HOME ” ਹੜ੍ਹ “

” ਹੜ੍ਹ “

4

(ਸਮਾਜ ਵੀਕਲੀ)

ਅਸੀਂ ਤਾਂ ਪਹਿਲਾਂ ਹੀ ਮਾਰੇ ਪਏ ਸੀ, ਕਿਸਮਤ ਹੱਥੋਂ ਹਾਰੇ ਪਏ ਸੀ,
ਕਿੰਝ ਪੰਜਾਬ ਨੂੰ ਡੋਬ ਦਿੱਤਾ ਏ, ਵਾਹਿਗੁਰੂ ਤੈਨੂੰ ਤਰਸ ਨਹੀਂ ਆਇਆ,
ਗਾਂਵਾਂ-ਮੱਝੀਆਂ, ਬੱਝੀਆਂ ਕਿੱਲੇ,ਘਰ ਹੜ੍ਹਾਂ ਨੇ, ਨਾਲ ਵਹਾਇਆ,
ਪਾਣੀ ਆ‌ ਰਿਹਾ, ਹੱਦਾਂ ਟੱਪਦਾ, ਜੀਆ, ਜੰਤ ਸਭ ਨਾਲ਼ ਵਹਾਇਆ,
ਡੁੱਬਣ ਲਈ ਮੈਂ, ਕਿੱਥੇ ਛੱਡਦਾ, ਮੱਝੀਆਂ ਦੇ ਲਾਹ ਸੰਗਲ ਆਇਆ,
ਗ਼ਰੀਬ ਦੀ ਕੁੱਲੀ-ਜੁੱਲੀ ਰੁੜ੍ਹ ਗਈ, ਰੁੜ੍ਹ ਗਿਆ ਸਭ ਕੁਝ ਜੋ ਬਣਾਇਆ,
ਪਿੰਡ ਦੇ ਪਿੰਡ ਹੋ ਗਏ ਖ਼ਾਲੀ,ਦਾਤਾ ਇਹ ਕੀ ਕਹਿਰ ਤੂੰ ਢਾਹਿਆ,
ਕਿਉਂ ਤੂੰ ਰੱਬਾ,ਮੀਂਹ ਵਰ੍ਹਾਇਆ, ਡੁੱਬਦਿਆਂ ਨੂੰ ਤੂੰ ਹੋਰ ਡੁਬਾਇਆ,
ਬਾਲ ਬੱਚੇ ਤੇ ਡੰਗਰ ਵੱਛਾ,ਕੀ ਦੱਸਾਂ, ਅਸੀਂ ਕੀ ਡੋਬਿਆ, ਕੀ ਬਚਾਇਆ,
ਸਾਡੇ ਪੱਲੇ ਰੋਣੇ ਧੋਣੇ,ਰੱਬਾ ਡਾਢਾ ਵਕਤ ਤੂੰ ਪਾਇਆ,ਤਰਸ ਨਾ ਆਇਆ,
ਰੁੜ੍ਹ ਗਏ, ਹੱਥੀਂ ਬੰਨ, ਸਭ ਮਾਰੇ, ਹੜ੍ਹ ਦਾ ਪਾਣੀ ਚੜ੍ਹ ਕੇ ਆਇਆ,
ਭੁੱਖਣ ਭਾਣੇ ਬਾਲ ਰੋਂਦੇ ਨੇ, ਪਸ਼ੂਆਂ ਨੂੰ ਕਿਸੇ ਘਾਹ ਨਾ ਪਾਇਆ,
ਫਸਲਾਂ, ਨਸਲਾਂ ਡੁੱਬ ਚੱਲੀਆਂ ਨੇ, ਅੱਲ੍ਹਾ ਕਿਉਂ ਨਾ ਰਹਿਮ ਵਰਸਾਇਆ,
ਪਸ਼ੂ ਜੋ ਸਾਡੇ ਰੋੜ੍ਹ ਲੈ ਗਿਆਂ, ਉਹਨਾਂ ਨੂੰ ਕਿਉਂ ਪਾਰ ਨਾ ਲਾਇਆ,
ਭੁੱਖਣ ਭਾਣੇ ਰੁੜ੍ਹ-ਰੁੜ੍ਹ ਮਰ ਗਏ, ਉਹਨਾਂ ਤੇ ਕਿਉਂ ਤਰਸ ਨਾ ਆਇਆ,
ਮੱਗਰਮੱਛ, ਦੇ ਹੰਝੂ ਕੇਰੇ, ਆ ਪੁੱਛਣ ਸਾਰ, ਪ੍ਰਸ਼ਾਸਨ ਆਇਆ,
ਮੌਸਮੀ ਡੱਡੂ, ਲੀਡਰ ਬਣ ਗਏ, ਉਹਨਾਂ ਟੈਂ-ਟੈਂ ਗੀਤ ਸੁਣਾਇਆ,
ਪੰਜਾਬ ‘ਚੋਂ ਗੈਰਤ ਅਣਖ਼ ਮੁੱਕੀ ਨਾ, ਯੋਧਿਆਂ ਥਾਂ-ਥਾਂ ਲੰਗਰ ਲਾਇਆ,
ਸਤਲੁਜ, ਬਿਆਸ ਤੇ ਡੈਮਾਂ ਨੇ, ਨਾ,ਅੱਜ ਤੱਕ ਐਨਾਂ ਕਹਿਰ ਮਚਾਇਆ,
ਕਿਸਾਨ ਵਿਚਾਰੇ ਕਿੱਥੇ ਜਾਵਣ, ਬੀਜਿਆ ਸੀ ਜੋ,ਝੱਟ ਗਵਾਇਆ,
ਗ਼ਰੀਬ ਉਹ ਕਿਰਤੀ, ਕਿੱਧਰ ਜਾਵੇ, ਜਿਸ ਨੇ ਕੱਚਾ ਘਰ ਗਵਾਇਆ,
ਮਕਾਨ ਜੋ ਕੱਚੇ ਪੱਕੇ,ਖੁਰ ਗਏ,ਆਂਨਾ-ਆਂਨਾ ਉੱਤੇ ਲਾਇਆ,
ਨਹੀਂ ਥਿਆਇਆ,
ਸਾਲਾਂ ਬੱਧੀ, ਅਸੀਂ ਪੈ ਗਏ ਪਿੱਛੇ, ਭਰਨਾ ਨਹੀਂ ਜੋ ਘਾਟਾ ਖਾਇਆ,
ਦਾਤਾ ਜੀ ਅਸੀਂ ਹੱਥ ਜੋੜ੍ਹਦੇ,ਰੋਕ ਲਵੋ,ਜੋ ਕਹਿਰ ਇਹ ਢਾਹਿਆ,
ਸੰਦੀਪ ਆਓ ਰਲ਼ ਅਰਦਾਸਾਂ ਕਰੀਏ,ਮੁੱਕੇ ਹੜ੍ਹ ਜੋ ਚੜ੍ਹ ਕੇ ਆਇਆ,
ਚਾਰ ਦਿਨਾਂ ਦੇ ਹੜ੍ਹ ਚੰਦਰੇ ਨੇ, ਪੰਜਾਬ ਅੱਧਾ ਹੈ ਡੋਬ ਮੁਕਾਇਆ।
ਨਜ਼ਰ ਸਵੱਲੀ ਕਰਦੇ ਦਾਤਾ, ਅਸੀਂ ਸਭਨਾਂ ਨੇ ਇਹੋ ਰਟ  ਲਾਇਆ,
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦੀ ਬੇਲਗਾਮ ਲੁੱਟ, ਮਾਪਿਆਂ ਦੀਆਂ ਜੇਬਾਂ ਖਾਲੀ – ਸਰਕਾਰ ਖਾਮੋਸ਼
Next articleਸ਼ਹੀਦ ਦੀ ਪਤਨੀ