ਬਰਲਿਨ ਵਾਸੀ ਸ੍ਰ ਤਰਲੋਚਨ ਸਿੰਘ ਸਿੱਧੂ ਜਰਮਨ ਦੀ ਨੈਸ਼ਨਲ ਹਾਕੀ ਟੀਮ (55-60 ਉਮਰ ਵਰਗ) ਵਿੱਚ ਆਪਣੇ ਜੌਹਰ ਦਿਖਾਉਣਗੇ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਜੀਤ ਚੁੰਬਰ )-ਖੇਡਾਂ ਅਤੇ ਸਮਾਜਿਕ ਕੰਮਾਂ ਵਿੱਚ ਹਮੇਸ਼ਾਂ ਵੱਧ ਚੜ੍ਹਕੇ ਹਿੱਸਾ ਲੈਣ ਵਾਲ਼ੇ ਬਰਲਿਨ ਵਾਸੀ ਸ੍ਰ ਤਰਲੋਚਨ ਸਿੰਘ ਦੀ ਜਰਮਨੀ ਦੀ ਨੈਸ਼ਨਲ ਹਾਕੀ ਟੀਮ (55-60 ਸਾਲ ਵਰਗ) ਵਾਸਤੇ ਚੋਣ ਹੋਈ ਹੈ। ਜਿਸ ਤਹਿਤ ਤਰਲੋਚਨ ਸਿੰਘ ਨਵੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਵਿਖੇ ਹੋ ਰਹੇ ਹਾਕੀ ਵਰਲਡ ਕੱਪ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਉਣਗੇ। ਕਸਬਾ ਸ਼ਾਮਚੁਰਾਸੀ ਦੇ ਨੇੜੇ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲ਼ਾ ਵਿਖੇ ਸ੍ਰ ਦਰਸ਼ਣ ਸਿੰਘ ਸਿੱਧੂ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਜਨਮੇਂ ਸ੍ਰ ਤਰਲੋਚਨ ਸਿੱਧੂ ਜੋ ਕਿ ਚੜ੍ਹਦੀ ਜਵਾਨੀ ਵੇਲ਼ੇ ਤੋਂ ਹੀ ਹਾਕੀ ਨਾਲ਼ ਜੁੜੇ ਹੋਏ ਹਨ। ਹੁਣ ਤੱਕ ਲਗਾਤਾਰ ਵੱਖ ਵੱਖ ਕਲੱਬਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ 1980 ਵਿੱਚ ਖਾਲਸਾ ਸੀਨੀਅਰ ਸਕੈੰਡਰੀ ਸਕੂਲ ਸ਼ਾਮਚੁਰਾਸੀ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ। ਫਿਰ ਖਾਲਸਾ ਕਾਲਜ ਜਲੰਧਰ, ਸਪੋਰਟਸ ਕਾਲਜ ਜਲੰਧਰ, ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਲੈਵਲ ਅਤੇ ਪੰਜਾਬ ਲੈਵਲ ਦੇ ਅਨੇਕਾਂ ਟੂਰਨਾਮੈਂਟ ਖੇਡੇ। ਫਿਰ ਉਨ੍ਹਾਂ ਦੀ ਸਿਲੈਕਸ਼ਨ ਕੋਰ ਆਫ਼ ਸਿਗਨਲ ਪੀ ਏ ਪੀ ਜਲੰਧਰ ਵਾਸਤੇ ਹੋਈ। ਇਸਤੋਂ ਕੁਝ ਸਮਾਂ ਬਾਅਦ ਉਹ ਭਾਰਤ ਦੀ ਨਾਮੀਂ ਕਲੱਬ ਜੇ ਸੀ ਟੀ ਫਗਵਾੜਾ ਵਿੱਚ ਚਲੇ ਗਏ ਅਤੇ ਚਾਰ ਸਾਲ ਆਪਣੀ ਖੇਡ ਜ਼ਰੀਏ ਅਨੇਕਾਂ ਟੂਰਨਾਮੈਂਟ ਜਿੱਤਕੇ ਨਾਮਣਾ ਖੱਟਿਆ। 1992 ਵਿੱਚ ਪੱਕੇ ਤੌਰ ਤੇ ਜਰਮਨੀ ਦੇ ਸ਼ਹਿਰ ਬਰਲਿਨ ਆਕੇ ਰੈੱਡ ਐਕਸ਼ਨ ਕਲੱਬ ਬਰਲਿਨ ਦੀ ਟੀਮ ਵਲੋਂ ਅਨੇਕਾਂ ਦੇਸ਼ਾਂ ਵਿੱਚ ਜਾ ਕੇ ਟੂਰਨਾਮੈਂਟ ਖੇਡੇ ਅਤੇ ਜਿੱਤਾਂ ਦਰਜ ਕੀਤੀਆਂ। ਸ੍ਰ ਸਿੱਧੂ 1992 ਤੋਂ ਲਗਾਤਾਰ ਇਸ ਕਲੱਬ ਦੇ ਮੈਂਬਰ ਚੱਲੇ ਆ ਰਹੇ ਹਨ। ਹਾਕੀ ਟੀਮ ਦੀ ਰੀੜ੍ਹ ਦੀ ਹੱਡੀ ਵਾਲ਼ੀ ਪੁਜ਼ੀਸ਼ਨ (ਰਾਈਟ ਹਾਫ, ਫੁੱਲ ਬੈਕ) ਵਿੱਚ ਖੇਡ ਰਹੇ ਤਰਲੋਚਨ ਸਿੰਘ ਨੂੰ ਉਨ੍ਹਾਂ ਦੀ  ਉਮਰ ਵਰਗ  ਦੇ ਖਿਡਾਰੀਆਂ ਵਾਲ਼ੀ ਟੀਮ ਵਿੱਚ ਸਭ ਤੋਂ ਫਿੱਟ ਮੰਨਿਆ ਜਾ ਰਿਹਾ ਹੈ। ਇਸ ਸਾਲ ਵੀ ਪੂਰੇ ਜਰਮਨੀਂ ਵਿੱਚੋਂ ਚੁਣੀਆਂ ਗਈਆਂ ਚਾਰ ਟੀਮਾਂ ਦੇ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਈਸਟ ਸਟੇਟ ਵਲ੍ਹੋਂ ਖੇਡਦਿਆਂ ਟਰਾਫੀ ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੀ ਚੋਣ ਨਾਲ਼ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਾਰੇ ਇਸਨੂੰ ਮਾਣ ਵਾਲ਼ੀ ਗੱਲ ਦੱਸ ਰਹੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਸ੍ਰ ਤਰਲੋਚਨ ਸਿੰਘ ਸਿੱਧੂ ਦੀ ਮਿਹਨਤ ਨੂੰ ਬਰਕਤਾਂ ਪਾਵੇ ਅਤੇ ਉਹ ਵਰਲਡ ਕੱਪ ਵਿੱਚ  ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਸਮੂਹ ਪੰਜਾਬੀਆਂ ਦਾ ਸਿਰ ਮਾਣ ਨਾਲ਼ ਉੱਚਾ ਕਰ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਲਹਿੰਬਰ ਹੁਸੈਨਪੁਰੀ ਦੇ ਪਿਤਾ ਮੋਹਨ ਸਿੰਘ ਨੂੰ ਵੱਖ ਵੱਖ ਵਰਗਾਂ ਵਲੋਂ ਦਿੱਤੀਆਂ ਗਈਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ
Next articleਪੰਜਾਬ ‘ਚ 2500 ਤੋਂ ਵੱਧ ਡਾਕਟਰ ਹੜਤਾਲ ‘ਤੇ, ਓਪੀਡੀ ਸੇਵਾਵਾਂ ਪ੍ਰਭਾਵਿਤ; ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਉਪਲਬਧ ਹੋਣਗੀਆਂ