ਨਵੀਆਂ ਕਲਮਾਂ ਨੂੰ ਪੰਜਾਬੀ ਸਾਹਿਤ ਵੱਲ ਤੋਰਨਾ ਬਹੁਤ ਜਰੂਰੀ- ਦਲਜਿੰਦਰ ਰਹਿਲ ਇਟਲੀ
ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਪਿਛਲੇ ਦਿਨੀਂ ਸ਼ਬਦ ਲਾਇਬ੍ਰੇਰੀ ਮੰਗਲੀ ਦੇ ਸੱਦੇ ਤੇ ਇਲਾਕੇ ਦੇ ਉਭਰ ਰਹੇ ਕਲਮਕਾਰਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ। ਜਿਸ ਵਿਚ ਰਾਹੋਂ ਰੋਡ ਲੁਧਿਆਣਾ ਦੇ ਸਤਲੁਜ ਕੰਢੇ ਵਸੇ ਪਿੰਡਾਂ ਮੱਤੇਵਾੜਾ , ਮੰਗਲੀ ਟਾਂਡਾ, ਮੰਗਲੀ ਖਾਸ, ਰੌੜ, ਬੂਥਗੜ੍ਹ , ਕਲੋਨੀ , ਸਸਰਾਲੀ ਆਦਿ ਦੇ ਉੱਭਰ ਰਹੇ ਨਵੇਂ ਕਲਮਕਾਰਾਂ ਨੇ ਭਾਗ ਲਿਆ ਅਤੇ ਬਹੁਪੱਖੀ ਸ਼ਖ਼ਸੀਅਤ ਸੁਖਵਿੰਦਰ ਅਨਹਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਲਾਇਬ੍ਰੇਰੀ ਦੇ ਸਰਪ੍ਰਸਤ ਦਲਜਿੰਦਰ ਸਿੰਘ ਰਹਿਲ ਦੇ ਗ੍ਰਹਿ ਵਿੱਖੇ ਸਜੀ ਇਸ ਕਾਵਿ ਮਹਿਫ਼ਿਲ ਦੀ ਪ੍ਰਧਾਨਗੀ ਲਾਇਬ੍ਰੇਰੀ ਦੇ ਪ੍ਰਧਾਨ ਡਾਕਟਰ ਕੇਸਰ ਸਿੰਘ ਨੇ ਕੀਤੀ ਤੇ ਸੰਚਾਲਨ ਸੈਕਟਰੀ ਹਰਦੀਪ ਸਿੰਘ ਮੰਗਲੀ ਵਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਇਸ ਕਾਵਿ ਮਹਿਫ਼ਿਲ ਵਿੱਚ ਨਵੇਂ ਕਲਮਕਾਰਾਂ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਸਰਪੰਚ ਸੁਰਿੰਦਰ ਸਿੰਘ , ਸਾਬਕਾ ਸਰਪੰਚ ਜਸਵੰਤ ਸਿੰਘ ਰਾਣਾ , ਸਰਬਜੀਤ ਸਿੰਘ ਸਾਬੀ , ਕਾਲਾ ਸਖਾਣਾ, ਰਣਜੋਧ ਸਿੰਘ ਜੋਧਾ , ਗੁਰਦੀਪ ਸਿੰਘ ਦੀਪਾ ਅਤੇ ਰਾਜਨ ਆਦਿ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਪ੍ਰਧਾਨ ਕੇਸਰ ਸਿੰਘ ਵਲੋਂ ਲਾਇਬ੍ਰੇਰੀ ਦੇ ਮਨੋਰਥ ਅਤੇ ਭਵਿੱਖੀ ਯੋਜਨਾਵਾਂ ਨੂੰ ਸਾਂਝੇ ਕਰਦਿਆਂ ਸਭਨੂੰ ਜੀ ਆਇਆਂ ਆਖਦਿਆਂ ਕੀਤੀ ਗਈ ਅਤੇ ਦਲਜਿੰਦਰ ਰਹਿਲ ਵਲੋਂ ਇਲਾਕੇ ਦੀਆਂ ਦੋਵੇਂ ਲਾਇਬ੍ਰੇਰੀਆਂ ਲਈ ਕਾਵਿ ਸੰਗ੍ਰਹਿ ਸ਼ਬਦਾਂ ਦੀ ਢਾਲ ਅਤੇ ਡਾ ਦੇਵਿੰਦਰ ਸੈਫ਼ੀ ਦਾ ਕਾਵਿ ਸੰਗ੍ਰਹਿ “ਮੁਹੱਬਤ ਨੇ ਕਿਹਾ” , ਭੇਂਟ ਕੀਤਾ ਗਿਆ ਅਤੇ ਨਾਲ ਹੀ ਇਲਾਕੇ ਦੇ ਸਰਗਵਾਸੀ ਨਾਮਵਰ ਸ਼ਾਇਰ ਰਾਜਿੰਦਰ ਸਿੰਘ ਮੰਗਲੀ ਅਤੇ ਲੋਕ ਕਵੀ ਗੁਰਦਿਆਲ ਸਿੰਘ ਹਰੀ ਦੀ ਯਾਦ ਨੂੰ ਤਾਜ਼ਾ ਕੀਤਾ।
ਇਸ ਮਹਿਫ਼ਿਲ ਵਿੱਚ ਜਿੱਥੇ ਸੁਖਵਿੰਦਰ ਅਨਹਦ ਦੀਆਂ ਰਚਨਾਵਾਂ ਨੇ ਖ਼ੂਬ ਰੰਗ ਬੰਨਿਆ ਓਥੇ ਬਿੱਕੀ ਬੂਥਗੜ੍ਹ , ਹਰਪਾਲ ਰਠੌਰ , ਸੁਨੀਲ ਮਹਿਰਾ,ਜੱਸ ਪੱਕੇ ਵਾਲਾ, ਗੁਰਵਿੰਦਰ ਸਿੰਘ ਨੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਵਿੱਚ ਪੇਸ਼ ਕਰਦਿਆਂ ਸਰੋਤਿਆ ਤੋਂ ਵਾਹ ਵਾਹ ਖੱਟੀ। ਇਸ ਮੌਕੇ ਲੇਖਕਾਂ ਵਿੱਚ ਦਲਜਿੰਦਰ ਰਹਿਲ , ਡਾਕਟਰ ਕੇਸਰ ਸਿੰਘ, ਬਲਕਾਰ ਸਿੰਘ ਸੰਚਾਲਕ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ , ਬਿੱਲਾ ਮੱਤੇਵਾੜੀਆ ,ਬਲਜਿੰਦਰ ਸਿੰਘ ਮੰਗਲੀ , ਹਰਦੀਪ ਸਿੰਘ ਮੰਗਲੀ ਆਦਿ ਨੇ ਕਵਿਤਾ ਪਾਠ ਕੀਤਾ।
ਅੰਤ ਵਿੱਚ ਦਲਜਿੰਦਰ ਰਹਿਲ ਵਲੋਂ ਸਭ ਦਾ ਧੰਨਵਾਦ ਕਰਦਿਆਂ ਇਲਾਕੇ ਦੇ ਇਤਿਹਾਸ ਨੂੰ ਸਾਂਭਣ ਅਤੇ ਲਿਖਣ ਸਮੇਤ ਸਾਹਿਤ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੁਝਾਅ ਪੇਸ਼ ਕੀਤੇ ਜਿਸਦੀ ਸਾਰਿਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਭਵਿੱਖ਼ ਵਿੱਚ ਇਲਾਕੇ ਦਾ ਸਾਂਝਾ ਮੰਚ ਉਸਾਰ ਕੇ ਹੋਰ ਵੀ ਸਾਰਥਿਕ ਯਤਨਾਂ ਦੀ ਵਚਨਬੱਧਤਾ ਨੂੰ ਦੁਹਰਾਇਆ। ਸਰਪੰਚ ਸੁਰਿੰਦਰ ਸਿੰਘ ਦੇ ਲਾਇਬ੍ਰੇਰੀ ਲਈ ਨਵੀਂ ਇਮਾਰਤ ਦੇ ਕੀਤੇ ਵਾਅਦੇ ਦੀ ਪ੍ਰੋੜਤਾ ਕਰਦਿਆਂ ਜਲਦੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਵਿਸ਼ਵਾਸ ਦਵਾਇਆ। ਸਾਬਕਾ ਸਰਪੰਚ ਜਸਵੰਤ ਸਿੰਘ ਰਾਣਾ ਅਤੇ ਸਰਬਜੀਤ ਸਿੰਘ ਨੇ ਵੀ ਭਵਿੱਖ ਵਿੱਚ ਹੋਣ ਵਾਲੇ ਸਾਹਿਤਕ ਉਪਰਾਲਿਆਂ ਤੇ ਸ਼ਬਦ ਲਾਇਬ੍ਰੇਰੀ ਦੀ ਬਿਹਤਰੀ ਲਈ ਹਰ ਤਰਾਂ ਦੇ ਸਹਿਯੋਗ ਦਾ ਹੁੰਗਾਰਾ ਭਰਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly