HOME ਰੱਖੜੀ – ਸਿਰਫ਼ ਧਾਗਾ ਨਹੀਂ, ਭਾਵਨਾ ਹੈ

ਰੱਖੜੀ – ਸਿਰਫ਼ ਧਾਗਾ ਨਹੀਂ, ਭਾਵਨਾ ਹੈ

2
ਮੰਜੂ ਰਾਇਕਾ

 (ਸਮਾਜ ਵੀਕਲੀ)   ਜੀਵਨ ਵਿੱਚ ਅਨੇਕ ਰਿਸ਼ਤੇ ਮਿਲਦੇ ਹਨ, ਪਰ ਕੁਝ ਰਿਸ਼ਤੇ ਇਨਸਾਨੀ ਜੀਵਨ ਦੀ ਰੂਹ ਬਣ ਜਾਂਦੇ ਹਨ। ਉਹ ਰਿਸ਼ਤੇ ਜਿਨ੍ਹਾਂ ਵਿੱਚ ਨਾ ਕੋਈ ਲਾਭ ਦੀ ਉਮੀਦ ਹੁੰਦੀ ਹੈ, ਨਾ ਕੋਈ ਸ਼ਰਤ। ਇਨ੍ਹਾਂ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਭੈਣ-ਭਰਾ ਦਾ ਹੁੰਦਾ ਹੈ, ਜਿਸਨੂੰ ਰੱਖੜੀ ਦੇ ਤਿਉਹਾਰ ਰੂਹਾਨੀ ਤੌਰ ‘ਤੇ ਹੋਰ ਵੀ ਪਵਿੱਤਰਤਾ ਦੇ ਦਿੰਦਾ ਹੈ।

ਰੱਖੜੀ, ਜਿਸਨੂੰ ਰਾਖੀ ਵੀ ਕਿਹਾ ਜਾਂਦਾ ਹੈ, ਪਹਿਲਾਂ ਸਿਰਫ਼ ਇੱਕ ਰਵਾਇਤੀ ਧਾਗਾ ਸੀ, ਪਰ ਅੱਜ ਇਹ ਇਕ ਭਾਵਨਾ ਬਣ ਚੁੱਕੀ ਹੈ ਇਕ ਅਣਮੋਲ ਜ਼ਿੰਮੇਵਾਰੀ, ਇਕ ਦੂਜੇ ਲਈ ਖੜ੍ਹੇ ਰਹਿਣ ਦਾ ਵਾਅਦਾ। ਇਹ ਉਹ ਮੌਕਾ ਹੈ ਜਦੋਂ ਇੱਕ ਭੈਣ ਆਪਣੇ ਭਰਾ ਦੀ ਕਲਾਈ ‘ਚ ਰੱਖੜੀ ਬੰਨ੍ਹ ਕੇ ਸਿਰਫ਼ ਰਿਵਾਜ ਨਹੀਂ ਨਿਭਾਉਂਦੀ, ਪਰ ਆਪਣੇ ਅਧੂਰੇ ਸਵਾਲਾਂ, ਚੁੱਪ ਰਹਿ ਗਈਆਂ ਉਮੀਦਾਂ, ਤੇ ਬਚਪਨ ਦੀਆਂ ਯਾਦਾਂ ਵੀ ਬੰਨ੍ਹ ਦਿੰਦੀ ਹੈ।
ਭੈਣ ਦੇ ਹੱਥੋਂ ਬੰਨ੍ਹੀ ਰੱਖੜੀ ਸਿਰਫ਼ ਸੁਰੱਖਿਆ ਦੀ ਮੰਗ ਨਹੀਂ ਹੁੰਦੀ, ਇਹ ਉਹ ਭਰੋਸਾ ਹੁੰਦਾ ਹੈ ਜੋ ਕਹਿੰਦਾ ਹੈ – “ਤੂੰ ਹੈਂ, ਤਾਂ ਮੈਂ ਨਿਡਰ ਹਾਂ।”
ਕਈ ਵਾਰ ਰੱਖੜੀ ਉਹਨਾਂ ਘਰਾਂ ਵਿੱਚ ਵੀ ਮਨਾਈ ਜਾਂਦੀ ਹੈ ਜਿੱਥੇ ਭੈਣ-ਭਰਾ ਇਕ ਦੂਜੇ ਤੋਂ ਮੀਲਾਂ ਦੂਰ ਹਨ। ਇੱਕ ਰਾਖੀ, ਇੱਕ ਚਿੱਠੀ ਜਾਂ ਇੱਕ ਕਾਲ ਵੀ ਇਸ ਰਿਸ਼ਤੇ ਦੀ ਤਾਕਤ ਬਣ ਜਾਂਦੀ ਹੈ। ਇਹੋ ਤਾਂ ਉਸ ਰਿਸ਼ਤੇ ਦੀ ਖ਼ੂਬਸੂਰਤੀ ਹੈ ਨਾ ਕੋਈ ਦੌਲਤ ਦੀ ਲੋੜ, ਨਾ ਕੋਈ ਵਕਤ ਦੀ ਪਾਬੰਦੀ।ਇਹ ਤਾਂ ਸਿਰਫ਼ ਦਿਲਾਂ ਦੀ ਡੋਰ ਹੈ।
ਭੈਣਾਂ – ਸਦੀਆਂ ਦੀ ਸੱਚੀ ਰਾਖੀ
ਇਸ ਸਮਾਜ ਨੇ ਸਦਾ ਭਰਾਵਾਂ ਨੂੰ ਰੱਖੜੀ ਦਾ ਕੇਂਦਰ ਬਣਾਇਆ, ਪਰ ਕੀ ਅਸੀਂ ਕਦੇ ਸੋਚਿਆ ਕਿ ਭੈਣਾਂ ਵੀ ਕਈ ਵਾਰ ਭਰਾਵਾਂ ਦੀ ਰਾਖੀ ਬਣਦੀਆਂ ਨੇ? ਉਹ ਆਪਣੇ ਘਰ ਵਿੱਚ ਰਹਿ ਕੇ ਆਪਣੇ ਭਰਾ ਦੀ ਚਿੰਤਾ ਕਰਦੀਆਂ ਨੇ, ਉਨ੍ਹਾਂ ਦੀ ਜ਼ਿੰਦਗੀ ਲਈ ਦੁਆ ਕਰਦੀਆਂ ਨੇ।
ਕਈ ਘਰਾਂ ਵਿੱਚ ਭੈਣਾਂ ਅਜਿਹੀਆਂ ਵੀ ਹੁੰਦੀਆਂ ਨੇ ਜੋ ਆਪਣੇ ਭਰਾ ਨੂੰ ਪਾਲ ਪੋਸ ਕੇ ਵੱਡਾ ਕਰਦੀਆਂ ਨੇ। ਰੱਖੜੀ ਉਨ੍ਹਾਂ ਲਈ ਸਿਰਫ਼ ਤਿਉਹਾਰ ਨਹੀਂ, ਉਨ੍ਹਾਂ ਦੀਆਂ ਕੁਰਬਾਨੀਆਂ ਦੀ ਯਾਦ ਵੀ ਹੁੰਦੀ ਹੈ।
ਰੱਖੜੀ ਦਾ ਅਸਲੀ ਅਰਥ – ਇਜ਼ਤ, ਸਨਮਾਨ ਅਤੇ ਸਮਰਪਣ
ਰੱਖੜੀ ਸਿਰਫ਼ ਇੱਕ ਧਾਗਾ ਨਹੀਂ, ਇਹ ਇੱਕ ਸੰਕਲਪ ਹੈ। ਇੱਥੇ ਰੱਖੜੀ ਦਾ ਅਰਥ ਭੈਣ ਦੀ ਇਜ਼ਤ ਦੀ ਰਾਖੀ ਵੀ ਹੈ। ਜਦੋਂ ਭਰਾ ਆਪਣੀ ਭੈਣ ਦੀ ਅਜ਼ਾਦੀ, ਇੱਛਾਵਾਂ ਅਤੇ ਅਸਮਿਤਾ ਦੀ ਰਾਖੀ ਕਰਦਾ ਹੈ – ਤਦੋਂ ਰੱਖੜੀ ਅਸਲ ਅਰਥ ਵਿੱਚ ਮਨਾਈ ਜਾਂਦੀ ਹੈ।
ਸਮਾਜ ਵਿੱਚ ਕਈ ਥਾਵਾਂ ਤੇ ਅਜੇ ਵੀ ਭੈਣ ਨੂੰ ਬੋਝ ਮੰਨਿਆ ਜਾਂਦਾ ਹੈ। ਪਰ ਇੱਕ ਸਚਾ ਭਰਾ ਆਪਣੀ ਭੈਣ ਲਈ ਸਮਾਜ ਨਾਲ ਵੀ ਲੜ ਪੈਂਦਾ ਹੈ, ਉਸ ਦੇ ਸੁਪਨੇ ਪੂਰੇ ਕਰਨ ਵਿੱਚ ਹਮਦਰਦ ਬਣਦਾ ਹੈ। ਇਹੀ ਹੈ ਰੱਖੜੀ ਦਾ ਨਵਾਂ ਤੇ ਅਸਲੀ ਚਿਹਰਾ।
ਅਖੀਰ ‘ਚ – ਰੱਖੜੀ ਇੱਕ ਜਜ਼ਬਾ ਹੈ
ਜਿਸ ਤਰ੍ਹਾਂ ਧਾਗਾ ਕਲਾਈ ਨਾਲ ਲੱਗ ਕੇ ਦਿਲ ਨਾਲ ਜੁੜ ਜਾਂਦਾ ਹੈ, ਉਸੇ ਤਰ੍ਹਾਂ ਰੱਖੜੀ ਭਾਵਨਾ ਬਣ ਕੇ ਦਿਲਾਂ ਦੀਆਂ ਦੂਰੀਆਂ ਨੂੰ ਮਿਟਾ ਦਿੰਦੀ ਹੈ। ਚਾਹੇ ਭੈਣ ਵਿਆਹ ਹੋ ਕੇ ਦੂਰ ਹੋ ਜਾਵੇ, ਚਾਹੇ ਭਰਾ ਵਿਦੇਸ਼ ਚਲਾ ਜਾਵੇ ।ਇਹ ਧਾਗਾ ਸਦਾ ਰਿਸ਼ਤੇ ਨੂੰ ਜਿਉਂਦਾ ਰੱਖਦਾ ਹੈ।
ਰੱਖੜੀ ਮਨਾਓ, ਪਰ ਇਕ ਵਾਅਦਾ ਵੀ ਕਰੋ – ਇੱਕ ਦੂਜੇ ਦੀ ਰੱਖੜੀ ਬਣ ਕੇ ਸਦਾ ਸਾਥ ਨਿਭਾਉਣ ਦਾ।
ਮੰਜੂ ਰਾਇਕਾ।
ਭਿੰਡਰਾਂ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਇੱਕ ਪ੍ਰੇਰਨਾਦਾਇਕ ਉਪਰਾਲਾ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡਮਾਸਟਰ ਦਾ ‘ਅੱਜ ਦਾ ਵਿਚਾਰ’
Next articleਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ 2025-26 ਕਰਵਾਏ ਗਏ