ਸਿੰਬਾ: ਪਰਿਵਾਰ ਦਾ ਇੱਕ ਅਜਿਹਾ ਸਾਥੀ ਜੋ ਹਮੇਸ਼ਾ ਦਿਲਾਂ ‘ਚ ਜਿਉਂਦਾ ਰਹੇਗਾ

 ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਕਈ ਅਭੁੱਲ ਯਾਦਾਂ ਪਿਛੇ ਛੱਡ ਜਾਂਦੇ ਹਨ। ਉਹ ਯਾਦਾਂ ਕਦੇ ਖੁਸ਼ੀ ਦੇ ਪਲ ਦੇ ਰੂਪ ‘ਚ ਅਤੇ ਕਦੇ ਦਰਦ ਦੇ ਅਹਿਸਾਸ ਵਜੋਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਹਨ। ਇੱਕ ਅਜਿਹਾ ਹੀ ਯਾਦਗਾਰੀ ਕਿੱਸਾ ਦੀਪਕ ਜੱਗੀ ਦੀ ਜਿੰਦਗੀ ਨਾਲ ਵੀ ਜੁੜਿਆ, ਜਦੋਂ ਉਸਨੇ 11 ਨਵੰਬਰ 2020 ਨੂੰ ਦੇਹਰਾਦੂਨ ਤੋਂ ਕਮਕਾਜ ਦੇ ਸਿਲਸਿਲੇ ਵਿੱਚ ਵਾਪਸੀ ਕਰਦਿਆਂ ਕਰਨਾਲ ਦੇ ਇੱਕ ਪਿੰਡ ਵਿੱਚੋਂ ਛੋਟੇ ਜਿਹੇ ਲੇਬਰਾ ਨਸਲ ਦੇ ਪਪੀ ਨੂੰ ਖਰੀਦਿਆ।  ਦੀਪਕ ਨੇ ਦਸਿਆ ਕਿ ਇਸ ਪਪੀ ਨੂੰ ਮੈਂ ਕਨਿਕਾ ( ਜੋ ਮੇਰੀ ਹੋਣ ਵਾਲੀ ਘਰਵਾਲੀ ਸੀ ) ਨੂੰ ਇੱਕ ਯਾਦਗਾਰ ਵਜੋਂ ਭੇਟ ਕੀਤਾ।
ਕਨਿਕਾ ਨੇ ਇਸ ਪਪੀ ਦਾ ਨਾਮ “ਸਿੰਬਾ” ਰੱਖਿਆ। ਸਿੰਬਾ ਸਾਡੇ ਪਰਿਵਾਰ ਦਾ ਜ਼ਿੰਦਗੀ ਭਰ ਲਈ ਇੱਕ ਅਹਿਮ ਹਿੱਸਾ ਬਣ ਗਿਆ। ਉਹ ਘਰ ਵਿੱਚ ਹਰ ਕੋਈ ਦੇ ਦਿਲ ਨੂੰ ਆਪਣੀ ਭੋਲੀ-ਭਾਲੀ ਅਤੇ ਚੁਲਬੁਲੀਆਂ ਸ਼ਰਾਰਤਾ ਨਾਲ ਜਿੱਤ ਲੈਂਦਾ। ਉਹ ਖਾਣ-ਪੀਣ, ਸੌਣ-ਉੱਠਣ ਅਤੇ ਘਰ ਦੇ ਹਰ ਪਲ ਦਾ ਸਾਥੀ ਬਣ ਗਿਆ। ਘਰ ਦੇ ਹਰ ਮੈਂਬਰ ਨੇ ਉਸਨੂੰ ਅਪਣਾਇਆ, ਜਿਵੇਂ ਉਹ ਘਰ ਦਾ ਇੱਕ ਖੂਨ ਦਾ ਰਿਸ਼ਤਾ ਰੱਖਣ ਵਾਲਾ ਮੈਂਬਰ ਹੋਵੇ।
ਕਨਿਕਾ, ਜੋ ਸਿੰਬਾ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਸੀ, ਹਰ ਤਿਉਹਾਰ ਅਤੇ ਖਾਸ ਮੌਕੇ ‘ਤੇ ਉਸਨੂੰ ਵੀ ਸ਼ਾਮਲ ਕਰਦੀ। ਭਾਈ ਦੂਜ ‘ਤੇ ਟਿਕਾ ਲਗਾਉਣ ਤੋਂ ਲੈਕੇ ਉਸਦੇ ਜਨਮ ਦਿਨ ‘ਤੇ ਕੇਕ ਕਟਣ ਤੱਕ, ਸਿੰਬਾ ਪਰਿਵਾਰ ਦੇ ਖਾਸ ਪਲਾਂ ਦਾ ਕੇਂਦਰ ਬਣਿਆ ਰਿਹਾ। ਇਹ ਸਭ ਕੁਝ ਵੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ। ਸਿੰਬਾ ਮੈਨੂੰ ਵੀ ਬਹੁਤ ਪਸੰਦ ਕਰਦਾ ਸੀ। ਜਦੋਂ ਵੀ ਮੈਂ ਆਪਣੇ ਸਹੁਰਿਆਂ ਦੇ ਘਰ ਜਾਂਦਾ, ਉਹ ਮੈਨੂੰ ਵੇਖਕੇ ਦੌੜਦਾ ਹੀ ਆਉਂਦਾ। ਇਹ ਸਭ ਵੇਖ ਕਨਿਕਾ ਨੇ ਮੈਨੂੰ ਕਹਿਣਾ, ਦੀਪਕ ਤੁਹਾਨੂੰ ਵੇਖਕੇ ਤਾਂ ਸਿੰਬਾ ਸਾਨੂੰ ਵੀ ਭੁੱਲ ਜਾਂਦਾ ਹੈ।
ਸਿੰਬਾ ਦੀ ਮਹੱਤਤਾ ਸਿਰਫ ਘਰ ਦੀ ਮਰਿਆਦਾ ਤੱਕ ਹੀ ਸੀਮਿਤ ਨਹੀਂ ਰਹੀ, ਉਹ ਘਰ ਦੇ ਸਾਰੇ ਮੈਂਬਰਾਂ ਦੇ ਸਤਿਕਾਰ ਅਤੇ ਪਿਆਰ ਦਾ ਅਹਿਸਾਸ ਬਣ ਗਿਆ। ਉਹ ਸਾਡੇ ਜੀਵਨ ਵਿੱਚ ਸੁਖ ਅਤੇ ਹੱਸਣ-ਖੇਡਣ ਦੇ ਪਲਾਂ ਨੂੰ ਵਧਾਉਂਦਾ ਰਿਹਾ। ਪਰ ਕਹਿੰਦੇ ਹਨ ਕਿ ਜ਼ਿੰਦਗੀ ਹਰ ਸਮੇਂ ਇਕੋ ਜਿਹੀ ਨਹੀਂ ਰਹਿੰਦੀ। ਪ੍ਰਭੂ ਦੇ ਇਰਾਦੇ ਕਦੇ ਕਦੇ ਸਾਡੀ ਸਮਝ ਤੋਂ ਪਰੇ ਹੁੰਦੇ ਹਨ।
ਇਹ ਸਾਰੇ ਪਲਾਂ ਦੀ ਮਿੱਠਾਸ ਵਿੱਚ ਕਾਲੇ ਸਾਏ ਦਾ ਹੱਲਾ ਤਾਂ ਉਸ ਵੇਲੇ ਪਿਆ, ਜਦੋਂ 14 ਨਵੰਬਰ 2024 ਨੂੰ ਸਿੰਬਾ ਨੇ ਸਾਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ। ਉਹ ਦਿਨ ਸਾਡੇ ਪਰਿਵਾਰ ਲਈ ਬਹੁਤ ਦਰਦਨਾਕ ਸੀ। ਸਿੰਬਾ, ਜੋ ਸਾਡੇ ਪਰਿਵਾਰ ਦਾ ਹਿੱਸਾ ਹੀ ਨਹੀਂ, ਸਾਡੀ ਜਿੰਦਗੀ ਦਾ ਇੱਕ ਅਹਿਮ ਅੰਗ ਵੀ ਬਣ ਗਿਆ ਸੀ, ਉਸਦੇ ਚਲੇ ਜਾਣ ਨਾਲ ਸਾਡੇ ਘਰ ਵਿੱਚ ਇੱਕ ਖਾਲੀਪਣ ਪੈਦਾ ਹੋ ਗਿਆ। ਉਸ ਦੀ ਗੈਰਹਾਜ਼ਰੀ ਨੂੰ ਅੱਜ ਵੀ ਸਾਰੇ ਪਰਿਵਾਰ ਵਾਲੇ ਮਹਿਸੂਸ ਕਰਦੇ ਹਨ।
ਸਿੰਬਾ ਨਾਲ ਜੁੜੀਆਂ ਯਾਦਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਊਂਦੀਆਂ ਰਹਿਣਗੀਆਂ। ਉਸਦੇ ਪਿਆਰ ਅਤੇ ਸਾਥ ਦੀ ਅਹਿਮੀਅਤ ਉਹਨਾਂ ਯਾਦਾਂ ਵਿਚ ਹੀ ਸਮਾ ਗਈ ਹੈ। ਉਹ ਘਰ ਦਾ ਸਿਰਫ ਪਾਲਤੂ ਨਹੀਂ, ਸਗੋਂ ਇੱਕ ਜਜ਼ਬਾਤੀ ਹਿੱਸਾ ਸੀ। ਉਸ ਦੇ ਸਾਥ ਨਾਲ ਸਾਡੇ ਪਰਿਵਾਰ ਨੂੰ ਜੋ ਅਨਮੋਲ ਪਲ ਮਿਲੇ, ਉਹਨਾਂ ਨੂੰ ਸਦਾ ਆਪਣੀ ਜਿੰਦਗੀ ਦਾ ਅਹਿਮ ਹਿੱਸਾ ਬਣਾ ਕੇ ਰੱਖਾਂਗੇ।
ਸਿੰਬਾ ਭਾਵੇਂ ਅੱਜ ਸਾਡੇ ਕੋਲ ਨਹੀਂ ਹੈ, ਪਰ ਉਸ ਦੀ ਮਿੱਠੀ ਯਾਦ ਹਰ ਸਮੇਂ ਸਾਡੇ ਅੰਦਰ ਵਸੇਗੀ। ਉਸਦਾ ਲਾਡ, ਖੇਡਣਾ ਅਤੇ ਪਰਿਵਾਰ ਨਾਲ ਬਿਤਾਏ ਹੋਏ ਸੁੰਦਰ ਪਲ ਸਾਡੇ ਦਿਲਾਂ ‘ਚ ਹਮੇਸ਼ਾ ਤਾਜ਼ਾ ਰਹਿਣਗੇ।
✍️ ਬਲਦੇਵ ਸਿੰਘ ਬੇਦੀ
 ਜਲੰਧਰ
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਰਿਆਣਾ ਸਿੱਖ ਕਤਲੇਆਮ ਮਾਮਲੇ ਦੇ 133 ਕੇਸਾਂ ਦੀ ਅਹਿਮ ਸੁਣਵਾਈ ਹਾਈਕੋਰਟ ‘ਚ 19 ਨਵੰਬਰ ਨੂੰ
Next articleਪੰਜਾਬ ਵਿੱਚ ਕਤਲ ਆਮ ਹੀ ਹੋਣ ਲੱਗੇ ਹੁਣ ਅੰਤਿਮ ਅਰਦਾਸ ਵਿੱਚ ਵੀ ਗੋਲੀਆਂ ਚੱਲੀਆਂ, ਸਰਪੰਚ ਦੀ ਮੌਤ