(ਸਮਾਜ ਵੀਕਲੀ) ਕੈਨੇਡਾ ਵਿੱਚ ਆਉਣ ਤੋਂ ਬਾਅਦ, ਪਿਛਲੇ ਸਮੇਂ ਵਿੱਚ ਮੈਂ ਸਿਰਫ ਦੋ ਵਾਰ ਵਾਲ ਕਟਵਾਉਣ ਗਿਆ ਹਾਂ। ਜਿਆਦਾਤਰ ਘਰ ਹੀ ਸਰਵਿਸ ਕਰ ਲਈਦੀ ਹੈ। ਕਿਉਂਕਿ ਮੋਟਾ ਮੋਟਾ ਆਪ ਕਰ ਲਈਦਾ, ਬਾਕੀ ਡਿਊਟੀ ਘਰਵਾਲੀ ਨਿਭਾ ਦਿੰਦੀ ਹੈ। ਹੁਣ ਮਹੀਨੇ ਦਾ ਡੇਢ ਸੌ ਡਾਲਰ ਭਲਾ ਵਾਲ ਕੱਟਣ ਲਈ ਕੌਣ ਦੇਵੇ ? ਮੈਂ ਤਾਂ ਸੋਚਿਆ ਸੀ, ਵਾਲ ਜਿਹੇ ਹੀ ਲੰਮੇ ਕਰਕੇ ਓਹ ਸ੍ਰੀ ਸ੍ਰੀ ਵਾਂਗ ਬੂਬ੍ਰੀਆਂ ਜਿਹੀਆਂ ਮੋਢੇ ਤੇ ਸੁੱਟ ਲੈਂਦੇ ਹਾਂ। ਇੱਕ ਭਗਵੀ ਜਿਹੀ ਲੋਈ ਮੋਢਿਆਂ ਤੇ ਸੁੱਟ ਲਵਾਂਗੇ। ਨਾਲੇ ਬੀਬੀਆਂ ਪੱਤਰੀ ਦਿਖਾਉਣ ਲਈ ਆਉਣਗੀਆਂ। ਇੱਕ ਪੰਥ ਦੋ ਕਾਜ ਹੋ ਜਾਣਗੇ। ਚਾਰ ਪੈਸੇ ਵੀ ਆਉਣ ਲੱਗ ਜਾਣਗੇ। ਪਰ ਦਿਲ ਦੇ ਕਿਸੇ ਕੋਨੇ ਵਿਚ ਬੈਠਾ ਬਾਬਾ ਨਾਨਕ ਹਾਲੇ ਇੰਨੀ ਇਜਾਜਤ ਨਹੀਂ ਦੇ ਰਿਹਾ ਕਿ ਸਾਡੇ ਵਿਰਸੇ ਵਾਂਗ ਬਹੁਤਾ ਹੀ ਨੀਚੇ ਡਿੱਗਿਆ ਜਾਵੇ। ਨਾਲੇ ਉਹਦੀ ਤਾਂ ਵੱਡਿਆਂ ਨਾਲ ਯਾਰੀ ਹੈ। ਭਲਾ ਆਪਾਂ ਨੂੰ ਕੌਣ ਬੰਚਾਊ ? ਜੇਕਰ ਕਿਧਰੇ ਫਸ ਫੁਸ ਗਏ। ਇਹ ਸੋਚ ਕੇ ਯੋਜਨਾ ਫੁੱਸ ਕਰ ਦਿੱਤੀ। ਫਿਰ ਸੋਚਿਆ, ਮਨਾ ਜਿਹੜੇ ਚਾਰ ਪੈਸੇ ਤਾਕਤ ਦੀਆਂ ਪੁੜੀਆਂ ਤੇ ਚਾਂਦੀ ਦੀ ਚੱਟਣੀ ਵੇਚ ਕੇ ਜੁੜਦੇ ਨੇ, ਤੂੰ ਉਹਨਾਂ ਨਾਲ ਹੀ ਕੰਮ ਚਲਾ। ਕਿੱਲੇ ਤੇ ਡੋਲੂ ਟੰਗ ਕੇ ਪੈਸੇ ਕਮਾਉਣ ਦੀ ਇਜਾਜਤ ਤੈਨੂੰ ਤੇਰੀ ਜ਼ਮੀਰ ਨੇ ਨਹੀਂ ਦੇਣੀ।
ਪਿੱਛੇ ਜਿਹੇ ਇੱਕ ਦੋ ਮਰੀਜ਼ ਇਕੱਠੇ ਆ ਗਏ। ਚਾਰ ਪੈਸੇ ਇਕੱਠੇ ਆਏ ਕਦ ਟਿਕਣ ਦਿੰਦੇ ਨੇ। ਸੋਚਿਆ, ਵਾਲ ਹੀ ਕਟਵਾ ਆਉਂਦੇ ਹਾ ਕਿਸੇ ਨਾਈ ਕੋਲੋਂ ਚਾਰ ਦਿਨ ਬੂਥੀ ਤਾਂ ਸੰਨੀ ਦਿਓਲ ਵਰਗੀ ਦਿਸੇ। ਆਪ ਵਾਲ ਵਾਲ ਕੱਟਣ ਕਰਕੇ ਤਾਂ ਸ਼ਕਲ ਵੀ ਸਿਵਿਆਂ ਵਿਚ ਮੁਰਦੇ ਫੂਕਣ ਵਾਲੇ ਵਰਗੀ ਹੋਈ ਪਈ ਸੀ। ਨੈੱਟ ਤੇ ਸਰਚ ਕੀਤਾ ਤਾਂ ਨੇੜੇ ਥੋੜ੍ਹੀ ਦੂਰ ਇੱਕ ਸੈਲੂਨ “ਬੂਮ ਬੂਮ XX” ਨਜ਼ਰ ਪਿਆ। ਨਾਮ ਵਧੀਆ ਲੱਗਿਆ, ਸੋਚਿਆ ਸਟਾਇਲ ਬਣਾਇਆ ਜਾਵੇ। ਪੈਦਲ ਹੀ ਚੱਲ ਪਿਆ, ਕਿਉਂਕਿ ਨੇੜੇ ਹੀ ਸੀ। ਜਦ ਸੈਲੂਨ ਵਿਚ ਵੜਿਆ ਤਾਂ ਸਾਹਮਣੇ ਹੀ ਸਾਡੇ ਨੇੜਲੇ ਪਿੰਡ ਵਾਲਾ ਬੰਤਾ ਨਾਈ ਇੱਕ ਕੋਨੇ ਵਿਚ ਬੈਠਾ ਬੀੜੀ ਪੀ ਰਿਹਾ। ਇੱਕ ਪਾਸੇ ਕਾਉੰਟਰ ਤੇ ਉਹਦਾ ਮੁੰਡਾ ਸੋਹਣੇ ਹੇਅਰ ਸਟਾਇਲ ਵਿਚ ਵਾਲਾ ਦੀਆਂ ਦੋ ਤਿੰਨ ਲਾਟੂਰੀਆਂ ਚਿੱਟੀਆਂ ਕਰੀ ਮੋਬਾਈਲ ਤੇ ਕੁਛ ਖੇਡ ਰਿਹਾ ਸੀ।ਬੰਤੇ ਦੇ ਕੋਲ ਹੀ ਸਾਡੇ ਪਿੰਡ ਵਾਲਾ ਘੁਮਿਆਰਾਂ ਦਾ ਸਦੀਕ, ਜਿਸਨੂੰ ਪਿੰਡ ਵਿੱਚ ਸੀਕਾ ਸੀਕਾ ਕਹਿੰਦੇ ਸੀ, ਉਹ ਬੈਠਾ ਸੀ। ਮੈਨੂੰ ਦੇਖ ਕੇ ਉਹਨਾਂ ਨੂੰ ਵੀ ਚਾਅ ਚੜ ਗਿਆ। ਤੇ ਬੋਲੇ, ਤੂੰ ਵੀ ਇੱਥੇ ਹੀ ਆਇਆ ਹੋਇਆ ਵੈਦ ਸਾਹਿਬ ? ਜਿਵੇਂ ਸਾਡੇ ਮਾਲਵੇ ਵਿਚ ਬੁਲਾਉਂਦੇ ਨੇ, ਤੂੰ ਜੀ ਕਦ ਆਇਆ ?
ਮੈਂ ਵੀ ਹੈਰਾਨ, ਮੈਨੂੰ ਇਹ ਤਾਂ ਪਤਾ ਸੀ ਕਿ ਸੀਕੇ ਦੇ ਤੇ ਬੰਤੇ ਦੇ ਬੱਚੇ ਵੀ ਇੱਥੇ ਪੜਨ ਆਏ ਨੇ। ਪਰ ਇਹ ਨਹੀਂ ਪਤਾ ਸੀ ਕਿ ਇੰਨਾ ਨੇੜੇ ਨੇ। ਫਿਰ ਉਹਨੇ ਦੱਸਿਆ ਕਿ ਪਿਛਲੇ ਸਾਲ ਬੇਟੇ ਨੇ ਪੀ ਆਰ ਹੋਣ ਤੋਂ ਬਾਅਦ ਸਾਨੂੰ ਵੀ ਬੁਲਾ ਲਿਆ ਸੀ। ਪਿੰਡ ਵਾਲੀ ਦੁਕਾਨ ਵੱਡੇ ਨੂੰ ਸੰਭਾਲ ਇੱਥੇ ਮੁੰਡੇ ਦੀ ਮਦਦ ਲਈ ਆ ਗਿਆ। ਦੇਖ ਸਰਦਾਰਾ, ਮੁੰਡੇ ਨੇ ਮੇਰਾ ਨਾਮ ਇੱਥੇ ਵੀ ਉੱਚਾ ਰੱਖਿਆ। ਮੈਂ ਕਿਹਾ ਉਹ ਕਿਵੇਂ ? ਕਹਿੰਦਾ ਦੁਕਾਨ ਦੇਖ ਸਾਡੇ ਨਾਮ ਤੇ ਖੋਲ੍ਹੀ ਹੈ। ਮੈਂ ਕਿਹਾ ਇਹ ਤਾਂ ਬੂਮ ਬੂਮ XX ਹੈ।
ਉਹ ਕਹਿੰਦਾ ਨਹੀਂ, ਇਹੀ ਤਾਂ ਇਹਨਾ ਮੁਲਕਾਂ ਦੀ ਖੂਬਸੂਰਤੀ ਹੈ। ਬੂਮ ਬੂਮ ਮੇਰਾ ਨਾਮ ਬੰਤਾ ਤੇ ਮੇਰੀ ਘਰਵਾਲੀ ਬਿਸ਼ਨੀ ਹੈ। XX ਮੇਰੇ ਛੋਟੇ ਦੋਵੇਂ ਜਵਾਕ, ਛੋਟਾ ਦਿਸੰਬਰ ਵਿਚ ਆ ਰਿਹਾ। ਮੈਨੂੰ ਦੁਕਾਨ ਵਿਚ ਛੁਪੇ ਨਾਮ ਪਰਿਵਾਰ ਦੇ ਨਾਮ ਤੋਂ ਪੂਰੀ ਖੁਸ਼ੀ ਹੋਈ। ਮੈਂ ਉਹਨਾਂ ਨਾਲ ਬੈਠ ਕੇ ਚਾਹ ਪੀਤੀ, ਪਰ ਵਾਲ ਬਿਨਾ ਕਟਵਾਏ ਹੀ ਆ ਗਿਆ। ਕਿਉਂਕਿ ਮੈਨੂੰ ਪਤਾ ਸੀ, ਉਸਨੇ ਪਹਿਲੀ ਵਾਰ ਪੈਸੇ ਬਿਲਕੁਲ ਨਹੀਂ ਲੈਣੇ।
ਮੈਂ ਉਸ ਕੋਲੋਂ ਵਿਦਾ ਲੈਕੇ, ਆਈਲੈਟਸ ਬਣਾਉਣ ਵਾਲੇ ਦਾ ਦਿਲ ਹੀ ਦਿਲ ਵਿਚ ਧੰਨਵਾਦ ਕਰਦਾ ਵਾਪਿਸ ਘਰ ਨੂੰ ਆ ਗਿਆ। ਆਉਂਦਾ ਆਉਂਦਾ ਸੋਚ ਰਿਹਾ ਸੀ, ਕਿ ਜੇਕਰ ਇਹ ਆਈਲੈਟਸ ਵਾਲਾ ਕੰਮ ਨਾ ਚੱਲਿਆ ਹੁੰਦਾ ਤਾਂ ਬੰਤੇ,ਸੀਕੇ ਤੇ ਮੇਰੇ ਵਰਗੇ ਹਜਾਰਾਂ ਲਈ ਕੈਨੇਡਾ ਤਾਂ ਇੱਕ ਸੁਫਨਾ ਹੀ ਸੀ।
(ਵੈਦ ਦੀਆਂ ਕਮਲੀਆਂ ਰਮਲੀਆ ਵਿਚੋਂ)
ਨੋਟ::- ਭਾਵੇਂ ਉੱਪਰਲੀ ਕਥਾ ਕੋਰੀ ਕਲਪਨਾ ਮਾਤਰ ਹੈ। ਪਰ ਇਸ ਵਿਚ ਇਹ ਇੱਕ ਸੱਚ ਛੁਪਿਆ ਹੋਇਆ, ਇਸ ਆਈਲੈਟਸ ਦੇ ਸਹਾਰੇ ਸਾਡੇ ਪਿੰਡ ਦੇ ਕਿੰਨੇ ਹੀ ਚਮਿਆਰਾਂ, ਕਲਾਲਾਂ ਤੇ ਘੁਮਿਆਰਾਂ ਦੇ ਗਰੀਬ ਘਰਾਂ ਦੇ ਜਵਾਕ ਕੈਨੇਡਾ ਵਿੱਚ ਸੋਹਣੀ ਜਿੰਦਗੀ ਬਿਤਾ ਰਹੇ ਨੇ। ਮੇਰੀ ਇਹ ਰਚਨਾ, ਉਹਨਾਂ ਬੱਚਿਆਂ ਦੀ ਕਰੜੀ ਮਿਹਨਤ ਨੂੰ ਸਮਰਪਿਤ ਹੈ।
ਵੈਦ ਬਲਵਿੰਦਰ ਸਿੰਘ ਢਿੱਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



