HOME ” ਸਮੁੱਚੇ ਮਰਦ ਔਰਤਾਂ ਦਾ ਬਿਰਤਾਂਤ ਸਿਰਜਦਾ ਕਹਾਣੀ ਸੰਗ੍ਰਹਿ- ਜਨਾਨੀਆਂ ਜੋਗੇ “

” ਸਮੁੱਚੇ ਮਰਦ ਔਰਤਾਂ ਦਾ ਬਿਰਤਾਂਤ ਸਿਰਜਦਾ ਕਹਾਣੀ ਸੰਗ੍ਰਹਿ- ਜਨਾਨੀਆਂ ਜੋਗੇ “

2

ਪੁਸਤਕ ਦਾ ਨਾਂ – ਜਨਾਨੀਆਂ ਜੋਗੇ
ਕਹਾਣੀਕਾਰਾ –    ਜਸਵਿੰਦਰ ਕੌਰ ਤੂਰ
ਪੰਨੇ – 128       ਕੀਮਤ – 299/- ਰੁਪਏ
ਪ੍ਰਕਾਸ਼ਕ – ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।

ਤੇਜਿੰਦਰ ਚੰਡਿਹੋਕ, ਐਮ ਏ

  (ਸਮਾਜ ਵੀਕਲੀ)  ਸਾਹਿਤ ਵਿਚ ਵਾਰਤਕ ਦੀ ਵਿਧਾ ਕਹਾਣੀ ਦੀਆਂ ਅੱਗੇ ਹੋਰ ਬਹੁਤ ਸਾਰੀਆਂ ਉਪ ਵਿਧਾਵਾਂ ਹੁੰਦੀਆਂ ਹਨ ਜਿਹਨਾਂ ਵਿਚ ਲੰਬੀ ਕਹਾਣੀ, ਨਿੱਕੀ ਕਹਾਣੀ, ਮਿੰਨੀ ਕਹਾਣੀ, ਲਘੂ ਕਥਾ ਆਦਿ। ਆਮ ਤੌਰ ਤੇ ਵਰਤਮਾਨ ਕਾਲ ਦੇ ਸਿਰਜਕ ਇਹਨਾਂ ਵਿਧਾਵਾਂ ਦੇ ਨਿਯਮਾਂ ਨੂੰ ਨਾ ਜਾਣਦੇ ਹੋਏ ਇਹਨਾਂ ਵਿੱਚ ਵਖਰੇਵਾਂ ਨਹੀਂ ਕਰ ਸਕਦੇ। ਵਿਸ਼ੇਸ਼ ਕਰਕੇ ਨਿੱਕੀ ਕਹਾਣੀ ਅਤੇ ਮਿੰਨੀ ਕਹਾਣੀ ਦੇ ਵਿਭਿੰਨ ਰੂਪ ਹੁੰਦੇ ਹਨ।
ਹਥਲੀ ਪੁਸਤਕ ‘ ਜਨਾਨੀਆਂ ਜੋਗੇ ‘ ਜਸਵਿੰਦਰ ਕੌਰ ਤੂਰ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕਰੀਬ 56 ਕਹਾਣੀਆਂ ਵੱਖ ਵੱਖ ਤਰ੍ਹਾਂ ਦੀਆਂ ਸ਼ਾਮਲ ਕੀਤੀਆਂ ਹਨ। ਪੁਸਤਕ ਵਿਚ ਪੁਸਤਕ ਦੀ ਸਿਰਲੇਖੱਤ ਕਹਾਣੀ ਨੂੰ ਦਸਵੇਂ ਸਥਾਨ ਤੇ ਰੱਖਿਆ ਹੈ। ਇਸ ਪੁਸਤਕ ਵਿਚ ਭੂਮਿਕਾ, ਮੁਖਬੰਦ ਆਦਿ ਨਹੀਂ ਹਨ ਪਰ ਲੇਖਿਕਾ ਦਾ ਸਵੈ ਕਥਨ ਸ਼ਾਮਲ ਹੈ। ਪੁਸਤਕ ਦਾ ਨਿੱਠ ਕੇ ਅਧਿਐਨ ਕਰੀਏ ਤਾਂ ਉਸ ਦੀਆਂ ਕਹਾਣੀਆਂ ਵਿਚ ਸਰਕਾਰੀ ਅਤੇ ਸਿਆਸੀ ਭ੍ਰਿਸ਼ਟਾਚਾਰ, ਟੁੱਟਦੇ ਸੁਪਨੇ, ਗ਼ਰੀਬੀ, ਅਕ੍ਰਿਤਘਣਤਾ, ਨਸ਼ਾ, ਔਰਤ ਦੀ ਹੋਣੀ, ਪਿਆਰ ਵਿਯੋਗ, ਪੈਸੇ ਦੀ ਦੁਨੀਆਂ, ਕੌਰੋਨਾ, ਸੰਤਾਪ, ਜਾਤ ਪਾਤ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਹੈ।
ਪਹਿਲਾਂ ਪੁਸਤਕ ਦੀ ਸਿਰਲੇਖਤ ਕਹਾਣੀ ਦਾ ਜਿਕਰ ਕਰਨਾ ਜਰੂਰੀ ਹੈ ਜਿਸ ਦੇ ਆਧਾਰ ਉਪਰ ਪੁਸਤਕ ਦਾ ਨਾਮਕਰਨ ਕੀਤਾ ਗਿਆ ਹੈ। ਪੁਸਤਕ ਦੀ ਦਸਵੀਂ ਕਹਾਣੀ ‘ ਜਨਾਨੀਆਂ ਜੋਗੇ ‘ ਉਹਨਾਂ ਮਰਦਾਂ ਤੇ ਤਨਜ ਕਸਦੀ ਹੈ ਜਿਹੜੇ ਵਿਆਹ ਕਰਵਾ ਕੇ ਘਰਵਾਲੀ ਦੇ ਬਣ ਜਾਂਦੇ ਹਨ ਅਤੇ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਇਕ ਕਹਾਵਤ ਪ੍ਰਚਲਤ ਹੈ ਕਿ ਮਰਦ ਜਨਾਨੀ ਦੇ ਥੱਲੇ ਲਗਾ ਹੈ। ਕਹਾਣੀ ਵਿਚ ਦੋ ਅਜਿਹੇ ਪਾਤਰ ਹਰਦੇਵ ਅਤੇ ਮਦਨ ਸ਼ਾਮਲ ਹਨ ਜਿਹੜੇ ਘਰਵਾਲੀ ਨਾਲ ਹੀ ਲਗੇ ਰਹਿੰਦੇ ਹਨ। ਹਰਦੇਵ ਪਹਿਲਾਂ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਪਰ ਉਸ ਦੀ ਮਾਂ ਤਾਰੋ ਬੱਚਿਆਂ ਖਾਤਰ ਵਿਆਹ ਲਈ ਮਨਾਉਂਦੀ ਹੈ ਫਿਰ ਉਹ ਉਸ ਦੀ ਖਾਤਰਦਾਰੀ ਵਿਚ ਲਗ ਕੇ ਆਪਣੀ ਕੁੜੀ ਤੋਂ ਘਰ ਦਾ ਕੰਮ ਕਰਵਾਉਂਦਾ ਹੈ। ਇਕ ਪਾਸੇ ਕਹਾਣੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮਰਦ ਬਿਨਾਂ ਔਰਤ ਅਤੇ ਔਰਤ ਬਿਨਾਂ ਮਰਦ ਕਿਸੇ ਜੋਗੇ ਨਹੀਂ ਹੁੰਦੇ। ਇਹਨਾਂ ਪਾਤਰਾਂ ਦੇ ਕਿਰਦਾਰ ਨੂੰ ਭਾਂਪਦਿਆਂ ਪੁਸਤਕ ਦਾ ਨਾਂ ਕਹਾਣੀ ਦੇ ਨਾਂ ਤੇ ਰੱਖਿਆ ਗਿਆ ਹੈ।
ਕਹਾਣੀ ‘ ਬਦਚਲਣ ‘ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਸੱਸ ਵਲੋ ਆਪਣੇ ਮੁੰਡੇ ਦੀਆਂ ਵਧੀਕੀਆਂ ਜਾਣਦੇ ਹੋਏ ਵੀ ਲੋਕਾਂ ਸਾਹਮਣੇ ਨੂੰਹ ਨੂੰ ਬਦਚਲਣ ਆਖ ਕੇ ਗੱਲਾਂ ਕੱਢਣੀਆਂ, ਉਸ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਔਰਤ ਹੀ ਔਰਤ ਦੀ ਦੁਸ਼ਮਣ ਹੋਣ ਦਾ ਕਿਰਦਾਰ ਪੇਸ਼ ਕਰਦੀ ਹੈ। ‘ ਡਰ , ਅਣਖ ਤੇ ਪਾਪ’ ਕਹਾਣੀ ਵਿਚ ਗੰਭੀਰਤਾ ਬਣੀ ਰਹਿੰਦੀ ਹੈ। ਵੱਡੇ ਘਰਾਂ ਦੇ ਵਿਗੜੇ ਕਾਕਿਆਂ ਦੀ ਧੱਕਾ ਸਾਹੀ ਅਤੇ ਬੁਰੇ ਕੰਮ ਦੇ ਬੁਰੇ ਨਤੀਜੇ ਦਾ ਅਹਿਸਾਸ ਕਰਵਾਉਂਦੀ ਹੈ। ਜਦੋਂ ਜਸਦੀਪ ਆਪਣੇ ਘਰ ਅੰਦਰ ਝਾਤ ਨਾ ਮਾਰ ਕੇ ਹਰਮਨ ਤੋਂ ਬਦਲਾ ਲੈਣ ਲਈ ਆਪਣੇ ਮਿੱਤਰ ਰਵੀ ਅਤੇ ਮਾਸੀ ਦੇ ਮੁੰਡੇ ਬਲਕਾਰ ਨਾਲ ਮਿਲ ਕੇ ਕਾਮ ਦੀ ਭੁੱਖ ਮਿਟਾਉਂਦਾ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੰਦਾ ਹੈ ਫਿਰ ਘਰ ਵਿੱਚ ਮਾਂ ਚਾਚੇ ਦੇ ਸਬੰਧ ਦੇਖ ਕੇ ਉਹਨਾਂ ਦਾ ਵੀ ਕਤਲ ਕਰ ਦਿੰਦਾ ਹੈ।
ਕਹਾਣੀ ‘ਨੱਕ ਦੇ ਲੇਖੇ’ ਫੋਕੀਆਂ ਸ਼ਹੁਰਤਾਂ ਜਿਵੇਂ ਵਿਆਹ ਸ਼ਾਦੀ, ਭੋਗ ਤੇ ਬੇਹਿਸਾਬਾ ਖਰਚ ਕਰਨ ਦੀ ਗੱਲ ਕਰਦੀ ਹੈ। ਕੋਰੌਨਾ ਕਾਲ ਵਿਚ ਵੱਧ ਰਹੀਆਂ ਦੂਰੀਆਂ ਦਾ, ਮਾਨਸਿਕਤਾ ਦਾ ਬਲਾਤਕਾਰ ਦੀ ਗੱਲ ਵੀ ਕਰਦੀਆਂ ਹਾਂ। ‘ ਸ਼ਰੀਕ ‘ ਕਹਾਣੀ ਮਤਲਬ ਦੇ ਰਿਸ਼ਤਿਆਂ ਦੀ ਜਾਣਕਾਰੀ ਦਿੰਦੀ ਹੈ ਕਿ ਕਿਵੇਂ ਲੋਕ ਆਪਣੀ ਲੋੜ ਪੂਰੀ ਕਰਨ ਲਈ ਮੁੱਦਤਾਂ ਤੋਂ ਅਣਬਣ ਹੋਣ ਤੇ ਵੀ ਬਹਾਨਾ ਲੱਭ ਕੇ ਮਦਦ ਦੀ ਗੱਲ ਆਖੀ ਹੈ। ‘ ਪਾਗ਼ਲ ਪਨ ਭਾਰੀ ਸਿਆਣਪ ‘ ਲੋਕਾਂ ਵਲੋਂ ਚੰਗੇ ਭਲੇ ਬੰਦੇ ਨੂੰ ਪਾਗ਼ਲ ਬਣਾਉਣ ਦੀ ਕਿੱਸਾ ਪੇਸ਼ ਕਰਦੀ ਹੈ। ਪੁਸਤਕ ਵਿਚ ਦਰਜ ਕਹਾਣੀਆਂ ਸੰਤਾਪ, ਆਦਤਾਂ, ਆਫ ਲਾਈਨ ਆਨ ਲਾਈਨ, ਚਰਿੱਤਰਹੀਣ, ਸੱਚਾ ਪਿਆਰ ਅਤੇ ਝੂਠਾ ਬੰਦਾ ਦੂਜੀ ਔਰਤ ਨਾਲ ਸਬੰਧਾਂ ਦੀ ਗੱਲ ਕਰਦੀ ਹੈ। ਇਸੇ ਤਰ੍ਹਾਂ ਘਰੇਲੂ ਜੰਗ, ਉਜਾੜਾ ਅਤੇ ਖਰਾਬ ਔਰਤ ,  ਔਰਤ ਦੀ ਆਪਸੀ ਦੁਸ਼ਮਣੀ ਦੀ ਤ੍ਰਾਸਦੀ ਨੂੰ ਪਾਠਕਾਂ ਸਾਹਮਣੇ ਲਿਆਂਦਾ ਹੈ।
‘ ਸਾਊ ਘਰਾਂ ਦੀਆਂ ਕੁੜੀਆਂ’ ਅਤੇ ‘ ਪਿਆਰ ਤਾਂ ਹੁਣ ਕਰਨਾ ਪੈਣਾ ‘ ਕਹਾਣੀਆਂ ਮੁੰਡੇ ਅਤੇ ਕੁੜੀ ਦੇ ਸਮਾਜਿਕ ਫਰਕ ਨੂੰ ਲੈ ਕੇ ਲਿਖੀਆਂ ਗਈਆਂ ਹਨ ਕਿਉੰਕਿ ਸਾਡੇ ਸਮਾਜ ਵਿੱਚ ਮੁੰਡਿਆਂ ਜਿੰਨੀ ਖੁੱਲ੍ਹ ਕੁੜੀਆਂ ਨੂੰ ਨਹੀਂ ਮਿਲਦੀ। ਕਹਾਣੀ ‘ ਵਾਤਾਵਰਨ ਬਚਾਓ ‘ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਵਾਲੀ ਕਹਾਵਤ ਸਿੱਧ ਕਰਦੀ ਹੈ। ਹੋਰ ਕਹਾਣੀਆਂ ਸ਼ੁੱਧੀਕਰਨ ਵਿੱਚ ਜਾਤ ਪਾਤ ਨੂੰ, ਮਰਦਾਨਗੀ ਵਿਚ ਪਵਿੱਤਰ ਰਿਸ਼ਤਿਆਂ ਤੇ ਨਜ਼ਰ ਅਤੇ ਪੀ ਆਰ ਦਾ ਮੁੱਲ ਕਹਾਣੀ ਅੱਜ ਦੇ ਯੁੱਗ ਵਿਚ ਵਿਦੇਸ਼ ਜਾਣ ਲਈ ਲਾਲਚ ਅਤੇ ਓਹਲੇ ਦਾ ਪਰਦਾ ਫਾਸ਼ ਕਰਦੀਆਂ ਹਨ। ਕਹਾਣੀ ਸਕੀ ਭੈਣ ਅੱਜ ਦੇ ਸਮਾਜ ਦੀ ਸੋਚ ਦਾ ਪ੍ਰਗਟਾਵਾ ਕਰਦੀ ਹੈ ਜਿਸ ਵਿਚ ਕੰਡਕਟਰ ਦੇ ਭੈਣ ਭਰਾ ਦੇ ਰਿਸ਼ਤੇ ਨੂੰ ਸਮਾਜ ਕਿਸ ਅੱਖ ਨਾਲ ਦੇਖਦਾ ਹੈ। ਪੁਸਤਕ ਦੀ ਅੰਤਿਮ ਕਹਾਣੀ ਧੀ ਦਾ ਭੋਗ ਵੀ ਪਿਆਰ ਤਾਂ ਹੁਣ ਕਰਨਾ ਪੈਣਾ ਵਾਂਗ ਘਰ ਪ੍ਰੇਮ ਵਿਆਹ ਕਰਕੇ ਆਈ ਨੂੰਹ ਅਤੇ ਮਨ ਪਸੰਦ ਮੁੰਡੇ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਵਿਚ ਫਰਕ ਲਿਆਉਂਦੀ ਹੈ। ਇਸੇ ਤਰ੍ਹਾਂ ਪੁਸਤਕ ਵਿਚਲੀਆਂ ਹੋਰ ਕਹਾਣੀਆਂ ਗੁੱਗਾ, ਚੁੜੇਲਾਂ, ਕਨੇਡੀਅਨ ਮਿੰਦੋ, ਜਾਣ ਪਛਾਣ, ਗੋਸ਼ਟੀਆਂ ਅਤੇ ਭਰਮ ਭੁਲੇਖੇ ਵੀ ਪੜ੍ਹਨਯੋਗ ਹਨ।
ਮੈਨੂੰ ਇਹ ਕਹਾਣੀ ਸੰਗ੍ਰਹਿ ਵਿਚ ਦੀ ਲੰਘਦਿਆਂ ਇਉਂ ਲਗਦਾ ਹੈ ਕਿ ਕਹਾਣੀਕਾਰਾ ਦੀਆਂ ਕਹਾਣੀਆਂ ਹੋਰ ਵਿਸਥਾਰ ਦੀ ਮੰਗ ਕਰਦਿਆਂ ਹਨ। ਪੁਸਤਕ ਵਿਚਲੇ ਵਿਸ਼ੇ ਵਧੀਆ ਚੁਣੇ ਗਏ ਹਨ। ਭਾਸ਼ਾ ਵੀ ਸਰਲ ਹੈ ਅਤੇ ਲਿਖਣ ਸ਼ੈਲੀ ਪਾਠਕਾਂ ਨੂੰ ਬੋਰ ਨਹੀਂ ਕਰਦੀ। ਕਾਫੀ ਕਹਾਣੀਆਂ ਦੇ ਪਾਤਰਾਂ ਦੇ ਨਾਮ ਜਾ ਤਾਂ ਮਿਲਵੇਂ ਜੁਲਵੇਂ ਹਨ ਜਾਂ ਇਕੋ ਪਾਤਰ ਦੇ ਦੋ ਨਾਮ ਦਰਜ ਹਨ। ਜਿਸ ਨਾਲ ਪਾਠਕਾਂ ਨੂੰ ਭੁਲੇਖਾ ਲੱਗ ਸਕਦਾ ਹੈ। ਕਹਾਣੀਆਂ  ਦੀ ਬਹੁਤਾਤ ਔਰਤਾਂ ਉਪਰ ਤਸ਼ੱਦਦ, ਪ੍ਰੇਮ ਪਿਆਰ, ਸਕੂਲਾਂ ਅਤੇ ਨੌਜਵਾਨਾਂ ਵਲੋ ਇਸ਼ਕ ਅਤੇ ਉਸ ਲਈ ਅਨੈਤਿਕ ਰਸਤੇ ਅਪਣਾਉਣ ਨਾਲ ਸਬੰਧਤ ਹਨ। ਪੁਸਤਕ ਵਿਚਲੀਆਂ ਕਹਾਣੀਆਂ ਚੰਗੀਆਂ ਹਨ ਅਤੇ ਭਵਿੱਖ ਵਿੱਚ ਕਹਾਣੀਕਾਰਾ ਤੋਂ ਚੰਗੀਆਂ ਕਹਾਣੀਆਂ ਦੀ ਉਮੀਦ ਕਰਦਿਆਂ ਪੁਸਤਕ ਦਾ ਸਵਾਗਤ ਹੈ।
ਤੇਜਿੰਦਰ ਚੰਡਿਹੋਕ, ਐਮ ਏ,
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਜੇਤੂ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਵਿਖੇ ਡਾ ਨਵਕਾਂਤ ਭਰੋਮਜਾਰਾ ਫਿਰ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ
Next articleਇੱਕ ਪ੍ਰੇਰਨਾਦਾਇਕ ਉਪਰਾਲਾ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡਮਾਸਟਰ ਦਾ ‘ਅੱਜ ਦਾ ਵਿਚਾਰ’