ਕੈਬਨਿਟ ਮੰਤਰੀ ਨੇ ਦਾਨੀ ਸੱਜਣਾਂ ਨੂੰ ‘ਬੁੱਕ-ਏ-ਡੇਅ’ ਸਕੀਮ ਤਹਿਤ ਸਾਂਝੀ ਰਸੋਈ ’ਚ ਯੋਗਦਾਨ ਦੇ ਕੇ ਆਪਦੇ ਯਾਦਗਾਰੀ ਦਿਨ ਮਨਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਅਤੇ ਸਮਾਜ ਸੇਵੀ ਆਗਿਆਪਾਲ ਸਿੰਘ ਸਾਹਨੀ ਨੇ ਅੱਜ ਸਾਂਝੀ ਰਸੋਈ ਵਿਚ ਪਰਿਵਾਰ ਸਮੇਤ ਪਹੁੰਚ ਕੇ ਭੋਜਨ ਵਰਤਾਇਆ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ ਅਤੇ ਉਨ੍ਹਾਂ ਨੇ ਵੀ ਉਥੇ ਭੋਜਨ ਕਰਨ ਆਏ ਲੋਕਾਂ ਨੂੰ ਖ਼ੁਦ ਭੋਜਨ ਵਰਤਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਬਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਂਝੀ ਰਸੋਈ ਵਿਚ ਰੋਜ਼ਾਨਾ 10 ਰੁਪਏ ਵਿਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਾਣੇ ਦੀ ਗੁਣਵੱਤਾ ’ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਤਾਂ ਜੋ ਪੌਸ਼ਟਿਕ ਖਾਣਾ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਂਝੀ ਰਸੋਈ ਵਿਚ ਕੋਈ ਵੀ ਵਿਅਕਤੀ ਦੁਪਹਿਰ ਦਾ ਖਾਣਾ ਖਾਣ ਲਈ ਆ ਸਕਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਗਿਆਪਾਲ ਸਿੰਘ ਸਾਹਨੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸਮਾਜ ਸੇਵਾ ਵਿਚ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਸਾਂਝੀ ਰਸੋਈ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਲਈ ਉਹ ਸਾਹਨੀ ਪਰਿਵਾਰ ਦੇ ਧੰਨਵਾਦੀ ਹਨ। ਉਨ੍ਹਾਂ ਸਾਂਝੀ ਰਸੋਈ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਤਰ੍ਹਾਂ ਦੀਆਂ ਲੋਕ ਭਲਾਈ ਯੋਜਨਾਵਾਂ ਲਗਾਤਾਰ ਚਲਦੀਆਂ ਰਹਿਣਗੀਆਂ। ਉਨ੍ਹਾਂ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਅਤੇ ਹੋਰ ਯਾਦਗਾਰੀ ਦਿਨ ‘ਬੁੱਕ-ਏ-ਡੇਅ’ ਸਕੀਮ ਤਹਿਤ ਸਾਂਝੀ ਰਸੋਈ ਵਿਚ ਯੋਗਦਾਨ ਪਾ ਕੇ ਮਨਾਉਣ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਰੋਜ਼ਾਨਾ 300-400 ਤੋਂ ਵੱਧ ਲੋੜਵੰਦ ਲੋਕਾਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾਂਦਾ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕੌਂਸਲਰ ਜਸਵੰਤ ਸਿੰਘ, ਹਰਪ੍ਰੀਤ ਸਾਹਨੀ, ਵਰਿੰਦਰ ਸ਼ਰਮਾ, ਰਾਜੀਵ ਬਜਾਜ, ਕੁਮਕੁਮ ਸੂਦ, ਰਾਕੇਸ਼ ਕਪਿਲਾ, ਸੁਮੇਸ਼ ਸੋਨੀ, ਕੁਲਵਿੰਦਰ ਹੁੰਦਲ, ਅਵਤਾਰ ਸਿੰਘ ਧਾਮੀ, ਹਰਿੰਦਰ ਹੈਰੀ, ਕਮਲਜੀਤ ਕੰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly