ਪਿੰਡ ਰਾਜੀ ਸਭਰਾ ਨੂੰ ਗੋਦ ਲੈ ਕੇ ਮੁੜ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ- ਜੱਥੇ. ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕੁਦਰਤ ਦੀ ਕਰੋਪੀ ਤੇ ਸਰਕਾਰਾਂ ਦੀ ਅਣਗਹਿਲੀ ਸਦਕਾ ਅੱਜ ਪੰਜਾਬ ਹੜ੍ਹਾਂ ਦੀ ਵੱਡੀ ਮਾਰ ਝੱਲ ਰਿਹਾ ਹੈ ਅਤੇ ਸੂਬੇ ਦੇ ਹਾਲਾਤ ਬਹੁਤ ਬੁਰੇ ਹਨ,ਖਾਸ ਕਰਕੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਅੰਦਰ ਕਿਸਾਨਾਂ ਦੀਆਂ ਫਸਲਾਂ ਤੇ ਘਰ ਵਹਿ ਚੁੱਕੇ ਹਨ। ਪਰ ਪੰਜਾਬ ਦੇ ਸਿਰੜੀ ਲੋਕਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਬੇਸ਼ੱਕ ਅੱਜ ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ, ਅਸੀਂ ਹੜ੍ਹ ਪੀੜਤਾਂ ਦੇ ਨਾਲ ਖੜ੍ਹੇ ਹਾਂ। ਜੇਕਰ ਪੰਜਾਬ ਨੇ ਸਾਨੂੰ ਗੋਦ ਲਿਆ ਹੈ ਤਾਂ ਅਸੀਂ ਵੀ ਪੰਜਾਬ ਦੇ ਇੱਕ ਪਿੰਡ ਨੂੰ ਗੋਦ ‘ਚ ਲੈ ਕੇ ਮੁੜ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਵਿਸੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਆਪਣੇ ਸਹਿਯੋਗੀ ਸਾਥੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹਾਂ ਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਰਾਜੀ ਸਭਰਾ ਨੂੰ ਪੂਰਨ ਰੂਪ ਵਿੱਚ ਗੋਦ ਲੈਣ ਦਾ ਫੈਸਲਾ ਕੀਤਾ ਹੈ। ਜੱਥੇ. ਨਿਮਾਣਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਕਤ ਪਿੰਡ ਦੇ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਲਈ ਉਨ੍ਹਾਂ ਦੇ ਖੇਤਾਂ ਵਿੱਚੋਂ ਰੇਤਾ ਚੁੱਕਣ ਦੀ ਆਗਿਆ ਦਿੱਤੀ ਜਾਵੇ, ਸਾਡੇ ਵੱਲੋਂ 4 ਕਿਲੇ ਤੋਂ ਘੱਟ ਜ਼ਮੀਨ ਵਾਲੇ ਜ਼ਿੰਮੀਦਾਰਾਂ ਦੀ ਜ਼ਮੀਨ ਜੇ.ਸੀ.ਬੀ ਮਸ਼ੀਨਾਂ ਨਾਲ ਪੱਧਰ ਕਰਕੇ ਅਗਲੀ ਫਸਲ ਦੀ ਬਿਜਾਈ ਲਈ ਬੀਜ ਤੇ ਖਾਦਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ, ਅਤੇ ਇਸਦੇ ਨਾਲ ਉਕਤ ਪਿੰਡ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਇਸ ਵੱਡੇ ਪ੍ਰੋਜੈਕਟ ਨੂੰ ਸਫਲ ਕਰਨ ਵਿੱਚ ਭਾਈ ਹਰਪ੍ਰੀਤ ਸਿੰਘ ਮੱਖੂ, ਭਾਈ ਮਨਜੀਤ ਸਿੰਘ ਬੁਟਾਹਰੀ, ਭਾਈ ਹਰਪਾਲ ਸਿੰਘ ਨਿਮਾਣਾ, ਮਨਿੰਦਰ ਸਿੰਘ ਆਹੂਜਾ, ਜਗਦੀਪ ਸਿੰਘ ਹੂੰਝਨ, ਭਾਈ ਹਰਪਾਲ ਸਿੰਘ ਮੱਖੂ ਤੇ ਗੁਰਸੇਵਕ ਸਿੰਘ ਆਪਣੇ ਸਾਥੀਆਂ ਸਮੇਤ ਪੂਰਨ ਸਹਿਯੋਗ ਦੇ ਰਹੇ ਹਨ। ਪਰ ਇਹ ਸਮੁੱਚਾ ਕਾਰਜ ਬਹੁਤ ਵੱਡਾ ਹੈ। ਇਸ ਲਈ ਸਾਡੀ ਸੁਸਾਇਟੀ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਤੋਂ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



