ਡਾ. ਮੇਹਰ ਮਾਣਕ
ਕਹੋ ਉਨ੍ਹਾਂ ਨੂੰ
ਬਾਰੂਦ ਦੀ ਸਪਰੇਅ ਨਾਲ
ਤਿਤਲੀਆਂ ਦੇ ਪਰ ਨਹੀਂ ਉਗਦੇ
ਸਾਹ ਹੁੱਟਦੇ ਧੂੰਏਂ ਵਿੱਚੋਂ
ਗੁਲਾਬ ਦੀਆਂ ਪੱਤੀਆਂ ਦੀ
ਮਹਿਕ
ਦਰਾਂ ਤੇ ਦਸਤਕ ਦੇਣ
ਨਹੀਂ ਆਉਂਦੀ
ਮਿਜ਼ਾਇਲਾਂ ਦੇ ਮਿਰਗਣੀ ਨੈਣ
ਦਰਾਂ ‘ਤੇ ਮੁਹੱਬਤ ਦਾ ਲੋਟਾ ਲੈ
ਸਨੇਹ ਦੀ ਗ਼ਜ਼ਾ ਲਈ ਨਹੀਂ ਆਂਉਂਦੇ
ਉਹ ਦਰ ਘਰ
ਜਿਨ੍ਹਾਂ ਨੂੰ ਬਣਾਉਂਦਿਆਂ ਬਣਾਉਂਦਿਆਂ
ਉਮਰਾਂ ਤਾਂ ਕੀ
ਕਈ ਕਈ ਪੁਸ਼ਤਾਂ ਖਪ ਜਾਂਦੀਆਂ ਨੇ
ਸਿਰਾਂ ‘ਤੇ ਚੜ੍ਹ ਆਏ
ਬੰਬਾਂ ਨਾਲ਼ ਲੱਦੇ ਜਹਾਜ਼
ਸ਼ਾਂਤੀ ਦੀ ਛਤਰ ਛਾਇਆ ਹੇਠ
ਬੇਗੁਨਾਹ ਅਤੇ ਮਾਸੂਮਾਂ ਲਈ
ਅਰਾਮਗਾਹ ਨਹੀਂ ਹੁੰਦੇ
ਜਸ਼ਨਾਂ ਦੇ ਸ਼ੋਰ ਵਿੱਚ
ਗੋਲੀਆਂ ਦੀ ਗੂੰਜ
ਗੱਭਰੂਆਂ ਦੀ ਬਰਾਤਾਂ ਦਾ
ਬੈਂਡ ਵਾਜਾ ਨਹੀਂ ਹੁੰਦੀ
ਬਲਦੀਆਂ ਅੱਗਾਂ ਚ
ਜਿਉਂਦੀਆਂ ਜਲਦੀਆਂ ਲਾਸ਼ਾਂ
ਜਿੱਤ ਦਾ ਪਰਚਮ ਨਹੀਂ ਹੁੰਦੀਆਂ
ਹੰਕਾਰ ਦੇ ਮੂੰਹਜ਼ੋਰ ਫ਼ਤਵੇ
ਕੁਦਰਤ ਦੇ ਅਸੂਲਾਂ ਦਾ
ਫੁਰਮਾਨ ਨਹੀਂ ਹੁੰਦੇ
ਇਸ ਕਰਕੇ ਕਹੋ ਉਨ੍ਹਾਂ ਨੂੰ
ਇਹ ਤੇਜੀ ਨਾਲ਼ ਘੁੰਮਦਾ ਬਹ੍ਰਿਮੰਡ
ਕਦੇ ਕਿਸੇ ਦੀ
ਪ੍ਰਵਾਹ ਨਹੀਂ ਕਰਦਾ
ਇਹ ਜਿੱਤਾਂ ਹਾਰਾਂ
ਸਦੀਵੀ ਨਹੀਂ ਹੁੰਦੀਆਂ
ਬੇਪ੍ਰਵਾਹ ਵਕਤ ਕਦੇ ਵੀ
ਇੱਕੋ ਜਿਹਾ ਨਹੀਂ ਰਹਿੰਦਾ
ਤੇ
ਇਹ ਬਹੁਤੀ ਦੇਰ
ਤਖ਼ਤ ਦੀ
ਜ਼ੇਬ ਵਿੱਚ ਨਹੀਂ ਪੈਂਦਾ
ਇਸ ਕਰਕੇ ਕਹੋ
ਉਨ੍ਹਾਂ ਨੂੰ
ਅਕਲ ਨੂੰ ਹੱਥ ਮਾਰਨ
ਘਰ ਦਰ ਨਾ ਉਜਾੜਨ
ਉਜਾੜੇ ‘ਚੋ ਉਜਾੜੇ ਹੀ
ਨਿਕਲ਼ਦੇ ਹਨ
ਜਦੋਂ ਪੈਰ ਫਿਸਲਦੇ ਹਨ
ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਐ
ਤਵਾਰੀਖ ਤਾਂ ਇਹੋ ਸਮਝਾਂਦੀ ਐ
ਕਹੋ ਉਨ੍ਹਾਂ ਨੂੰ
ਉਹ ਤਵਾਰੀਖ ਨੂੰ ਪੜ੍ਹਨ
ਨਾ ਜੀਵਨ ‘ਤੇ ਅੰਗਿਆਰ ਧਰਨ।


