ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਅਜੈ ਤਨਵੀਰ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਫ਼ਤਵਿਆਂ ਦੇ ਦੌਰ ਵਿੱਚ’ ‘ਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ, ਡਾ. ਕਰਮਜੀਤ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਹਰਪ੍ਰੀਤ ਸਿੰਘ ਮੁਖੀ ਪੰਜਾਬੀ ਵਿਭਾਗ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਪ੍ਰਧਾਨ ਪੰਜਾਬੀ ਸਾਹਿਤ ਸਭਾ ਜਸਬੀਰ ਸਿੰਘ ਧੀਮਾਨ ਨੇ ਕੀਤੀ। ਜੀ ਆਇਆਂ ਸ਼ਬਦ ਵਾਇਸ ਪ੍ਰਿੰਸੀਪਲ ਪਟਵਾਰ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਗਣੇਸ਼ ਸ਼ਰਮਾ ਨੇ ਆਖੇ। ਪਹਿਲਾ ਖੋਜ ਪਰਚਾ ਪੇਸ਼ ਕਰਦਿਆਂ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਤਨਵੀਰ ਦੀ ਸ਼ਾਇਰੀ ਆਮ ਆਦਮੀ ਦੇ ਦਰਦ ਦੀ ਤਸਵੀਰ ਬਣਾਉਣ ਦੇ ਨਾਲ-ਨਾਲ ਸੁਫ਼ਨੇ, ਸਫ਼ਰ, ਸਲੀਬ ਤੇ ਸੰਵਾਦ ਪੈਦਾ ਕਰਨ ਵਾਲੀ ਸ਼ਾਇਰੀ ਹੈ। ਡਾ. ਮੋਹੀ ਨੇ ਕਿਹਾ ਕਿ ਤਨਵੀਰ ਦਾ ਕਾਵਿ ਨਾਇਕ ਖ਼ੁਦਕੁਸ਼ੀ ਨਹੀਂ ਸੰਘਰਸ਼ ਦਾ ਰਾਹ ਚੁਣਦਾ ਹੈ।ਪੇਸ਼ ਪਰਚਿਆਂ ‘ਤੇ ਚਰਚਾ ਨੂੰ ਅਗਾਂਹ ਤੋਰਦਿਆਂ ਡਾ. ਕਰਮਜੀਤ ਸਿੰਘ, ਡਾ. ਰਾਏ ਅਤੇ ਪ੍ਰੋ. ਬੱਲੀ ਨੇ ਕਿਹਾ ਕਿ ਤਨਵੀਰ ਦੀ ਸ਼ਾਇਰੀ ਵਿੱਚ ਨਾਬਰੀ ਦਾ ਰੰਗ, ਸਮਾਜਵਾਦ ਦਾ ਸੰਕਲਪ, ਕੁਦਰਤ, ਹਾਸ਼ੀਆਗਤ ਲੋਕਾਂ ਦੀ ਹੂਕ, ਮੁਹੱਬਤ ਦੀਆਂ ਛੋਹਾਂ ਦੇ ਨਾਲ-ਨਾਲ ਇਤਿਹਾਸਕ ਅੰਸ਼ਾਂ ਅਤੇ ਨਾਇਕਾਂ ਦੀ ਹਾਜ਼ਰੀ ਸ਼ਾਇਰ ਦੀ ਪਲੇਠੇ ਗ਼ਜ਼ਲ ਸੰਗ੍ਰਹਿ ਵਿੱਚ ਹੀ ਪ੍ਰਪੱਕਤਾ ਨਾਲ ਕਦਮ ਰੱਖਣ ਦੀ ਹਾਮੀ ਭਰਦੀ ਹੈ, ਉਸਦੀ ਸ਼ਾਇਰੀ ਜ਼ਿਕਰ ਦੀ ਨਹੀਂ ਫ਼ਿਕਰ ਦੀ ਹੈ। ਸੰਵਾਦ ਵਿੱਚ ਹਿੱਸਾ ਲੈਂਦਿਆਂ ਮਦਨ ਵੀਰਾ, ਡਾ. ਸਾਂਵਲ ਧਾਮੀ, ਨਵਤੇਜ ਗੜ੍ਹਦੀਵਾਲਾ ਕਿਹਾ ਕਿ ਤਨਵੀਰ ਦੇ ਸ਼ੇਅਰਾਂ ਦੀ ਸੰਖੇਪਤਾ ਵਿੱਚ ਹੀ ਵਿਸਤਾਰ ਪਿਆ ਹੈ। ਚੇਤਨਾ ਅਤੇ ਚਿੰਤਨ ਨਾਲ ਲਬਰੇਜ਼ ਉਸਦੇ ਸ਼ੇਅਰ ਲੂੰ ਕੰਡੇ ਖੜ੍ਹੇ ਕਰਨ ਵਾਲੇ ਹਨ।ਵਿਦੇਸ਼ੀ ਧਰਤੀ ‘ਤੇ ਰਹਿੰਦਿਆਂ ਤਨਵੀਰ ਨੇ ਦੂਰੋਂ ਆਪਣੀ ਮਿੱਟੀ, ਬੋਲੀ ਅਤੇ ਲੋਕਾਂ ਦੀਆਂ ਲੋੜਾਂ ਥੋੜਾਂ ਤੇ ਦਰਦਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੇ ਆਪਣੀ ਸ਼ਾਇਰੀ ਵਿੱਚ ਢਾਲਿਆ ਹੈ। ਸਾਹਿਤ ਸਭਾ ‘ਚੋਂ ਸੁਰਿੰਦਰ ਕੰਗਵੀ ਅਤੇ ਕੁਲਤਾਰ ਸਿੰਘ ਕੁਲਤਾਰ ਨੇ ਤਨਵੀਰ ਦੀਆਂ ਗ਼ਜ਼ਲਾਂ ਨੂੰ ਤਰੰਨੁਮ ਵਿੱਚ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ।ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਅਦੀਬਾਂ ਅਤੇ ਸੰਵਾਦ ਰਚਾਉਣ ਵਾਲੇ ਵਿਦਵਾਨਾਂ ਦਾ ਭਾਸ਼ਾ ਵਿਭਾਗ ਅਤੇ ਸਾਹਿਤ ਸਭਾ ਵੱਲੋਂ ਲੋਈਆਂ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ।ਧੰਨਵਾਦੀ ਸ਼ਬਦ ਜਸਬੀਰ ਸਿੰਘ ਧੀਮਾਨ ਨੇ ਆਪਣੀਆਂ ਸਾਰਥਕ ਟਿੱਪਣੀਆਂ ਰਾਹੀਂ ਆਖੇ।ਇਸ ਮੌਕੇ ਡਾ. ਮਨਮੋਹਨ ਸਿੰਘ ਤੀਰ, ਸਤੀਸ਼ ਕੁਮਾਰ, ਡਾ. ਅਜੀਤ ਸਿੰਘ ਜੱਬਲ, ਹਰਦਿਆਲ ਹੁਸ਼ਿਆਰਪੁਰੀ, ਰਬਿੰਦਰ ਸ਼ਰਮਾ, ਰਜਿੰਦਰ ਸੱਚਦੇਵਾ, ਰਾਜਦੀਪ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਤੀਰਥ ਚੰਦ ਸਰੋਆ, ਲਵਪ੍ਰੀਤ, ਲਾਲ ਸਿੰਘ, ਪੁਸ਼ਪਾ ਰਾਣੀ, ਸਿਮਰਤਪਾਲ ਸਿੰਘ ਥਿਆੜਾ, ਕਰਮਜੀਤ ਸਿੰਘ ਅਤੇ ਪਟਵਾਰ ਟ੍ਰੇਨਿੰਗ ਸਕੂਲ ਦੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly