HOME ਯਾਦਾਂ ਦੇ ਝਰੋਖੇ ‘ਚੋਂ 

ਯਾਦਾਂ ਦੇ ਝਰੋਖੇ ‘ਚੋਂ 

                       ਧਰਮ ਦੀ ਮਾਂ 

   (ਸਮਾਜ ਵੀਕਲੀ)   ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਠੇਡੇ ਖਾਂਦਿਆਂ ਮੈਂ ਐੱਮ.ਏ. ਪੰਜਾਬੀ ਵਧੀਆ ਅੰਕਾਂ ਵਿੱਚ ਪਾਸ ਕਰ ਲਈ ਸੀ। ਤਦ ਯੂਨੀਵਰਸਿਟੀ ਪੜ੍ਹਨ ਦਾ ਮੌਕਾ ਮਿਲਿਆ। ਐੱਮ.ਫਿੱਲ਼. ਦੌਰਾਨ ਡਾ. ਨਰਿੰਦਰ ਸਿੰਘ ਕਪੂਰ ਮੇਰੇ ਸੁਪਰਵਾਈਜ਼ਰ ਬਣੇ। ਮੈਂ ਆਪਣੇ ਵਿਸ਼ੇ ਨਾਲ਼ ਸੰਬੰਧਿਤ ਜੋ ਵੀ ਲਿਖਦਾ ਸਾਂ, ਕਪੂਰ ਸਾਹਿਬ ਨੂੰ ਦਿਖਾਉਣ ਉਨ੍ਹਾਂ ਦੀ ਕੋਠੀ ਚਲਾ ਜਾਂਦਾ ਸਾਂ। ਜਦੋਂ ਵੀ ਮੈਂ ਕੋਠੀ ਜਾਣਾ, ਮੈਡਮ ਪ੍ਰੋਫ਼ੈਸਰ ਰਣਜੀਤ ਕੌਰ ਕਪੂਰ ਜੀ ਨੇ ਮੈਨੂੰ ਹਮੇਸ਼ਾ ਚਾਹ ਪਾਣੀ ਪੀਣ ਉਪਰੰਤ ਹੀ ਵਾਪਸ ਮੁੜਨ ਦਿੱਤਾ। ਜੇਕਰ ਦੁਪਹਿਰ ਜਾਂ ਰਾਤ ਦੀ ਰੋਟੀ ਦਾ ਵੇਲ਼ਾ ਹੁੰਦਾ, ਉਨ੍ਹਾਂ ਰੋਟੀ ਖੁਆਏ ਬਿਨਾਂ ਮੈਨੂੰ ਕਦੇ ਨਾ ਆਉਣ ਦੇਣਾ। ਜੇ ਕਿਤੇ ਮੈਂ ਕਹਿ ਦੇਣਾ- “ਮੈਡਮ, ਰੋਟੀ ਤਾਂ ਮੈਂ ਹੋਸਟਲ ਜਾ ਕੇ ਖਾਵਾਂਗਾ।” ਤਦ ਮੈਡਮ ਨੇ ਮੈਨੂੰ ਕਹਿਣਾ- “ਇਕਬਾਲ ਸਿੰਘ, ਸੁਣੋ? ਜਦੋਂ ਵੀ ਰੋਟੀ ਦਾ ਵੇਲ਼ਾ ਹੋਵੇ। ਮੇਜ਼ਬਾਨ ਤੁਹਾਨੂੰ ਰੋਟੀ ਖਾਣ ਲਈ ਕਹੇ। ਉੱਥੇ ਬਹਿ ਕੇ, ਰੋਟੀ ਖਾਉ। ਫ਼ੇਰ ਜਾਉ।” ਮੈਡਮ ਦੇ ਸ਼ਬਦਾਂ ਵਿੱਚ ਇੰਨਾ ਮੋਹ ਹੁੰਦਾ ਸੀ, ਮੈਨੂੰ ਲੱਗਦਾ ਕਿ ਮੇਰੀ ਜਨਮਦਾਤੀ ਵੀ ਰੋਟੀ ਖੁਆਉਣ ਵੇਲੇ ਮੈਨੂੰ ਇੰਨਾਂ ਹੀ ਮੋਹ ਕਰਦੀ ਹੈ।
          ਮੈਡਮ ਕਪੂਰ ਪਿਛਲੇ ਪੰਜ ਸਾਲਾਂ ਤੋਂ ਇੱਕ ਨਾਮੁਰਾਦ ਬਿਮਾਰੀ ਨਾਲ਼ ਜੂਝ ਰਹੇ ਸਨ। ਮੇਰਾ ਜਦੋਂ ਵੀ ਪਟਿਆਲੇ ਜਾਣ ਦਾ ਸਬੱਬ ਬਣਦਾ, ਮੈਂ ਆਪਣੀ ਧਰਮ ਦੀ ਮਾਂ ਸ਼੍ਰੀਮਤੀ ਕਪੂਰ ਨੂੰ ਮਿਲਣ ਜਰੂਰ ਜਾਂਦਾ। ਪਰੰਤੂ ਡਾ. ਕਪੂਰ ਨੂੰ ਕਿਸੇ ਦਾ ਵੀ ਘਰ ਆਉਣਾ ਅੱਖਰਦਾ ਸੀ। ਮੈਂ ਬੇਸ਼ਕ ਡਾ. ਸਾਹਿਬ ਦੇ ਸੁਭਾਅ ਵਿੱਚ ਆਈ ਇਸ ਬੇਰੁਖ਼ੀ ਦੇ ਕਾਰਨਾਂ ਨੂੰ ਬਾਖ਼ੂਬੀ ਸਮਝਦਾ ਸਾਂ। ਇੱਕ ਤਾਂ ਮੈਡਮ ਕਪੂਰ ਲੰਮੇ ਸਮੇਂ ਤੋਂ ਬੈੱਡ ‘ਤੇ ਸਨ। ਦੂਜਾ, ਡਾ. ਸਾਹਿਬ ਦੇ ਲਿਖਣ ਪੜ੍ਹਨ ਵਿੱਚ ਵਿਘਨ ਪੈਂਦਾ ਸੀ। ਪਰੰਤੂ ਮੈਂ ਡਾ. ਸਾਹਿਬ ਨੂੰ ਕਿਵੇਂ ਸਮਝਾਉਂਦਾ ਕਿ ਮੈਂ ਤਾਂ ਆਪਣੀ ਉਸ ਧਰਮ ਦੀ ਮਾਂ ਦੇ ਦਰਸ਼ਨ ਦੀਦਾਰੇ ਕਰਨ ਵਾਰ-ਵਾਰ ਆਉਂਦਾ ਹਾਂ, ਜਿਹੜੀ ਹਮੇਸ਼ਾ ਮੇਰਾ ਢਿੱਡ ਭਰ ਕੇ ਮੈਨੂੰ ਆਪਣੇ ਘਰੋਂ ਤੋਰਦੀ ਰਹੀ ਸੀ।ਪਿੱਛੇ ਜਿਹੇ ਜਦੋਂ ਮੈਂ ਮੈਡਮ ਕਪੂਰ ਜੀ ਦੇ ਦਰਸ਼ਨ ਕਰਨ ਉਨ੍ਹਾਂ ਦੀ ਕੋਠੀ ਗਿਆ ਤਾਂ ਘਰੋਂ ਖੀਰ ਦਾ ਡੋਲੂ ਭਰਵਾ ਕੇ ਲੈ ਗਿਆ ਸਾਂ। ਪਰੰਤੂ ਉਹ ਦਵਾਈ ਲੈ ਕੇ ਬੈੱਡ ‘ਤੇ ਲੰਮੇ ਲੇਟੇ ਹੋਏ ਸਨ। ਤੇ ਨੀਂਦ ਵਿੱਚ ਸਨ। ਮੈਂ ਉਨ੍ਹਾਂ ਦੇ ਪੈਰਾਂ ਵਾਲ਼ੇ ਪਾਸੇ ਜਾ ਕੇ ਕੇਵਲ ਬੈੱਡ ਨੂੰ ਛੋਹ ਕੇ ਪ੍ਰਣਾਮ ਕੀਤਾ। ਮੈਡਮ ਨੇ ਬਹੁਤ ਹੀ ਮੱਧਮ ਅਵਾਜ਼ ਵਿੱਚ ਕਿਹਾ- “ਇਕਬਾਲ ਸਿੰਘ ਆਇਆ ਹੈ!” ਮੈਂ ਉਸੇ ਵੇਲੇ ਉਨ੍ਹਾਂ ਦੇ ਪੈਰਾਂ ਨੂੰ ਫ਼ੜ ਕੇ ਮੁੜ ਮੱਥਾ ਟੇਕਿਆ। ਉਨ੍ਹਾਂ ਮੈਨੂੰ ਅਸ਼ੀਰਵਾਦ ਦਿੱਤਾ। ਫ਼ਿਰ ਮੇਰੀ ਬੇਨਤੀ ‘ਤੇ ਮੈਡਮ ਨੇ ਥੋੜ੍ਹੀ ਜਿਹੀ ਖ਼ੀਰ ਖਾ ਲਈ। ਥੋੜ੍ਹੀ ਦੇਰ ਗੱਲਾਂ ਕਰ ਕੇ ਮੈਂ ਵਾਪਸ ਆ ਗਿਆ।
          ਅੱਜ ਮਿਤੀ 05-08-25. ਨੂੰ ਜਦੋਂ ਮੈਂ ਕਪੂਰ ਸਾਹਿਬ ਦੀ ਕੋਠੀ ਪਹੁੰਚਿਆ ਤਾਂ ਮੇਰੀ ਧਰਮ ਦੀ ਮਾਂ (ਸ਼੍ਰੀਮਤੀ ਕਪੂਰ) ਉਸੇ ਬੈੱਡ ‘ਤੇ ਬਿਲਕੁਲ ਸ਼ਾਂਤ ਪਈ ਸੀ। ਮੈਂ ਭਰੀਆਂ ਅੱਖਾਂ ਨਾਲ਼ ਉਨ੍ਹਾਂ ਦੇ ਪੈਰਾਂ ਨੂੰ ਛੋਹ ਕੇ ਪ੍ਰਣਾਮ ਕੀਤਾ। ਮੈਂ ਅੱਜ ਫ਼ੇਰ ਮੈਡਮ ਦੇ ਮੂੰਹੋਂ ਉਹੀ ਵਾਕ ਸੁਣਨ ਦੀ ਆਸ ਲਾਈ ਹੋਈ ਸੀ- “ਇਕਬਾਲ ਸਿੰਘ ਆਇਆ ਹੈ!” ਪਰੰਤੂ ਅੱਜ ਨਾ ਤਾਂ ਮੇਰੀ ਆਸ ਹੀ ਪੂਰੀ ਹੋਈ ਤੇ ਨਾ ਹੀ ਮੈਨੂੰ ਕਿਸੇ ਨੇ ਕਿਹਾ- “ਤੂੰ ਰੋਂਦਾ ਕਿਉਂ ਹੈਂ?” ਕਿਉਂਕਿ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਵੀ ਮੇਰੇ ਹੱਥਾਂ ਦੀ ਛੋਹ ਨੂੰ ਪਛਾਣ ਲੈਣ ਵਾਲ਼ੀ ਧਰਮ ਦੀ ਮਾਂ ਤਾਂ ਕਦੋਂ ਦੀ ਡੂੰਘੀ ਨੀਂਦ ਵਿੱਚ ਸੌਂ ਚੁੱਕੀ ਸੀ।
ਡਾ. ਇਕਬਾਲ ਸਿੰਘ ਸਕਰੌਦੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTime to Wake Up: Stop the Silly Blame Game Every Time India Wins
Next articleਤੈਨੂੰ ਯਾਦ ਕਰਾਂ