HOME ਇੱਕ ਪ੍ਰੇਰਨਾਦਾਇਕ ਉਪਰਾਲਾ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡਮਾਸਟਰ ਦਾ ‘ਅੱਜ...

ਇੱਕ ਪ੍ਰੇਰਨਾਦਾਇਕ ਉਪਰਾਲਾ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡਮਾਸਟਰ ਦਾ ‘ਅੱਜ ਦਾ ਵਿਚਾਰ’

5
ਹੈੱਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ
ਜਤਿੰਦਰ ਸ਼ਰਮਾਂ

  (ਸਮਾਜ ਵੀਕਲੀ)  ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤਾ ਜਾ ਰਿਹਾ ਉਪਰਾਲਾ ਬੇਸ਼ੱਕ ਸ਼ਲਾਘਾਯੋਗ ਹੈ। ਉਹ ਹਰ ਰੋਜ਼ ‘ਅੱਜ ਦਾ ਵਿਚਾਰ’ ਸਾਂਝਾ ਕਰਕੇ ਵਿਦਿਆਰਥੀਆਂ ਅਤੇ ਸਮਾਜ ਨੂੰ ਸਕਾਰਾਤਮਕ ਸੋਚ ਦਾ ਸੰਦੇਸ਼ ਦੇ ਰਹੇ ਹਨ। ਉਹਨਾਂ ਨੇ ਹੁਣ ਤੱਕ ਲਗਾਤਾਰ ਰੋਜ਼ਾਨਾ ਬਿਨ ਨਾਗਾ ਲਗਭਗ 1750 ਤੋਂ ਵੱਧ ਵਿਚਾਰ ਸਾਂਝੇ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਜਦ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਰੋਨਾ ਕਾਲ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਉੱਤੇ ਹਾਵੀ ਹੁੰਦੀ ਨਕਾਰਾਤਮਕ ਸੋਚ ਨੂੰ ਠੱਲ ਪਾਉਣ ਹਿੱਤ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਇੱਕ ਚੰਗਾ ਵਿਚਾਰ ਭੇਜਿਆ ਜਾਵੇ ਤਾਂ ਜੋ ਦਿਨ ਦੀ ਸ਼ੁਰੂਆਤ ਸਕਾਰਾਤਮਕ ਸੋਚ ਨਾਲ਼ ਹੋ ਸਕੇ। ਇਸ ਤਰ੍ਹਾਂ ਇਹ ਉਪਰਾਲਾ ਸ਼ੁਰੂ ਹੋਇਆ, ਪਹਿਲਾਂ ਸਕੂਲ ਦੇ ਵਿਦਿਆਰਥੀਆਂ ਅਤੇ ਪੰਜ ਸੱਤ ਅਧਿਆਪਕਾਂ ਵਾਲੇ ਵਟਸਐਪ ਗਰੁੱਪਾਂ ਰਾਹੀਂ ਵਿਚਾਰ ਪਹੁੰਚਣਾ ਸ਼ੁਰੂ ਹੋਇਆ। ਹੁਣ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਦੇ ਨਾਲ਼ ਨਾਲ਼ ਲਗਭਗ ਭਾਰਤ ਦੇ 15-17 ਰਾਜਾਂ ਅਤੇ 8-10 ਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੱਕ ਇਹ ਵਿਚਾਰ ਪਹੁੰਚ ਰਿਹਾ ਹੈ ਅਤੇ ਸਭ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਪਹਿਲੇ 1100 ਅੱਜ ਦੇ ਵਿਚਾਰ ‘ਰਾਹੇ ਚਾਨਣ’ ਕਿਤਾਬ ਵਿੱਚ ਛਪ ਚੁੱਕੇ ਹਨ। ਇਹ ਵਿਚਾਰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹਨ, ਬਲਕਿ ਇਹ ਵੱਖ-ਵੱਖ ਵਿਦਵਾਨਾਂ, ਅਧਿਆਪਕਾਂ ਅਤੇ ਸਮਾਜ ਸੇਵੀਆਂ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਹਨ। ਇਸ ਨਾਲ਼ ਵਿਦਿਆਰਥੀਆਂ ਨੂੰ ਨਾ ਸਿਰਫ਼ ਵੱਖ-ਵੱਖ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮਿਲਦੀ ਹੈ, ਬਲਕਿ ਉਹਨਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਣਾ ਵੀ ਮਿਲਦੀ ਹੈ। ਇਹ ਕੰਮ ਬਹੁਤ ਹੀ ਮਿਹਨਤ ਵਾਲਾ ਹੈ, ਕਿਉਂਕਿ ਹਰ ਰੋਜ਼ ਨਵਾਂ ਅਤੇ ਪ੍ਰਭਾਵਸ਼ਾਲੀ ਵਿਚਾਰ ਲੱਭਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵਿੱਚ ਕਟਾਰੀਆ ਦੀ ਲਗਨ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਾਫ਼ ਝਲਕਦੀ ਹੈ। ਉਨ੍ਹਾਂ ਦਾ ਇਹ ਨਿੱਤ-ਨੇਮ ਨਾਲ ਕੀਤਾ ਜਾਣ ਵਾਲਾ ਕੰਮ ਸਮਾਜ ਵਿੱਚ ਸਕਾਰਾਤਮਕਤਾ ਨੂੰ ਵਧਾਉਣ ਦਾ ਇੱਕ ਪ੍ਰਭਾਵਸ਼ਾਲੀ ਢੰਗ ਹੈ। ਇਸ ਤਰ੍ਹਾਂ ਦੇ ਯਤਨਾਂ ਨਾਲ ਸਮਾਜ ਵਿੱਚ ਚੰਗੇ ਮੁੱਲਾਂ ਦਾ ਪ੍ਰਸਾਰ ਹੁੰਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਮਿਲਦੀ ਹੈ। ਸ੍ਰੀ ਕੁਲਵਿੰਦਰ ਸਿੰਘ ਕਟਾਰੀਆ ਦਾ ਇਹ ਉਪਰਾਲਾ ਦੂਜੇ ਅਧਿਆਪਕਾਂ ਅਤੇ ਸਕੂਲਾਂ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਹੈ ਕਿ ਉਹ ਵੀ ਇਸ ਤਰ੍ਹਾਂ ਦੇ ਨਵੇਂ ਅਤੇ ਰਚਨਾਤਮਕ ਕੰਮਾਂ ਰਾਹੀਂ ਸਮਾਜ ਦੇ ਭਲੇ ਲਈ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੀ ਇਸ ਲਗਾਤਾਰ ਮਿਹਨਤ ਲਈ ਲਾਲ ਸਲਾਮ।

ਜਤਿੰਦਰ ਸ਼ਰਮਾਂ
ਈ.ਟੀ.ਟੀ ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ
ਕੋਟ ਸ਼ਮੀਰ (ਬਠਿੰਡਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article” ਸਮੁੱਚੇ ਮਰਦ ਔਰਤਾਂ ਦਾ ਬਿਰਤਾਂਤ ਸਿਰਜਦਾ ਕਹਾਣੀ ਸੰਗ੍ਰਹਿ- ਜਨਾਨੀਆਂ ਜੋਗੇ “
Next articleਰੱਖੜੀ – ਸਿਰਫ਼ ਧਾਗਾ ਨਹੀਂ, ਭਾਵਨਾ ਹੈ