(ਸਮਾਜ ਵੀਕਲੀ) ਅੱਜ ਦੇ ਯੁੱਗ ਵਿੱਚ, ਜਦੋਂ ਇੱਕ ਨੌਜਵਾਨ ਆਪਣੀ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਸਾਲਾਂ ਤੱਕ ਮਿਹਨਤ ਕਰਦਾ ਹੈ, ਕਲਮ ਨੂੰ ਹਥਿਆਰ ਬਣਾਉਂਦਾ ਹੈ, ਆਪਣੀ ਨੀਂਦ, ਰਵਾਇਤੀ ਰਾਹ ਅਤੇ ਮਨੋਰੰਜਨ ਸਭ ਤਿਆਗ ਕੇ ਸਿਰਫ਼ ਇੱਕ ਨੌਕਰੀ ਦੀ ਉਡੀਕ ਕਰਦਾ ਹੈ, ਤਾਂ ਉਹ ਸਿਰਫ਼ ਰੋਜ਼ੀ ਲਈ ਨਹੀਂ, ਪਰ ਇਜ਼ਤ, ਸਵੈ-ਸਮਮਾਨ ਅਤੇ ਸਮਾਜਕ ਸੇਵਾ ਲਈ ਮਿਹਨਤ ਕਰਦਾ ਹੈ। ਪੰਜਾਬ ਅਧਿਆਪਕ ਭਰਤੀ ਨੰਬਰ 1158 — ਜਿਸ ‘ਚ ਕਈ ਨੌਜਵਾਨ ਲਿਖਤੀ ਤੇ ਇੰਟਰਵਿਊ ਪਾਸ ਕਰ ਚੁੱਕੇ ਸਨ । ਕੁੱਝ ਕੁ ਅਧਿਆਪਕਾਂ ਦੀ ਜੁਆਇੰਨਗ ਵੀ ਹੋ ਚੁੱਕੀ ਸੀ।ਉਨ੍ਹਾਂ ਲਈ ਇੱਕ ਸੁਨਹਿਰਾ ਮੌਕਾ ਸੀ। ਪਰ ਜਦੋਂ ਇਹ ਭਰਤੀ ਅਚਾਨਕ ਕਿਸੇ ਕਾਰਨ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਇਹ ਨਾ ਸਿਰਫ਼ ਨੌਜਵਾਨਾਂ ਦੇ ਸੁਪਨਿਆਂ ਨੂੰ ਤੋੜਦੀ ਹੈ, ਸਗੋਂ ਉਹਨਾਂ ਦੇ ਭਰੋਸੇ ਨੂੰ ਵੀ ਡਿੱਗਾ ਦਿੰਦੀ ਹੈ।
ਨੌਜਵਾਨ ਪੀੜ੍ਹੀ ਦੇ ਹੌਸਲੇ, ਉਮੀਦਾਂ ਅਤੇ ਸਹਿਣਸ਼ੀਲਤਾ ਦੀ ਕਸੌਟੀ ਬਣ ਚੁੱਕੀ ਏਹ ਸਥਿਤੀ, ਸਾਡੇ ਸਿਸਟਮ ਦੇ ਉੱਤੇ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦੀ ਹੈ। ਜਦ ਤੱਕ ਨਿਆਂ ਨਹੀਂ ਮਿਲਦਾ, ਉਦੋਂ ਤੱਕ ਹਰ ਇੱਕ ਚੁੱਪ ਰਹਿ ਗਈ ਅਰਜ਼ੀ, ਇੱਕ ਚੀਕ ਬਣ ਜਾਂਦੀ ਹੈ। ਹਰ ਅਰਜ਼ੀ ਦੇ ਪਿੱਛੇ ਇੱਕ ਪਰਿਵਾਰ ਦੀ ਉਮੀਦ ਲੁਕੀ ਹੁੰਦੀ ਹੈ, ਜਿਸ ਨੇ ਆਪਣੀ ਪੁੱਤਰੀ ਜਾਂ ਪੁੱਤਰ ਨੂੰ ਪੜ੍ਹਾ ਕੇ ਅਧਿਆਪਕ ਬਣਾਉਣ ਦਾ ਸੁਪਨਾ ਦੇਖਿਆ ਹੁੰਦਾ ਹੈ। ਉਨ੍ਹਾਂ ਲਈ ਇਹ ਸਿਰਫ਼ ਇੱਕ ਨੌਕਰੀ ਨਹੀਂ ਸੀ, ਇਹ ਉਨ੍ਹਾਂ ਦੀ ਜ਼ਿੰਦਗੀ ਦੀ ਕਿਰਣ ਸੀ।
ਭਰਤੀਆਂ ਦਾ ਰੱਦ ਹੋਣਾ, ਨੈਤਿਕਤਾ ਅਤੇ ਪ੍ਰਸ਼ਾਸਨਿਕ ਨਿਯਮਾਂ ਦੀ ਗੱਲ ਹੋ ਸਕਦੀ ਹੈ, ਪਰ ਜਦ ਮਾਮਲਾ ਚੋਣ ਹੋਏ ਤੇ ਯੋਗ ਉਮੀਦਵਾਰਾਂ ਦਾ ਹੋਵੇ, ਤਾਂ ਉਨ੍ਹਾਂ ਲਈ ਕੋਈ ਵਧੀਕ ਸੰਵੇਦਨਸ਼ੀਲਤਾ ਤੇ ਨਿਆਂ ਦਾ ਵਿਵਸਥਾ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ। ਲੋਕ ਅਦਾਲਤਾਂ ਵਿੱਚ ਅਰਜ਼ੀਆਂ ਦੇਣ, ਧਰਨਾ ਕਰਨ, ਤੇ ਮੀਡੀਆ ਰਾਹੀਂ ਆਪਣੀ ਅਵਾਜ਼ ਉਠਾਉਣ ‘ਚ ਵਿਅਸਤ ਹਨ। ਪਰ ਸਵਾਲ ਇਹ ਹੈ ਕੀ ਉਹ ਅਵਾਜ਼ ਸੁਣੀ ਜਾ ਰਹੀ ਹੈ?
ਇਹ ਸਮਾਂ ਹੈ ਜਦੋਂ ਪ੍ਰਸ਼ਾਸਨ ਨੂੰ ਆਉਣ ਵਾਲੀ ਪੀੜ੍ਹੀ ਦੇ ਭਰੋਸੇ ਨੂੰ ਠੇਸ ਨਾ ਪਹੁੰਚਣ ਦੈਣੀ ਚਾਹੀਦੀ ਹੈ। ਨੌਜਵਾਨਾਂ ਦੇ ਸੁਪਨਿਆਂ ‘ਤੇ ਰਾਜਨੀਤੀ ਜਾਂ ਕਾਨੂੰਨੀ ਖੇਡ ਨਾ ਖੇਡੀ ਜਾਵੇ। ਅਸੀਂ ਜਦ ਤੱਕ ਆਪਣੇ ਅਧਿਆਪਕਾਂ ਦੀ ਕਦਰ ਨਹੀਂ ਕਰਾਂਗੇ, ਤਦ ਤੱਕ ਅਸੀਂ ਭਵਿੱਖ ਨੂੰ ਅੰਨ੍ਹੇ ‘ਚ ਧੱਕਦੇ ਰਹਾਂਗੇ। ਹਰ ਇੱਕ ਰੱਦ ਕੀਤੀ ਭਰਤੀ, ਇਕ ਨਵਾਂ ਇਤਿਹਾਸ ਲਿਖ ਰਹੀ ਹੈ। ਪਰ ਇਹ ਇਤਿਹਾਸ ਵਿਰੋਧ, ਦੁੱਖ ਅਤੇ ਵਿਸ਼ਵਾਸਘਾਤ ਦਾ ਹੋਣ ਨਾ ਪਏ, ਇਹ ਸਾਡੇ ਹੱਥ ਵਿੱਚ ਹੈ।
ਮੰਜੂ ਰਾਇਕਾ
ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



