*ਪੰਜਾਬੀ ਗ਼ਜ਼ਲ ਦੇ ਨਕਸ਼’ ਦਾ ਸਮਾਜਿਕ ਪਰਿਪੇਖ*

 ਪ੍ਰੋ.(ਡਾ.) ਮੇਹਰ ਮਾਣਕ 
(ਸਮਾਜ ਵੀਕਲੀ) ਸੁਖਿੰਦਰ ਪੰਜਾਬੀ ਸਾਹਿਤ ਦੀ ਇੱਕ ਨਾਮਵਰ ਹਸਤੀ ਹੈ ਜਿਸ ਨੇ ਪਿਛਲੇ ਕਈ ਦਹਾਕਿਆਂ ਤੋਂ ਸਿਰਜਣਾ ਦੇ ਖੇਤਰ ਵਿੱਚ ਲਗਾਤਾਰਤਾ ਬਣਾ ਕੇ ਰੱਖੀ ਹੋਈ ਹੈ। ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਸੁਖਿੰਦਰ ਸਾਇੰਸ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਸਾਹਿਤ ਦੇ ਖੇਤਰ ਵਿੱਚ ਅਦਾਰਾ ‘ਸੰਵਾਦ’ ਦਾ ਸੰਪਾਦਕ ਹੋਣ ਦੇ ਨਾਲ਼ ਨਾਲ਼ ਹੁਣ ਤੱਕ ਬਾਲ ਸਾਹਿਤ (1), ਨਾਵਲ (2), ਆਲੋਚਨਾ (4), ਵਾਰਤਕ (5) ਅਤੇ ਸੰਪਾਦਨਾਂ (8) ਕਿਤਾਬਾਂ ਲਿੱਖ ਕੇ ਇਸ ਖੇਤਰ ਵਿੱਚ ਆਪਣਾ ਕੀਮਤੀ ਯੋਗਦਾਨ ਪਾ  ਚੁੱਕਿਆ ਹੈ।
‘ਪੰਜਾਬੀ ਗ਼ਜ਼ਲ ਦੇ ਨਕਸ਼’  ਦੀ ਸੰਪਾਦਨਾ ਕਰਕੇ ਉਸ ਨੇ ਇਸ ਖੇਤਰ  ਵਿੱਚ ਬੜਾ ਮੁੱਲਵਾਨ ਕੰਮ ਕੀਤਾ ਹੈ। ਇਸ ਕਿਤਾਬ  ਵਿੱਚ ਉਸ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਮਾਜਿਕ ਸਰੋਕਾਰ ਦੀਆਂ 100 ਗ਼ਜ਼ਲਾਂ ਸ਼ਾਮਲ ਕੀਤੀਆਂ ਹਨ। ਹੱਦਾਂ  ਸਰਹੱਦਾਂ , ਉਮਰਾਂ, ਭੂਗੋਲਿਕ ਖੇਤਰਾਂ, ਸਮਿਆਂ ਅਤੇ ਅਕਾਰਾਂ ਤੋਂ ਪਾਰ ਜਾ ਕੇ ਉਸ ਨੇ 73 ਕਵੀਆਂ ਦੀਆਂ ਗ਼ਜ਼ਲਾਂ ਦੀ ਚੋਣ  ਕੀਤੀ। ਅਜਿਹਾ ਕਾਰਜ ਇੱਕ ਮਿਹਨਤੀ, ਲਗਨ ਅਤੇ ਸਿਰੜ ਵਾਲਾ ਵਿਅਕਤੀ ਹੀ ਕਰ ਸਕਦਾ ਹੈ। ਕਿਤਾਬ ਦੀ ਸੰਪਾਦਕੀ ਉਸ ਦੀ ਦਿਆਨਤਦਾਰੀ ਦਾ ਸਬੂਤ ਹੈ।  ਇਸ ਕਿਤਾਬ ਵਿੱਚ  ਗੁਰਮੁਖੀ ਪੈਂਤੀ ਦੇ ਅੱਖਰਾਂ ਮੁਤਾਬਿਕ ਗ਼ਜ਼ਲਾਂ ਦੀ ਤਰਤੀਬ ਰੱਖੀ ਗਈ ਹੈ। ਕਿਸੇ ਦੀ ਇੱਕ ਕਿਸੇ ਦੀਆਂ ਦੋ ਦੋ ਗ਼ਜ਼ਲਾਂ ਵੀ ਸ਼ਾਮਿਲ ਹਨ। ਉਲਫ਼ਤ ਬਾਜਵਾ ਤੋਂ ਸ਼ੁਰੂ ਹੋ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਸਾਰੇ ਕਵੀਆਂ ਨੂੰ ਤਰਤੀਬ ਬੱਧ ਕੀਤਾ ਗਿਆ ਹੈ। ਕੁਦਰਤੀਂ  ਇਹ ਮੌਕਾ  ਮੇਲ ਹੀ ਹੈ ਕਿ ਇਹ ਦੋਵੇਂ ( ਉਲਫ਼ਤ ਬਾਜਵਾ ਅਤੇ ਸ਼ਿਵ ਕੁਮਾਰ ਬਟਾਲਵੀ) ਪੰਜਾਬੀ ਗ਼ਜ਼ਲ ਦੀ ਸਿਰਜਣਾ ਦੇ ਖੇਤਰ ਵੱਡੇ ਨਾਂ ਹਨ।ਇਸ ਸੰਗ੍ਰਹਿ ਵਿੱਚ ਲਿੰਗ ਭੇਦ, ਖੇਤਰ, ਯੋਗਤਾ, ਪ੍ਰਾਪਤੀਆਂ, ਕੱਦਾਂ ਅਤੇ ਹਰ ਤਰ੍ਹਾਂ ਦੀ ਸਮਾਜਿਕ ਦਰਜਾਬੰਦੀ ਨੂੰ ਪਾਸੇ ਰੱਖਦਿਆਂ ਸਭ ਕਲਮਕਾਰਾਂ ਨੂੰ ਬਣਦੀ ਥਾਂ ਦਿੱਤੀ ਹੈ ਜਿਸ ਵਿੱਚ, ਦੀਪਕ ਜੈਤੋਈ ,ਪ੍ਰਿੰਸੀਪਲ ਤਖ਼ਤ ਸਿੰਘ , ਸੋਹਣ ਸਿੰਘ ਮੀਸ਼ਾ, ਡਾ. ਹਰਿਭਜਨ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਪ੍ਰੋ. ਮੋਹਨ ਸਿੰਘ, ਗੁਰਦਿਆਲ ਰੌਸ਼ਨ , ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਦਰਸ਼ਨ ਖਟਕੜ, ਜੈਮਲ ਸਿੰਘ ਪੱਡਾ, ਸੰਤ  ਰਾਮ ਉਦਾਸੀ, ਮਹਿੰਦਰ ਸਾਥੀ, ਮਹਿੰਦਰਪਾਲ  ਭੱਠਲ, ਲਾਲ ਸਿੰਘ ਦਿਲ, ਅਵਤਾਰ ਪਾਸ਼, ਜਗਤਾਰ, ਸੁਖਵਿੰਦਰ ਅੰਮ੍ਰਿਤ, ਤਹਿਰਾ ਸਰਾਂ,ਸਾਇਮਾ ਅਲਮਾਸ ਮਸਰੂਰ, ਅਮਰਜੀਤ ਟਾਂਡਾ, ਬਾਬਾ ਨਜ਼ਮੀ, ਪ੍ਰੋ. ਜਸਪਾਲ ਘਈ, ਅਫ਼ਜ਼ਲ ਸਾਹਿਰ, ਕਵਿੰਦਰ ਚਾਂਦ, ਨਿਰੰਜਣ ਬੋਹਾ, ਪ੍ਰੋ. ਨਵ ਸੰਗੀਤ ਸਿੰਘ, ਡਾ. ਮੇਹਰ ਮਾਣਕ,ਅਤਿੰਦਰ  ਸੰਧੂ, ਅਰਸ਼ਦ ਸੰਧੂ ਤੱਕ ਸ਼ਾਮਿਲ ਕੀਤੇ ਗਏ ਹਨ।  ਇਸ ਵਿੱਚ ਇਕੱਲੇ ਭਾਰਤ ਹੀ ਨਹੀਂ ਸਗੋਂ ਪਾਕਿਸਤਾਨ, ਕੈਨੇਡਾ, ਅਮਰੀਕਾ, ਯੂ. ਕੇ., ਆਸਟ੍ਰੇਲੀਆ  ਅਤੇ ਇਟਲੀ ਵਰਗੇ ਦੇਸ਼ਾਂ  ਦੇ  ਲੇਖਕਾਂ ਦੀਆਂ ਬਿਹਤਰੀਨ ਕਿਰਤਾਂ ਨੂੰ ਸ਼ਾਮਲ  ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਗ਼ਜ਼ਲ ਸੰਗ੍ਰਹਿ ਰਾਜਸੀ ਅਤੇ  ਭੂਗੋਲਿਕ ਖੇਤਰਾਂ ਅਤੇ ਸਮਿਆਂ ਤੋਂ ਪਾਰ ਗੁਜਰਦਾ ਹੋਇਆ ਆਪਣੇ ਆਪ ਨੂੰ ਇੱਕ ਰੈਫਰੈਂਸ ਕਿਰਤ ਵੱਜੋਂ ਸਥਾਪਤ ਕਰਦਾ ਹੈ। ਇਸ ਤੋ ਇਲਾਵਾ ਗੌਲਣਯੋਗ  ਗੱਲ ਇਹ ਹੈ ਕਿ ਇਹ ਸੰਗ੍ਰਹਿ ਧਰਮਾਂ, ਖੇਤਰਾਂ, ਉਮਰਾਂ, ਲਿੰਗਾਂ , ਕੱਦਾਂ ਆਦਿ ਦੀਆਂ ਸਿਰਜੀਆਂ ਦਰਜਾਬੰਦੀਆਂ  ਅਤੇ ਵਲਗਣਾਂ ਤੋਂ ਪਾਰ ਜਾ ਕੇ ਸਮਾਜ ਦੇ ਹੇਠਲੇ ਪੀੜਤ ਵਰਗਾਂ ਦੀ ਸਮੂਹਿਕਤਾ ਸਿਰਜਦਾ , ਮਾਨਵੀ ਪੀੜਾਂ ਦੀ  ਗੱਲ ਕਰਦਾ, ਦਮਨਕਾਰੀ ਸਥਾਪਤੀਆਂ ਦੇ  ਵੱਖ ਵੱਖ ਰੂਪਾਂ ਦੀ ਖਿਲਾਫਤ ਕਰਦਾ ਹੋਇਆ ਰੋਹ ਦੀ ਬਾਤ ਵੀ ਪਾਉਂਦਾ ਹੈ। ਇਸ ਤਰ੍ਹਾਂ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਸਵੈ ਤੋਂ ਸਮੁੱਚਤਾ ਵੱਲ ਵਧਣਾ ਇਸ ਗ਼ਜ਼ਲ ਸੰਗ੍ਰਹਿ ਦਾ ਗਿਣਨਯੋਗ,  ਮਿਆਰੀ ਅਤੇ ਸਿਫਤੀ  ਕਦਮ ਹੈ।
ਇਸ ਗ਼ਜ਼ਲ ਸੰਗ੍ਰਹਿ ਦਾ ਇੱਕ ਪੱਖ ਹੋਰ ਵੀ ਹੈ ਕਿ ਭਾਵੇਂ ਅਜੋਕੇ ਯੁੱਗ ਵਿੱਚ ਮਨੁੱਖ ਪੂੰਜੀਵਾਦੀ ਦੇ ਦਿਖ ਅਦਿੱਖ ਪ੍ਰਭਾਵਾਂ ਹੇਠ ‘ਸਵੈ’ ਦੇ ਦੁਆਲੇ ਕੇਂਦਰਿਤ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਨਿੱਜੀ ਮੁਫਾਦਾਂ ਨੂੰ ਜਿੱਥੇ ਤਰਜੀਹਾ ਦਿੰਦਾ ਹੈ ਉੱਥੇ ਉਹ ਅਦਿੱਖ ਲੁੱਟ ਅਤੇ ਦਾਬੇ ਵਾਲੀਆਂ ਤਾਕਤਾਂ ਦੇ ਧੰਧੂਕਾਰੇ ਕਾਰਨ ਵਿਅਕਤੀਗਤ ਵਿਰੋਧ ਸਿਰਜਦਾ ਹੋਇਆ ਸਥਾਪਤ ਸੰਸਥਾਵਾਂ ਦੀ ਥਾਂ ਕਈ ਵਾਰ ਅਥਾਹ ਦਬਾਓ/ਪਰੈਸ਼ਰ ਅਤੇ ਮਾਰੂ ਭਾਰੂ ਪ੍ਰਸਥਿਤੀਆਂ ਕਾਰਨ ‘ਸਵੈ’ ਨੂੰ ਹੀ ਦੋਸ਼ੀ ਚਿੰਨਤ ਕਰਨ ਲੱਗ ਪੈਂਦਾ ਹੈ, ਜਿਸ ਦਾ ਸਿੱਟਾ ਆਤਮਘਾਤੀ ਪ੍ਰਵਿਰਤੀਆਂ ਵਿੱਚ ਨਿਕਲਦਾ ਹੈ।
ਪੰਜਾਬ ਦੀ ਬਹੁ ਵੱਸੋਂ ਖੇਤੀ ਅਰਥਚਾਰੇ ਨਾਲ਼ ਜੁੜੀ ਪਿੰਡਾਂ ਵਿੱਚ ਰਹਿੰਦੀ ਹੈ  । ਬੇਵਸੀਆਂ  ਅਤੇ ਲਾਚਾਰੀਆਂ ਦੇ ਕਾਰਨ  ਉਹ ਇਸ ਉਪਰੋਕਤ  ਮਾਰੂ ਰੁਝਾਨ ਮਾਰੂ ਤੋਂ ਬੁਰੀ  ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਜਿਸ ਦਾ ਸਿੱਟਾ  ਪੇਂਡੂ ਖੇਤਰਾਂ ਅੰਦਰ ਕਿਰਤੀ ਲੋਕਾਂ ਦੀਆਂ ਆਤਮ ਹੱਤਿਆਵਾਂ ਵਿੱਚ ਨਿਕਲ ਰਿਹਾ ਹੈ। ਹੋਰ ਤਾਂ ਹੋਰ ਅਖ਼ੌਤੀ ਰਸਮੀ ਵਿਦਿਆ ਪ੍ਰਾਪਤ ਨਵਾਂ ਗੱਭਰੂ ਵਰਗ ਵੀ ਸੁਰੱਖਿਅਤ ਸਰਕਾਰੀ ਸਨਮਾਨਯੋਗ ਨੌਕਰੀਆਂ ਪ੍ਰਾਪਤ ਕਰਨ ਲਈ ਪ੍ਰਚੱਲਤ ਸਿਸਟਮ ਵੱਲੋਂ ਰਚੇ ਚੂਹਾ ਦੌੜ ਦੇ ਮੁਕਾਬਲੇ ਦੀ ਅੰਨ੍ਹੀ ਦੌੜ ਵਿੱਚ ਫ਼ਸਿਆ ਬੇਵਸੀਆਂ ਕਾਰਨ ਆਤਮਘਾਤੀ  ਮਾਰੂ ਰਾਹੇ ਪੈ ਰਿਹਾ ਹੈ।  ਅਜੀਬ ਬੇਵਸੀ ਅਤੇ ਇਕੱਲਤਾ ਦਾ ਦੌਰ ਹੈ ।ਅਜਿਹੇ ਸਮਿਆਂ ਵਿੱਚ ਆਪਣੇ  ਸਾਹਿਤਕ ਕਾਰਜ ਰਾਹੀਂ ਇਹ ਗ਼ਜ਼ਲ ਸੰਗ੍ਰਹਿ ‘ਸਵੈ’ ਨੂੰ ‘ਸਮਾਜਿਕ ਸਮੁੱਚਤਾ’ ਨਾਲ਼ ਜੋੜ ਕੇ ਤੋਰਦਿਆਂ ਸਥਾਪਤੀਆਂ ਦੇ ਚਰਿੱਤਰ ਨੂੰ ਨੰਗਾ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਰਹਿੰਦਾ ਹੈ । ਅਜਿਹੇ ਕਾਰਜਾਂ  ਰਾਹੀਂ  ਇਹ ਸੰਗ੍ਰਹਿ  ਸਿਰ ਜੋੜ ਕੇ ਸੋਚਣ ਅਤੇ ਇਕੱਠੇ ਹੋ ਕੇ ਤੁਰਨ ਲਈ ਵੀ ਪ੍ਰੇਰਿਤ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ।
 ਇਸ ਗ਼ਜ਼ਲ ਸੰਗ੍ਰਹਿ ਵਿੱਚ ਪੰਜਾਬੀਆਂ ਦੀ ਹਿਜਰਤ ਦੇ ਹਿਜ਼ਰ, ਤੌਖਲਿਆਂ  ਅਤੇ ਤਲਖੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ  ਇਹ ਗ਼ਜ਼ਲ ਸੰਗ੍ਰਹਿ ਕਾਲ ਖੰਡਾਂ ਤੋਂ ਪਾਰ ਪੰਜਾਬੀ ਦੇ ਸਾਹਿਤਕ ਸਿਰਜਣਹਾਰਿਆਂ ਦੀਆਂ ਕਿਰਤਾਂ ਦੇ ਸਮੁੱਚ ਰਾਹੀਂ ਉਨ੍ਹਾਂ ਦੀ ਗਿਣਨਯੋਗ ਖ਼ੇਤਰੀ ਅਤੇ ਭਾਸ਼ਾਈ ਪਛਾਣ ਦੇ ਅਣਗੌਲੇ਼ ਪੱਖ ਨੂੰ ਵੀ ਉਭਾਰਦਾ ਹੈ।  ਪੰਜਾਬ ਦੇ ਹੋਏ ਐਨੇ ਬਟਵਾਰਿਆਂ ਦੇ ਦਰਦਾਂ ਦੀ ਬਾਤ ਪਾਉਂਦਾ, ਇਹ ਸੰਗ੍ਰਹਿ ਇਸ ਗੱਲ ਵੱਲ ਪ੍ਰਤੱਖ ਇਸ਼ਾਰਾ ਕਰਦਾ ਹੈ ਕਿ ਬੇਵਸੀਆਂ ਕਾਰਨ ਹੋਏ ਬਿਖਰਾਅ ਦੇ ਬਾਵਜੂਦ ਵੀ ਪੰਜਾਬ ਆਪਣੀ ਮਾਂ ਬੋਲੀ ਵਿੱਚ ਸਾਹਿਤਕ ਸਿਰਜਣਾ ਰਾਹੀਂ ਨਿਰੰਤਰ ਅੱਗੇ ਵਧ ਰਿਹਾ ਹੈ ਜਿਸ  ਦਾ ਆਪਣਾ ਅੰਦਾਜ਼ ਤੇ ਲਹਿਜ਼ਾ ਹੈ ।ਇਸ ਵਿਚਲੀਆਂ ਕਿਰਤਾਂ ਅਖ਼ੌਤੀ ਧਰਮਾਂ, ਮੁਹੱਬਤਾਂ , ਸਾਂਝਾ ਦੇ  ਹੇਜ ਪਿਆਜ਼ ਦੇ ਪਰਦਿਆਂ ਹੇਠਲੇ ਨੇਰ੍ਹਿਆਂ ਨੂੰ ਬੇਪਰਦ ਕਰਦੀਆਂ  ਹੋਈਆਂ ਸਿਰਜੇ ਜਾ ਰਹੇ ਬਿਮਾਰ ਸਮਾਜ ਉੱਤੇ ਗਹਿਰੀ  ਚੋਟ ਕਰਦੀਆਂ  ਵੇਖੀਆਂ ਜਾ ਸਕਦੀਆਂ ਹਨ ।ਇਸ ਕਿਤਾਬ ਵਿੱਚ ਵਾਤਾਵਰਣ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਜਿਹੇ ਮੁੱਦੇ ਵੀ ਛੋਹੇ ਗਏ ਹਨ।ਇਹ ਸੰਗ੍ਰਹਿ ਅਖੌਤੀ ਵਿਕਾਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਵੱਲ ਇਸ਼ਾਰਾ ਕਰਦਾ ਹੋਇਆ ਨਿਰੰਤਰ ਸੰਘਰਸ਼ ਅਤੇ ਨਾਬਰੀ ਦਾ ਰਾਹ ਅਖਤਿਆਰ ਕਰਦਾ ਵੇਖਿਆ ਜਾ ਸਕਦਾ ਹੈ।  ਬਹੁਤੀਆਂ ਗ਼ਜ਼ਲਾਂ ਪ੍ਰਸਥਿਤੀਆਂ ਨਾਲ਼ ਦਸਤ ਪੰਜਾ ਲੈਂਦੀਆਂ ਹਨ ਪਰ ਕਈ ਗ਼ਜ਼ਲਾਂ ਸੰਸਾਰੀਕਰਨ ਦੇ ਦੌਰ ਵਿੱਚ ਮਨੁੱਖੀ ਪਛਾਣਾਂ ਅਤੇ ਉਸ ਦੇ ਮੁੱਦੇ ਵੀ ਉਭਾਰਦੀਆਂ ਵੇਖੀਆਂ ਜਾ ਸਕਦੀਆਂ ਹਨ।  ਗੁਆਚ ਰਹੇ ਪਿੰਡ ਅਤੇ ਪੈਦਾ ਹੋ ਰਿਹਾ ਸ਼ਹਿਰੀ ਮੁਹਾਂਦਰਾ ਨਵੀਆਂ ਪੀੜਾਂ, ਦਰਦਾਂ ਅਤੇ ਸੰਤਾਪਾਂ ਨੂੰ ਜਨਮ ਦੇ ਰਿਹਾ ਹੈ। ਅਖ਼ੌਤੀ ਵਿਕਾਸ ਦੇ ਇਸ ਮਾਡਲ ਵਿੱਚ ਥੁੜਾਂ ਮਾਰੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਰਾਜਸੀ ਤੰਤਰ ਫੇਲ੍ਹ ਹੋ ਰਿਹਾ ਹੈ। ਸਾਜਸ਼ੀ ਸਿਆਸਤੀ ਸਿਸਟਮ ਵੱਲੋਂ ਮੁੱਖ ਮਸਲਿਆਂ ਨੂੰ ਗੌਣ ਮਸਲੇ ਗਰਦਾਨਕੇ ਇਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ । ਇਸ ਗ਼ਜ਼ਲ ਸੰਗ੍ਰਹਿ ਵਿੱਚ ਮਰ ਰਹੀਆਂ  ਦਲੀਲਾਂ ਅਤੇ ਹਿੰਸਕ ਭੀੜਾਂ ਦੇ ਮੁੱਦੇ ਤੋਂ ਇਲਾਵਾ ਸਰਕਾਰੀ ਸੰਸਥਾਵਾਂ ਤੋਂ ਉਠ ਰਹੇ ਵਿਸ਼ਵਾਸ ਨੂੰ ਜਿੱਥੇ  ਲਿਆ ਗਿਆ ਹੈ ,ਉੱਥੇ ਹੀ ਅਵਾਮ ਨੂੰ ਬਦਲਵੇਂ ਪ੍ਰਬੰਧ ਲਈ ਵੀ  ਸਾਰਥਿਕ ਰਾਜਸੀ  ਚੇਤਨਾ ਅਧਾਰਤ  ਅਤੇ ਸ਼ੰਘਰਸ਼ਸ਼ੀਲ ਰਹਿਣ ਦੀ ਅਨੇਕਾਂ ਕਲਮਾਂ ਨੇ ਬਾਤ ਪਾਈ ਹੈ ਕਿਉਂਕਿ ਇਸ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦਾ ਲੋਕਤੰਤਰ ਕਾਮਯਾਬ  ਨਹੀਂ ਹੋ ਸਕਦਾ।  ਦ੍ਰਿੜਤਾ,ਲਗਨ ਅਤੇ ਸਵੈ  ਵਿਸ਼ਵਾਸ਼ ਜਿਹੇ ਮਨੁੱਖੀ ਪੱਖਾਂ ਨੂੰ ਵੀ ਗ਼ਜ਼ਲਾਂ ਵਿੱਚ ਲਿਆ ਗਿਆ ਹੈ। ਇਥੇ  ਇਹ ਵੀ ਗੱਲ ਨੋਟ ਕਰਨ ਵਾਲ਼ੀ ਹੈ ਕਿ  ਗ਼ਜ਼ਲ ਸੰਗ੍ਰਹਿ ਵਿੱਚ ਬਹੁ ਵੰਨਗੀ ਦੀਆਂ ਗ਼ਜ਼ਲਾਂ ਇਸ ਦਾ ਸ਼ਿੰਗਾਰ ਬਣੀਆਂ ਹਨ ਪਰ ਸੰਘਰਸ਼ਾਂ ਦੇ ਵਿੱਚੋਂ ਨਿਕਲੀਆਂ ਕਲਮਾਂ ਦਾ ਆਪਣਾ ਹੀ ਕੈਨਵਸ ਅਤੇ ਰੰਗ ਹੈ ਜੋ ਇਸ ਗ਼ਜ਼ਲ ਸੰਗ੍ਰਹਿ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦਾ ਹੈ। ਭਾਵੇਂ ਕਈ ਗ਼ਜ਼ਲਾਂ ਪਿਆਰ ਅਤੇ ਹਿਜ਼ਰ ਦੇ ਅਧਾਰਤ ਹਨ ਪਰ ਉਨ੍ਹਾਂ ਦਾ ਸਮਾਜਕ ਸਦੰਰਭ ਮਨਫੀ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਸਾਰਥਿਕਤਾ ਬਣੀ ਰਹਿੰਦੀ ਹੈ। ਸੋ ਇਸ ਤਰ੍ਹਾਂ ਇਹ ਸਮੁੱਚਾ ਗ਼ਜ਼ਲ ਸੰਗ੍ਰਹਿ ਬਹੁ ਦਿਸ਼ਾਵੀ ਹੋਣ ਦੇ ਬਾਵਜੂਦ  ਵੀ ਸਮਾਜ ਦੀ ਪੀੜਤ ਬਹੁ ਵੱਸੋਂ ਦੀਆਂ ਆਰਥਿਕ, ਸਮਾਜਕ, ਮਾਨਸਿਕਤਾ, ਸਭਿਆਚਾਰਕ , ਭੂਗੋਲਿਕ ਅਤੇ ਰਾਜਸੀ ਪੀੜਾਂ ਦੀ ਬਾਤ ਪਾਉਂਦਾ ਹੋਇਆ  ਅਖ਼ੌਤੀ ਸਹਿਮਤੀਆਂ ਅਤੇ ਤਰੱਕੀਆਂ ਦੇ ਮੂੰਹੋਂ ਮਖੌਟੇ ਲਾਹਉਂਦਾ, ਸੰਭਾਵਿਤ ਸਾਰਥਿਕ ਸਮਾਜਿਕ ਤਬਦੀਲੀ ਲਈ ਧੀਰਜ ਬਨਾਉਂਦਾ ਹੈ। ਚੰਗੇ ਭਵਿੱਖ ਦੀ ਆਸ ਅਤੇ ਕਾਮਨਾਂ ਕਰਦਾ ਹੈ। ਇਸ ਸਦੰਰਭ ਵਿੱਚ ਸੁਖਿੰਦਰ ਆਪਣੇ ਮਕਸਦ ਵਿੱਚ ਕਾਮਯਾਬ ਹੋਇਆ ਹੈ। ਸਾਹਿਤਕ ਅਤੇ ਸਭਿਆਚਾਰਕ ਨਿਘਾਰ ਦੇ ਦੌਰ ਵਿੱਚ ਅਜਿਹੇ ਗ਼ਜ਼ਲ ਸੰਗ੍ਰਹਿ ਦੀ ਆਮਦ ਸਾਰਿਆਂ ਲਈ ਸ਼ੁਭ ਸ਼ਗਨ ਹੈ। ਇਸ ਕਿਤਾਬ ਦੀ ਪੀ. ਡੀ. ਐਫ਼. ਵੀ ਉਪਲਬਧ ਕਰਵਾਈ ਗਈ ਹੈ। ਇਹ ਸੰਗ੍ਰਹਿ ਗ਼ਜ਼ਲ ਦੇ ਖੇਤਰ ਨਾਲ਼ ਸਬੰਧਤ ਖੋਜ ਕਾਰਜਾਂ ਲਈ ਜਿੱਥੇ ਮੁੱਲਵਾਨ ਹੈ ਉਥੇ ਹੀ ਇਹ ਗ਼ਜ਼ਲ ਵਿੱਚ ਰੁਚੀ ਰੱਖਣ ਵਾਲੇ਼ ਪਾਠਕਾਂ ਲਈ ਵੀ ਸਾਫ ਸੁਥਰੀ ਸਿਰਜਣਾ ਭਰਪੂਰ ਕਿਰਤ ਕਹੀ ਜਾ ਸਕਦੀ ਹੈ। ਇਸ ਪੁਸਤਕ ਦੀ ਦਿੱਖ ਵੀ ਪ੍ਰਭਾਵਸ਼ਾਲੀ ਹੈ।  ਇਸ ਸੰਗ੍ਰਹਿ ਦੀ ਵਿਲੱਖਣਤਾ ਅਤੇ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਸਾਰੇ ਲੇਖਕਾਂ ਦੀਆਂ ਫੋਟੋਆਂ, ਪਤੇ  ਅਤੇ ਈਮੇਲ ਸੰਪਰਕ ਆਦਿ ਦੇ ਕੇ ਸੰਪਾਦਕ ਨੇ ਲੇਖਕ ਅਤੇ ਪਾਠਕ ਵਿੱਚਲੀ ਖਾਈ ਨੂੰ ਮੇਟਣ ਦਾ ਸ਼ਾਨਦਾਰ ਕਾਰਜ ਕੀਤਾ ਹੈ। ਸੰਪਾਦਕ ਅਤੇ ਪਬਲਿਸ਼ਰ ਆਪਣੇ ਕਾਰਜ ਵਿੱਚ ਸਫਲ ਰਹੇ ਹਨ ਅਤੇ ਦੋਵੇਂ ਵਧਾਈ ਦੇ ਪਾਤਰ ਹਨ।
 ਪ੍ਰੋ.(ਡਾ.) ਮੇਹਰ ਮਾਣਕ 
 ਰਾਇਤ ਬਾਹਰਾ ਯੂਨੀਵਰਸਿਟੀ 
 ਮੁਹਾਲੀ ਕੈਂਪਸ, ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੱਕਰਵਾਤੀ ਤੂਫਾਨ ‘ਫੰਗਲ’ ਅੱਜ ਟਕਰਾਏਗਾ, ਜ਼ਮੀਨ ਖਿਸਕਣ ਦੇ ਡਰੋਂ ਸਕੂਲ-ਕਾਲਜ ਬੰਦ ਪ੍ਰਸ਼ਾਸਨ ਚੇਤਾਵਨੀ
Next articleਅਸੀਂ ਜੋਕਰ ਬਣਨ ਨਹੀਂ ਆਏ?