ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ 65ਵੀਂ ਆਲ ਇੰਡੀਆ ਰੇਲਵੇ ਰੈਸਲਿੰਗ ਚੈਂਪੀਅਨਸ਼ਿਪ ਸਮਾਪਤ

ਫਰੀ ਸਟਾਈਲ ਕੁਸ਼ਤੀ ਵਿੱਚ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਰਹੀ ਉਪ ਜੇਤੂ ।
ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਰੇਲ ਕੋਚ ਫੈਕਟਰੀ ਕਪੂਰਥਲਾ ਦੇ ਕੁਸ਼ਤੀ ਸਟੇਡੀਅਮ  ਵਿਖੇ ਕਰਵਾਈ ਗਈ ਪੁਰਸ਼ਾਂ ਦੀ 65ਵੀਂ ਆਲ ਇੰਡੀਆ ਰੇਲਵੇ ਰੈਸਲਿੰਗ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ।ਇਸ ਵਿੱਚ ਫਰੀ ਸਟਾਈਲ ਅਤੇ ਗ੍ਰੀਕੋ ਰੋਮਨ ਸਟਾਈਲ ਵਿੱਚ ਮੁਕਾਬਲੇ ਕਰਵਾਏ ਗਏ। ਫਰੀ ਸਟਾਈਲ ਵਰਗ ਵਿੱਚ ਉੱਤਰੀ ਰੇਲਵੇ ਨਵੀਂ ਦਿੱਲੀ ਦੀ ਟੀਮ ਪਹਿਲੇ, ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਦੂਜੇ, ਮੱਧ  ਰੇਲਵੇ ਮੁੰਬਈ ਤੀਜੇ ਅਤੇ ਪੱਛਮੀ ਰੇਲਵੇ ਮੁੰਬਈ ਦੀ ਟੀਮ ਚੌਥੇ ਸਥਾਨ ’ਤੇ ਰਹੀ। ਗ੍ਰੀਕੋ-ਰੋਮਨ ਵਰਗ ਵਿੱਚ ਉੱਤਰ ਪੂਰਬੀ ਰੇਲਵੇ ਗੋਰਖਪੁਰ ਨੇ ਪਹਿਲਾ, ਪੱਛਮੀ ਰੇਲਵੇ ਮੁੰਬਈ ਨੇ ਦੂਜਾ, ਉੱਤਰੀ ਰੇਲਵੇ ਨਵੀਂ ਦਿੱਲੀ ਨੇ ਤੀਜਾ ਅਤੇ ਮੱਧ ਰੇਲਵੇ ਮੁੰਬਈ ਨੇ ਚੌਥਾ ਸਥਾਨ ਹਾਸਲ ਕੀਤਾ।
ਚੈਂਪੀਅਨਸ਼ਿਪ ਵਿੱਚ ਰੇਲਵੇ ਦੀਆਂ 12 ਟੀਮਾਂ ਦੇ 200 ਤੋਂ ਵੱਧ ਪਹਿਲਵਾਨਾਂ ਨੇ ਫਰੀ ਸਟਾਈਲ ਵਿੱਚ 57,61,65,70,74,79,86,92,97,125 ਕਿਲੋ ਵਰਗ ਅਤੇ  ਗ੍ਰੀਕੋ-ਰੋਮਨ ਸਟਾਈਲ   ਵਿਚ 55,60,63,67,72,77,82,87,97,130 ਕਿਲੋਗ੍ਰਾਮ ਵਰਗ ਵਿੱਚ ਆਪਣੀ ਤਾਕਤ ਅਤੇ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਉਦਘਾਟਨ 11.10.2024 ਨੂੰ  ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਸ਼੍ਰੀ ਮੰਜੁਲ ਮਾਥੁਰ ਵਲੋਂ ਕੀਤਾ ਗਿਆ  ਸੀ ।ਆਰ ਸੀ ਐਫ ਕਪੂਰਥਲਾ ਦੇ ਪਹਿਲਵਾਨਾਂ ਨੇ ਫਰੀ ਸਟਾਈਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 01 ਸੋਨੇ ਦਾ , 04 ਚਾਂਦੀ ਅਤੇ 02 ਕਾਂਸੀ ਦੇ ਤਗਮੇ ਜਿੱਤੇ। ਸੰਦੀਪ ਸਿੰਘ ਨੇ 92 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਜਦਕਿ ਕੁਲਦੀਪ ਨੇ 57 ਕਿਲੋ ਵਰਗ , ਸਾਗਰ ਜਗਲਾਨ ਨੇ 86 ਕਿਲੋ ਵਰਗ ਵਿੱਚ, ਸਾਹਿਲ ਨੇ 97 ਕਿਲੋ ਵਰਗ ਵਿੱਚ ਅਤੇ ਕਰਨਦੀਪ ਸਿੰਘ ਨੇ 125 ਕਿਲੋ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ। ਆਰ ਸੀ ਐਫ ਵੱਲੋਂ 65 ਕਿਲੋ ਵਰਗ ਵਿੱਚ ਦੀਪਕ ਅਤੇ 79 ਕਿਲੋ ਵਰਗ ਵਿੱਚ ਸੰਜੀਵ ਨੇ ਕਾਂਸੀ ਦੇ ਤਗਮੇ ਜਿੱਤੇ।ਗ੍ਰੀਕੋ ਰੋਮਨ ਸਟਾਈਲ ਦੇ 72 ਕਿਲੋਗ੍ਰਾਮ ਵਰਗ ਵਿਚ ਆਰ ਸੀ ਐੱਫ ਦੇ ਦਿਲਮੁਹੱਬਤ ਫੋਗਾਟ ਨੇ ਗੋਲ੍ਡ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ।
ਚੈਂਪੀਅਨਸ਼ਿਪ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਵਿੱਚ ਆਰ ਸੀ ਐਫ ਦੇ ਜਨਰਲ ਮੈਨੇਜਰ ਸ੍ਰੀ ਮੰਜੁਲ ਮਾਥੁਰ ਨੇ ਖਿਡਾਰੀਆਂ ਨੂੰ ਇਨਾਮ ਵੰਡੇ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰ.ਸੀ.ਐਫ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇਹ ਚੈਂਪੀਅਨਸ਼ਿਪ ਬਹੁਤ ਹੀ ਸਫਲ ਸਾਬਤ ਹੋਈ ਕਿਉਂਕਿ ਇਹ ਇੱਕ ਸ਼ਾਨਦਾਰ ਈਵੈਂਟ ਸੀ ਜਿਸ ਲਈ ਆਰ.ਸੀ.ਐਫ ਦੇ ਖੇਡ ਵਿਭਾਗ ਨੇ ਸਖ਼ਤ ਮਿਹਨਤ ਕੀਤੀ। ਉਨ੍ਹਾਂ ਖਿਡਾਰੀਆਂ ਦੇ ਖੇਡ ਹੁਨਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਖੇਡ ਪ੍ਰੇਮੀਆਂ ਨੂੰ ਇਸ ਆਯੋਜਨ  ਰਾਹੀਂ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਦੇਖਣ ਦਾ ਮੌਕਾ ਮਿਲਿਆ।
ਇਸ ਮੌਕੇ ਆਰ.ਸੀ.ਐਫ ਮਹਿਲਾ ਕਲਿਆਣ ਸੰਗਠਨ  ਦੀ ਪ੍ਰਧਾਨ ਸ਼੍ਰੀਮਤੀ ਮੀਨਾ ਮਾਥੁਰ, ਆਰ.ਸੀ.ਐਫ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕੇ.ਐਸ.ਅਸਲਾ, ਐਸੋਸੀਏਸ਼ਨ ਦੇ ਸਾਰੇ ਆਹੁਦੇਦਾਰ , ਸਮੂਹ ਆਰ ਸੀ ਐਫ ਅਧਿਕਾਰੀ, ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਅਧਿਕਾਰੀ, ਅੰਤਰਰਾਸ਼ਟਰੀ ਅਤੇ ਪੁਰਸਕਾਰ ਜੇਤੂ ਪਹਿਲਵਾਨ ਅਤੇ ਭਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।ਦ੍ਰੋਣਾਚਾਰੀਆ ਐਵਾਰਡ, ਅਰਜੁਨ ਐਵਾਰਡ ਅਤੇ ਹੋਰ ਨਾਮਵਰ ਸਨਮਾਨਾਂ ਨਾਲ ਸਨਮਾਨਿਤ ਸਾਬਕਾ ਅਤੇ ਮੌਜੂਦਾ ਪਹਿਲਵਾਨ ਸੁਜੀਤ ਮਾਨ, ਕ੍ਰਿਪਾ ਸ਼ੰਕਰ ਪਟੇਲ, ਸ਼ੋਕਿੰਦਰ ਤੋਮਰ, ਕਾਕਾ ਪਵਾਰ, ਟੂਰਨਾਮੈਂਟ ਡਾਇਰੈਕਟਰ ਸੱਤਿਆਦੇਵ ਤੋਮਰ ਆਦਿ ਨੇ ਇਸ ਚੈਂਪੀਅਨਸ਼ਿਪ ਵਿੱਚ ਅਧਿਕਾਰੀਆਂ, ਕੋਚਾਂ ਅਤੇ ਖਿਡਾਰੀਆਂ ਵਜੋਂ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾ ਬੀ ਆਰ ਅੰਬੇਡਕਰ ਸੋਸਇਟੀ ਵੱਲੋਂ ਸਾਹਿਬ ਕਾਂਸ਼ੀ ਰਾਮ ਜੀ ਦਾ 18ਵਾਂ ਪ੍ਰੀਨਿਰਵਾਣ ਮਨਾਇਆ ਗਿਆ
Next articleਪਿੰਡ ਤੱਖਰਾਂ ਖੋਖਰਾਂ ਵਿਚ ਪੰਚਾਇਤੀ ਚੋਣ ਪ੍ਰਚਾਰ ਬੀਬੀਆਂ ਨੇ ਸੰਭਾਲਿਆ, ਸਰਪੰਚ ਸਵਰਨਜੀਤ ਕੌਰ ਤੇ ਬਾਕੀ ਮੈਂਬਰਾਂ ਦੇ ਲਈ ਹੋ ਰਿਹਾ ਪ੍ਰਚਾਰ