(ਸਮਾਜ ਵੀਕਲੀ) ਸੀਤੋ ਤੇ ਮਾਨਾਂ ਬੂੜ ਸਿੰਘ ਦੀਆਂ ਵੱਡੀਆਂ ਨੂੰਹਾਂ ਸਨ।ਬੂੜ ਸਿੰਘ ਖੇਤੀ ਦਾ ਕੰਮ ਸੰਭਾਲੀ ਫਿਰਦਾ ਸੀ ਤੇ ਵੱਡੇ ਦੋਵੇਂ ਮੁੰਡਿਆਂ ਨੂੰ ਦਸ ਦਸ ਜਮਾਤਾਂ ਪਾਸ ਕਰਾ ਕੇ ਨਾਲ਼ ਪੈਂਦੇ ਕਸਬੇ ਵਿੱਚ ਵਰਕਸ਼ਾਪ ਖੋਲ੍ਹ ਕੇ ਦਿੱਤੀ ਹੋਈ ਸੀ। ਕੰਮ ਵਧੀਆ ਸੀ। ਸੀਤੋ ਨੂੰ ਵਿਆਹੀ ਆਈ ਨੂੰ ਹਜੇ ਛੇ ਮਹੀਨੇ ਵੀ ਨਹੀਂ ਹੋਏ ਸਨ ਕਿ ਬੂੜ ਸਿੰਘ ਦੀ ਪਤਨੀ ਧਨਵੰਤ ਕੌਰ ਰੱਬ ਨੂੰ ਪਿਆਰੀ ਹੋ ਗਈ ਸੀ।ਘਰ ਦੀ ਸਾਰੀ ਜ਼ਿੰਮੇਵਾਰੀ ਸੀਤੋ ਦੇ ਸਿਰ ਤੇ ਆ ਪਈ ਸੀ।ਉਸ ਦੇ ਤਿੰਨ ਛੋਟੇ ਦਿਓਰ ਸਨ। ਪਰ ਸਿਆਣੀ ਤੇ ਸਮਝਦਾਰ ਹੋਣ ਕਰਕੇ ਉਸ ਨੇ ਸਾਰੇ ਘਰ ਨੂੰ ਸੰਭਾਲ਼ ਲਿਆ ਸੀ। ਸੀਤੋ ਦੇ ਸਿਰ ਤੇ ਬੂੜ ਸਿੰਘ ਨੂੰ ਵੀ ਬਹੁਤਾ ਫ਼ਿਕਰ ਨਹੀਂ ਸੀ ਰਿਹਾ ਕਿਉਂਕਿ ਉਹ ਉਸ ਦੇ ਘਰ ਦਾ ਅਤੇ ਬੱਚਿਆਂ ਦਾ ਧਿਆਨ ਧਨਵੰਤ ਕੌਰ ਵਾਂਗੂੰ ਈ ਰੱਖਦੀ ਸੀ। ਸੀਤੋ ਨੇ ਸਾਲ ਕੁ ਬਾਅਦ ਆਪਣੇ ਘਰਵਾਲੇ ਤੋਂ ਛੋਟੇ ਦਿਓਰ ਨੂੰ ਆਪਣੇ ਮਾਮੇ ਦੀ ਧੀ ਮਾਨਾਂ ਦਾ ਰਿਸ਼ਤਾ ਕਰਵਾ ਦਿੱਤਾ ਤੇ ਛੇਤੀ ਹੀ ਵਿਆਹ ਕਰ ਲਿਆ ਸੀ। ਹੁਣ ਉਹ ਦੋਵੇਂ ਭੈਣਾਂ ਘਰ ਵਿੱਚ ਬਹੁਤ ਪਿਆਰ ਨਾਲ ਰਹਿੰਦੀਆਂ। ਦੂਜੇ ਦੋਵੇਂ ਦਿਓਰ ਹਜੇ ਛੋਟੇ ਸਨ ਤੇ ਕਾਲਜ ਵਿੱਚ ਪੜ੍ਹਦੇ ਸਨ।
ਪਿੰਨੀਆਂ ਕਿੱਥੇ ਗਈਆਂ…..!
ਸੀਤੋ ਤੋਂ ਵੀ ਰੱਬ ਨੇ ਕੁਝ ਨਹੀਂ ਲੁਕੋ ਕੇ ਰੱਖਿਆ ਸੀ। ਸੁੱਖ ਨਾਲ ਰੱਬ ਨੇ ਉਸ ਦੀ ਝੋਲੀ ਦੋ ਪੁੱਤਰਾਂ ਨਾਲ਼ ਭਰ ਦਿੱਤੀ ਸੀ। ਮਾਨਾਂ ਵੀ ਇੱਕ ਧੀ ਦੀ ਮਾਂ ਬਣ ਗਈ ਸੀ। ਉਹ ਆਪਣੇ ਜਵਾਕਾਂ ਅਤੇ ਦਿਓਰਾਂ ਵਿੱਚ ਕੋਈ ਫ਼ਰਕ ਨਾ ਸਮਝਦੀਆਂ। ਉਹ ਖਾਣ ਪੀਣ ਅਤੇ ਪਹਿਨਣ ਪਚਰਨ ਵਿੱਚ ਵੀ ਕੋਈ ਕਮੀ ਨਾ ਛੱਡਦੀਆਂ। ਸਿਆਲ ਚੜ੍ਹਦੇ ਈ ਖੋਏ ਦੀਆਂ ਪਿੰਨੀਆਂ ਬਣਾਉਂਦੀਆਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਗਰਮ ਦੁੱਧ ਨਾਲ ਆਪਣੇ ਬੱਚਿਆਂ ਨੂੰ ਤੇ ਦਿਓਰਾਂ ਨੂੰ ਪਿੰਨੀਆਂ ਵੰਡ ਕੇ ਦਿੰਦੀਆਂ। ਉਹਨਾਂ ਦੇ ਦੋਵੇਂ ਦਿਓਰ ਗੋਰਾ ਤੇ ਸੀਤਾ ਵੀ ਉਹਨਾਂ ਦੀ ਇੱਜ਼ਤ ਮਾਵਾਂ ਵਾਂਗੂੰ ਈ ਕਰਦੇ ਸਨ। ਸਾਰਾ ਪਰਿਵਾਰ ਜਦ ਇਕੱਠਾ ਬੈਠਦਾ ਤਾਂ ਉਹਨਾਂ ਦੇ ਘਰੋਂ ਹਾਸਿਆਂ ਦੀ ਹੀ ਅਵਾਜ਼ਾਂ ਆਉਂਦੀਆਂ। ਹੁਣ ਸੁੱਖ ਨਾਲ ਉਹਨਾਂ ਦੇ ਜਵਾਕ ਵੀ ਸਕੂਲ ਜਾਣ ਲੱਗ ਪਏ ਸਨ।ਬੂੜ ਸਿੰਘ ਦਾ ਤੀਜੇ ਨੰਬਰ ਵਾਲ਼ਾ ਪੁੱਤ ਗੋਰਾ ਪੜ੍ਹ ਕੇ ਨੌਕਰੀ ਕਰਨ ਲੱਗ ਪਿਆ ਸੀ ਤੇ ਸਭ ਤੋਂ ਛੋਟੇ ਸੀਤੇ ਨੇ ਪੜ੍ਹਾਈ ਵਿੱਚੇ ਛੱਡ ਕੇ ਬੂੜ ਸਿੰਘ ਦੀ ਖੇਤੀ ਬਾੜੀ ਦਾ ਸਾਰਾ ਕੰਮ ਸੰਭਾਲ ਲਿਆ ਸੀ। ਛੋਟੇ ਦੇ ਸਿਰ ਤੇ ਬੂੜ ਸਿੰਘ ਨੂੰ ਹੁਣ ਖੇਤੀ ਬਾੜੀ ਦਾ ਕੋਈ ਫ਼ਿਕਰ ਨਹੀਂ ਰਿਹਾ ਸੀ,ਜਦ ਦਿਲ ਕਰਦਾ ਖੇਤਾਂ ਵੱਲ ਗੇੜਾ ਮਾਰ ਆਉਂਦਾ।
ਊਹ ਦਿਨ ਵੀ ਆ ਗਿਆ ਜਦੋਂ ਸੀਤੋ ਤੇ ਮਾਨਾਂ ਨੇ ਆਪਣੇ ਲਾਡਲੇ ਦਿਓਰਾਂ ਨੂੰ ਇੱਕ ਇੱਕ ਦਿਨ ਦੇ ਫ਼ਰਕ ਨਾਲ ਘੋੜੀ ਚਾੜ੍ਹਿਆ। ਦੋਨਾਂ ਦੇ ਵਿਆਹ ਬਹੁਤ ਵਧੀਆ ਕੀਤੇ। ਹੁਣ ਸੁੱਖ ਨਾਲ ਟੱਬਰ ਹੋਰ ਵੱਡਾ ਹੋ ਗਿਆ ਸੀ। ਸੀਤੋ ਦੀਆਂ ਨਵੀਆਂ ਦਰਾਣੀਆਂ ਵੀ ਉਹਨਾਂ ਦੀ ਇੱਜ਼ਤ ਮਾਵਾਂ ਵਾਂਗੂੰ ਈ ਕਰਦੀਆਂ ਸਨ। ਵਿਆਹ ਨੂੰ ਛੇ ਕੁ ਮਹੀਨੇ ਹੋਏ ਸਨ । ਸਿਆਲ਼ ਚੜ੍ਹ ਆਇਆ ਸੀ। ਇੱਕ ਦਿਨ ਸੀਤੋ ਤੇ ਮਾਨਾਂ ਬਾਹਰਲੇ ਘਰ ਪਾਥੀਆਂ ਪੱਥਣ ਗਈਆਂ ਤਾਂ ਸੀਤੋ ਨੇ ਮਾਨਾਂ ਨੂੰ ਕਿਹਾ,”…. ਨੀ ਮਾਨਾਂ ਹੁਣ ਸਿਆਲ਼ ਚੜ੍ਹ ਗਿਆ…. ਕੱਲ੍ਹ ਨੂੰ ਆਪਾਂ ਦਸ ਸੇਰ ਦੁੱਧ ਦਾ ਖੋਆ ਈ ਨਾ ਮਾਰ ਲਈਏ …. ਏਨੇ ਖੋਏ ਦੀਆਂ ਪਿੰਨੀਆਂ ਨਾਲ਼ ਸਿਆਲ਼ ਨਿਕਲ਼ ਜਾਊ…..।”
“…. ਭੈਣ ਜੀ….. ਹੁਣ ਆਪਣਾ ਸੁੱਖ ਨਾਲ ਟੱਬਰ ਭਾਰੀ ਆ….. ਦਸ ਸੇਰ ਦੁੱਧ ਦੇ ਖੋਏ ਦੀਆਂ ਪਿੰਨੀਆਂ ਨੇ ਤਾਂ ਸਿਆਲ਼ ਨੀ ਕੱਢਣਾ….।”
ਸੀਤੋ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਈ।
ਅਗਲੇ ਦਿਨ ਸਵੇਰੇ ਜਦੋਂ ਸਾਰੀਆਂ ਜਾਣੀਆਂ ਸਵੇਰ ਦਾ ਕੰਮ ਧੰਦਾ ਨਿਬੇੜ ਕੇ ਬੈਠੀਆਂ ਨਾਲ਼ੇ ਚਾਹ ਪੀ ਰਹੀਆਂ ਸਨ ਤੇ ਨਾਲ਼ੇ ਹਾਸਾ ਠੱਠਾ ਕਰ ਰਹੀਆਂ ਸਨ ਤਾਂ ਸੀਤੋ ਗੋਰੇ ਦੀ ਘਰਵਾਲੀ ਜਸਪ੍ਰੀਤ ਤੇ ਸੀਤੇ ਦੀ ਪਤਨੀ ਜੀਤੀ ਨੂੰ ਆਖਣ ਲੱਗੀ”,….ਕੁੜੇ…. ਥੋਨੂੰ ਦੋਹਾਂ ਨੂੰ ਪੇਕੀਂ ਗਈਆਂ ਨੂੰ ਬਹੁਤ ਚਿਰ ਹੋ ਗਿਆ….. ਮੈਂ ਤਾਂ ਕਹਿਨੀ ਆਂ….. ਤੁਸੀਂ ਪੰਦਰਾਂ ਵੀਹ ਦਿਨ ਲਾ ਆਓ….!”
ਜਸਪ੍ਰੀਤ ਤੇ ਜੀਤੀ ਉਸ ਦੀ ਪੇਕੇ ਜਾਣ ਵਾਲੀ ਗੱਲ ਸੁਣ ਕੇ ਖੁਸ਼ ਹੋ ਗਈਆਂ। ਉਹਨਾਂ ਨੇ ਕਿਹਾ,”…. ਭੈਣ ਜੀ….ਸਾਡਾ ਜੀ ਤਾਂ ਕਦੋਂ ਦਾ ਕਰਦਾ ਪੇਕੇ ਜਾਣ ਨੂੰ…. ਬਸ ਅਸੀਂ ਜਕਦੀਆਂ ਨੇ ਈ ਨੀ ਕਿਹਾ…!”
“….. ਮੈਂ ਹੁਣੇ ਗੋਰੇ ਤੇ ਸੀਤੇ ਨੂੰ ਕਹਿੰਦੀ ਆਂ….. ਨਾਲ਼ੇ ਤੁਹਾਨੂੰ ਛੱਡ ਆਉਣਗੇ ਤੇ ਨਾਲ਼ੇ ਆਪ ਦੋ-ਦੋ ਦਿਨ ਰਹਿ ਆਉਣਗੇ….।” ਸੀਤੋ ਨੇ ਵੱਡੇ ਹੋਣ ਦਾ ਫਰਜ਼ ਨਿਭਾਉਂਦਿਆਂ ਕਿਹਾ।
ਜਸਪ੍ਰੀਤ ਤੇ ਜੀਤੀ ਵੀਹ ਕੁ ਦਿਨ ਬਾਅਦ ਆਪਣੇ ਪੇਕਿਆਂ ਤੋਂ ਸਹੁਰੇ ਘਰ ਵਾਪਸ ਆ ਗਈਆਂ , ਉਹਨਾਂ ਦੇ ਭਰਾ ਉਹਨਾਂ ਨੂੰ ਛੱਡ ਗਏ। ਉਹ ਦੋਵੇਂ ਬਹੁਤ ਖੁਸ਼ ਸਨ। ਅਗਲੇ ਦਿਨ ਜਦ ਸੀਤੋ ਤੇ ਮਾਨਾਂ ਬਾਹਰਲੇ ਘਰ ਪਾਥੀਆਂ ਪੱਥਣ ਗਈਆਂ ਤਾਂ ਜੀਤੀ ਸਫ਼ਾਈਆਂ ਕਰਨ ਲੱਗ ਪਈ ਤੇ ਜਸਪ੍ਰੀਤ ਭਾਂਡੇ ਟੀਂਡੇ ਸਾਂਭਣ ਲੱਗ ਪਈ। ਜੀਤੀ ਸਾਰੇ ਟੰਗੇ ਹੋਏ ਕੱਪੜਿਆਂ ਦੀ ਤਹਿ ਲਾਉਣ ਲੱਗੀ। ਬੇਬੇ ਦੇ ਸੰਦੂਕ ਕੋਲ਼ ਨਵਾਰ ਦਾ ਮੰਜਾ ਖੜ੍ਹਾ ਸੀ। ਉਹ ਉਸੇ ਤਰ੍ਹਾਂ ਹੀ ਉੱਥੇ ਖੜ੍ਹਾ ਰਹਿੰਦਾ ਸੀ। ਸਾਰੇ ਜਣੇ ਆਪਣੇ ਕੱਪੜੇ ਲੀੜੇ ਉਹਦੇ ਪਾਵਿਆਂ ਤੇ ਟੰਗ ਦਿੰਦੇ ਸਨ। ਬੇਬੇ ਦੀ ਇੱਕ ਬਰੀਕ ਛਿਟੀਆਂ ਦੀ ਗੋਲ ਜਿਹੀ ਟੋਕਰੀ ਵੀ ਉੱਥੇ ਟੰਗੀ ਰਹਿੰਦੀ ਸੀ। ਜੱਸੀ ਨੇ ਜਦ ਕੱਪੜਿਆਂ ਦੀ ਤਹਿ ਲਾ ਕੇ ਟੋਕਰੀ ਨੂੰ ਸਾਫ਼ ਕਰਨ ਲਈ ਲਾਹਿਆ ਤਾਂ ਉਹ ਬਹੁਤ ਭਾਰੀ ਸੀ। ਉਸ ਨੇ ਜਦ ਵੇਖਿਆ ਤਾਂ ਟੋਕਰੀ ਖੋਏ ਦੀਆਂ ਪਿੰਨੀਆਂ ਨਾਲ਼ ਅੱਧੀ ਭਰੀ ਹੋਈ ਸੀ ਤੇ ਉੱਤੋਂ ਢਕੀ ਹੋਈ ਸੀ। ਉਸ ਨੇ ਝੱਟ ਦੇਣੇ ਜਸਪ੍ਰੀਤ ਨੂੰ ਹਾਕ ਮਾਰੀ,”ਮੈਂ ਆਖਿਆ…. ਭੈਣ ਜੀ….. ਗੱਲ ਸੁਣਿਓਂ ਮੇਰੀ….!”
ਜਸਪ੍ਰੀਤ ਉਸ ਕੋਲ ਗਈ ਤਾਂ ਉਸ ਨੇ ਉਸ ਨੂੰ ਪਿੰਨੀਆਂ ਦਿਖਾਈਆਂ ਤੇ ਕਿਹਾ,”…ਭੈਣ ਜੀ ਆਪਾਂ ਨੂੰ ਦੋ ਦਿਨ ਹੋਗੇ ਆਈਆਂ ਨੂੰ…. ਇਹਨਾਂ ਨੇ ਪਿੰਨੀਆਂ ਦੀ ਭਾਫ਼ ਨੀ ਕੱਢੀ….!… ਛੱਡਣ ਆਏ ਆਪਣੇ ਭਰਾਵਾਂ ਨੂੰ ਵੀ ਸੁੱਕੀ ਚਾਹ ਈ ਰੱਖੀ ਐ….ਆਹ ਲਓ! ਫੜੋ ਅੱਧੀਆਂ ਪਿੰਨੀਆਂ ਤੁਸੀਂ ਰੱਖੋ ਤੇ ਅੱਧੀਆਂ ਮੈਂ ਰੱਖਦੀ ਆਂ…. (ਕਹਿ ਕੇ ਹੱਸ ਪਈ)…!”
“….ਨਾ…ਨਾ… ਵੱਡੇ ਭੈਣ ਜੀ ਹੋਰੀਂ ਬੋਲਣਗੀਆਂ ਆਪਾਂ ਨੂੰ….!” ਜਸਪ੍ਰੀਤ ਨੇ ਕਿਹਾ।
“…. ਭੈਣ ਜੀ ਕਿਹੜੇ ਮੂੰਹ ਨਾਲ ਬੋਲਣਗੀਆਂ…. ਉਹਨਾਂ ਨੇ ਕਿਹੜਾ ਆਪਾਂ ਨੂੰ ਦੱਸਿਆ….!” ਜੱਸੀ ਆਖਣ ਲੱਗੀ।
(ਉਸ ਨੇ ਦੋ ਲਿਫਾਫਿਆਂ ਵਿੱਚ ਅੱਧੀਆਂ ਅੱਧੀਆਂ ਪਿੰਨੀਆਂ ਪਾ ਕੇ ਇੱਕ ਲਿਫ਼ਾਫ਼ਾ ਜਸਪ੍ਰੀਤ ਨੂੰ ਫੜਾਇਆ ਤੇ ਇੱਕ ਆਪਣੀ ਅਲਮਾਰੀ ਵਿੱਚ ਸਾਂਭ ਲਿਆ ਤੇ ਟੋਕਰੀ ਸਾਫ਼ ਕਰਕੇ ਉੱਥੇ ਹੀ ਟੰਗ ਦਿੱਤੀ।)
ਰਾਤ ਨੂੰ ਜਦੋਂ ਸੀਤੋ ਤੇ ਮਾਨਾਂ ਦੁੱਧ ਪੀਣ ਲਈ ਗਰਮ ਕਰਕੇ ਆਪਣੇ ਆਪਣੇ ਕਮਰਿਆਂ ਵਿੱਚ ਰੱਖ ਕੇ ਪਿੰਨੀਆਂ ਲੈਣ ਗਈਆਂ ਤਾਂ ਪਿੰਨੀਆਂ ਨਹੀਂ ਸਨ। ਦੋਵੇਂ ਆਪਸ ਵਿੱਚ ਕੁਛ ਘੁਸਰ ਮੁਸਰ ਕਰਦੀਆਂ ਹਨ ਤੇ ਚੁੱਪ ਕਰ ਕੇ ਆਪੋ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ।
ਅਗਲੇ ਦਿਨ ਜਦ ਦੋਵੇਂ ਜਾਣੀਆਂ ਪਾਥੀਆਂ ਪੱਥਣ ਗਈਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ….
“…. ਭੈਣ ਜੀ ਹੁਣ ਕੀਹਨੂੰ ਪੁੱਛੀਏ….. ਤੇਰੇ ਤੇ ਮੇਰੇ ਤੋਂ ਸਿਵਾਏ ਕਿਸੇ ਨੂੰ ਪਤਾ ਨੀ ਸੀ…. (ਆਪਣੇ ਆਪ ਵਿੱਚ ਸ਼ਰਮਿੰਦਾ ਹੁੰਦੀਆਂ ਹੋਈਆਂ ਤੇ ਸਭ ਕੁਝ ਜਾਣਦੀਆਂ ਹੋਈਆਂ ਦੋਵੇਂ ਇਕੱਠੀਆਂ ਬੋਲਦੀਆਂ ਹਨ)
“….ਖਬਰੈ…. ਪਿੰਨੀਆਂ ਕਿੱਥੇ ਗਈਆਂ …” ਸੀਤੋ ਮੌਕਾ ਸੰਭਾਲਦੀ ਹੋਈ ਮਾਨਾਂ ਨੂੰ ਕਹਿੰਦੀ ਹੈ,”….ਕੋਈ ਨਾ …..ਹੁਣ ਆਪਾਂ ਚਾਰੇ ਜਾਣੀਆਂ ਰਲ਼ ਕੇ ਖੋਆ ਮਾਰਾਂਗੀਆਂ…. ਤੇ ਸਾਰੇ ਟੱਬਰ ਲਈ ਪੀਪਾ ਭਰ ਕੇ ਪਿੰਨੀਆਂ ਬਣਾਵਾਂਗੀਆਂ….!”
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



