ਹਰਪ੍ਰੀਤ ਸਿੰਘ ਜਵੰਦਾ
(ਸਮਾਜ ਵੀਕਲੀ) ਬਟਾਲਿਓਂ ਗੁਰਦਾਸਪੁਰ ਵੱਲ ਨੂੰ ਜਾਂਦੀ ਰੇਲਵੇ ਲਾਈਨ ਤੇ ਦੂਜਾ ਟੇਸ਼ਨ..ਬਿਆਸੀ ਤਰਿਆਸੀ ਦੇ ਵੇਲਿਆਂ ਵੇਲੇ ਇਥੇ ਟੇਸ਼ਨ ਮਾਸਟਰ ਲੱਗਾ ਹੁੰਦਾ ਸਾਂ!
ਲਾਗੇ-ਚਾਗੇ ਦੇ ਪਿੰਡਾਂ ਦੇ ਕਿੰਨੇ ਸਾਰੇ ਲੋਕ ਅਕਸਰ ਹੀ ਗੱਡੀ ਚੜਿਆਂ ਕਰਦੇ..
ਇੱਕ ਬੁੱਢੀ ਮਾਤਾ ਅਕਸਰ ਹੀ ਗਿਆਰਾਂ ਵਾਲੀ ਗੱਡੀ ਦੇ ਟਾਈਮ ਟੇਸ਼ਨ ਤੇ ਆ ਜਾਇਆ ਕਰਦੀ..ਗੁਰਦਾਸਪੁਰ ਲਗੇ ਸੋਹਲ ਪਿੰਡ ਸ਼ਾਇਦ ਉਸਦੀ ਕੁੜੀ ਵਿਆਹੀ ਹੋਈ ਸੀ..!
ਟਿਕਟਾਂ ਕੱਟਣ ਲੱਗਦਾ ਤਾਂ ਹੱਥ ਜੋੜ ਦਿਆ ਕਰਦੀ..ਅਖ਼ੇ ਟਿਕਟ ਜੋਗੇ ਪੈਸੇ ਨਹੀਂ ਹਨ..ਨਾਲ ਹੀ ਉਸਦਾ ਰੋਣ ਨਿੱਕਲ ਜਾਇਆ ਕਰਦਾ..ਮੈਂ ਬਥੇਰਾ ਆਖਦਾ ਕੇ ਗੱਲ ਜੋ ਮਰਜੀ ਕਰ ਲਿਆ ਕਰ ਪਰ ਰੋਇਆ ਨਾ ਕਰ..ਅੱਗੋਂ ਅੱਛਾ ਪੁੱਤ ਆਖ ਦਿਆ ਕਰਦੀ!
ਮੈਂ ਗੱਡੀ ਦੇ ਗਾਰਡ ਨੂੰ ਆਖ ਉਸਨੂੰ ਹਰ ਵਾਰ ਗੱਡੀ ਚੜਾ ਦਿਆ ਕਰਦਾ..!
ਗਾਰਡ ਅਕਸਰ ਪੁੱਛਦਾ ਇਹ ਕੌਣ ਏ..ਮੈਂ ਆਖ ਦਿਆ ਕਰਦਾ ਦੂਰ ਦੀ ਮਾਸੀ ਏ!
ਅਕਸਰ ਹੀ ਦੇਖਦਾ ਉਸਦੇ ਪੈਰੀ ਇੱਕੋ ਤਰ੍ਹਾਂ ਦੀ ਚੱਪਲ ਹੁੰਦੀ..
ਕਿੰਨੇ ਥਾਂਵਾਂ ਤੋਂ ਗੰਢੀ..ਥਾਂ ਥਾਂ ਤੋਂ ਘਸੀ ਹੋਈ ਕੈਂਚੀ ਚੱਪਲ..ਅੰਗੂਠੇ ਵਾਲੀ ਜਗਾ ਤੋਂ ਤਾਂ ਪੂਰਾ ਮਘੋਰਾ ਹੋਇਆ ਹੁੰਦਾ..ਕੰਕਰ ਰੋੜੇ ਵੱਜ ਵੱਜ ਅਕਸਰ ਹੀ ਉਸਦਾ ਲਹੂ ਨਿੱਕਲ ਰਿਹਾ ਹੁੰਦਾ..!
ਇੱਕ ਵਾਰ ਕੋਲ ਹੀ ਨਿੱਕੇ ਜਿਹੇ ਕਸਬੇ ਨੁਸ਼ਹਿਰੇ ਗਿਆ ਤਾਂ ਉਸ ਜੋਗੀ ਇੱਕ ਨਵੀਂ ਕੈਂਚੀ ਚੱਪਲ ਮੁੱਲ ਲੈ ਆਂਦੀ..
ਅਗਲੀ ਵਾਰ ਗੱਡੀ ਚੜ੍ਹਨ ਆਈ ਤਾਂ ਪੂਰਾਣੀ ਲੁਹਾ ਲਈ ਤੇ ਨਵੀਂ ਪੈਰੀ ਪਵਾ ਦਿੱਤੀ..ਬਹੁਤ ਖੁਸ਼ ਹੋਈ..ਤੁਰ ਤੁਰ ਕੇ ਵੇਖੇ..ਨਾਲ ਹੀ ਢੇਰ ਸਾਰੀਆਂ ਅਸੀਸਾਂ ਵੀ ਦੇਈ ਜਾਵੇ..!
ਫੇਰ ਗੱਡੀ ਆਈ ਤਾਂ ਮੈਂ ਥੋੜ੍ਹਾ ਰੁਝ ਜਿਹਾ ਗਿਆ ਤੇ ਉਹ ਪਤਾ ਨੀ ਕਦੋਂ ਗੱਡੀ ਚੜ੍ਹ ਗਈ..ਮਗਰੋਂ ਦੇਖਿਆ..ਉਸਦੇ ਪੈਰੋਂ ਲੁਹਾਈ ਹੋਈ ਪੁਰਾਣੀ ਵੀ ਕਿਧਰੇ ਨਹੀਂ ਸੀ ਦਿਸ ਰਹੀ!
ਖੈਰ ਕੁੱਝ ਦਿਨਾਂ ਮਗਰੋਂ ਗੱਡੀਓਂ ਉੱਤਰਦੀ ਹੋਈ ਨਾਲ ਮੇਲ ਹੋ ਗਿਆ.. ਨਜ਼ਰ ਬਚਾ ਕੇ ਲੰਘਣ ਲੱਗੀ ਪਰ ਮੈਂ ਵਾਜ ਮਾਰ ਕੋਲ ਸੱਦ ਲਿਆ..ਹਾਲ ਚਾਲ ਪੁੱਛਿਆ ਤਾਂ ਨਜ਼ਰਾਂ ਨਾ ਮਿਲਾਵੈ..ਧਿਆਨ ਨਾਲ ਵੇਖਿਆ..ਪੈਰੀ ਓਹੀ ਪੁਰਾਣੀ ਚੱਪਲ..ਗੁੱਸੇ ਜਿਹੇ ਨਾਲ ਪੁੱਛਿਆ ਨਵੀਂ ਕਿਥੇ ਗਵਾ ਆਈਂ ਏ?
ਹੱਸਦੀ ਹੋਈ ਆਖਣ ਲੱਗੀ..ਗਵਾਈ ਨਹੀਂ ਪੁੱਤਰ ਕੁੜੀ ਦੇ ਪੈਰੀ ਪਵਾ ਦਿੱਤੀ ਏ..ਉਸਦੀ ਵਾਲੀ ਦਾ ਤੇ ਮੇਰੇ ਵਾਲੀ ਨਾਲੋਂ ਵੀ ਬੁਰਾ ਹਾਲ ਸੀ”
ਹੁਣ ਇਸ ਵਾਰ ਅੱਥਰੂ ਵਹਾਉਣ ਦੀ ਵਾਰੀ ਸ਼ਾਇਦ ਮੇਰੀ ਸੀ!
(ਬਾਪੂ ਹੋਰਾਂ ਦੀ ਹੱਡ ਬੀਤੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly