HOME ” ਰੂਹਾਨੀ ਰਿਸ਼ਤਿਆਂ ਦਾ ਬਿਰਤਾਂਤ ਸਿਰਜਦਾ ਨਾਵਲ – ਰਿਸ਼ਤਿਆਂ ਦੀ ਧੁੱਪ –...

” ਰੂਹਾਨੀ ਰਿਸ਼ਤਿਆਂ ਦਾ ਬਿਰਤਾਂਤ ਸਿਰਜਦਾ ਨਾਵਲ – ਰਿਸ਼ਤਿਆਂ ਦੀ ਧੁੱਪ – ਛਾਂ”

5

ਪੁਸਤਕ ਦਾ ਨਾਂ –  ਰਿਸ਼ਤਿਆਂ ਦੀ ਧੁੱਪ – ਛਾਂ (ਨਾਵਲ)
ਲੇਖਕ –             ਕਿਰਨਦੀਪ ਕੌਰ (ਭਾਈ ਰੂਪਾ)
ਪੰਨੇ –      120    ਕੀਮਤ – 300/- ਰੁਪਏ
ਪ੍ਰਕਾਸ਼ਕ –          ਨਵਰੰਗ ਪਬਲੀਕੇਸ਼ਨਜ਼, ਸਮਾਣਾ।

-ਤੇਜਿੰਦਰ ਚੰਡਿਹੋਕ
  (ਸਮਾਜ ਵੀਕਲੀ)  ਨਾਵਲ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੁੰਦੀ ਹੈ ਕਿ ਨਾਵਲਕਾਰ ਉਸ ਕਹਾਣੀ ਦੀ ਲੜੀ ਨੂੰ ਟੁੱਟਣ ਨੇ ਦੇਵੇ। ਜਦੋਂ ਕਹਾਣੀ ਦੀ ਲੜੀ ਟੁੱਟ ਜਾਂਦੀ ਹੈ ਤਾਂ ਪਾਠਕ ਦੀ ਰੌਚਕਤਾ ਵੀ ਖਤਮ ਹੋ ਜਾਂਦੀ ਹੈ। ਇਕ ਕਾਂਡ ਵਿਚ ਕਹਾਣੀ ਨੂੰ ਛੱਡ ਅਗਲੇ ਨੇੜਲੇ ਕਾਂਡ ਵਿਚ ਜੋੜਨਾ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ ਅਤੇ ਪਾਠਕ ਉਕਤਾਉਂਦਾ ਨਹੀਂ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਨਾਵਲ ਜਾਂ ਕਹਾਣੀ ਦਾ ਨਾਇਕ ਅਤੇ ਨਾਇਕਾ ਪਤੀ – ਪਤਨੀ, ਪ੍ਰੇਮੀ – ਪ੍ਰੇਮਿਕਾ ਹੀ ਹੋਵੇ। ਨਾਵਲ ਦੇ ਸਾਰਥਕ ਵਰਤਾਰਿਆਂ ਵਿਚ ਆਉਣ ਵਾਲਾ ਕੋਈ ਵੀ ਪਾਤਰ ਨਾਇਕ ਜਾਂ ਨਾਇਕਾ ਹੋ ਸਕਦਾ ਹੈ।
ਕਿਰਨਦੀਪ ਕੌਰ (ਭਾਈ ਰੂਪਾ) ਦਾ ਇਹ ਦੂਜਾ ਨਾਵਲ ਹੈ ” ਰਿਸ਼ਤਿਆਂ ਦੀ ਧੁੱਪ- ਛਾ” ਜਿਹੜਾ 112 ਪੰਨਿਆਂ ਉਪਰ 45 ਭਾਗਾਂ ਵਿੱਚ ਵੰਡਿਆ ਹੋਇਆ ਹੈ। ਉਸ ਦਾ ਪਲੇਠਾ ਨਾਵਲ ” ਦੀਜੈ ਬੁੱਧਿ ਬਿਬੇਕਾ” ਇਸ ਨਾਵਲ ਤੋਂ ਦੋ ਕੁ ਸਾਲ ਪਹਿਲਾਂ ਆਇਆ ਸੀ ਜਿਸ ਦੀ ਕਾਫੀ ਚਰਚਾ ਰਹੀ ਹੈ। ਇਸ ਹਥਲੇ ਨਾਵਲ ਬਾਰੇ ਵੀ ਕਹਾਣੀਕਾਰਾ ਅੰਮ੍ਰਿਤਪਾਲ ਕਲੇਰ ਅਤੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਇਸ ਨਾਵਲ ” ਰਿਸ਼ਤਿਆਂ ਦੀ ਧੁੱਪ- ਛਾਂ” ਨੂੰ ਪੜ੍ਹਦਿਆਂ ਸਾਡੇ ਸਮਾਜ ਵਿਚ ਵਿਚਰਦੇ ਰਿਸ਼ਤਿਆਂ ਦੀ ਟੁੱਟ – ਭੱਜ, ਦਿਆਨਤਦਾਰੀ ਅਤੇ ਮਨੁੱਖਤਾ ਦੇ ਆਚਰਣ ਦਾ ਗਿਆਨ ਪ੍ਰਦਾਨ ਹੁੰਦਾ ਹੈ। ਨਾਵਲ ਦਾ ਨਾਇਕ ਚਰਨਾ ਹੈ ਜਿਸ ਦਾ ਨਾਇਕਾ ਨਸੀਬ ਨਾਲ ਕੋਈ ਰਿਸ਼ਤਾ ਨਹੀਂ, ਪਿਆਰ ਨਹੀਂ ਜਾਂ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਪਰ ਫਿਰ ਵੀ ਉਹ ਨਸੀਬ ਨਾਲ ਮਨੁੱਖਤਾ ਵਸ ਅਪਣਾ ਲਗਾਅ ਹੋਣ ਦਾ ਕਿਰਦਾਰ ਨਿਭਾਉਂਦਾ ਹੈ। ਨਸੀਬ ਦੇ ਹਰ ਦੁੱਖ – ਸੁੱਖ ਵਿਚ ਉਸ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਆਪਣੀ ਭਾਬੀ ਦਾ ਸਤਾਇਆ ਚਰਨਾ ਪਿੰਡ ਦੇ ਡੇਰੇ ਵਿਚ ਬਾਬੇ ਸੁਖਦੇਵ ਦਾ ਚੇਲਾ ਬਣ ਕੇ ਰਹਿੰਦਾ ਹੈ। ਕਿਉੰਕਿ ਜ਼ਮੀਨ ਦੇ ਲਾਲਚ ਵਿੱਚ ਮਿੰਦੋ ਉਸ ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਅਤੇ ਆਪਣੇ ਨਾਲ ਭੋਗਣਾ ਚਾਹੁੰਦੀ ਹੈ। ਨਾਵਲ ਦੇ ਅੰਤਰਗਤ ਹਾਲਾਤਾਂ ਨੂੰ ਵੇਖਦਿਆਂ ਜੀਤਾ ਅਮਲੀ, ਬੱਗਾ ਬਦਮਾਸ਼ ਟਾਈਪ ਦੇ ਪਤਰ ਹਨ ਜਿਹਨਾਂ ਦੇ ਨਾਲ ਮੱਘਰ ਅਤੇ ਨਾਜਰ ਵਰਗੇ ਅਜਿਹੇ ਕਿਰਦਾਰ ਹਨ ਜਿਹੜੇ ਮਾੜਿਆਂ ਸੰਗ ਲਗ ਕੇ ਉਹਨਾਂ ਹੀ ਉਂਗਲ ਲਾਉਣ ਦਾ ਕਿਰਦਾਰ ਨਿਭਾਉਂਦੇ ਹਨ ਅਤੇ ਮਾੜੇ ਬੰਦਿਆਂ ਦਾ ਸਾਥ ਦਿੰਦੇ ਹਨ।
ਬੱਗਾ ਲੰਬੜਾਂ ਦਾ ਵਿਗੜਿਆ ਹੋਇਆ ਮੁੰਡਾ ਹੈ ਜਿਹੜਾ ਪਿੰਡ ਦੀ ਹਰ ਕੁੜੀ,ਔਰਤ ਤੇ ਮਾੜੀ ਨਜ਼ਰ ਰੱਖਦਾ ਹੈ, ਇਸ ਗੱਲ ਤੋਂ ਇਸ ਦੀ ਮਾਂ ਸੀਬੋ ਵੀ ਬਹੁਤ ਦੁੱਖੀ ਹੈ ਕਿਉੰਕਿ ਉਸ ਨੂੰ ਹਰ ਕਿਸੇ ਦੇ ਉਲਾਂਭੇ ਸੁਣਨੇ ਪੈਂਦੇ ਹਨ। ਉਸ ਦਾ ਸ਼ਰੀਕੇ ਚੋਂ ਲਗਦੀ ਭਾਬੀ ਨਿੰਮੋ ਨਾਲ ਇਸ਼ਕ ਚਲਦਾ ਹੈ। ਉਧਰ ਸਿੰਦਰ ਦਾ ਪਿਆਰ ਗੁਰਮੀਤ ਨਾਲ ਚਲਦਾ ਹੈ ਜਿਹੜੀ ਧੰਨ ਕੁਰ ਦੀ ਕੁੜੀ ਹੈ। ਨੈਬਾ, ਬਲਬੀਰ ਅਤੇ ਸੰਤੋਖ ਤਿੰਨੋ ਸਕੇ ਭਰਾ ਹਨ  ਅਤੇ ਉਹਨਾਂ ਦੀ ਭੈਣ ਹੈ ਰਾਣੋ, ਜਿਹਨਾਂ ਦੇ ਮਾਂ – ਪਿਓ ਨਹੀਂ ਸਨ। ਵੱਡੇ ਭਰਾਵਾਂ ਦਾ ਵਿਆਹ ਨਹੀਂ ਹੁੰਦਾ ਤਾਂ ਸਭ ਤੋਂ ਛੋਟੇ ਭਰਾ ਸੰਤੋਖ ਦਾ ਵਿਆਹ ਨਸੀਬ ਨਾਲ ਹੋ ਜਾਂਦੈ ਜਿਸ ਨੇ ਸੰਤੋਖ ਹੋਰਾਂ ਦੇ ਘਰ ਨੂੰ ਸੰਭਾਲ ਲਿਆ। ਪਰਿਵਾਰ ਵਿਚ ਇਤਫ਼ਾਕ ਬਣਾ ਕੇ ਰੱਖਿਆ। ਸੰਤੋਖ ਸਿੱਧੇ ਸਾਦੇ ਸੁਭਾਅ ਦਾ ਮਾਲਕ ਹੈ। ਬੱਗਾ ਨਸੀਬ ਨੂੰ ਵੀ ਪਾਉਣ ਲਈ ਹਰ ਹੀਲਾ ਵਰਤ ਕੇ ਜੋਰ ਲਗਾਉਂਦਾ ਹੈ। ਪਰ ਨਸੀਬ ਉਸ ਦਾ ਵਿਆਹ ਮਿੰਦੀ ਨਾਮੀ ਲੜਕੀ ਨਾਲ ਕਰਵਾ ਦਿੰਦੀ ਹੈ। ਉਸ ਨੂੰ ਪਈਆਂ ਮਾੜੀਆਂ ਆਦਤਾਂ ਉਸ ਉਪਰ ਹਾਵੀ ਰਹਿੰਦਿਆਂ ਹਨ।
ਨਾਵਲ 1970 ਤੋਂ 1990 ਦੇ ਕਾਲ਼ੇ ਦਿਨਾਂ ਦੀ ਗੱਲ ਵੀ ਕਰਦਾ ਹੈ। ਉੱਘੇ ਨੇਤਾ ਦੇ ਕਤਲ ਨੂੰ ਲੈਕੇ ਹੋਏ ਕਤਲੋਗਾਰਤ ਅਤੇ ਅੱਤਵਾਦ ਦੇ ਜਨਮ ਦੀ ਵਿਥਿਆ ਵੀ ਪੇਸ਼ ਕਰਦਾ ਹੈ। ਜਿਸ ਦੀ ਲੂੰ ਕੰਡੇ ਖੜੇ ਕਰਨ ਵਾਲੀ ਅਤੇ ਕਿਸੇ ਤੋਂ ਛੁਪੀ ਹੋਈ ਹਕੀਕਤ ਨਹੀਂ ਹੈ। ਇਸੇ ਸਮੇਂ ਦੌਰਾਨ ਬਾਬਾ ਤੇ ਚਰਨਾ ਭੂਮੀਗਤ ਹੋ ਜਾਂਦੇ ਹਨ ਜਿਨ੍ਹਾਂ ਚਿਰ ਹਾਲਾਤ ਠੀਕ ਨਹੀਂ ਹੁੰਦੇ। ਚਰਨਾ ਵੀ ਮਾੜੇ ਅਨਸਰਾਂ ਨੂੰ ਸੋਧਣ ਲਈ ਅੱਤਵਾਦੀਆਂ ਵਾਲਾ ਰੂਪ ਧਾਰਨ ਕਰ ਲੈਂਦਾ ਹੈ ਜੀਤ ਜਦੋਂ ਨਸੀਬ ਨਾਲ ਜਬਰਦਸਤੀ ਕਰਨ ਲਗਦਾ ਹੈ ਤਾਂ ਚਰਨਾ ਉਸ ਦੇ ਵੇਹੜੇ ਰੋੜਾ ਮਾਰ ਕੇ ਉਸ ਦਾ ਧਿਆਨ ਭਟਕਾ ਦਿੰਦਾ ਹੈ ਜਿਸ ਦਾ ਫਾਇਦਾ ਲੈਕੇ ਨਸੀਬ ਬੱਚ ਜਾਂਦੀ ਹੈ। ਅਜਿਹੇ ਸਮੇਂ ਜੀਤ ਵਰਗੇ ਨਸੀਬ ਨੂੰ ਕਾਮ ਵਾਸਨਾ ਪੂਰੀ ਕਰਨ ਲਈ ਸਾਜਿਸ਼ ਰਚਦੇ ਹਨ। ਨਾਜਰ, ਮੱਘਰ ਦੀ ਸਲਾਹ ਤੇ ਨਸੀਬ ਨੂੰ ਅਪਣਾ ਬਣਾਉਣ ਲਈ ਜੀਤ ਆਪਣੇ ਭਤੀਜੇ ਜਿਹੜਾ ਨਵਾਂ ਪੁਲਿਸ ਵਿਚ ਭਾਰਤੀ ਹੁੰਦਾ ਹੈ, ਤੋਂ ਬਾਬੇ, ਚਰਨੇ ਅਤੇ ਸੰਤੋਖ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਝੂਠੇ ਕੇਸ ਵਿੱਚ ਚੁਕਵਾਉਣ ਦੀ ਕੋਸ਼ਿਸ਼ ਕਰਦਾ ਹੈ। ਭਾਵੇਂ ਬਾਬਾ ਤੇ ਚਰਨਾ ਉਹਨਾਂ ਦੇ ਹੱਥ ਨਹੀਂ ਲਗਦੇ ਪਰ ਸੰਤੋਖ ਨੂੰ ਚੁੱਕ ਕੇ ਬਹੁਤ ਤਸੀਹੇ ਦਿੱਤੇ ਜਾਂਦੇ ਹਨ।
ਉਧਰ ਮਿੰਦੋ ਸੰਤੋਖ ਦੇ ਭਰਾ ਬਲਬੀਰੇ ਨੂੰ ਚੁੱਕ ਕੇ ਆਪਣੀ ਭਤੀਜੀ ਚੰਨੋ ਨਾਲ ਵਿਆਹ ਕਰਵਾਉਂਦੀ ਹੈ ਜਿਸ ਦੀ ਉਮਰ ਬਹੁਤ ਛੋਟੀ ਹੈ। ਮਿੰਦੋ ਲਾਲਚੀ ਕਿਸਮ ਦੀ ਕਿਰਦਾਰ ਹੈ ਜਿਹੜੀ ਕਈ ਪਾਸੇ ਪੇਚੇ ਪਾ ਕੇ ਅਪਣਾ ਲਾਲਚ ਪੂਰਾ ਕਰਨ ਦਾ ਯਤਨ ਕਰਦੀ ਹੈ। ਜੀਤ ਮਿੰਦੋ ਨੂੰ ਮੋਹਰਾ ਬਣਾ ਨਸੀਬ ਨੂੰ ਵਰਗਲਾਉਣ ਲਈ ਦਾਅ ਵਰਤਦਾ ਹੈ। ਮਿੰਦੋ ਆਪਣੇ ਦਿਓਰ ਚਰਨੇ ਨੂੰ ਵੀ ਜ਼ਮੀਨ ਖਾਤਰ ਫਸਾਉਣ ਦਾ ਯਤਨ ਕਰਦੀ ਹੈ ਪਰ ਉਸ ਡੇਰੇ ਵਿਚ ਬਾਬੇ ਕੋਲ ਰਹਿਣ ਲਗ ਪੈਂਦਾ ਹੈ। ਅਖੀਰ ਮਿੰਦੋ ਚਲਾਕੀ ਨਾਲ ਜੀਤ ਨੂੰ ਦਾਰੂ ਵਿਚ ਜ਼ਹਿਰ ਮਿਲਾ ਕੇ ਮਾਰ ਦਿੰਦੀ ਹੈ। ਨਾਵਲ ਵਿਚ ਇਕ ਗੱਲ ਸੱਚ ਆਈ ਹੈ ਕਿ ਸਮਾਂ ਬਹੁਤ ਵੱਡੀ ਚੀਜ਼ ਹੈ ਜਿਸ ਨੂੰ ਤੁਸੀ ਦੇਖਣਾ ਨਹੀਂ ਚਾਹੁੰਦੇ ਲੋੜ ਸਮੇਂ ਉਸ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਜਿਵੇਂ ਨਸੀਬ ਜੀਤ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਪਤੀ ਸੰਤੋਖ ਨੂੰ ਬਚਾਉਣ ਲਈ ਮਿੰਨਤਾਂ ਕਰਦੀ ਹੈ। ਉਧਰ ਚਰਨਾ ਆਪਣੇ ਹਿੱਸੇ ਦੀ ਜ਼ਮੀਨ ਦੇ ਕਾਗਜ਼ ਰੱਖ ਪੈਸੇ ਫੜ ਉੱਚ ਅਧਿਕਾਰੀਆਂ ਨੂੰ ਦੇ ਕੇ ਸੰਤੋਖ ਨੂੰ ਹਿਰਾਸਤ ਵਿਚੋਂ ਛੁਡਾ ਕੇ ਲਿਆਉਂਦਾ ਹੈ ਹਾਲਾਂ ਕਿ ਉਸ ਦਾ ਇਸ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ।
ਨਸੀਬ ਅਤੇ ਚੰਨੋ ਦੋਨੋ ਭੈਣਾਂ ਵਾਂਗ ਰਹਿੰਦਿਆਂ ਹਨ। ਗੁਰਵਿੰਦਰ ਨਸੀਬ ਦਾ ਵੱਡਾ ਮੁੰਡਾ ਅਤੇ ਜਸਵੀਰ ਛੋਟਾ ਮੁੰਡਾ ਹੈ ਜਿਹੜਾ ਉਹਨਾਂ ਨੂੰ ਝਿੜੀ ਦੇ ਬਾਬੇ ਦੀ ਕ੍ਰਿਪਾ ਨਾਲ ਮਿਲੇ ਮੰਨਦੀ ਹੈ। ਇੱਥੋਂ ਤੱਕ ਕਿ ਨਸੀਬ ਆਪਣਾ ਛੋਟਾ ਮੁੰਡਾ ਜਸਵੀਰ ਚੰਨੋ ਨੂੰ ਇਸ ਕਰਕੇ ਦੇ ਦਿੰਦੀ ਹੈ ਕਿ ਬਲਬੀਰੇ ਅਤੇ ਚੰਨੋ ਦੀ ਉਮਰ ਵਿੱਚ ਬਹੁਤ ਅੰਤਰ ਹੁੰਦਾ ਹੈ ਅਤੇ ਬਲਬੀਰ ਬਾਪ ਬਣਨ ਯੋਗ ਨਹੀਂ ਹੁੰਦਾ। ਨਾਵਲ ਵਿਚ ਸੰਤੋਖ ਦੀ ਮੌਤ ਦਾ ਕਾਰਨ ਖੇਤ ਵਿੱਚ ਗਰਮੀ ਸਮੇਂ ਸਪਰੇ ਕਰਕੇ ਫਿਰ ਠੰਡੇ ਪਾਣੀ ਵਿਚ ਵੜਨ ਤੇ ਬੇਹੋਸ਼ ਹੋਣਾ ਦੱਸਿਆ ਗਿਆ ਹੈ।
ਨਾਵਲ ਵਿਚ ਦੋ ਪਹਿਲੂ ਉੱਘੜ ਕੇ ਸਾਹਮਣੇ ਆਉਂਦੇ ਹਨ, ਇੱਕ ਤਾਂ ਆਦਮੀ ਦਾ ਕਾਮ ਵਾਸਨਾ ਪ੍ਰਤੀ ਲਾਲਚਾਉਣਾ ਅਤੇ ਦੂਜਾ ਔਰਤ ਦਾ ਸਿਦਕ। ਜਿੱਥੇ ਬੱਗੇ, ਜੀਤ ਵਰਗੇ ਕਾਮ ਵਾਸਨਾ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਉੱਥੇ ਨਸੀਬ ਅਤੇ ਚੰਨੋ ਵਲੋ ਆਪਣੇ ਪਤੀ ਧਰਮ ਨੂੰ ਬਰਕਰਾਰ ਰੱਖਣਾ। ਚਰਨੇ ਦਾ ਸੋਚਣਾ ਕਿ ਉਸ ਦਾ ਨਸੀਬ ਨਾਲ ਕਿਹੋ ਜਿਹਾ ਰਿਸ਼ਤਾ ਹੈ ?
ਨਾਵਲਕਾਰਾ ਵਲੋ ਵਧੀਆ ਨਾਵਲ ਸਿਰਜਿਆ ਗਿਆ ਹੈ ਪਰ ਫਿਰ ਵੀ ਮੈਨੂੰ ਕੁਝ ਥਾਈਂ ਊਣਤਾਈਆਂ ਨਜ਼ਰ ਆਉਂਦੀਆਂ ਹਨ ਜਿਵੇਂ ਕਿ – ਪੰਨਾ ਨੰਬਰ 10 ਉਪਰ ਲਿਖਿਆ ਹੈ ” ਅੱਗੋਂ ਜੀਤਾ ਕਹਿੰਦਾ ‘ ਮੁਫ਼ਤ ਦੀਆਂ ਈ ਸੁਣਨ ਨੂੰ ਫਿਰਦੇ ਰਹਿਣੇ ਓ। ਜਾਂ ਤਾਂ ਕਹੋ ਬਈ ਚਾਹ ਦਾ ਕੌਲਾ ਭਰੀ ਬੈਠੇ ਓ ‘ ਨਜ਼ਰ ਨੇ ਮਖੌਲ ਕਰਦਿਆਂ ਕਿਹਾ” ਇੱਥੇ ਇਹ ਪਤਾ ਨਹੀਂ ਲਗਦਾ ਕਿ ਇਹ ਵਾਕ ਜੀਤੇ ਦੇ ਹਨ ਕਿ ਨਾਜਰ ਦੇ। ਪੰਨਾ ਨੰਬਰ 66 ਅਤੇ 69 ਤੇ ਇਕ ਪਾਸੇ ਲਿਖਿਆ ਹੈ ਕਿ ਮਿੰਦੋ ਦਾ ਭਰਾ ਚੰਨੋ ਦੇ ਰਿਸ਼ਤੇ ਲਈ ਨਹੀਂ ਮੰਨਦਾ ਕਿਉੰਕਿ ਬਲਬੀਰੇ ਦੀ ਉਮਰ ਵੱਡੀ ਹੈ ਦੂਜੇ ਪਾਸੇ ਲਿਖਿਆ ਭਰਾ ਭਰਜਾਈ ਹੁੰਦੇ ਤਾਂ ਹੋ ਗੱਲ ਸੀ। ਇਸੇ ਤਰ੍ਹਾਂ ਇਸ ਨਾਵਲ ਵਿਚ ਇਕ ਹਿੰਦੀ ਦਾ ਸ਼ਬਦ ” ਬਹੂ” ਅਤੇ ” ਕਿਸੇ ਨੇ ਸੱਚ ਹੀ ਕਿਹਾ ਹੈ। ” ਬਹੁਤ ਵਾਰ ਵਰਤਿਆ ਗਿਆ ਹੈ। ਕਿਉੰਕਿ ਪਾਤਰਾਂ ਨੇ ਆਪਣੀ ਗੱਲ ਕਰਨੀ ਹੁੰਦੀ ਹੈ।
ਨਾਵਲ ਦਾ ਵਿਸ਼ਾ ਸਮਾਜਿਕ ਅਤੇ ਯਥਾਰਥਵਾਦੀ ਹੈ। ਸਰਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਨਾਵਲ ਵਿਚ ਮੁਹਾਵਰਿਆਂ ਦੀ ਵਰਤੋਂ ਵਾਰਤਕ ਨੂੰ ਖੂਬਸੂਰਤ ਬਣਾਉਂਦੀ ਹੈ। ਨਾਵਲਕਾਰਾ ਤੋਂ ਭਵਿੱਖ ਵਿੱਚ ਹੋਰ ਪ੍ਰਗਤੀਵਾਦੀ ਰਚਨਾਵਾਂ ਦੀ ਆਸ ਕੀਤੀ ਜਾਂਦੀ ਹੈ।

– ਤੇਜਿੰਦਰ ਚੰਡਿਹੋਕ, ਐਮ ਏ,
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਜੇਤੂ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੇਪਾਲ ਵਿੱਚ ਹਿੰਸਾ ਦੇ ਕਾਰਣ ਅਤੇ ਸੰਭਾਵਿਤ ਸਮਾਧਾਨ
Next articleਐਚ ਪੀ ਮਾਡਲ ਸਕੂਲ ਦੇ ਏਕਨੂਰ ਸਿੰਘ ਨੇ ਗੱਡੇ ਬੁਲੰਦੀ ਦੇ ਝੰਡੇ