾਤ ਨੂੰ ਦਾਦਾ ਜੀ ਦਾ ਇੱਕੋ ਇੱਕ  ਚਿੱਟਾ ਧੋਤੀ ਕੁੜਤਾ ਤੇ ਪੱਗ ਧੋਕੇ ਸੌਂਦੀ ਸੀ ਜਿਸ ਦਿਨ ਦਾਦਾ ਜੀ ਨੇ ਸਵੇਰੇ ਸ਼ਹਿਰ ਜਾਣਾ ਹੁੰਦਾ ਸੀ।
ਉਸਨੂੰ ਕਿਵੇਂ ਦੱਸਾਂ ਕਿ ਉਸਦੇ ਪੇਕਿਆਂ ਤੋਂ ਲਿਆਂਦਾ ਸੂਟ ਉਸਨੇ ਅਠਿਆਨੀ ਦੀ ਸੁਆਈ ਬਚਾਉਣ ਦੀ ਮਾਰੀ ਨੇ ਛੇ ਮਹੀਨੇ ਇਹ ਸੋਚਕੇ ਨਹੀਂ ਸੀ ਸੁਆਇਆ ਕਿ ਜਦੋਂ ਪੇਕੇ ਗਈ ਭਰਜਾਈ ਕੋਲੋ ਸੁਆ ਲਵਾਂਗੀ।
ਉਸਨੂੰ ਕਿਵ਼ੇਂ ਦੱਸਾਂ ਕਿ ਮੈਨੂੰ ਪੰਜਾਹ ਰੁਪਏ ਵਿਚ ਪੁਰਾਣਾ ਸਾਈਕਲ ਇਸ ਲਈ ਲੈ ਕਿ ਦਿੱਤਾ ਸੀ ਕਿਉਂਕਿ ਨਵਾਂ ਨੱਬੇ ਦਾ ਆਉਂਦਾ ਸੀ।
ਉਸਨੂੰ ਕਿਵ਼ੇਂ ਦੱਸਾਂ ਕਿ ਅਸੀਂ ਤਿੰਨ ਤਿੰਨ ਝੱਗੇ ਪਹਿਨਦੇ ਸੀ। ਕਿਉਂਕਿ ਇੱਕੋ ਇੱਕ ਸਵੈਟਰ ਮੈਲਾ ਹੋਣ ਤੋਂ ਡਰ ਲਗਦਾ ਸੀ।
ਉਸਨੂੰ ਕਿਵੇਂ ਦੱਸਾਂ ਕਿ ਮੇਰੀ ਮਾਂ ਸਾਰਾ ਦਿਨ ਚੋਣੀਆਂ ਨਾਲ ਨਰਮਾ ਚੁਗਦੀ ਸੀ ਤਾਕਿ ਚੁਗਾਈ ਬਚ ਜਾਵੇ।
ਉਸਨੂੰ ਕਿਵੇ ਦੱਸਾਂ ਕਿ ਜਿਸ ਘਰੇ ਅੱਜ ਮਾਰਬਲ ਲੱਗਿਆ ਹੈ ਉਸਨੂੰ ਮੇਰੀ ਮਾਂ ਗਾਂ ਦੇ ਗੋਹੇ ਨਾਲ ਲਿਪਦੀ ਸੀ।
ਉਸਨੂੰ ਕਿਵੇਂ ਦੱਸਾਂ ਕਿ ਮੇਰੀ ਮਾਂ ਸਿਰ ਤੇ ਛਟੀਆਂ ਦੀ ਪੰਡ ਲਿਆਉਂਦੀ ਸੀ ਫਿਰ ਚੁੱਲਾ ਬਲਦਾ ਸੀ।
ਉਸਨੂੰ ਕਿਵੇਂ ਦੱਸਾਂ ਅਸੀਂ ਭੈਣ ਭਰਾ ਬਾਟੇ ਦੀਆਂ ਚੱਪਲਾਂ ਦੇ ਵੀ ਟਾਂਕੇ ਲੁਆਕੇ ਪਹਿਨਦੇ ਸੀ।ਕਪੜਿਆਂ ਦੇ ਵੀ ਕਈ ਵਾਰੀ ਟਾਕੀ ਲਗਦੀ ਸੀ।
ਉਸਨੂੰ ਕਿਵੇਂ ਦੱਸਾਂ ਕਿ ਮੇਰਾ ਦਾਦਾ ਮੇਰੇ ਨਾਲ ਮਲੋਟ ਤੋਂ ਆਉਂਦਾ ਹੋਇਆ ਪਿੰਡ ਮਹਿਣੇ ਉਤਰ ਗਿਆ ਸੀ ਕਿ ਪੈਦਲ ਪਿੰਡ ਘੁਮਿਆਰੇ ਗਿਆ ਸੀ। ਤਾਂਕਿ ਕਿਰਾਇਆ ਬਚ ਜਾਵੇ।
ਭਾਵੇ ਅੱਜ ਘਰ ਦੀ ਜਗ੍ਹਾ ਕੋਠੀ ਹੈ ਸਾਈਕਲ ਤੋਂ ਸਫਾਰੀ ਤੇ ਪਹੁੰਚ ਗਏ ਹਾਂ। ਮਿੱਟੀ ਦੇ ਤੇਲ ਦੇ ਦੀਵੇ ਤੋਂ ਟਿਊਬਾਂ ਤੱਕ ਤੇ ਹੱਥ ਵਾਲੀ ਪੱਖੀ ਤੋਂ ਏ ਸੀ ਤੱਕ ਪਹੁੰਚ ਗਏ ਹਾਂ ਪਰ ਦਿਮਾਗ ਵਿਚੋਂ ਉਹ ਤੰਗੀ ਤੁਰਸ਼ੀ ਵਾਲੀ ਸੋਚ ਨਹੀਂ ਨਿਕਲਦੀ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਯੂਨਾਈਟਿਡ ਸਿੱਖਜ਼ ਤੇ ਗਿਆਨ ਪਰਗਾਸ ਟਰੱਸਟ ਵੱਲੋਂ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ ਸੰਬੰਧੀ ਕਰਵਾਈ ਗਈ ਵਿਸੇਸ਼ “ਵਿਚਾਰ ਚਰਚਾ “*
Next articleਪਿੰਨੀਆਂ ਕਿੱਥੇ ਗਈਆਂ…..!