(ਸਮਾਜ ਵੀਕਲੀ) ਪਤਨੀ ਨੂੰ ਬੁਲਾਉਣ ਲਈ ਸੁਣਦੀ ਨੀ, ਬੋਲਦੀ ਨੀ ਅਤੇ ਮਾਝੇ ਵਾਲੇ ਕੂੰਦੀ ਨੀ ਵਰਗੇ ਸ਼ਬਦ ਵਰਤਦੇ ਹਨ। ਸਾਡੇ ਭਾਪਾ ਬੀਬੀ ਅਤੇ ਹੋਰ ਇਹ ਸ਼ਬਦ ਵਰਤਦੇ ਸਨ। ਸਾਡੇ ਵੇਲਿਆਂ ਵਿੱਚ ਨਾਮ ਲੈਣ ਦਾ ਚਲਣ ਵੱਧ ਗਿਆ। ਫਿਰ ਪਤੀ ਪਤਨੀ ਲਈ ਬੇਟਾ ਸ਼ਬਦ ਵਰਤਦਾ ਮੈਂ ਕੰਨੀ ਸੁਣਿਆ। ਨਾਲਦੀ ਗਣਪਤੀ ਕਲੋਂਨੀ ਵਿੱਚ ਇੱਕ ਗਰਾਸਰੀ ਸਟੋਰ ਤੇ ਮੀਆਂ ਬੀਵੀ ਬੈਠਦੇ ਹਨ। ਖਾਵੰਦ ਆਪਣੀ ਬੇਗਮ ਨੂੰ ਬੇਟਾ ਕਹਿ ਕੇ ਬੁਲਾਉਂਦਾ ਹੈ। ਉਹ ਵੀ ਸਮਾਂ ਸੀ ਜਦੋਂ ਜਵਾਨ ਮੁੰਡੇ ਆਪਣੇ ਬਜ਼ੁਰਗਾਂ ਦੇ ਬੈਠਿਆਂ ਆਪਣੀ ਔਲਾਦ ਨੂੰ ਪੁੱਤ ਬੇਟਾ ਨਹੀਂ ਸੀ ਕਹਿ ਸਕਦੇ। ਅਜਿਹਾ ਕਰਨ ਤੇ ਉਹ ਸਖਤੀ ਨਾਲ ਵਰਜ਼ ਦਿੰਦੇ ਸਨ। ਹੁਣ ਤਾਂ ਕੰਵਾਰੀਆਂ ਕੁੜੀਆਂ ਕਿਸੇ ਵੀ ਬੱਚੇ ਨੂੰ ਪੁੱਤ ਜਾਂ ਬੇਟਾ ਕਹਿੰਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਚਲੋ ਦਫ਼ਾ ਕਰੋ ਕੋਈਂ ਕਿਸੇ ਨੂੰ ਜਿਵੇਂ ਮਰਜੀ ਬੁਲਾਵੇ। ਪਤਨੀ ਆਪਣੇ ਪਤੀ ਦਾ ਹਵਾਲਾ ਦੇਣ ਲਈ “ਸਾਡੇ ਇਹ” ਸ਼ਬਦ ਵਰਤਦੀ ਸੀ। ਪਤੀ ਦਾ ਨਾਮ ਨਹੀਂ ਸੀ ਲੈਂਦੀ ਪਰ ਹੁਣ ਤਾਂ ਨਿੱਕ ਨੇਮ ਫਰਾਟੇ ਪੱਖੇ ਵਾਂਗ ਚਲਦਾ ਹੈ। ਨੰਨ੍ਹੇ, ਮੰਨਾ, ਦੀਪੂ, ਸੋਨੂੰ ਸ਼ਬਦ ਆਮ ਹੀ ਜ਼ੁਬਾਨ ਤੇ ਆਉਂਦੇ ਹਨ। ਪਤੀ ਦੇ ਪਤਨੀ ਲਈ ਕੁਝ ਫਰਜ਼ ਹੁੰਦੇ ਹਨ ਇਸ ਲਈ ਪਤਨੀ ਦੇ ਫਰਜ਼ਾਂ ਵਾਲੀ ਲਿਸਟ ਵੀ ਸਿਆਣਿਆਂ ਨੇ ਜਰੂਰ ਬਣਾਈ ਹੋਵੇਗੀ। ਸ਼ਾਇਦ ਅੱਜ ਕੱਲ੍ਹ ਮੋਬਾਇਲ ਵਾਲੀਆਂ ਮੰਮੀਆਂ ਇਹ ਲਿਸਟ ਰਿਲੀਜ਼ ਹੀ ਨਹੀਂ ਹੋਣ ਦਿੰਦੀਆਂ। ਕੋਈਂ ਮਾਂ ਆਪਣੀ ਬੇਟੀ ਨੂੰ ਕਦੇ ਨਹੀਂ ਸਮਝਾਉਂਦੀ ਕਿ ਬੇਟਾ ਜਦੋਂ ਪਤੀ ਬਾਹਰੋਂ ਆਵੇ ਤਾਂ ਪਾਣੀ ਦਾ ਗਿਲਾਸ ਫੜਾਉਂਦੇ ਵਕਤ ਸ਼ਿਕਾਇਤਾਂ ਵਾਲਾ ਪਿਟਾਰਾ ਨਾਲ ਦੀ ਨਾਲ ਨਾ ਖੋਲ੍ਹਿਆ ਕਰੋ। ਉਹ ਬਾਹਰੋਂ ਥੱਕਿਆ ਟੁੱਟਿਆ ਆਇਆ ਹੁੰਦਾ ਹੈ। ਉਸ ਨੂੰ ਰੋਟੀ ਖੁਦ ਪਾਕੇ ਦਿਓਂ ਅਤੇ ਕੋਸ਼ਿਸ਼ ਕਰੋ ਉਸਦੇ ਮਨਪਸੰਦ ਦਾ ਹੀ ਖਾਣਾ ਬਣਾਇਆ ਜਾਵੇ।
ਨਾ ਹੀ ਮਾਂ ਅਤੇ ਉਸਦੀਆਂ ਸਹੇਲੀਆਂ ਇਹ ਸਮਝਾਉਂਦੀਆਂ ਹਨ ਕਿ ਪਤੀ ਦੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਬਾਰ ਬਾਰ ਸਣਾਕੇ ਉਸ ਨੂੰ ਨੀਵਾਂ ਨਾ ਝੁਕਾਇਆ ਕਰੋ । ਇਹ ਸਹੀ ਹੋ ਸਕਦਾ ਹੈ ਕਿ ਪਤੀ ਦੇ ਮਾਂ ਪਿਓ ਜਾਂ ਉਸਦੇ ਭੈਣ ਭਰਾ ਸਾਡੀਆਂ ਸਮਾਜਿਕ ਤੌਰ ਤਰੀਕਿਆਂ ਤੇ ਖਰੇ ਨਾ ਉਤਰਦੇ ਹੋਣ। ਪਤੀ ਵੀ ਇਸ ਗੱਲ ਨੂੰ ਮੰਨਦਾ ਹੋਵੇਗਾ ਪ੍ਰੰਤੂ ਉਸਦੇ ਮੂੰਹ ਤੇ ਕਹਿਕੇ ਉਸ ਦੇ ਕਿਰਦਾਰ ਨੂੰ ਨੀਵਾਂ ਨਾ ਕਰੋ। ਲਿਸਟ ਵਿੱਚ ਇਹ ਵੀ ਲਿਖਿਆ ਹੋਵੇਗਾ ਕਿ ਕਈ ਵਾਰੀ ਪਤੀ ਦੇ ਮਾਂ ਪਿਓ ਅਤੇ ਭੈਣ ਭਰਾ ਆਰਥਿਕ ਰੂਪ ਵਿੱਚ ਬਹੁਤੇ ਮਜਬੂਤ ਨਹੀਂ ਹੁੰਦੇ। ਇਸ ਲਈ ਉਹ ਸਮੇੰ ਸਮੇੰ ਤੇ ਉਹਨਾ ਦੀ ਮਾਲੀ ਮਦੱਦ ਕਰਨੀ ਚਾਹੁੰਦਾ ਹੈ। ਆਰਥਿਕ ਸਹਾਇਤਾ ਕਰਨ ਤੋਂ ਉਸਨੂੰ ਕਦੇ ਨਾ ਰੋਕੋ। ਪਤਨੀ ਇਸ ਕੰਮ ਵਿੱਚ ਖੁਦ ਮੂਹਰੇ ਆਕੇ ਪਤੀ ਦਾ ਮਨ ਜਿੱਤ ਸਕਦੀ ਹੈ। ਇੰਨਾ ਹੀ ਨਹੀਂ ਮਾਲੀ ਸਹਾਇਤਾ ਵਾਲੀ ਗੱਲ ਦਾ ਬਾਰ ਬਾਰ ਜ਼ਿਕਰ ਕਰਕੇ ਉਸਨੂੰ ਮਾਨਸਿਕ ਰੂਪ ਵਿੱਚ ਨਾ ਤੋੜੋ। ਪਰਿਵਾਰ ਦੀ ਮਾਲੀ ਹਾਲਤ ਕਦੇ ਇੱਕ ਸਾਰ ਨਹੀਂ ਰਹਿੰਦੀ। ਪਰਿਵਾਰ ਤੇ ਆਏ ਮਾਲੀ ਸੰਕਟ ਦੌਰਾਨ ਸਮਝਦਾਰ ਪਤਨੀ ਗੋਝੀਆਂ ਅਤੇ ਬੱਚਤ ਪਤੀ ਨੂੰ ਸੌਂਪਕੇ ਉਸਨੂੰ ਇਸ ਸੰਕਟ ਵਿਚੋਂ ਕੱਢ ਸਕਦੀ ਹੈ। ਇਥੇ ਪਤਨੀ ਦਾ ਫਰਜ਼ ਪਤੀ ਨੂੰ ਟੈਂਸ਼ਨ ਦੀ ਬਜਾਏ ਹੋਸਲਾ ਦੇਣਾ ਹੁੰਦਾ ਹੈ। ਚੰਗੀ ਪਤਨੀ ਪਰਿਵਾਰਿਕ ਮਾਲੀ ਸੰਕਟ ਤੇ ਆਪਣੀ ਸੂਝਬੂਝ ਨਾਲ ਕਾਬੂ ਪਾ ਲੈਂਦੀ ਹੈ। ਉਹ ਆਪਣੀਆਂ ਜ਼ਰੂਰਤਾਂ ਦਾ ਤਿਆਗ ਕਰਕੇ ਪਰਿਵਾਰ ਬਾਰੇ ਸੋਚਦੀ ਹੈ। ਪਤੀ ਦੇ ਆਪਣੇ ਸਰੀਕੇ, ਭਾਈਚਾਰੇ ਅਤੇ ਸਹਿਕਰਮੀਆਂ ਨਾਲ ਸੌ ਝਗੜੇ ਅਤੇ ਗੁੱਸੇ ਗਿਲੇ ਹੋ ਸਕਦੇ ਹਨ ਸੁਹਿਰਦ ਪਤਨੀ ਕਦੇ ਵੀ ਮੱਚਦੀ ਤੇ ਤੇਲ ਨਹੀਂ ਪਾਉਂਦੀ ਉਹ ਪਤੀ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਦੀ ਹੈ। ਪ੍ਰੰਤੂ ਆਪਣੇ ਪਤੀ ਨੂੰ ਸਮਾਜ ਨਾਲ ਤੋੜਨ ਦਾ ਨਹੀਂ ਜੋੜਨ ਦਾ ਕੰਮ ਕਰਦੀ ਹੈ। ਕਈ ਵਾਰੀ ਹੁੰਦਾ ਹੈ ਕਿ ਪਤਨੀ ਦੇ ਪੇਕੇ ਅਮੀਰ ਹੁੰਦੇ ਹਨ। ਉੱਥੇ ਐਸ਼ ਇਸ਼ਰਤ ਦੇ ਵਧੇਰੇ ਸਾਧਨ ਮੌਜੂਦ ਹੁੰਦੇ ਹਨ। ਪਤਨੀ ਨੂੰ ਪਤੀ ਸਾਹਮਣੇ ਆਪਣੇ ਪੇਕਿਆਂ ਦੀ ਅਮੀਰੀ ਦੇ ਗੁਣ ਨਹੀਂ ਗਾਉਣੇ ਚਾਹੀਦੇ। ਉਸ ਨੂੰ ਆਪਣੇ ਪਤੀ ਦੇ ਸੀਮਤ ਸਾਧਨਾਂ ਤੇ ਮਾਣ ਕਰਨਾ ਚਾਹੀਦਾ ਹੈ। ਬਾਕੀ ਭਾਈ ਕਹਿੰਦੇ ਪਤਨੀ ਤਾਂ ਪਤਾ ਨਹੀਂ ਹੁੰਦੀ ਹੈ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


