HOME ਨੌਕਰੀ

ਨੌਕਰੀ

ਨੀਤੂ ਕਵਿੱਤਰੀ 
(ਸਮਾਜ ਵੀਕਲੀ)
ਨਾ ਪੁੱਤਰ… ਤੂੰ ਹੁਣ ਇਹ ਜੋਬ ਨਹੀਂ ਛੱਡੇਂਗੀ ,ਮੈਂ ਹੋਰ ਨਹੀਂ ਦੇਖ ਸਕਦਾ ਆਪਦੇ ਪੁੱਤਰ ਨੂੰ ਇੱਦਾਂ ਰੁਲਦੇ…’ ਡੈਡੀ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ
ਮੈਂ ਬਤੌਰ ਐਸ.ਐਲ.ਏ ਜੌਬ ਕਰਦੀ ਨੂੰ ਹਾਲੇ ਚਾਰ ਮਹੀਨੇ ਹੀ ਹੋਏ ਸਨ।  ਅਤੇ ਤਨਖਾਹ ਵੀ ਇਨੀ ਕੁ ਸੀ ਕਿ ਘਰ ਦਾ ਗੁਜ਼ਾਰਾ ਚੱਲ ਪਿਆ ਸੀ। ਇਸ ਤੋਂ ਪਹਿਲਾਂ 10 ਸਾਲ ਹੋ ਗਏ ਸਨ ਦੋਹਾਂ ਜੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਨੌਕਰੀ ਕਰਦੇ ਤੇ ਸ਼ੋਸ਼ਣ ਸਹਿੰਦੇ। ਇੰਨੇ ਸਭ ਦੇ ਬਾਵਜੂਦ ਵੀ ਰੋਟੀ ਵੀ ਬਹੁਤ ਮੁਸ਼ਕਿਲ ਪੂਰੀ ਹੁੰਦੀ ਸੀ।
ਪਰ ਹੁਣ ਦੁਵਿਧਾ ਇਹ ਬਣ ਗਈ ਕਿ ਸਰਕਾਰੀ ਅਧਿਆਪਕ ਵਜੋਂ ਮੇਰੀ ਸਿਲੈਕਸ਼ਨ ਹੋ ਗਈ ਸੀ ਪਰ ਇਸ ਦੀ ਤਨਖਾਹ ਤਿੰਨ ਸਾਲ ਮਹਿਜ਼ 10300 ਮਿਲਣੀ ਸੀ ਅਤੇ ਕੱਟ ਕਟਾ ਕੇ 9300 । ਅਤੇ ਘਰ ਬਾਰ ਛੱਡ ਕੇ 200 ਕਿਲੋਮੀਟਰ ਦੂਰ ਮੱਖੂ ਵੀ ਜਾਣਾ ਪੈਣਾ ਸੀ।
ਹੁਣ ਮਸਲਾ ਇਹ ਸੀ ਕਿ ਇੱਕ ਪਾਸੇ ਅਟੈਂਡੈਂਟ ਵਜੋਂ ਕੰਮ ਕਰਨਾ ਪਰ ਤਨਖਾਹ ਸੰਤੁਸ਼ਟੀ ਜਨਕ
ਅਤੇ ਇੱਕ ਪਾਸੇ ਮੇਰਾ ਟੀਚਾ ਅਧਿਆਪਕ ਬਣਨਾ ਅਤੇ ਤਨਖਾਹ ਨਿਗੁਣੀ
 ਪਰ ਘਰ ਦੀ ਮਜਬੂਰੀ ਜਿਆਦਾ ਤਨਖਾਹ ਵਾਲੇ ਪਾਸੇ ਝੁਕਾ ਰਹੀ ਸੀ
ਇਸ ਸਕੂਲ ਵਿੱਚ ਅਟੈਂਡੈਂਟ ਹੁੰਦੇ ਹੋਏ ਵੀ ਮੇਰੀ ਕਾਬਲੀਅਤ ਨੂੰ ਦੇਖਦੇ ਹੋਏ ਮੈਨੂੰ ਦਸਵੀਂ ਅਤੇ ਬਾਰਵੀਂ ਦੇ ਇੰਗਲਿਸ਼ ਦੇ ਲੈਕਚਰ ਦਿੱਤੇ ਹੋਏ ਸਨ ਅਤੇ ਦਸਵੀਂ ਦਾ ਮੈਥ ਦਾ ਲੈਕਚਰ ਵੀ। ਇਹ ਸਾਰਾ ਸਟਾਫ ਮੈਨੂੰ ਬਹੁਤ ਪਿਆਰ ਕਰਦਾ ਸੀ  ਸਭ ਮੈਨੂੰ ਮੋਟੀਵੇਟ ਕਰ ਰਹੇ ਸਨ ਕਿ ਮੈਂ ਗਰੁੱਪ ਡੀ ਦੀ ਨੌਕਰੀ ਛੱਡ ਕੇ ਆਪਣੀ ਬਣਦੀ ਪੋਸਟ ਜੁਆਇਨ ਕਰਾਂ।
ਪਰ ਮੈਂ ਅਤੇ ਮੇਰੇ ਹਸਬੈਂਡ ਅਤੇ ਮੇਰੇ ਪਾਪਾ ਇਸ ਮਜਬੂਰੀ ਨੂੰ ਜਾਣਦੇ ਸਨ ਕਿ ਗਰੀਬੀ ਦਾ ਇੱਕ ਇੱਕ ਡੰਗ ਕੱਟਣਾ ਕਿੰਨਾ ਔਖਾ ਹੁੰਦਾ ਹੈ। ਡੈਡੀ ਕਹਿ ਰਹੇ ਸਨ ਕਿ ਸਾਨੂੰ ਕੋਈ ਲੋੜ ਨਹੀਂ ਤਿੰਨ ਸਾਲਾਂ ਬਾਅਦ ਵਧੀ ਤਨਖਾਹ ਦੀ ਜਦੋਂ ਹੁਣ ਮੇਰਾ ਪੁੱਤਰ ਅੱਜ ਇੰਨਾ ਔਖਾ ਹੈ.
ਮੈਂ ਵੀ ਇਹੀ ਚਾਹੁੰਦੀ ਸੀ ਕਿ ਗਰੁੱਪ ਡੀ ਦੀ ਨੌਕਰੀ ਕਰਕੇ ਮੇਰੇ ਘਰ ਦਾ ਰੋਟੀ ਦਾ ਮਸਲਾ ਹੱਲ ਹੋ ਗਿਆ ਹੈ ।
ਮੈਂ ਅਧਿਆਪਕ ਵਜੋਂ ਜੁਆਇਨ ਕਰਨ ਤੇ ਮਨਾ ਕਰ ਦਿੱਤਾ। ਇੱਕ ਦਿਨ ਜਦੋਂ ਡਿਪਾਰਚਰ ਹਾਜ਼ਰੀ ਭਰਨ ਲਈ ਮੈਂ ਪ੍ਰਿੰਸੀਪਲ ਦੇ ਆਫਿਸ ਵਿੱਚ ਗਈ ਤਾਂ ਇੱਕ ਬਜ਼ੁਰਗ ਮੈਡਮ ਜਿਨਾਂ ਦੇ ਰਿਟਾਇਰਮੈਂਟ ਕੁਝ ਦਿਨਾਂ ਬਾਅਦ ਸੀ ਮੇਰੀ ਫੋਟੋ ਖਿੱਚਣ ਲੱਗੇ ਮੈਂ ਉਹਨਾਂ ਨੂੰ ਸਤਿਕਾਰ ਸਹਿਤ ਪੁੱਛਿਆ ਮੈਡਮ ਤੁਸੀਂ ਮੇਰੀ ਫੋਟੋ ਖਿੱਚ ਰਹੇ ਹੋ? ਕਹਿੰਦੇ ਹਾਂ ……. ਮੈਂ ਤੇਰੀ ਫੋਟੋ ਖਿੱਚ ਕੇ ਆਪਣੇ ਘਰ ਦਿਆਂ ਨੂੰ ਦਿਖਾਉਂਗੀ ਕਿ ਇਹ ਉਹ ਕੁੜੀ ਹੈ ਜਿਸਨੇ ਆਪਣੀ ਕਿਸਮਤ ਨੂੰ ਲੱਤ ਮਾਰੀ ਹੈ
ਮੈਂ ਉਹਨਾਂ ਦੀ ਇਸ ਗੱਲ ਤੇ ਸੁੰਨ ਹੋ ਗਈ।
  ਉਹਨਾਂ ਦਿਨਾਂ ਵਿੱਚ ਮੈਂ ਸਹਿਜ ਪਾਠ ਆਰੰਭ ਕੀਤੇ ਹੋਏ ਸਨ।
ਇੰਨੀ ਦੁਬਿਧਾ ਸੀ ਕਿ ਹੁਣ ਉਸ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਨਹੀਂ ਮਿਲ ਰਿਹਾ ਸੀ ਜੋ ਮੈਨੂੰ ਇਸ ਦੁਵਿਧਾ ਵਿੱਚੋਂ ਕੱਢੇ।
ਮੈਂ ਸ਼ਾਮ ਨੂੰ ਵਾਹਿਗੁਰੂ ਅੱਗੇ ਅਰਦਾਸ ਲਗਾਈ ਕਿ ਮੈਨੂੰ ਕੋਈ ਰਸਤਾ ਦਿਖਾਓ ਅਤੇ ਘਰ ਬਿਰਾਜਮਾਨ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਸੈਂਚੀ ਤੋਂ ਅਰਦਾਸ ਕਰਕੇ ਹੁਕਮਨਾਮਾ ਲਿਆ । (ਵੈਸੇ ਕਿਸੇ ਸੈਂਚੀ ਤੋਂ ਹੁਕਮਨਾਮਾ ਲੈਣਾ ਵਰਜਿਤ ਹੈ)
ਕੁਦਰਤ ਕਰਨੈਹਾਰ ਅਪਾਰਾ।।
 ਕੀਤੇ ਕਾ ਨਾਹੀ ਕਿਤੁ ਚਾਰਾ ।।
ਜੀਅ ਉਪਾਇ ਰਿਜ਼ਕ ਦੇ ਆਪੇ ।।
ਸਿਰ ਸਿਰ ਹੁਕਮੁ ਚਲਾਇਆ।।
 ਹੁਕਮ ਚਲਾਏ ਰਹਿਆ ਭਰਪੂਰੇ।।
 ਕਿਸੁ ਨੇੜੈ ਕਿਸੁ ਆਖਾ ਦੂਰੇ ।।
ਗੁਪਤ ਪ੍ਰਗਟ ਹਰਿ ਘਟਿ ਘਟਿ।।
 ਦੇਖਹ ਵਰਤੈ ਤਾਕ ਸਬਾਇਆ।।
ਜਦੋਂ ਉਸ ਅਕਾਲ ਪੁਰਖ ਨੇ ਮੇਰੀ ਦੁਵਿਧਾ ਨੂੰ ਨਿਵਾਰਦੇ ਹੋਏ ਕਿਹਾ ਕਿ ਜਿਹੜਾ ਜੀਅ ਉਪਜਿਆ ਹੈ ਉਸ ਦਾ ਰਿਜ਼ਕ ਤਹਿ ਹੈ , ਉਹ ਭੁੱਖਾ ਤਾਂ ਨਹੀਂ ਮਰਨ ਦੇਵੇਗਾ।
ਗੁਰੂ ਦਾ ਹੁਕਮ ਮੰਨ ਹੌਸਲੇ ਨਾਲ ਅੱਗੇ ਵਧਣ ਦਾ ਫੈਸਲਾ ਲੈ ਲਿਆ।
ਨੀਤੂ ਕਵਿੱਤਰੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਡਾ ਹੱਕ ਕਿਉਂ ਰੱਦ ਹੋਇਆ?
Next articleਸਾਉਣ ਵੀਰ ‘ਕੱਠੀਆਂ ਕਰੇ