ਜ਼ਿਲ੍ਹੇ ਤੋਂ 648 ਬੇਨਤੀ ਪੱਤਰ ਹੋਏ ਸਨ ਪ੍ਰਾਪਤ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਾਲ ਦਿਵਾਲੀ ਦੇ ਤਿਓਹਾਰ ਦੌਰਾਨ ਰਿਟੇਲ ਵਿਚ ਪਟਾਕੇ ਵੇਚਣ ਸਬੰਧੀ ਡਰਾਅ ਰਾਹੀਂ ਜ਼ਿਲ੍ਹੇ ਵਿਚ 57 ਆਰਜ਼ੀ ਲਾਈਲੈਂਸ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਅੱਜ ਵੀਡੀਓਗ੍ਰਾਫੀ ਰਾਹੀਂ ਪੂਰੀ ਡਰਾਅ ਪ੍ਰਕਿਰਿਆ ਢੰਗ ਨਾਲ ਕਰਵਾਈ ਗਈ ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਤੋਂ ਸੇਵਾ ਕੇਂਦਰਾਂ ਰਾਹੀਂ 648 ਬੇਨਤੀ ਪੱਤਰ ਪ੍ਰਾਪਤ ਹੋਏ ਸਨ ਅਤੇ ਡਰਾਅ ਰਾਹੀਂ 57 ਆਰਜ਼ੀ ਲਾਈਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਡਰਾਅ ਨਿਕਲੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਜੀ.ਐਸ.ਟੀ. ਸਬੰਧੀ ਕਰ ਵਿਭਾਗ ਵਿਚ ਰਜਿਸਟਰੇਸ਼ਨ ਕਰਵਾਉਣ ਜਿਨ੍ਹਾਂ ਦੀ ਸਹਾਇਤਾ ਲਈ ਟੈਕਸ ਨਾਲ ਸਬੰਧਤ ਵਕੀਲਾਂ ਦਾ ਪੈਨਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਈਸੈਂਸ ਸਿਰਫ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਥਾਵਾਂ ’ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 22 ਸਤੰਬਰ 2023 ਨੂੰ ਜਾਰੀ ਹਦਾਇਤਾਂ ਦੀ ਪੂਰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਟਾਕੇ ਵੇਚਣ ਵਾਲੀਆਂ ਥਾਵਾਂ ’ਤੇ ਸਟਾਲਾਂ ਦੀ ਬਣਤਰ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਰਧਾਰਿਤ ਥਾਵਾਂ ਤੋਂ ਇਲਾਵਾ ਜੇਕਰ ਕੋਈ ਪਟਾਕਾ ਵਿਕਰੇਤਾ ਪਟਾਕੇ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਟਾਕੇ ਵੇਚਣ ਦਾ ਸਮਾਂ 21 ਅਕਤੂਬਰ ਤੋਂ 31 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਤੈਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਕੱਢੇ ਗਏ ਡਰਾਅ ਅਨੁਸਾਰ ਸਬ ਡਵੀਜਨ ਹੁਸ਼ਿਆਰਪੁਰ ਲਈ ਦੁਸ਼ਹਿਰਾ ਗਰਾਊਂਡ (ਨਵੀਂ ਆਬਾਦੀ) ਲਈ 15 ਡਰਾਅ, ਜ਼ਿਲ੍ਹਾ ਪ੍ਰੀਸ਼ਦ ਮਾਰਕਿਟ (ਅੱਡਾ ਮਾਹਿਲਪੁਰ) ਲਈ 5, ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲਈ 4, ਰਾਮਲੀਲਾ ਗਰਾਊਂਡ ਹਰਿਆਣਾ ਲਈ 4, ਬੁੱਲੋਵਾਲ ਅਤੇ ਚੱਬੇਵਾਲ ਵਿਖੇ ਖੁੱਲ੍ਹੀਆਂ ਥਾਵਾਂ ਲਈ 2-2 ਡਰਾਅ ਕੱਢੇ ਗਏ। ਸਬ ਡਵੀਜਨ ਗੜ੍ਹਸ਼ੰਕਰ ਵਿਖੇ ਮਿਲਟਰੀ ਗਰਾਊਂਡ ਲਈ 6, ਮਾਹਿਲਪੁਰ-ਫਗਵਾੜਾ ਰੋਡ ਸਥਿਤ ਨਗਰ ਪੰਚਾਇਤ ਦੀ ਮਾਲਕੀ ਵਾਲੀ ਥਾਂ ਲਈ 3 ਡਰਾਅ ਕੱਢੇ ਗਏ। ਇਸੇ ਤਰ੍ਹਾ ਸਬ ਡਵੀਜਨ ਦਸੂਹਾ ਵਿਖੇ ਮਹਾਰਿਸ਼ੀ ਵਾਲਮੀਕਿ ਪਾਰਕ ਲਈ 1 ਅਤੇ ਦੁਸ਼ਹਿਰਾ ਗਰਾਊਂਡ ਗੜ੍ਹਦੀਵਾਲਾ ਲਈ 3 ਡਰਾਅ ਕੱਢੇ ਗਏ। ਇਸੇ ਤਰ੍ਹਾਂ ਸਬ ਡਵੀਜਨ ਟਾਂਡਾ ਦੇ ਸ਼ਿਮਲਾ ਪਹਾੜੀ ਪਾਰਕ ਉੜਮੁੜ ਲਈ 3 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦੀ ਗਰਾਊਂਡ ਲਈ 2 ਡਰਾਅ ਕੱਢੇ ਗਏ। ਸਬ ਡਵੀਜਨ ਮੁਕੇਰੀਆਂ ਵਿਚ ਦੁਸ਼ਹਿਰਾ ਗਰਾਊਂਡ ਲਈ 2, ਦੁਸ਼ਹਿਰਾ ਗਰਾਊਂਡ ਹਾਜੀਪੁਰ ਲਈ 1, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਲਈ 2 ਅਤੇ ਦੁਸ਼ਹਿਰਾ ਗਰਾਊਂਡ ਦਾਤਾਰਪੁਰ ਲਈ 2 ਲਾਈਸੈਂਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਲਈ ਦਿਨ ਤੇ ਸਮਾਂ ਤੈਅ ਕੀਤਾ ਗਿਆ ਹੈ ਜਿਸ ਅਨੁਸਾਰ 31 ਅਕਤੂਬਰ 2024 ਨੂੰ ਦਿਵਾਲੀ ਵਾਲੇ ਦਿਨ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ, 15 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਕ੍ਰਿਸਮਿਸ ਵਾਲੇ ਦਿਨ 25 ਦਸੰਬਰ ਨੂੰ ਅਤੇ ਨਵੇਂ ਸਾਲ ਦੀ ਰਾਤ 31 ਦਸੰਬਰ ਨੂੰ ਰਾਤ 11:55 ਵਜੇ ਤੋਂ 12:30 ਵਜੇ ਤੱਕ ਪਟਾਕੇ ਚਲਾਏ ਜਾਣਗੇ। ਜ਼ਿਕਰਯੋਗ ਹੈ ਕਿ ਹਸਪਤਾਲਾਂ, ਵਿਦਿਅਕ ਅਦਾਰਿਆਂ, ਅਦਾਲਤਾਂ ਅਤੇ ਧਾਰਮਿਕ ਥਾਵਾਂ ਤੋਂ ਇਲਾਵਾ ਸਾਈਲੈਂਸ ਜ਼ੋਨਾਂ ਦੇ 100 ਮੀਟਰ ਦੇ ਘੇਰੇ ਵਿਚ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly