ਕੈਂਸਰ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਲੋਕ ਤਾਕਤ ਨੇ ਪੁਲਸੀਆ ਦਹਿਸ਼ਤ ਦਾ ਮੁੰਹ ਮੋੜਿਆ

ਲੁਧਿਆਣਾ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅਖਾੜਾ ਪਿੰਡ ਦੇ ਜੁਝਾਰੂ ਲੋਕਾਂ ਨੇ ਪੁਲਸ ਜਬਰ ਦੀ ਕਨਸੋਅ ਮਿਲਣ ‘ਤੇ ਰਾਤੋ ਰਾਤ ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਮੋਰਚੇ ਨੂੰ ਕਿਲੇ ਦਾ ਰੂਪ ਦੇ ਦਿੱਤਾ। ਸਾਰੀ ਰਾਤ ਤੇ ਫਿਰ ਸਵੇਰ ਤੋਂ ਹੀ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਚ ਜਗਰਾਂਓ ਹਠੂਰ ਸੜਕ ‘ਤੇ ਦੋਹੇਂ ਰਾਹ ਸੰਘਰਸ਼ਸ਼ੀਲ ਲੋਕਾਂ ਨੇ ਟਰਾਲ਼ੀਆਂ , ਖੇਤੀ ਦਾ ਸੰਦ ਸੰਦੇੜਾ ਲੈ ਕੇ ਕਿਲੇ ਦੀ ਨਿਆਂਈ ਬੰਦ ਕਰ ਦਿੱਤੇ। ਦੋਹੇ ਨਾਕਿਆਂ ‘ਤੇ ਟੈਂਟ ਲਗਾਕੇ ਰੋਹ ਭਰਪੂਰ ਧਰਨਾ ਸ਼ੂਰੂ ਕਰ ਦਿੱਤਾ ਗਿਆ। ਪਿੰਡ ਦੇ ਸਾਰੇ ਘਰਾਂ ਨੂੰ ਤਾਲੇ ਲਾ ਕੇ ਸਮੁੱਚੇ ਪਰਿਵਾਰ ਧਰਨੇ ਚ ਸ਼ਾਮਲ ਹੋਏ। ਪਿੰਡ ਦੇ ਗੁਰੂਦੁਆਰਾ ਸਾਹਿਬ ਚ ਬਣਿਆ ਲੰਗਰ ਤੇ ਚਾਹ ਹਰ ਮੁਖ ਚ ਗਿਆ। ਲੋਕ ਜਦੋ ਮਿੱਥ ਲੈਂਦੇ ਹਨ ਫਿਰ ਉਹ ਸੀਸ ਤਲੀ ‘ਤੇ ਧਰ ਲੈਂਦੇ ਹਨ ਅੱਜ ਦਾ ਲੋਕ ਰੋਹ ਇਸ ਦੀ ਜਿਓਂਦੀ ਮਿਸਾਲ ਹੈ। ਸੱਚਮੁੱਚ ਲੋਕਾਂ ਨੂੰ ਜਦੋ ਇਹ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਚ ਕੀਤੇ ਕੋਰਟ ਕੇਸ ਚ ਸੱਚਾ ਬਨਣ ਲਈ ਧੱਕੇ ਨਾਲ਼, ਪੁਲਸ ਬਲ ਦੇ ਜ਼ੋਰ ਨਾਲ਼ ਧਰਨਾਕਾਰੀਆਂ ਨੂੰ ਉਠਾਉਣ ਦੀ ਵਿਓਂਤਬੰਦੀ ਕਰ ਲਈ ਗਈ ਹੈ ਤਾਂ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੀ ਅਗਵਾਈ ਚ ਪਿੰਡ ਵਾਸੀਆਂ ਨੇ ਜਬਰ ਦਾ ਸਬਰ ਤੇ ਏਕੇ ਨਾਲ਼ ਮੁਕਾਬਲਾਂ ਕਰਨ ਦਾ ਮਨ ਬਣਾ ਲਿਆ ਤੇ ਸਮੁੱਚਾ ਇਲਾਕਾ ਸੰਘਰਸ਼ ਮੋਰਚੇ ਚ ਫ਼ੌਜੀਆਂ ਵਾਂਗ ਡੱਟ ਗਿਆ। ਇਸ ਸਮੇਂ ਹੋਈ ਵਿਸ਼ਾਲ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਭੁਲੇਖਾ ਦਿਮਾਗ਼ ਚੋਂ ਕੱਢ ਦੇਵੇ ਕਿ ਉਹ ਜਬਰ ਨਾਲ਼ ਇਹ ਸੰਘਰਸ਼ ਮੋਰਚਾ ਉਜਾੜ ਦੇਣਗੇ । ਪੰਜਾਬ ਦੇ ਲੋਕ ਧੱਕਾ ਬਿਲਕੁਲ ਬਰਦਾਸ਼ਤ ਨਹੀ ਕਰਨਗੇ ਤੇ ਹਰ ਧੱਕੇ ਦਾ ਮੁੰਹ ਤੋੜ ਜਵਾਬ ਦੇਣਗੇ। ਲੋਕ ਵਿਕਾਸ ਦੇ ਨਾਂ ‘ਤੇ ਮੌਤ ਨਹੀਂ ਚਾਹੁੰਦੇ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ਼ ਲਗਾਤਾਰ ਮੀਟਿੰਗਾਂ ਚ ਸਾਬਤ ਕਰਨ ਦੇ ਬਾਵਜੂਦ ਕਿ ਇਹ ਬਾਇਓ ਗੈਸ ਫ਼ੈਕਟਰੀਆਂ ਅਸਲ ਚ ਕੈਂਸਰ ਫ਼ੈਕਟਰੀਆਂ ਹਨ ਫਿਰ ਵੀ ਸਰਕਾਰ ਇਹਨਾਂ ਦੇ ਲਾਇਸੈੰਦ ਰੱਦ ਨਹੀ ਕਰ ਰਹੀ । ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ , ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕਰ ਰਹੀ ਹੈ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਨੇ ਸਿਹਤ ਤੇ ਸਿੱਖਿਆ ਨੂੰ ਮੁੱਖ ਏਜੰਡਾ ਬਣਾਇਆ ਸੀ ਤੇ ਹੁਣ ਵੀ ਉਹ ਇਸ ਦਾ ਢਿੰਡੋਰਾ ਪਿੱਟ ਰਹੀ ਹੈ ਪਰ ਵਿਕਾਸ ਦੀ ਆੜ ਚ ਵਿਨਾਸ਼ ਲਿਆ ਰਹੀ ਹੈ ਜਿਸ ਦੀ ਇਜਾਜਤ ਨਹੀ ਦਿੱਤੀ ਜਾ ਸਕਦੀ । ਇਸ ਸਮੇਂ ਬੋਲਦਿਆਂ ਬਲਾਕ ਪ੍ਰਧਾਨ ਤਰਸੇਮ ਬੱਸੂਵਾਲ ਨੇ ਲੋਕਾਂ ਨੂੰ ਦੱਸਿਆ ਕਿ ਲੋਕ ਏਕਤਾ ਮੂਹਰੇ ਕੋਰਟ ਕਨੂੰਨ ਤੇ ਫੈਸਲੇ ਨਹੀ ਖੜਦੇ ਹੁੰਦੇ। ਉਹਨਾਂ ਕਿਹਾ ਕਿ ਤਾਲਮੇਲ ਕਮੇਟੀ ਦੀ ਅਗਵਾਈ ਚ ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਸੰਘਰਸ਼ ਤੇਜ ਹੋਵੇਗਾ। ਇਸ ਮਕਸਦ ਲਈ ਨਵੀ ਵਿਓਂਤ ਲਈ 26 ਸਤੰਬਰ ਨੂੰ ਤਾਲਮੇਲ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ। ਇਸ ਦੌਰਾਨ ਦੇਰ ਰਾਤ ਤੱਕ ਇਹ ਮੋਰਚਾ ਜਾਰੀ ਰਹੇਗਾ।ਇਸ ਸਮੇਂ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਲੋਕ ਏਕੇ ਨਾਲ਼ ਹਰ ਜਬਰ ਦਾ ਡੱਟਵਾਂ ਤੇ ਫੈਸਲਾਕੁੰਨ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਬੁਲਾਰਿਆਂ ਚ ਭਾਈ ਜਸਬੀਰ ਸਿੰਘ, ਪਾਲ ਸਿੰਘ ਨਵਾਂ ਡੱਲਾ, ਅਮਨਦੀਪ ਲਲਤੋ , ਜਗਰੂਪ ਸਿੰਘ ਹਸਨਪੂਰ, ਜਗਦੇਵ ਸਿੰਘ ਅਖਾੜਾ, ਸੁਖਜੀਤ ਸਿੰਘ ਅਖਾੜਾ, ਕੁਲਵਿੰਦਰ ਸਿੰਘ ਡੱਲਾ, ਦਰਸ਼ਨ ਸਿੰਘ ਅਖਾੜਾ, ਸਵਰਨ ਸਿੰਘ ਅਖਾੜਾ, ਚਮਕੌਰ ਸਿੰਘ ਚਚਰਾੜੀ, ਗੁਰਵਿੰਦਰ ਸਿੰਘ ਗੋਗੀ ਸੀਲੋਆਣੀ, ਹਰਜੀਤ ਸਿੰਘ ਕਲਸੀਆਂ, ਬਲਜੀਤ ਕੌਰ, ਨਸੀਬ ਕੌਰ, ਜਸਪਾਲ ਕੌਰ, ਬਲਜੀਤ ਕੌਰ ,ਛਿੰਦਰ ਪਾਲ ਕੌਰ ਕਮੇਟੀ ਮੈਂਬਰਾਂ ਆਦਿ ਸਮੇਤ ਅੋਰਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ
Next articleਰੇਲਵੇ ਦਾ ਵੱਡਾ ਐਲਾਨ: ਦੀਵਾਲੀ-ਛੱਠ ਲਈ 10 ਹਜ਼ਾਰ ਤੋਂ ਵੱਧ ਸਪੈਸ਼ਲ ਟਰੇਨਾਂ ਚੱਲਣਗੀਆਂ, 1 ਕਰੋੜ ਯਾਤਰੀਆਂ ਨੂੰ ਮਿਲੇਗੀ ਸਹੂਲਤ