“ਭਾਰਤੀ ਸਿਆਸੀ ਖੇਡ ਵਿੱਚ ਅਟਕਿਆ ਨੌਜਵਾਨ ਪੀੜ੍ਹੀ ਦਾ ਭਵਿੱਖ”

12 ਅਗਸਤ ਅੰਤਰਰਾਸ਼ਟਰੀ ਨੌਜਵਾਨ ਦਿਵਸ ਤੇ ਵਿਸ਼ੇਸ਼
(ਸਮਾਜ ਵੀਕਲੀ) ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਵਿਚ ਵੀ ਹਰ ਸਾਲ 12 ਅਗਸਤ ਅੰਤਰਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ ਪਰ ਸਵਾਲ ਬਣ ਜਾਂਦਾ ਹੈ ਕਿ ਇਹ ਦਿਵਸ ਨੌਜਵਾਨਾ ਲਈ ਕੀ ਲੈਕੇ ਆਉਂਦਾ ਹੈ ਸਾਡੇ ਦੇਸ਼ ਦੀ ਤ੍ਰਾਸਦੀ ਕਹਿ ਲਵੋ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦੀ ਗੰਦੀ ਰਾਜਨੀਤੀ ਅਤੇ ਸਿਆਸਤ ਹੀ ਦੇਸ਼ ਦੀ ਮਾੜੀ ਸਥਿਤੀ ਦਾ ਕਾਰਨ ਬਣੀ ਹੈ। ਇਹ ਇੱਕ ਕੌੜਾ ਸੱਚ ਹੈ ਕਿ ਅੱਜ ਦੇਸ਼ ਦੇ 90 ਫੀਸਦੀ ਨੇਤਾ ਸਿਰਫ ਸੱਤਾ, ਕੁਰਸੀ ਅਤੇ ਪੈਸੇ ਲਈ ਰਾਜਨੀਤੀ ਦੀ ਖੇਡ ਖੇਡ ਰਹੇ ਹਨ। ਰਾਜਨੀਤਕ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਅਤੇ ਪੰਜ ਸਾਲ ਬਾਅਦ ਕੋਈ ਹੋਰ ਪਾਰਟੀ ਸੱਤਾ ਵਿਚ ਆ ਜਾਂਦੀ ਹੈ ਇਹ ਵਕਤ ਸਿਰਫ ਇੱਕ ਦੂਜੇ ਤੇ ਦੁਸਨ ਲਾਉਣ ਵਿੱਚ ਨਿਕਲ ਜਾਂਦਾ ਹੈ। ਸੱਤਾ ਹਾਸਿਲ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਧਰਮ, ਜ਼ਾਤ ਅਤੇ ਮਜ਼ਬਾਂ ਦੇ ਪੱਤੇ ਖੇਡੇ ਜਾਂਦੇ ਹਨ। ਨੌਜਵਾਨਾ ਦਾ ਧਿਆਨ ਵਿਗਿਆਨਕ ਅਤੇ ਤਕਨੀਕੀ ਸੋਚ ਤੋਂ ਹਟਾ ਕੇ ਅੰਧਵਿਸ਼ਵਾਸ ਦੇ ਰਾਹ ਤੋਰਿਆ ਜਾਂਦਾ ਹੈ। ਨੌਜਵਾਨਾ ਲਈ ਰੁਜ਼ਗਾਰ ਦੇ ਸਾਧਨ ਕਿਵੇਂ ਪੈਦਾ ਕਰਨੇ ਹਨ, ਨੌਜਵਾਨਾ ਨੂੰ ਵਿਗਿਆਨ ਨਾਲ ਕਿਵੇਂ ਜੋੜਨਾ ਹੈ, ਨੌਜਵਾਨਾ ਨੂੰ ਨਵੀਂ ਟੈਕਨਾਲੋਜੀ ਦੀ ਸਿਖਿਆ ਕਿਵੇਂ ਦੇਣੀ ਹੈ ਇਸ ਵਾਰੇ ਸਰਕਾਰਾ ਕਦੇ ਗੰਭੀਰ ਹੀ ਨਹੀਂ ਹੋਈਆਂ। ਮੁੱਠੀ ਭਰ ਸਰਕਾਰੀ ਨੌਕਰੀਆਂ ਨਾਲ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿਚੋਂ ਬਾਹਰ ਨਹੀਂ ਨਿਕਲ ਸਕਦਾ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਥੋ ਦੇ ਨੌਜਵਾਨਾਂ ਦੇ ਚਿਹਰਿਆਂ ਤੋਂ ਸਹਿਜੇ ਹੀ ਪੜੀ ਜਾ ਸਕਦੀ ਹੈ। ਨੌਜਵਾਨ ਇਕ ਇਹੋ ਜਿਹਾ ਵਰਗ ਹੈ, ਜਿਸ ਤੋਂ ਬਿਨਾਂ ਕਿਸੇ ਦੇਸ਼ ਜਾਂ ਸੂਬੇ ਦੀ ਸੱਤਾ ਤਬਦੀਲੀ ਨਹੀਂ ਹੋ ਸਕਦੀ ਅੱਜ ਦੇਸ਼ ਦਾ ਨੌਜਵਾਨ ਦੂਜੇ ਦੇਸ਼ਾਂ ਵੱਲ ਜਾਣ ਲਈ ਜਦੋ ਜਹਿਦ ਕਰ ਰਿਹਾ ਹੈ ਜਿਸਦੇ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਿਸਟਮ ਦਾ ਸਹੀ ਨਾ ਹੋਣਾ, ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮੱਸਿਆ, ਭ੍ਰਿਸ਼ਟਾਚਾਰ ਆਦਿ। ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਪਰ ਕੋਈ ਠੋਸ ਨੀਤੀ ਨਹੀਂ ਬਣਾਈ ਜਾਂਦੀ। ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਵੀ ਹੈ ਪਰ ਸੋਨੇ ਦੀ ਖਾਣ ਵਿੱਚੋ ਕਿਸੇ ਸਰਕਾਰ ਨੇ ਸੋਨਾ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ ਤੱਕ ਦੇਸ਼ ਦੀ ਸਿਆਸਤ ਹਮੇਸ਼ਾ ਸਿਰਫ਼ ਧਨਾਢ ਲੋਕਾਂ ਤੱਕ ਹੀ ਸੀਮਤ ਰਹੀ ਹੈ। ਪਾਰਟੀਆਂ ਅਤੇ ਰਾਜਨੀਤਕ ਲੋਕਾਂ ਵਲੋਂ ਵੱਡੇ-ਵੱਡੇ ਲੋਕਾਂ ਅਤੇ ਕੰਪਨੀਆਂ ਤੋਂ ਪਾਰਟੀ ਫੰਡ ਲੈਕੇ ਚੋਣਾਂ ਜਿੱਤੀਆਂ ਜਾਦੀਆ ਹਨ ਅਤੇ ਬਾਅਦ ’ਚ ਉਨ੍ਹਾਂ ਦੇ ਮੁਤਾਬਕ ਹੀ ਸਰਕਾਰਾਂ ਚਲਦੀਆਂ ਹਨ ਇਸ ਕਰਕੇ ਰਾਜਨੀਤੀ ਸਮਾਜ ਸੇਵਾ ਦੀ ਬਜਾਏ ਇੱਕ ਬਿਜ਼ਨਸ ਬਣ ਚੁੱਕੀ ਹੈ ਇਥੋਂ ਤੱਕ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਵੀ ਵੇਚੇ ਤੇ ਖਰੀਦੇ ਜਾਂਦੇ ਹਨ ਰਾਜਨੀਤੀ ਪੈਸੇ ਅਤੇ ਧਨਾਢ ਲੋਕਾਂ ਦੇ ਦੁਆਲੇ ਘੁੰਮਦੀ ਘੁੰਮਦੀ ਗਰੀਬਾ, ਨੌਜਵਾਨਾਂ ਅਤੇ ਦੇਸ਼ ਦੀਆਂ ਹੋਰ ਸਮੱਸਿਆਵਾਂ ਤੱਕ ਪਹੁੰਚਦੇ ਪਹੁੰਚਦੇ ਦਮ ਤੋੜ ਜਾਂਦੀ ਹੈ। ਜਿਨ੍ਹਾਂ ’ਚੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਵੀ ਸਮੱਸਿਆ ਹੈ। ਲੇਬਰ ਬਿਊਰੋ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ ਪ੍ਰਤੀ ਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਮਿਲ ਨਹੀਂ ਰਹੇ। ਭਾਰਤ ਦੁਨੀਆਂ ’ਚ ਅਬਾਦੀ ’ਚ ਪਹਿਲਾਂ ਵੱਡਾ ਦੇਸ਼ ਬਣ ਚੁੱਕਾ ਹੈ। ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਕਿਸੇ ਦੇਸ਼ ਨਾਲੋਂ ਵੱਡੀ ਹੈ ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਇੱਛਤ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਘਾਟ ਹੈ,ਜੋ ਵੱਡੀ ਨਿਰਾਸ਼ਾ ਦਾ ਕਾਰਨ ਹੈ ਅਤੇ ਕਈ ਹਾਲਤਾਂ ਵਿੱਚ ਉਸਨੂੰ ਪ੍ਰਵਾਸ ਹੰਢਾਉਣ ਲਈ ਮਜ਼ਬੂਰ ਕਰ ਰਹੀ ਹੈ ਜਾਂ ਫਿਰ ਉਸਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਵੱਲ ਪ੍ਰੇਰਿਤ ਕਰਦੀ ਹੈ। ਦੇਸ਼ ਦਾ ਨੌਜਵਾਨ ਇਸ ਸਮੇਂ ਨਿਰਾਸ਼ ਹੈ। ਇਸ ਨਿਰਾਸ਼ਤਾ ਕਾਰਨ ਉਹ ਆਪਣੇ ਸਰਵਜਨਿਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਸਕਦੇ। ਉਨ੍ਹਾਂ ਦੇ ਜੀਵਨ ਵਿੱਚ ਉਦਾਸੀ ਅਤੇ ਅਸੰਤੁਲਿਨ ਆਮ ਵੇਖਿਆ ਜਾਣ ਲੱਗਾ ਹੈ। ਉਸਦੇ ਮਨ ‘ਚ ਪੈਦਾ ਹੋ ਰਹੇ ਨਾਕਾਰਤਮਕ ਵਿਚਾਰ, ਕ੍ਰੋਧ ਅਤੇ ਤਨਾਅ ਉਸਦੇ ਵਿਅਕਤੀਤੱਵ ’ਤੇ ਬੁਰਾ ਪ੍ਰਭਾਵ ਛੱਡ ਰਹੇ ਹਨ। ਉਹ ਆਪਣੇ ਸਭਿਆਚਾਰ, ਸਮਾਜਿਕ ਮੁਲਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਸਮੇਂ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਲੋੜ ਹੈ ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ‘ਤੇ ਅਸਥਾਈ ਅਤੇ ਸਥਾਈ ਰੁਜ਼ਗਾਰ ਸਿਰਜਨ ਦੀ ਹੈ। ਇਸ ਵਾਸਤੇ ਭਾਰਤ ਅਤੇ ਸੂਬਿਆਂ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ, ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਠੋਸ ਨੀਤੀਆਂ ਲਿਆਉਣ ਦੀ ਲੋੜ ਹੈ, ਕਿਉਂਕਿ ਜਿਸ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਤਾਂ ਉਸ ਦੇਸ਼ ਦੇ ਵਿਕਾਸ ਵਿਚ ਤੇਜ਼ੀ ਆਉਣੀ ਨਾ ਮੁਮਕਿਨ ਹੈ। ਜੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਦੇ ਵਿਕਾਸ ਕਰਨ ਦੀ ਵਜਾਏ ਉਨ੍ਹਾਂ ਦੀ ਉਰਜਾ ਆਪਣੇ ਦੇਸ਼ ਵਿਚ ਲਾਉਣਾ ਚਾਹੁੰਦੇ ਹਾਂ ਤਾਂ ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਾਧਨਾ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਅੰਧਵਿਸ਼ਵਾਸੀ ਸੋਚ ਚੋ ਕੱਢਕੇ ਵਿਗਿਆਨਕ ਅਤੇ ਨਵੀਂ ਤਕਨਾਲੋਜੀ ਨਾਲ ਜੋੜਨ ਦੀ ਲੋੜ ਹੈ ਤਾਂ ਹੀ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਰੀਸ ਕਰਨ ਦੇ ਕਾਬਲ ਬਣ ਸਕਦੇ ਹਾਂ ਅਤੇ ਤਾਂ ਹੀ ਸਾਨੂੰ ਨੌਜਵਾਨ ਦਿਵਸ ਮਨਾਉਣ ਦਾ ਫ਼ਾਇਦਾ ਹੈ ਇਸ ਦੇ ਨਾਲ ਹੀ ਨੌਜਵਾਨ ਵਰਗ ਨੂੰ ਚੰਗੀ ਅਤੇ ਸਾਫ ਸੁਥਰੀ ਰਾਜਨੀਤੀ ਵਿੱਚ ਰੁਚੀ ਵਧਾਉਣ ਦੀ ਲੋੜ ਹੈ ਜਿਸ ਦਿਨ ਸਾਡੇ ਨੌਜਵਾਨ ਰਾਜਨੀਤੀ ਸਮਝਣ, ਅਤੇ ਸਮਝਾਉਣ ਲੱਗ ਪਏ ਤਾਂ ਅਖੌਤੀ, ਅਤੇ ਭ੍ਰਿਸ਼ਟ ਲੀਡਰਾ ਨੂੰ ਰਾਜਨੀਤੀ ਕਰਨੀ ਇਨੀ ਆਸਾਨ ਨਹੀਂ ਹੋਵੇਗੀ। ਸ਼ਹੀਦਾਂ ਦੇ ਸੁਪਨਿਆਂ ਦੇ ਲੋਕਤੰਤਰ ਦੀ ਬਹਾਲੀ, ਦੇਸ਼ ਦੇ ਨਿਰਮਾਣ, ਵਿਕਾਸ, ਅਤੇ ਸਾਫ ਸੁਥਰੀ ਰਾਜਨੀਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਬੜੀ ਅਹਿਮੀਅਤ ਰੱਖਦਾ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਨੌਜਵਾਨ ਪੀੜ੍ਹੀ ਕੋਲ ਰੁਜ਼ਗਾਰ ਹੋਵੇਗਾ ਅਤੇ ਉਹ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ ਜਿਸ ਦਿਨ ਦੇਸ਼ ਦਾ ਨੌਜਵਾਨ ਵਰਗ ਮਜ਼ਬੂਤ ਹੋ ਗਿਆ ਉਸ ਦਿਨ ਦੇਸ਼ ਨੂੰ ਮਜ਼ਬੂਤ ਹੋਣੋਂ ਕੋਈ ਨਹੀਂ ਰੋਕ ਸਕਦਾ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਕੂਲੀ ਵਰਦੀ ਸਮਾਰਟ ਯੂਨੀਫ਼ਾਰਮ
Next articleਐੱਸ ਡੀ ਕਾਲਜ ਫਾਰ ਵੂਮੈਨ ‘ਚ ਵਣ ਮਹਾਂਉਤਸਵ ਮਨਾਇਆ