HOME ਭਾਈ ਕਨੱਈਆ ਜੀ ਦੀ ਸੇਵਾ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਵਾਲੇ -ਪ੍ਰੋ:...

ਭਾਈ ਕਨੱਈਆ ਜੀ ਦੀ ਸੇਵਾ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਵਾਲੇ -ਪ੍ਰੋ: ਬਹਾਦਰ ਸਿੰਘ ਸੁਨੇਤ ਜਾਂ ਪ੍ਰੋ: ਬਹਾਦਰ ਸਿੰਘ ਦੇ ਉਪਰਾਲੇ ਸਦਕਾ ਹੀ ਭਾਈ ਕਨੱਈਆ ਜੀ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਹੋ ਰਿਹੈ।

3
  (ਸਮਾਜ ਵੀਕਲੀ)   ਸੇਵਾ ਮਨੁੱਖਤਾ ਦਾ ਸਭ ਤੋਂ ਅਹਿਮ ਗੁਣ ਹੁੰਦਾ ਹੈ । ਸੇਵਾ ਅਤੇ ਸਿਮਰਨ ਦੇ ਸੁਮੇਲ ਵਾਲਾ ਵਿਅਕਤੀ ਬ੍ਰਹਮ-ਗਿਆਨੀ ਹੁੰਦਾ ਹੈ। ਉਹ ਦੁਨਿਆਵੀ ਵੰਡੀਆਂ ਤੋਂ ਉੱਪਰ ਹੁੰਦਾ ਹੈ । ਉਹ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਇਨਸਾਨ ਹਰ ਪ੍ਰਾਣੀ ਨੂੰ ਪਰਮਾਤਮਾ ਦਾ ਸਰੂਪ ਹੀ ਸਮਝਦਾ ਹੈ । ਇਹਨਾਂ ਉੱਤਮ ਗੁਣਾਂ ਦੀ ਬਖ਼ਸ਼ਿਸ਼ ਭਾਈ ਕਨੱਈਆ ਜੀ ਨੂੰ ਸੀ । ਭਾਈ ਕਨੱਈਆ ਜੀ ਦਾ ਜਨਮ ਸੰਨ 1648 ਈ: ਨੂੰ ਪਿਤਾ ਭਾਈ ਨੱਥੂ ਰਾਮ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪਿੰਡ ਸੋਦਰਾ ਨੇੜੇ ਵਜ਼ੀਰਾਬਾਦ (ਪਾਕਿਸਤਾਨ) ਵਿਖੇ ਹੋਇਆ । ਭਾਈ ਕਨੱਈਆ ਜੀ ਦੀ ਰੁਚੀ ਬਚਪਨ ਤੋਂ ਹੀ ਸੇਵਾ ਵੱਲ ਸੀ । ਜਿੱਥੇ ਕਿਤੇ ਸਤਿਸੰਗ ਹੋਵੇ, ਕਥਾ ਕੀਰਤਨ ਹੋਵੇ,ਸਭ ਤੋਂ ਪਹਿਲਾਂ ਪਹੁੰਚ ਜਾਂਦੇ, ਤੇ ਲੰਗਰ ਪਾਣੀ ਦੀ ਸੇਵਾ ਆਪਣੇ ਹੱਥੀਂ ਕਰਦੇ ।
     ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਿਆਰੇ ਸੇਵਕ ਭਾਈ ਕਨੱਈਆ ਜੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1704 ਈ: ‘ਚ ਮੈਦਾਨੇ ਜੰਗ ਵਿੱਚ ਘਮਾਸਾਣ ਦੀ ਜੰਗ ਵਿੱਚ ਜ਼ਖ਼ਮਾਂ ਦੀ ਤਾਬ ਨਾਲ ਤੜਪ ਰਹੇ ਜੰਗੀਆਂ (ਜ਼ਖ਼ਮੀਆਂ) ਦੀ ਬਿਨਾਂ ਕਿਸੇ ਭਿੰਨ-ਭੇਦ-ਭਾਵ ਕੀਤੀ ਸੇਵਾ ਦੇ ਪ੍ਰਸੰਗ ਵਿੱਚ ਅੰਤਰਰਾਸ਼ਟਰੀ ਰੈਡਕਰਾਸ ਵੱਲੋਂ ਆਰੰਭੀ ਸੇਵਾ ਅਤੇ ਅੰਤਰਰਾਸ਼ਟਰੀ ਰਾਸ਼ਟਰੀ ਮਾਨਵਤਾ ਕਾਨੂੰਨ ਦੀ ਸਥਾਪਨਾ, ਵਿਸ਼ਵ ਭਰ ਦੇ ਇਤਿਹਾਸ ਵਿੱਚ ਨਿਵੇਕਲਾ ਪਹਿਲੂ ਹੈ ਜੋ ਕਿ ਵਿਸ਼ਵ ਭਾਈਚਾਰੇ ਦੀ ਸਾਂਝ ਅਤੇ ਵਿਸ਼ਵ ਸ਼ਾਂਤੀ ਲਈ ਬਹੁਮੁੱਲਾ ਸੰਕੇਤ ਹੈ । ਇਸ ਸਭ ਕੁਝ ਦਾ ਆਧਾਰ ਭਾਈ ਕਨੱਈਆ ਜੀ ਵੱਲੋਂ ਇਨਸਾਨੀਅਤ ਵਾਸਤੇ ਨਿਭਾਈ ਉਹ ਸੇਵਾ ਹੈ ਜੋ ਦੁਨੀਆਂ ਭਰ ਵਿੱਚ ਅਦੁੱਤੀ ਮਿਸਾਲ ਹੈ।
          ਅੰਤਰਰਾਸ਼ਟਰੀ ਰੈੱਡਕਰਾਸ ਸੇਵਾ ਦਾ ਜਨਮ ਵੀ ਮੈਦਾਨੇ ਜੰਗ ‘ਚ ਜ਼ਖ਼ਮੀਆਂ ਦੀ ਸੇਵਾ ਕਰਨ ਕਰਕੇ ਹੀ ਹੋਇਆ ਸੀ । ਸਵਿਟਜ਼ਰਲੈਂਡ ਨਿਵਾਸੀ ਹੈਨਰੀ ਡਿਊਨਾਂ ਵੱਲੋਂ 1859 ‘ਚ ਇਟਲੀ ਦੇ ਸਾਲਫਰੀਨੋ ਦੀ ਹੋਈ ਭਿਆਨਕ ਲੜਾਈ ਵਿੱਚ ਜ਼ਖ਼ਮੀ ਹੋਏ ਸੈਨਿਕਾਂ ਦੀ ਸੇਵਾ ਕੀਤੀ ਗਈ ਅਤੇ ਇਸ ਲੜਾਈ ‘ਚ ਜ਼ਖ਼ਮੀਆਂ ਦੀ ਤਰਸਯੋਗ ਹਾਲਤ ਸੰਬੰਧੀ ਤੇ ਜ਼ਖ਼ਮੀਆਂ ਦੀ ਸੇਵਾ ਸੰਭਾਲ ਸੰਬੰਧੀ ਇੱਕ ਕਿਤਾਬ ਲਿਖੀ, ਜਿਸਦਾ ਨਾਮ ਸੀ  “ਸਾਲਫਰੀਨੋ ਦੀ ਯਾਦ” । ਜਿਸ ਵਿੱਚ ਉਹਨਾਂ ਸੁਝਾਅ ਦਿੱਤਾ ਕਿ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕੀਤੀ ਜਾਵੇ । ਹੈਨਰੀ ਡਿਊਨਾਂ ਵੱਲੋਂ ਇਨਸਾਨੀਅਤ ਦੇ ਭਲੇ ਲਈ ਦਿੱਤੇ ਸੁਝਾਵਾਂ ਦੀ ਲੋਕਾਂ ਨੇ ਸਰਾਹਨਾ ਕੀਤੀ ਅਤੇ ਇਸ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਦੇ ਉਪਰਾਲੇ ਕੀਤੇ । ਅੰਤਰਰਾਸ਼ਟਰੀ ਮਾਨਵਤਾ ਕਾਨੂੰਨ ‘ਚ ਵੀ ਮੈਦਾਨੇ ਜੰਗ ਵਿੱਚ ਜ਼ਖ਼ਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਸੇਵਾ ਸੰਬੰਧੀ ਹਦਾਇਤਾਂ ਦਰਜ ਹਨ ਅਤੇ ਇਸ ਕਾਨੂੰਨ ਦਾ ਮੂਲ ਆਧਾਰ ਹਨ । ਪਰ ਭਾਈ ਕਨੱਈਆ ਜੀ ਵੱਲੋਂ ਸਾਲਫਰੀਨੋ ਦੀ ਜੰਗ ਤੋਂ 155 ਸਾਲ ਪਹਿਲਾਂ ਸੰਨ 1704 ਈਸਵੀ ‘ਚ ਭਿਆਨਕ ਜੰਗ ਦੌਰਾਨ ਬਿਨਾਂ ਵਿਤਕਰੇ ਪਿਆਸਿਆਂ ਨੂੰ ਪਾਣੀ ਪਿਆਉਣ ਅਤੇ ਜ਼ਖ਼ਮੀਆਂ ਨੂੰ ਮਲ੍ਹਮ-ਪੱਟੀ ਕਰਨ ਦੀ ਨਿਭਾਈ ਮਹਾਨ ਸੇਵਾ ਕੇਵਲ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਭਾਈ ਕਨੱਈਆ ਜੀ ਨੇ ਭਾਰਤ ਦੀ ਧਰਤੀ ਉੱਪਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਬਾਣੀ ਦੇ ਮਹਾਂਵਾਕ ” ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।” ਅਤੇ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।।” ਦੇ ਮਨੁੱਖਵਾਦ ਦੇ ਆਦਰਸ਼ ਅਨੁਸਾਰ ਕੀਤੀ ਸੇਵਾ ਅਮਲੀ ਰੂਪ ਵਿੱਚ ਪ੍ਰਗਟ ਹੋਈ । ਭਾਈ ਕਨੱਈਆ ਜੀ ਨੇ ਸੇਵਾ ਦੀ ਸਹੀ ਪਰਿਭਾਸ਼ਾ ਨੂੰ ਸਾਡੇ ਸਾਹਮਣੇ ਰੱਖਿਆ ।
       ਸਵਿਟਜ਼ਰਲੈਂਡ ਦੀ ਸਰਕਾਰ ਨੇ ਸਰ ਹੈਨਰੀ ਡਿਊਨਾਂ ਵੱਲੋਂ ਮੈਦਾਨੇ ਜੰਗ ਵਿੱਚ ਕੀਤੀ ਸੇਵਾ ਅਤੇ ਉਸ ਵੱਲੋਂ ਦਿੱਤੇ ਸੁਝਾਵਾਂ ਨੂੰ ਵਿਸ਼ਵ ਭਰ ਦੇ 186 ਦੇਸ਼ਾਂ ਵਿੱਚ ਸੇਵਾ ਕੀਤੀ ਜਾ ਰਹੀ ਹੈ ਅਤੇ ਲੱਖਾਂ ਲੋਕ ਹੀ ਇਸ ਸੇਵਾ ਨਾਲ ਜੁੜੇ ਹੋਏ ਹਨ। ਸਾਡੇ ਦੇਸ਼ ਵਿੱਚ ਇਸ ਸੰਸਥਾ ਨੇ 1920 ਈ: ਵਿੱਚ ਸੇਵਾ ਕਰਨੀ ਆਰੰਭ ਕੀਤੀ , ਪ੍ਰੰਤੂ ਭਾਈ ਕਨੱਈਆ ਜੀ ਵੱਲੋਂ ਕੀਤੀ ਹੋਈ ਮਹਾਨ ਸੇਵਾ ਸਾਡੀ ਅਣਗਹਿਲੀ ਕਾਰਨ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ । ਅਜੋਕੇ ਸਮੇਂ ਵਿੱਚ ਦੁਨੀਆਂ ਭਰ ਵਿੱਚ ਜੋ ਇਤਿਹਾਸ ਮੈਦਾਨੇ ਜੰਗ ਵਿੱਚ ਜ਼ਖ਼ਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਨਾਲ ਸੇਵਾ ਕਰਨ ਨਾਲ ਸੰਬੰਧਿਤ ਹੈ। ਉਸ ਵਿੱਚ ਰੈੱਡ ਕਰਾਸ ਦੇ ਪਿਤਾਮਾ ਸਰ ਹੈਨਰੀ ਡਿਊਨਾਂ ਅਤੇ ਦੂਸਰਾ ਨਾਮ ਅਮਰੀਕਾ ਨਿਵਾਸੀ ਮਿ: ਫਰਾਨਸਿਕ ਲਾਈਬਰ ਦਾ ਜ਼ਿਕਰ ਆਉਂਦਾ ਹੈ ਫਲੋਰੈਂਸ ਨਾਈਟਿੰਗੇਲ ਵੱਲੋਂ ਕੀਤੀ ਸੇਵਾ ਦਾ ਵੀ ਜ਼ਿਕਰ ਆਉਂਦਾ ਹੈ ਪ੍ਰੰਤੂ ਭਾਈ ਕਨੱਈਆ ਜੀ ਦੀ ਸੇਵਾ ਦਾ ਜ਼ਿਕਰ ਕਿਤੇ ਵੀ ਨਹੀਂ ਆਉਂਦਾ। ਭਾਈ ਕਨੱਈਆ ਜੀ ਦੀ ਜਨਮ ਤਾਰੀਖ ਦਾ ਪਤਾ ਨਾ ਹੋਣ ਕਰਕੇ ਰੈੱਡ ਕਰਾਸ ਦੇ ਸੰਕਲਪ ਨੂੰ ਜਨੇਵਾ ਸ਼ਹਿਰ ਦੇ ਸਰ ਹੈਨਰੀ ਡਿਊਨਾਂ ਦੇ ਜਨਮ-ਦਿਨ 8 ਮਈ ਨਾਲ ਜੋੜਿਆ ਗਿਆ ਹੈ ।
        ਸ੍ਰ: ਬਹਾਦਰ ਸਿੰਘ ਸੁਨੇਤ ਸੇਵਾ ਮੁਕਤ ਪ੍ਰੋਫ਼ੈਸਰ ਫਾਰਮੇਸੀ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਨੇ ਨੌਕਰੀ ਕਰਦਿਆਂ ਇਸ ਖ਼ਲਾਅ ਨੂੰ ਭਰਨ ਲਈ ਸੰਨ 1987 ਵਿੱਚ “ਭਾਈ ਕਨੱਈਆ ਜੀ ਮਿਸ਼ਨ” ਦੇ ਨਾਮ ਹੇਠ ਸੰਸਥਾ ਦੀ ਸਥਾਪਨਾ ਕੀਤੀ ਜਿਸਦਾ ਮੰਤਵ ਤੇ ਮਨੋਰਥ ਭਾਈ ਕਨੱਈਆ ਜੀ ਦੀ ਸੇਵਾ ਨੂੰ ਕੌਮਾਂਤਰੀ ਪੱਧਰ ਤੇ ਸਾਂਝਾ ਕਰਨਾ ਸੀ । ਮਿਸ਼ਨ ਵੱਲੋਂ ਸਮਾਜ ਸੇਵੀ ਕਾਰਜਾਂ ਦੇ ਨਾਲ ਹੀ ਭਾਈ ਕਨੱਈਆ ਜੀ ਦੀਆਂ ਮਹਾਨ ਸੇਵਾਵਾਂ, ਅੰਤਰਰਾਸ਼ਟਰੀ ਰੈੱਡਕਰਾਸ ਅਤੇ ਅੰਤਰਰਾਸ਼ਟਰੀ ਮਾਨਵਤਾ ਕਾਨੂੰਨ ਇਤਿਆਦਿ ਦੀ ਪਿੱਠ ਭੂਮੀ ਸੰਬੰਧੀ ਖੋਜ ਕਾਰਜ ਵੀ ਆਰੰਭੇ ਗਏ ।
         ਭਾਈ ਕਨੱਈਆ ਜੀ ਦੀਆਂ ਮਹਾਨ ਸੇਵਾਵਾਂ ਤੋਂ ਸੰਸਾਰ ਨੂੰ ਜਾਣੂ ਕਰਵਾਉਣ ਲਈ ਸਮੇਂ-ਸਮੇਂ ‘ਤੇ ਅੰਤਰਰਾਸ਼ਟਰੀ ਰੈੱਡਕਰਾਸ ਅਤੇ ਰੈਡ ਕਰੀਜੈਂਟ ਜਨੇਵਾ, ਭਾਰਤੀ ਰੈੱਡਕਰਾਸ ਕਮੇਟੀ, ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕੌਮੀ ਕੌਮਾਂਤਰੀ ਸ਼ਖਸ਼ੀਅਤਾਂ ਤੇ ਸੰਸਥਾਵਾਂ ਨੂੰ ਵੀ ਲਿਖਿਆ ਗਿਆ ਤੇ ਸਹਿਯੋਗ ਦੀ ਮੰਗ ਕੀਤੀ ਗਈ। ਪੰਜਾਬ ਸਰਕਾਰ ਦੇ ਪੱਤਰ ਨੰਬਰ ਮਿਤੀ, ਚੰਡੀਗੜ੍ਹ 25-2-2022 ਅਨੁਸਾਰ “ਭਾਈ ਘਨੱਈਆ ਜੀ ਦੀ ਬਰਸੀ ਨੂੰ “ਮਾਨਵ ਸੇਵਾ ਸੰਕਲਪ ਦਿਵਸ” ਦੇ ਤੌਰ ਤੇ ਸਲਾਨਾ 20 ਸਤੰਬਰ ਨੂੰ ਮਨਾਉਣ ਬਾਰੇ ਜਾਰੀ ਕੀਤਾ ਗਿਆ । ਇਹ ਵੀ ਅਪੀਲ ਕੀਤੀ ਗਈ ਕਿ ਵਿਸ਼ਵ ਸ਼ਾਂਤੀ, ਸੁੱਖ ਅਤੇ ਭਾਈਚਾਰਕ ਸਾਂਝ ਸੰਬੰਧੀ ਖੋਜ ਕਰ ਰਹੇ ਵਿਦਿਆਰਥੀਆਂ, ਸਿਖਿਆਰਥੀਆਂ ਨੂੰ ਰੈੱਡਕਰਾਸ  ਦੀ ਸਥਾਪਨਾ ਦੇ ਪਿਛੋਕੜ ਦੇ ਨਾਲ-ਨਾਲ ਭਾਈ ਕਨੱਈਆ ਜੀ ਦੀਆਂ ਮਹਾਨ ਸੇਵਾਵਾਂ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ।
            ਮਿਸ਼ਨ ਨੇ ਅਨੇਕਾਂ ਹੀ ਖੂਨਦਾਨ ਕੈਂਪ, ਨੇਤਰਦਾਨ ਕੈਂਪ,  ਡਾਕਟਰੀ ਸਹਾਇਤਾ ਕੰਮ ਲਗਾਏ ਤਾਂ ਉਹਨਾਂ ਵਿੱਚੋਂ ਖੂਨਦਾਨ ਬੈਂਕ ਅਤੇ ਨੇਤਰਦਾਨ ਬੈਂਕ ਨਵੀਆਂ ਸੰਸਥਾਵਾਂ ਹੇਠ ਸਥਾਪਿਤ ਹੋਏ।  ਸੇਵਾ ਦੇ ਸੰਕਲਪ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ । ਕਈ ਸਾਲਾਂ ਦੀ ਪੱਤਰ-ਵਿਹਾਰ ਦੀ ਲੰਮੀ ਘਾਲਣਾ ਬਾਅਦ ਨਤੀਜਿਆਂ ਦਾ ਆਰੰਭ ਹੋਇਆ ਜਿਵੇਂ ਕਿ :-
* ਪੰਜਾਬ ਸਰਕਾਰ ਵੱਲੋਂ 20 ਸਤੰਬਰ ਨੂੰ ਭਾਈ ਕਨੱਈਆ ਜੀ  ਮਾਨਵ ਸੇਵਾ ਦਿਵਸ ਸਰਕਾਰੀ ਪੱਧਰ ਤੇ ਮਨਾਇਆ ਜਾਣ ਲੱਗਾ ।
* ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਦੇ ਨਾਮ ਭਾਈ ਕਨੱਈਆ ਜੀ ਦੇ ਨਾਮ ਤੇ ਰੱਖਣ ਸੰਬੰਧੀ ਵੀ ਕਾਰਜ ਹੋਇਆ ।
* ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਹਤ ਕੇਂਦਰ ਦਾ ਨਾਮ ਵੀ ਭਾਈ ਭਾਈ ਕਨੱਈਆ ਜੀ ਸਿਹਤ ਕੇਂਦਰ ਰੱਖਿਆ ਗਿਆ ਤਾਂ ਕਿ ਨੌਜਵਾਨ ਪੀੜ੍ਹੀ ਸੇਵਾ ਦੀ ਪ੍ਰੇਰਣਾ ਲੈ ਸਕੇ ।
* ਨੌਜਵਾਨ ਵਰਗ ਨੂੰ ਭਾਈ ਕਨੱਈਆ ਜੀ ਸੇਵਾਵਾਂ ਸੰਬੰਧੀ ਜਾਣਕਾਰੀ ਦੇਣ ਲਈ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਸਰਕਾਰੀ ਹੋਰ ਅਦਾਰਿਆਂ ਵਿੱਚ ਭਾਈ ਕਨੱਈਆ ਜੀ ਦਾ ਬਰਸੀ ਦਿਹਾੜਾ (ਭਾਈ     ਕਨੱਈਆ ਜੀ ਮਾਨਵ ਸੇਵਾ ਦਿਵਸ) ਮਨਾਇਆ ਜਾਵੇ।
* ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਅਤੇ ਜੰਗੀ ਯੋਧਿਆਂ ਦੀਆਂ ਕੁਰਬਾਨੀਆਂ ਸੰਬੰਧੀ ਸਥਾਪਿਤ ਕੀਤੇ ਅਜਾਇਬ ਘਰਾਂ ਅਤੇ ਯਾਦਗਾਰਾਂ, ਰੈੱਡਕਰਾਸ ਭਵਨਾਂ ਵਿੱਚ ਭਾਈ ਕਨੱਈਆ ਜੀ ਦੀਆਂ ਤਸਵੀਰਾਂ ਲਗਾਈਆਂ ਜਾਣ ।
* ਭਾਈ ਕਨੱਈਆ ਜੀ ਜਿਸ ਅਸਥਾਨ ਤੋਂ ਆਪਣੀ ਮਸ਼ਕ ਨਾਲ ਪਾਣੀ ਭਰ ਕੇ ਲਿਆਉਂਦੇ ਸਨ ਉਹ ਅਸਥਾਨ ਗੁਰਦੁਆਰਾ ਬਾਉਲੀਆਂ ਭਾਈ ਕਨੱਈਆ ਜੀ ਨੂੰ ਵੀ ਵਿਕਸਤ ਕਰਨ ਲਈ ਉਪਰਾਲੇ ਕੀਤੇ ਜਾਣ ।
       ਪ੍ਰੋਫ਼ੈਸਰ ਬਹਾਦਰ ਸਿੰਘ ਦੀ ਕਈ ਸਾਲਾਂ ਦੀ ਕਠਿਨ ਘਾਲਣਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ਨਾਨਕਸ਼ਾਹੀ ਡਾਇਰੀ ਅਤੇ ਨਾਨਕਸ਼ਾਹੀ ਜੰਤਰੀ ਵਿੱਚ ਵੀ “ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ” ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਸਾਲ 2025 ਵਿੱਚ 20 ਸਤੰਬਰ,15 ਅੱਸੂ, ਅੱਸੂ ਸੁਦੀ 8 ਨੂੰ ਸੇਵਾਪੰਥੀ ਸੰਪਰਦਾਇ ਦੇ ਬਾਨੀ ਭਾਈ ਕਨੱਈਆ ਜੀ ਦੀ ਬਰਸੀ “ਮਾਨਵ ਸੇਵਾ ਸੰਕਲਪ ਦਿਵਸ” ਦੇ ਤੌਰ ਤੇ ਸੇਵਾਪੰਥੀ ਮਹਾਂਪੁਰਸ਼ਾਂ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ।
    ‌   ਲੰਮੇ ਸਮੇਂ ਤੋਂ ਅੰਤਰਰਾਸ਼ਟਰੀ ਰੈੱਡਕਰਾਸ ਕਮੇਟੀ ਅਤੇ ਭਾਰਤੀ ਰੈੱਡਕਰਾਸ ਸੁਸਾਇਟੀ ਨਾਲ ਹੋਏ ਸੰਪਰਕ ਦੀ ਬਦੌਲਤ ਬਹੁਤ ਹੀ ਸ਼ਲਾਘਾਯੋਗ ਨਤੀਜੇ ਸਾਹਮਣੇ ਆਏ ਜਿਸ ਦਾ ਸਬੂਤ ਹੈ ਕਿ  ਹੁਣ ਅੰਤਰਰਾਸ਼ਟਰੀ ਰੈੱਡਕਰਾਸ ਅਤੇ ਭਾਰਤੀ ਰੈੱਡਕਰਾਸ ਸੁਸਾਇਟੀ ਵੱਲੋਂ ਮਹਾਨ ਸੇਵਾਵਾਂ ਪ੍ਰਤੀ ਸਤਿਕਾਰ ਭੇਟ ਕਰਦੇ ਹੋਏ ਤੇ ਮਾਨਤਾ ਦਿੰਦੇ ਹੋਏ, ਭਾਈ ਕਨੱਈਆ ਜੀ ਸੰਬੰਧੀ ਵਡਮੁੱਲੀ  ਜਾਣਕਾਰੀ ਆਪਣੀਆਂ ਪ੍ਰਮਾਣਿਤ ਵੈਬਸਾਈਟਾਂ ‘ਤੇ ਦਰਜ ਕਰ ਦਿੱਤੀ ਹੈ ।
            ਜਦੋਂ ਹਰ ਸਮੇਂ ਸੰਸਾਰ ‘ਚ ਕਿਤੇ ਨਾ ਕਿਤੇ ਜੰਗ ਦੀਆਂ ਸੰਭਾਵਨਾ ਬਣੀਆਂ ਰਹਿੰਦੀਆਂ ਹਨ। ਉਸ ਸਮੇਂ ਇਹ ਪ੍ਰਗਤੀ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਨੇ ਕੌਮਾਂਤਰੀ ਭਾਈਚਾਰੇ ਵਿੱਚ ਵੀ ਮਾਣ ਸਤਿਕਾਰ ਵਧਾਇਆ ਹੈ । ਸਮੇਂ ਦੀ ਮੰਗ ਹੈ ਕਿ ਸਰਬੱਤ ਦੇ ਭਲੇ ਹਿੱਤ ਪੈੜਾਂ ਛੱਡ ਕੇ ਜਾ ਚੁੱਕੀਆਂ ਸ਼ਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਵਜੋਂ ਹਰ ਦੇਸ਼ ਵਿੱਚ ਸ਼ਾਂਤੀ ਮਿਊਜ਼ੀਅਮ ਵੀ ਸਥਾਪਿਤ ਕੀਤੇ ਜਾਣ ਤਾਂ ਕਿ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਾਲੇ ਕਾਰਜਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ । ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਅਜਿਹੇ ਇਤਿਹਾਸਕ ਕਾਰਜਾਂ ਸੰਬੰਧੀ ਖੋਜ ਤੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਹਿਤ ਕਾਰਜਸ਼ੀਲ ਸ਼ਖ਼ਸੀਅਤਾਂ ਨੂੰ ਉਚੇਚਾ ਸਨਮਾਨਿਆ ਜਾਵੇ ਤਾਂ ਕਿ ਹੋਰਾਂ ਅੰਦਰ ਵੀ ਹੋਰ ਖੋਜਾਂ ਤੇ ਸੇਵਾ ਕਾਰਜ ਕਰਨ ਦਾ ਉਤਸ਼ਾਹ ਭਰਿਆ ਜਾ ਸਕੇ । ਪ੍ਰੋਫ਼ੈਸਰ ਬਹਾਦਰ ਸਿੰਘ ਜੀ ਨੇ ਕੁਝ ਸਮਾਂ ਪਹਿਲਾਂ ਇੱਕ ਸਮਾਗਮ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਬੇਨਤੀ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਵਿੱਚ ਮਾਨਵਤਾ ਦੀ ਸੇਵਾ ਦਾ ਸੰਕਲਪ ਅਤੇ ਭਾਈ ਕਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਦੀਆਂ ਮਹਾਨ ਸੇਵਾਵਾਂ ਸੰਬੰਧੀ ਜਾਣਕਾਰੀ ਦੇਣ ਲਈ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ।
                  ਅਜਿਹੀਆਂ ਕਾਰਜਸ਼ੀਲ ਸ਼ਖ਼ਸੀਅਤਾਂ ਵਿੱਚ ਪ੍ਰੋਫ਼ੈਸਰ ਬਹਾਦਰ ਸਿੰਘ ਸੁਨੇਤ ਜੀ ਦਾ ਨਾਮ ਉਭਰ ਕੇ ਸਾਹਮਣੇ ਆਉਂਦਾ ਹੈ ਜਿਨ੍ਹਾਂ ਨੇ 38 ਸਾਲ ਭਾਈ ਕਨੱਈਆ ਜੀ ਦੀਆਂ ਸੇਵਾਵਾਂ ਨੂੰ ਕੌਮਾਂਤਰੀ ਪੱਧਰ ਤੇ ਦਰਜ ਕਰਵਾਉਣ ਦੀ ਅਹਿਮ ਭੂਮਿਕਾ ਨਿਭਾਈ ਹੈ। ਸੇਵਾ ਦੇ ਖੇਤਰ ਯੋਗਦਾਨ ਕਰਕੇ ਹੀ ਆਪ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਈ ਕਨੱਈਆ ਜੀ ਐਵਾਰਡ, ਹੁਸ਼ਿਆਰਪੁਰ ਸੇਵਾ ਰਤਨ ਐਵਾਰਡ, ਅੰਬੈਸਡਰ ਫਾਰ ਪੀਸ ਐਵਾਰਡ ਮਿਲ ਚੁੱਕੇ ਹਨ । ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਰੈੱਡਕਰਾਸ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਭਾਈ ਕਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਣ ਵਾਲੇ ਪ੍ਰੋ: ਬਹਾਦਰ ਸਿੰਘ ਸੁਨੇਤ ਨੂੰ ਵਿਰਾਸਤ-ਏ-ਖਾਲਸਾ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ । ਭਾਈ ਕਨੱਈਆ ਜੀ ਨਿਸ਼ਕਾਮ ਸੇਵਕ ਜਥਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਨੂੰ 4, 10 ਅਤੇ 22 ਅਗਸਤ 2022 ਨੂੰ ਪੱਤਰ ਲਿਖ ਕੇ ਪ੍ਰੋਫ਼ੈਸਰ ਬਹਾਦਰ ਸਿੰਘ ਜੀ ਨੂੰ “ਭਾਈ ਕਨੱਈਆ ਜੀ ਮਾਨਵ ਸੇਵਾ ਦਿਵਸ” ਦੇ ਸ਼ੁੱਭ ਅਵਸਰ ‘ਤੇ 20 ਸਤੰਬਰ ਨੂੰ ਆਨਰੇਰੀ ਡਾਕਟਰ ਡਿਗਰੀ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਗਈ ਸੀ । ਪਰ ਉਹ ਪੱਤਰ ਦਫ਼ਤਰ ਤਾਰੀਖ਼ ਲੰਘ ਜਾਣ ਤੋਂ ਬਾਅਦ ਮਿਲਿਆ ਜਿਸ ਕਾਰਨ ਪ੍ਰੋ: ਬਹਾਦਰ ਸਿੰਘ ਜੀ ਨੂੰ ਸਨਮਾਨਿਤ ਕਰਨ ਸੰਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ ।
           ਭਾਈ ਕਨੱਈਆ ਜੀ ਦੀਆਂ ਸੇਵਾਵਾਂ ਨੂੰ ਕੌਮਾਂਤਰੀ ਪੱਧਰ ‘ਤੇ ਦਰਜ ਕਰਵਾਉਣ ਦੀ ਦਹਾਕਿਆਂ ਦੀ ਘਾਲਣਾ ਅਤੇ ਖੋਜ ਕਾਰਜਾਂ ਨੂੰ ਗਹੁ ਨਾਲ ਵੇਖੀਏ ਤਾਂ ਆਪ-ਮੁਹਾਰੇ ਵਿਚਾਰਧਾਰਾ ਪੈਦਾ ਹੁੰਦੀ ਹੈ ਕਿ ਪ੍ਰੋਫ਼ੈਸਰ ਬਹਾਦਰ ਸਿੰਘ ਸੁਨੇਤ ਜੀ ਨੂੰ ਆਨਰੇਰੀ ਡਾਕਟਰ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸਿਰਮੌਰ  ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਯੂਨੀਵਰਸਿਟੀਆਂ ਦੀ ਅਜਿਹੀ ਪਹਿਲ ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਸੰਸਾਰ ਨੂੰ ਸੁਨੇਹਾ ਦੇ ਸਕਦੀ ਹੈ। ਭਾਈ ਕਨੱਈਆ  ਜੀ ਮਾਨਵ ਸੇਵਾ ਦਿਵਸ 20 ਸਤੰਬਰ ਮੌਕੇ ਅਜਿਹੀਆਂ ਪਿਰਤਾਂ ਹੋਰਾਂ ਨੂੰ ਵੀ ਹੋਰ ਕੁਝ ਕਾਰਜਾਂ ਅਤੇ ਸੇਵਾਵਾਂ ਵਾਸਤੇ ਉਤਸ਼ਾਹਿਤ ਕਰ ਸਕਦੀਆਂ ਹਨ ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ 
# 1138/63-ਏ, ਗੁਰੂ ਤੇਗ ਬਹਾਦਰ ਨਗਰ,ਗਲੀ ਨੰਬਰ 1, ਚੰਡੀਗੜ੍ਹ ਰੋਡ, 
ਜਮਾਲਪੁਰ, ਲੁਧਿਆਣਾ ।
Previous articleਕੁਦਰਤ ਤੋਂ ਵੱਧ ਲੋਕ ਪੰਜਾਬ ਸਰਕਾਰ ਦੀ ਬੇਰੁਖੀ ਤੋਂ ਦੁਖੀ ਸਰਕਾਰ ਲੋਕਾਂ ਦੇ ਪੁਨਰ ਵਾਸ ਲਈ ਤਤਕਾਲ ਕਦਮ ਉਠਾਏ ਅਤੇ ਲੋਕਾਂ ਨੂੰ ਤੁਰੰਤ ਮੁਆਵਜਾ ਦੇਵੇ ਗਰੇਵਾਲ ਤੇ ਵੜੈਚ
Next articleਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣ ਕੇ ਬਹੁੜੀ