HOME *ਮਧੂ ਮੱਖੀਆਂ*

*ਮਧੂ ਮੱਖੀਆਂ*

4
   (ਸਮਾਜ ਵੀਕਲੀ)   (ਪ੍ਰਿੰਸੀਪਲ ਰਿਪਨਜੀਤ ਕੌਰ ਸੋਨੀ ਬੱਗਾ_-9878753423)  ਅਸੀਂ ਮਧੂ ਮੱਖੀਆਂ ਬਾਰੇ ਕਿੰਨਾ ਕੁ ਜਾਣਦੇ ਹਾਂ। ਆਓ ਅੱਜ ਕੁੱਝ ਇਹਨਾਂ ਬਾਰੇ ਜਾਣੀਏ। ਇੱਕ ਗੱਲ ਦਾ ਸਾਨੂੰ ਗਿਆਨ ਹੈ ਕਿ ਅਸੀਂ ਜਿੰਨੀਆਂ ਵੀ ਸਬਜ਼ੀਆਂ ਅਤੇ ਫਲ ਖਾਂਦੇ ਹਾਂ, ਇਹਨਾਂ ਨੂੰ ਮਧੂ ਮੱਖੀਆਂ, ਤਿਤਲੀਆਂ ਅਤੇ ਛੋਟੇ-ਛੋਟੇ ਪੰਛੀਆਂ, ਜਿਹੜੇ ਕਿ ਫਲਾਂ ਦਾ ਰਸ ਚੂਸ ਕੇ ਜਿਉਂਦੇ ਹਨ, ਦੁਆਰਾ ਕੁਦਰਤੀ ਤੌਰ ‘ਤੇ ਪਰਾਗਣ ਜਾਂ ਭਰੂਣ ਪ੍ਰਕਿਰਿਆ ਜਾਂ ਪੌਲੀਨੇਟ ਕੀਤਾ ਹੁੰਦਾ ਹੈ। ਮਧੂ ਮੱਖੀਆਂ ਦੀ ਮਨੁੱਖੀ ਜੀਵਨ ਦੇ ਵਿੱਚ ਮਹਾਨਤਾ ਨੂੰ ਸਮਝ ਕੇ ਯੂਨਾਈਟਡ ਨੇਸ਼ਨ ਨੇ 20 ਮਈ ਨੂੰ ਅੰਤਰਰਾਸ਼ਟਰੀ ਮਧੂ ਮੱਖੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਦੁਨੀਆਂ ਦੇ ਵਿੱਚ ਜੀਭ ਦੇ ਅਕਾਰ ਦੇ ਆਧਾਰ ‘ਤੇ 14 ਕਿਸਮ ਦੀਆਂ ਮਧੂ ਮੱਖੀਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਮਧੂ ਮੱਖੀਆਂ ਦੇ ਇੱਕ ਛੱਤੇ ਵਿੱਚ ਤਕਰੀਬਨ 30 ਤੋਂ 60 ਹਜ਼ਾਰ ਮਧੂ ਮੱਖੀਆਂ ਹੋ ਸਕਦੀਆਂ ਹਨ। ਇਸ ਲਈ ਇਸ ਤੋਂ ਜ਼ਰਾ ਬਚ ਕੇ ਰਹੋ। ਪਿਛਲੇ 3500 ਸਾਲਾਂ ਤੋਂ ਵੈਸਟਰਨ ਬੀ ਨਾਮ ਦੀ ਮਧੂ ਮੱਖੀ ਸਭ ਤੋਂ ਵੱਧ ਸ਼ਹਿਦ ਤਿਆਰ ਕਰਦੀ ਹੈ ਅਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ।
ਮਧੂ ਮੱਖੀਆਂ 15 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉੱਡ ਸਕਦੀਆਂ ਹਨ।
ਮਧੂ ਮੱਖੀਆਂ ਵੱਲੋਂ ਬਣਾਏ ਗਏ ਸ਼ਹਿਦ ਦਾ ਸਵਾਦ ਅਤੇ ਰੰਗ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਸਦੇ ਆਲੇ-ਦੁਆਲੇ ਕਿਹੜੇ ਫਲ ਸਨ ਜਿੱਥੋਂ ਮਧੂਮੱਖੀਆਂ ਨੇ ਰਸ ਚੂਸਿਆ, ਇਸ ਲਈ ਕੁਦਰਤੀ ਵਿਰਾਸਤੀ ਰੁੱਖਾਂ ਦਾ ਹੋਣਾ ਬੜਾ ਜ਼ਰੂਰੀ ਹੈ। ਪੰਜਾਬ ਵਿੱਚ ਲੋਕ ਅੱਜ ਕੱਲ੍ਹ ਘਰਾਂ ਵਿੱਚ, ਪਾਰਕਾਂ ਵਿੱਚ ਅਤੇ ਸੰਸਥਾਵਾਂ ਦੇ ਵਿੱਚ ਖਾਸ ਕਰਕੇ ਖਜੂਰ ਜਾਂ ਪਾਮ ਆਦਿ ਕਈ ਕਿਸਮਾਂ ਦੇ ਦਰੱਖਤ ਲਗਾ ਰਹੇ ਹਨ ਜੋ ਕਿ ਸਹੀ ਨਹੀਂ ਹੈ। ਇਸ ਨਾਲ ਕੋਈ ਤੁਹਾਡਾ ਆਲਾ ਦੁਆਲਾ ਇੰਨਾ ਸੋਹਣਾ ਨਹੀਂ ਹੁੰਦਾ। ਵਿਰਾਸਤੀ ਰੁੱਖ ਲੱਖਾਂ ਸਾਲਾਂ ਤੋਂ ਇਸ ਧਰਤੀ ਦਾ ਸ਼ਿੰਗਾਰ ਹਨ। ਉਹਨਾਂ ਦੇ ਅਨੁਸਾਰ ਹੀ ਉੱਥੇ ਰਹਿਣ ਵਾਲੇ ਜੀਵ ਜੰਤੂ, ਪੰਛੀ ਕੀੜੇ-ਮਕੌੜੇ ਪਨਪਦੇ ਹਨ। ਉਹਨਾਂ ਦਾ ਕੱਟਣਾ ਸਹੀ ਨਹੀਂ ਹੈ। ਨਿੰਬੂ ਜਾਤੀ, ਸੰਤਰੇ ਜਾਤੀ ਦੇ ਫਲਾਂ ਦੇ ਰੁੱਖ, ਸੇਬ, ਆਲੂ ਬੁਖਾਰਾ, ਸੁਖਚੈਨ, ਚਾਂਦਨੀ ਖਜੂਰ, ਲੁਕਾਠ, ਆੜੂ, ਅੰਬ, ਜਾਮਣ, ਨਿੰਮ, ਸ਼ਰੀਂਹ, ਕਿੱਕਰ,  ਅਮਲਤਾਸ, ਧਰੇਕ, ਹਮੇਲੀਆ, ਪੈਟਨਸ ਆਦਿ, ਇਹਨਾਂ ਦੇ ਫੁੱਲਾਂ ਦੇ ਰਸ ਤੋਂ ਮਧੂਮੱਖੀਆਂ ਨੂੰ ਭੋਜਨ ਮਿਲਦਾ ਹੈ। ਜਿੰਨਾ ਟਿਊਬ ਵਰਗਾ ਲੰਬਾ ਚੌਲ ਹੋਏਗਾ ਉਨਾ ਜਿਆਦਾ ਰਸ ਮਧੂਮੱਖੀਆਂ ਨੂੰ ਮਿਲੇਗਾ ਅਤੇ ਜਿੰਨਾ ਵੱਡਾ ਰੁੱਖ ਹੋਏਗਾ ਉਨਾ ਮਧੂਮੱਖੀਆਂ ਨੂੰ ਜਿਆਦਾ ਲੰਮਾ ਸਮਾਂ ਖਾਣਾ ਮਿਲੇਗਾ, ਇਸ ਕਰਕੇ ਆਪਣੇ ਇਲਾਕੇ ਵਿੱਚ ਵੱਡੇ ਰੁੱਖਾਂ ਨੂੰ ਨਾ ਵੱਢੋ। ਤੁਸੀਂ ਇੱਕ ਗੱਲ ਦਾ ਧਿਆਨ ਦੇਣਾ ਕਿ ਸਾਰੇ ਰੁੱਖ ਇੱਕੋ ਸਮੇਂ ਫੁੱਲ ਨਹੀਂ ਦਿੰਦੇ। ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਹਰ ਰੁੱਖਾਂ ਬੂਟਿਆਂ ਦੀ ਕਿਸਮ ਅਲੱਗ ਸਮੇਂ ਫੁੱਲ ਦਿੰਦੀ ਹੈ ਤਾਂ ਕਿ ਜੀਵਾਂ ਦੀ ਭੋਜਨ ਲੜੀ ਚਲਦੀ ਰਹੇ। ਅਸੀਂ ਕੁਦਰਤ ਦੇ ਇਸ ਅਸੂਲ ਤੋਂ ਕਿਵੇਂ ਵਿਰਵੇ ਹੋ ਸਕਦੇ ਹਾਂ ਜਾਂ ਅਸੀਂ ਇਸ ਅਸੂਲ ਨੂੰ ਕਿਉਂ ਖ਼ਤਮ ਕਰ ਰਹੇ ਹਾਂ ਪੰਜਾਬ ਵਿੱਚ ਨਵੀਆਂ ਜਾਤੀਆਂ ਦੇ ਦੂਜੇ ਇਲਾਕਿਆਂ ਦੇ ਰੁੱਖ ਲਗਾ ਕੇ। ਅਸੀਂ ਮਧੂ ਮੱਖੀਆਂ ਬਾਰੇ ਗੱਲ ਕਰ ਰਹੇ ਸੀ,
ਮੁੱਖ ਤਿੰਨ ਕਿਸਮ ਦੀਆਂ ਮਧੂ ਮੱਖੀਆਂ ਹੁੰਦੀਆਂ ਹਨ :
1. ਰਾਣੀ ਮਧੂ ਮੱਖੀ    2. ਕਾਮੀ ਮਧੂ ਮੱਖੀ
3. ਨਰ ਜਾਂ ਡਰੋਨ ਮਧੂ ਮੱਖੀ
ਮਧੂ ਮੱਖੀਆਂ ਦੀ ਕਲੋਨੀ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਜੋ ਹਰ ਰੋਜ਼ 2000 ਦੇ ਕਰੀਬ ਅੰਡੇ ਦਿੰਦੀ ਹੈ।
ਕਾਮੀਆਂ ਮਧੂ ਮੱਖੀਆਂ ਛੱਤੇ ਦੀ ਸਫ਼ਾਈ ਕਰਦੀਆਂ ਹਨ, ਰਾਣੀ ਮਧੂ ਮੱਖੀ ਦਾ ਖ਼ਿਆਲ ਰੱਖਦੀਆਂ ਹਨ, ਉਸ ਦੀ ਸਫ਼ਾਈ ਕਰਦੀਆਂ ਰਹਿੰਦੀਆਂ ਹਨ। ਜਦੋਂ ਕਾਮੀ ਮਧੂ ਮੱਖੀ ਪੱਤਿਆਂ ਦਾ ਰਸ ਆਪਣੇ ਮੂੰਹ ਵਿੱਚ ਇਕੱਠਾ ਕਰ ਲੈਂਦੀ ਹੈ ਤਾਂ ਸਿੱਧੀ ਆਪਣੇ ਛੱਤੇ ‘ਤੇ ਵਾਪਸ ਆਉਂਦੀ ਹੈ। ਕਾਮਾ ਮਧੂ ਮੱਖੀਆਂ ਮਾਦਾ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਹੁੰਦੀਆਂ ਹਨ ਇਕ ਕਾਲੋਨੀ ਵਿੱਚ। ਇੱਕ ਛੋਟੇ ਜਿਹੇ ਮਧੂਮੱਖੀਆਂ ਦੇ ਝੁੰਡ ਵਿੱਚ ਘੱਟੋ ਘੱਟ 30 ਹਜ਼ਾਰ ਮਧੂ ਮੱਖੀਆਂ ਹੁੰਦੀਆਂ ਹਨ। ਮਧੂ ਮੱਖੀਆਂ ਦੇ ਛੱਤੇ ਤੋਂ ਬੀਸ ਵੈਕਸ ਬਣਦੀ ਹੈ ਜੋ ਕਿ ਮੋਮਬੱਤੀਆਂ ਬਣਾਉਣ ਦੇ ਕੰਮ ਆਉਂਦੀ ਹੈ। ਸਰਦੀਆਂ ਵਿੱਚ ਡਰੋਨ ਜਾਂ ਨਰ ਮਧੂ ਮੱਖੀ ਖਾਣੇ ਦੀ ਘਾਟ ਕਾਰਨ ਛੱਤੇ ਵਿੱਚੋਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ। ਮਧੂ ਮੱਖੀ ਦੀਆਂ ਛੇ ਲੱਤਾਂ ਹੁੰਦੀਆਂ ਹਨ ਅਤੇ ਪੰਜ ਅੱਖਾਂ ਹੁੰਦੀਆਂ ਹਨ। ਮਧੂ ਮੱਖੀਆਂ ਬਾਰੇ ਇੱਕ ਖ਼ਾਸ ਗੱਲ ਮਸ਼ਹੂਰ ਹੈ ਕਿ ਜੇਕਰ ਇਹਨਾਂ ਦਾ ਡੰਗ ਕੱਢ ਦਿੱਤਾ ਜਾਵੇ ਤਾਂ ਇਹ ਮਰ ਜਾਂਦੀਆਂ ਹਨ।
ਸਰਦੀਆਂ ਦੇ ਮੌਸਮ ਵਿੱਚ ਜਦੋਂ ਫੁੱਲਾਂ ਦੀ ਕਮੀ ਕਰਕੇ ਖਾਣੇ ਦੀ ਘਾਟ ਹੋ ਜਾਂਦੀ ਹੈ ਤਾਂ ਮਧੂ ਮੱਖੀਆਂ ਬੀਸਵੈਕਸ ਵੀ ਖਾ ਜਾਂਦੀਆਂ ਹਨ, ਜਾਂ ਫਿਰ ਕਮਜ਼ੋਰ ਮੱਖੀਆਂ ਨੂੰ ਖਾ ਜਾਂਦੀਆਂ ਹਨ।
ਗਰੀਕ ਲੋਕਾਂ ਵਿੱਚ ਕੁਦਰਤ ਦੇ ਖਾਣੇ ਵਜੋਂ ਮਸ਼ਹੂਰ ਸ਼ਹਿਦ ਇੱਕ ਉਹ ਪਦਾਰਥ ਹੈ ਜਿਸ ਨੂੰ ਕਿ ਮਧੂ ਮੱਖੀਆਂ ਬਣਾਉਂਦੀਆਂ ਹਨ। ਮਧੂ ਮੱਖੀਆਂ ਇਸ ਮਿੱਠੇ ਅਤੇ ਸੁਆਦ ਤਰਲ ਨੂੰ ਫੁੱਲਦਾਰ ਬੂਟਿਆਂ ਤੋਂ ਰਸ ਵਜੋਂ ਇਕੱਠਾ ਕਰਦੀਆਂ ਹਨ। ਜੇਕਰ ਸਾਰੇ ਹਾਲਾਤ ਅਨੁਕੂਲ ਹੋਣ ਤਾਂ ਸਾਲ ਦੇ ਵਿੱਚ ਇੱਕ ਮਧੂ ਮੱਖੀਆਂ ਦੇ ਛੱਤੇ ਤੋਂ ਤਕਰੀਬਨ 35 ਤੋਂ 40 ਕਿੱਲੋ ਤੱਕ ਸ਼ਹਿਦ ਬਣ ਸਕਦਾ ਹੈ। ਇਸ ਨੂੰ ਸ਼ਹਿਦ ਦੇ ਛੱਤੇ ਵਿੱਚ ਮਧੂ ਮੱਖੀਆਂ ਲਈ ਸਰਦੀਆਂ ਵਿੱਚ ਖ਼ੁਰਾਕ ਵਜੋਂ ਵੀ ਰੱਖਿਆ ਜਾਂਦਾ ਹੈ। ਕਈ ਤਰ੍ਹਾਂ ਦੇ ਤੱਤਾਂ ਨਾਲ ਭਰਪੂਰ ਸ਼ੁੱਧ ਸਹਿਦ ਵਿੱਚ ਅਮੀਨੋ ਐਸਿਡ, ਐਂਟੀਓਕਸੀਡੈਂਟਸ, ਵਿਟਾਮਿਨ, ਮਿਨਰਲ ਅਤੇ ਸ਼ੂਗਰ ਹੁੰਦੀ ਹੈ। ਇਸ ਵਿੱਚ ਕਾਫੀ ਮਾਤਰਾ ਵਿੱਚ ਫਰੂਕਟੋਜ ਹੁੰਦਾ ਹੈ, ਜੋ ਇਸ ਨੂੰ ਖੰਡ ਨਾਲੋਂ ਵੀ ਮਿੱਠਾ ਬਣਾਉਂਦਾ ਹੈ ਭਾਵੇਂ ਇਹ ਗਲਾਈਸੇਮਿਕ ਇੰਡੈਕਸ ਵਿੱਚ ਖੰਡ ਨਾਲੋਂ ਕਿਤੇ ਥੱਲੇ ਹੈ। ਇਹ ਇੰਡੈਕਸ ਉਨ੍ਹਾਂ ਖਾਣਿਆਂ ਦਾ ਰੇਟਿੰਗ ਸਿਸਟਮ ਹੈ, ਜਿਨ੍ਹਾਂ ਵਿੱਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੱਧ ਹੁੰਦੀ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਤੁਹਾਡਾ ਖਾਣਾ ਤੇਜ਼ੀ ਨਾਲ ਤੁਹਾਡੀ ਬਲੱਡ ਸ਼ੂਗਰ (ਗਲੂਕੋਜ਼) ਪੱਧਰ ਉੱਤੇ ਅਸਰ ਪਾਉਂਦਾ ਹੈ। ਸਾਨੂੰ ਆਪਣੇ ਖਾਣਿਆਂ ਵਿੱਚ ਉਹਨਾਂ ਖਾਣਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਗਲਾਈਸੇਮਿਕ ਇੰਡੈਕਸ ਘੱਟ ਹੋਵੇ।
ਇੱਕ ਚਮਚ ਸ਼ਹਿਦ ਵਿੱਚ (20 ਗ੍ਰਾਮ ਸ਼ਹਿਦ) ਵਿੱਚ 58 ਕੇ ਸੀ ਏ ਐਲ ਊਰਜਾ, 15.3 ਗ੍ਰਾਮ ਕਾਰਬੋਹਾਈਡ੍ਰੇਟਸ, 0.1 ਗ੍ਰਾਮ ਪ੍ਰੋਟੀਨ, 0 ਗ੍ਰਾਮ ਫੈਟ ਹੁੰਦੀ ਹੈ।
ਸ਼ਹਿਦ ਦੇ ਸਿਹਤ ਲਈ ਫਾਇਦੇ
ਸ਼ਹਿਦ ਸਿਹਤ ਲਈ ਕਿਵੇਂ ਲਾਹੇਵੰਦ ਹੋ ਸਕਦਾ ਹੈ। ਇਹ ਇਸ ਦੀ ਪ੍ਰੋਸੈਸਿੰਗ ਦੇ ਨਾਲ-ਨਾਲ ਉਨ੍ਹਾਂ ਫੁੱਲਾਂ ਦੀ ਗੁਣਵਤਾ ਉੱਤੇ ਵੀ ਨਿਰਭਰ ਕਰਦਾ ਹੈ ਜਿਨ੍ਹਾਂ ਤੋਂ ਮਧੂਮੱਖੀ ਨੇ ਸ਼ਹਿਦ ਇਕੱਠਾ ਕੀਤਾ ਹੋਵੇ। ਸੁਖਚੈਨ, ਨਿੰਮ, ਸ਼ਰੀਂਹ, ਕਿੱਕਰ, ਹਮੇਲੀਆ ਆਦਿ ਦੇ ਫੁੱਲ ਵਧੀਆ ਸ਼ਹਿਦ ਤਿਆਰ ਕਰਨ ਵਿੱਚ ਸਹਾਈ ਹੁੰਦੇ ਹਨ। ਜਿਨ੍ਹਾਂ ਨੇ ਮਧੂ ਮੱਖੀ ਪਾਲਣ ਦਾ ਕਿੱਤਾ ਅਪਣਾਉਣਾ ਹੈ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹਨਾਂ ਰੁੱਖਾਂ ਦਾ ਹੋਣਾ ਲਾਜ਼ਮੀ ਹੈ।
ਸ਼ੁੱਧ ਸ਼ਹਿਦ, ਜਿਸ ਨੂੰ ਕਿ ਗਰਮ ਨਾ ਕੀਤਾ ਗਿਆ ਹੋਵੇ, ਜਾਂ ਕਿਸੇ ਹੋਰ ਪ੍ਰਕਿਰਿਆ ਜਿਸ ਵਿੱਚ ਪੈਸਚੁਰਾਈਜ਼ੇਸ਼ਨ, ਕਲੈਰੀਫਿਕੇਸ਼ਨ ਅਤੇ ਫਿਲਟਰ ਵਿੱਚੋਂ ਨਾ ਲੰਘਾਇਆ ਗਿਆ ਹੋਵੇ, ਉਸ ਵਿੱਚ ਸਿਹਤ ਨੂੰ ਲਾਭ ਪਹੁੰਚਾਉਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹੋਣਗੇ।
ਸ਼ਹਿਦ ਨੂੰ ਕਈ ਸਾਲਾਂ ਤੱਕ ਐਂਟੀਸੈਪਟਿਕ (ਰੋਗਾਣੂਨਾਸ਼ਕ) ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਜ਼ਖ਼ਮਾਂ ਦੇ ਠੀਕ ਹੋਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਇਸ ਨਾਲ ਘੱਟ ਗੰਭੀਰ ਜ਼ਖ਼ਮ, ਛਾਲੇ ਅਤੇ ਸੜਨ ਦੇ ਜ਼ਖ਼ਮ ਵੀ ਠੀਕ ਹੋ ਜਾਂਦੇ ਹਨ। ਇਹ ਦੋ ਤੱਤਾਂ ਗਲੂਕੋਜ਼ ਅਤੇ ਫਰੋਕਟੋਜ਼ ਤੋਂ ਬਣਿਆ ਹੁੰਦਾ ਹੈ। ਇਹ ਦੋਵੇਂ ਪਾਣੀ ਸੋਖਦੇ ਹਨ। ਸ਼ਹਿਦ ਜ਼ਖ਼ਮ ਵਿੱਚੋਂ ਪਾਣੀ ਸੋਖ ਲੈਂਦਾ ਹੈ। ਇਸ ਨੂੰ ਸੁਕਾ ਕੇ ਜ਼ਖ਼ਮ ਵਿੱਚ ਰੋਗਾਣੂਆਂ ਦਾ ਵਿਕਾਸ ਘੱਟ ਜਾਵੇਗਾ ਅਤੇ ਉੱਲੀ ਵੀ ਰੁਕਦੀ ਹੈ। ਗਹਿਰੀ ਕਿਸਮ ਦੇ ਸ਼ਹਿਦ ਵਿੱਚ ਫਲੇਵੋਨੋਇਡਜ਼ ਜਿਹੇ ਕੈਮੀਕਲ ਕੰਪਾਊਂਡਜ ਦੀ ਭਾਰੀ ਮਾਤਰਾ ਹੁੰਦੀ, ਜੋ ਕਿ ਐਂਟੀ ਆਕਸੀਡੈਂਟ ਦੀ ਹੀ ਇੱਕ ਕਿਸਮ ਹੈ। ਫਲੇਵੋਨੋਇਡਜ਼ ਵਿੱਚ ਰੋਗਾਣੂਨਾਸ਼ਕ, ਲਾਗ ਨਾਸ਼ਕ, ਵਾਇਰਲ ਅਤੇ ਐਲਰਜੀ ਨਾਸ਼ਕ ਤੱਤ ਹੁੰਦੇ ਹਨ। ਐਂਟੀਔਕਸੀਡੈਂਟ ਫਲੇਵੋਨੋਇਡ ਕਾਰਨ ਕੁਝ ਲੋਕ ਸ਼ਹਿਦ ਨੂੰ ਸ਼ੂਗਰ ਦਾ ਇੱਕ ਸਿਹਤਮੰਦ ਬਦਲ ਮੰਨਦੇ ਹਨ। ਹਾਲਾਂਕਿ ਭਾਵੇਂ ਸ਼ਹਿਦ ਗਲਾਈਸੇਮਿਕ ਇੰਡੈਕਸ ਉੱਤੇ ਸ਼ੂਗਰ ਨਾਲ ਹੇਠਲੇ ਥਾਂ ਉੱਤੇ ਆਉਂਦਾ ਹੈ ਇਸ ਵਿੱਚ ਕੈਲੋਰੀਜ਼ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ, ਇਸ ਨਾਲ ਬਲੱਡ ਸ਼ੂਗਰ ਵੀ ਵੱਧ ਜਾਂਦੀ ਹੈ। ਇਸ ਲਈ ਇਸ ਨੂੰ ਘੱਟ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ।
ਕੀ ਸ਼ਹਿਦ ਖੰਡ ਨਾਲੋਂ ਬਿਹਤਰ ਹੈ?
ਇਸ ਪ੍ਰਸ਼ਨ ਦਾ ਜਵਾਬ ਹਾਂ ਵਿੱਚ ਹੈ। ਅਸੀਂ ਵੇਖਦੇ ਹਾਂ ਕਿ ਸ਼ਹਿਦ ਗਲਾਈਸੇਮਿਕ ਇੰਡੈਕਸ ਵਿੱਚ ਸ਼ੂਗਰ ਨਾਲੋਂ ਹੇਠਲੇ ਨੰਬਰ ਉੱਤੇ ਆਉਂਦਾ ਹੈ ਯਾਨਿ ਇਹ ਤੇਜ਼ੀ ਨਾਲ ਖੂਨ ਵਿੱਚ ਸ਼ੂਗਰ ਦੀ ਮਾਤਰਾ ਨਹੀਂ ਵਧਾਉਂਦਾ। ਸ਼ਹਿਦ ਖੰਡ ਤੋਂ ਵੱਧ ਮਿੱਠਾ ਹੁੰਦਾ ਹੈ ਇਸ ਲਈ ਤੁਸੀਂ ਇਸ ਨੂੰ ਘੱਟ ਮਾਤਰਾ ਵਿੱਚ ਲੈ ਸਕਦੇ ਹੋ ਪਰ ਇਸ ਵਿੱਚ ਕੈਲੋਰੀਜ਼ ਦੀ ਮਾਤਰਾ ਥੋੜ੍ਹੀ ਵੱਧ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਲੱਗਿਆਂ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ ਸ਼ਹਿਦ ਪਸੰਦ ਕਰਦੇ ਹੋ ਤਾਂ ਸ਼ੁੱਧ ਸ਼ਹਿਦ ਲਈ ਜਾ ਸਕਦੀ ਹੈ। ਇਸ ਵਿੱਚ ਸਫੈਦ ਖੰਡ ਨਾਲੋਂ ਵਧੇਰੇ ਵਿਟਾਮਿਨ, ਐਂਜ਼ਾਈਮ, ਐਂਟੀਓਕਸੀਡੈਂਟਸ ਅਤੇ ਹੋਰ ਨਿਊਟ੍ਰੀਐਂਟਸ ਹੁੰਦੇ ਹਨ।
ਮਧੂ ਮੱਖੀਆਂ ਬਾਰੇ ਗੱਲ ਚੱਲ ਰਹੀ ਹੈ। ਬੜੀ ਹੈਰਾਨੀ ਵਾਲਾ ਤੱਥ ਸਾਹਮਣੇ ਆਇਆ ਹੈ ਕਿ ਇਹ ਮਨੁੱਖ ਦੀ ਸ਼ਕਲ ਪਛਾਣ ਲੈਂਦੀਆਂ ਹਨ। ਮਧੂ ਮੱਖੀਆਂ ਦੀਆਂ ਅੱਖਾਂ ਇਸ ਤਰੀਕੇ ਨਾਲ ਬਣੀਆਂ ਹੁੰਦੀਆਂ ਹਨ ਕਿ ਇਹ ਬੰਦੇ ਦੇ ਨੈਣ ਨਕਸ਼ ਵਿਚ ਅੰਤਰ ਪਛਾਣ ਸਕਦੀਆਂ ਹਨ। ਜਦੋਂ ਮਧੂ ਮੱਖੀਆਂ ਨੂੰ ਕਿਧਰੇ ਖਾਣਾ ਮਿਲਦਾ ਹੈ ਤਾਂ ਇਹ ਇੱਕ ਖ਼ਾਸ ਕਿਸਮ ਦਾ ਨਾਚ ਕਰਦੀਆਂ ਹਨ ਜੋ ਦੱਸਦਾ ਹੈ ਕਿ ਖਾਣਾ ਕਿੰਨੀ ਕੁ ਦੂਰ ਹੈ ਅਤੇ ਕਿਸ ਜਗ੍ਹਾ ਹੈ, ਇਸ ਨਾਚ ਨੂੰ ਅੰਗਰੇਜ਼ੀ ਵਿੱਚ ਵੈਗਲ ਡਾਂਸ ਕਹਿੰਦੇ ਹਨ।
ਦੁਨੀਆਂ ਵਿੱਚ ਅੰਨ ਦੀ ਪ੍ਰਾਪਤੀ ਲਈ ਫੁੱਲਾਂ ਦਾ ਹੋਣਾ ਅਤੇ ਫਿਰ ਉਹਨਾਂ ਦੇ ਪ੍ਰਾਗ ਕਣਾਂ ਦਾ ਆਪਸ ਵਿੱਚ ਮਿਲਣਾ ਬੜਾ ਜ਼ਰੂਰੀ ਹੈ ਤਾਂ ਹੀ ਬੀਜ ਬਣੇਗਾ ਤੇ ਫਲ ਬਣੇਗਾ, ਇਸ ਸਾਰੇ ਕਾਰਜ ਵਿੱਚ ਮਧੂ ਮੱਖੀਆਂ ਦਾ ਬਹੁਤ ਵੱਡਾ ਰੋਲ ਹੈ। ਜਦੋਂ ਉਹ ਇੱਕ ਫੁੱਲ ਉੱਤੇ ਬੈਠਦੀਆਂ ਹਨ ਤਾਂ ਪਰਾਗ ਕਣ ਉਹਨਾਂ ਦੀਆਂ ਲੱਤਾਂ ਨੂੰ ਚਿੰਬੜ ਜਾਂਦੇ ਹਨ ਤੇ ਜਦੋਂ ਦੂਜੇ ਫੁੱਲਾਂ ਤੇ ਜਾਂਦੀਆਂ ਹਨ ਤਾਂ ਆਪਣੇ ਆਪ ਹੀ ਪਰਾਗ ਕਣ ਦੂਸਰੇ ਫੁੱਲ ਨੂੰ ਲੱਗ ਜਾਂਦੇ ਹਨ । ਇਸ ਤਰ੍ਹਾਂ ਦੇ ਨਾਲ ਫੁੱਲਾਂ ਤੋਂ ਫਲ ਅਤੇ ਬੀਜ ਬਣਦਾ ਹੈ। ਮਧੂ ਮੱਖੀਆਂ ਨਾ ਹੋਣ ਤਾਂ ਧਰਤੀ ਉੱਤੇ ਜੀਵਨ ਖਤਮ ਹੋ ਜਾਵੇਗਾ, ਇਹੋ ਇਸ ਲਿਖਤ ਦਾ ਤੱਤ ਹੈ। ਕੁੱਝ ਕੀੜੇਮਾਰ ਦਵਾਈਆਂ ਮਧੂ ਮੱਖੀਆਂ ਲਈ ਬਹੁਤ ਖ਼ਤਰਨਾਕ ਹਨ। ਪੂਰੀ ਦੁਨੀਆਂ ਵਿਚ ਉਹਨਾਂ ਦੀ ਵਰਤੋਂ ਫ਼ਸਲਾਂ ਉੱਤੇ ਖੁੱਲ੍ਹੇਆਮ ਹੋ ਰਹੀ ਹੈ। ਕਨੇਡਾ ਵਿਚ ਅਜੇ ਪਿੱਛੇ ਜਿਹੇ ਹੀ ਉਹਨਾਂ ਦੀ ਵਰਤੋਂ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ ਅਤੇ ਉਹਨਾਂ ਰਸਾਇਣਾਂ ਨੂੰ ਵਰਤਣ ਦੀ ਮਨਾਹੀ ਕਰ ਦਿੱਤੀ ਗਈ ਹੈ, ਪਰ ਕੁੱਝ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਸੰਸਾਰ ਵਿਚ ਉਹ ਨਿਰੰਤਰ ਛਿੜਕੇ ਜਾ ਰਹੇ ਹਨ। ਪੂਰੀ ਦੁਨੀਆਂ ਵਿਚ ਮਧੂ ਮੱਖੀਆਂ ਦੀ ਅਥਾਹ ਘਾਟ ਕਾਰਨ ਪਰਾਗਣ ਦੀ ਸਮੱਸਿਆ ਪੈਦਾ ਹੋ ਗਈ ਹੈ। ਬੂਟਿਆਂ ਨੂੰ ਪੂਰੀ ਤਰ੍ਹਾਂ ਫਲ ਨਹੀਂ ਲੱਗ ਰਹੇ ਅਤੇ ਖਾਣ ਵਾਲੇ ਪਦਾਰਥਾਂ ਦੀ ਘਾਟ ਪੈਦਾ ਹੋ ਰਹੀ ਹੈ।
ਮਧੂ ਮੱਖੀਆਂ ਅਤਿਅੰਤ ਕੋਮਲ ਹੋਣ ਕਾਰਨ ਮਰ ਰਹੀਆਂ ਹਨ, ਪਰ ਲੋਕਾਂ/ਦੇਸ਼ਾਂ ਨੂੰ ਅਕਲ ਨਹੀਂ ਆ ਰਹੀ, ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਹੈ। Nature ਪਰਚੇ ਦੇ ਹਵਾਲੇ ਨਾਲ ਇਹ ਸਿੱਧ ਕੀਤਾ ਗਿਆ ਹੈ ਕਿ ਮਧੂ ਮੱਖੀ ਸੰਸਾਰ ਦਾ ਸਭ ਤੋਂ ਵੱਧ ਮਹੱਤਵਪੂਰਨ ਜੀਵ ਹੈ। ਦੇਖੋ ਕੁਦਰਤ! ਧਰਤੀ ਉੱਤੇ ਪਾਏ ਜਾਣ ਵਾਲੇ ਜੀਵ, ਜੰਤੂ, ਪੌਦੇ ਆਪਸ ਦੇ ਵਿੱਚ ਇੱਕ ਦੂਜੇ ਉੱਤੇ ਕਿੰਨੇ ਨਿਰਭਰ ਹਨ।
ਰਾਹੀਂ  -ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ  ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਧਾ ਬੰਦਾ ਸਿੱਧੀ ਗੱਲ।
Next articleਬਲੱਡ ਡੋਨਰਜ ਕਲੱਬ ਮਹਿਤਪੁਰ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ