ਮਾਤਾ ਤੇਜ ਕੌਰ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ

ਬਰਨਾਲਾ (ਸਮਾਜ ਵੀਕਲੀ)  (ਚੰਡਿਹੋਕ ) ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਗੋਬਿੰਦ ਬਾਂਸਲ ਧਰਮਸ਼ਾਲਾ ਵਿਖੇ ਕਰਵਾਏ ਆਪਣੇ ਸਾਲਾਨਾ ਸਮਾਗਮ ਮੌਕੇ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਸਨਮਾਨ’ ਪਰਗਟ ਸਿੰਘ ਸਿੱਧੂ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਸਨਮਾਨ ਦਾ ਫ਼ੈਸਲਾ ਸੁਹਿਰਦ ਲੇਖਕਾਂ ਦੀ ਰਾਇ ‘ਤੇ ਅਧਾਰਿਤ ਹੁੰਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਪਰਗਟ ਸਿੰਘ ਸਿੱਧੂ ਨੇ ਆਪਣੀਆਂ ਲਿਖਤਾਂ ਵਿਚ ਆਮ ਲੋਕਾਂ ਦੇ ਜੀਵਨ ਨੂੰ ਬਹੁਤ ਖ਼ੂਬਸੂਰਤੀ ਨਾਲ ਚਿਤਰਿਆ ਹੋਇਆ ਹੈ ਏਸੇ ਕਰਕੇ ਪੰਜਾਬੀ ਦੇ ਪਾਠਕਾਂ ਨੇ ਉਹਨਾਂ ਨੂੰ ਬਹੁਤ ਮਾਣ ਦਿੱਤਾ ਹੈ। ਸਮਾਗਮ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਅਜਿਹੇ ਸਨਮਾਨ ਲੇਖਕਾਂ ਨੂੰ ਨਵੀਂ ਊਰਜਾ ਦਿੰਦੇ ਹਨ ਤੇ ਇਹ ਪ੍ਰਕਿਰਿਆ ਚਲਦੀ ਰਹਿਣੀ ਚਾਹੀਦੀ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਮੱਤ ਸੀ ਕਿ ਸਿੱਧੂ ਦੀ ਮਨਮੋਹਕ ਭਾਸ਼ਾ ਸ਼ੈਲੀ ਕਾਰਨ ਉਸ ਦੀਆਂ ਰਚਨਾਵਾਂ ਪਾਠਕਾਂ ਦੇ ਮਨਾਂ ‘ਤੇ ਉਕਰੀਆਂ ਹੋਈਆਂ ਹਨ ਤੇ ਪਾਠਕ ਹੀ ਕਿਸੇ ਲੇਖਕ ਦਾ ਸਰਮਾਇਆ ਹੁੰਦੇ ਹਨ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਕੋਈ ਵੀ ਸਨਮਾਨ ਮਿਲਣ ਨਾਲ ਲੇਖਕ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਵਿਚਾਰ ਵਟਾਂਦਰੇ ਵਿਚ ਓਮ ਪ੍ਰਕਾਸ਼ ਗਾਸੋ, ਪਰਗਟ ਸਿੰਘ ਸਤੌਜ, ਡਾ ਰਾਮ ਪਾਲ ਸ਼ਾਹਪੁਰੀ, ਡਾ ਹਰਿਭਗਵਾਨ, ਪਵਨ ਪਰਿੰਦਾ, ਜਗਤਾਰ ਜਜ਼ੀਰਾ, ਦਰਸ਼ਨ ਸਿੰਘ ਗੁਰੂ, ਡਾ ਸੰਪੂਰਨ ਸਿੰਘ ਟੱਲੇਵਾਲ, ਜੰਗ ਸਿੰਘ ਫੱਟੜ ਰਾਮ ਸਰੂਪ ਸ਼ਰਮਾ, ਤੇਜਿੰਦਰ ਚੰਡਿਹੋਕ, ਲਛਮਣ ਦਾਸ ਮੁਸਾਫਿਰ, ਸੁਰਜੀਤ ਸਿੰਘ ਸੰਧੂ ਆਦਿ ਨੇ ਵੀ ਹਿੱਸਾ ਲਿਆ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਡਾ ਅਮਨਦੀਪ ਸਿੰਘ ਟੱਲੇਵਾਲ, ਮਨਜੀਤ ਸਿੰਘ ਸਾਗਰ, ਰਘਵੀਰ ਸਿੰਘ ਗਿੱਲ, ਸੁਰਜੀਤ ਦਿਹੜ ਆਦਿ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। ਮੰਚ ਸੰਚਾਲਨ ਡਾ. ਹਰਿਭਗਵਾਨ ਨੇ ਬਾਖ਼ੂਬੀ ਨਿਭਾਇਆ।
-ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਲ ਕਹਾਣੀ : ਚਲਾਕ ਰਾਧਾ
Next articleਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਜਗਦੀਸ਼ ਹੀਰਾ ” ਤੇ ਗਾਇਕਾ ” ਦਵਿੰਦਰ ਦਿਓਲ ” ਦਾ ਨਵਾਂ ਟ੍ਰੈਕ ” ਕੋਰੇ ਕੋਰੇ ਨੋਟ ” ਵਿਸ਼ਵ ਭਰ ਵਿੱਚ ਕੀਤਾ ਗਿਆ ਰਿਲੀਜ਼