ਠਕ ਟਕ ਠਕ ਟਕ ਠਕ ਟਕ

ਜਨਮੇਜਾ ਸਿੰਘ ਜੌਹਲ
ਜਨਮੇਜਾ ਸਿੰਘ ਜੌਹਲ 
(ਸਮਾਜ ਵੀਕਲੀ)ਇਹ ਬਹੁਤ ਹੀ ਖਤਰਨਾਕ ਆਵਾਜ਼ ਹੈ . ਜੇਕਰ ਇਹ ਕਿਸੇ ਦੇ ਸਾਈਕਲ ਵਿੱਚੋਂ ਆਉਣ ਲੱਗ ਪਵੇ ਤਾਂ ਬੰਦੇ ਨੂੰ ਉੱਤਰ ਕੇ ਦੇਖਣਾ ਪੈਂਦਾ ਹੈ ਕਿ ਕਿੱਥੋਂ ਇਹ ਆਵਾਜ਼ ਆਈ ਹੈ . ਜੇ ਮੋਟਰਸਾਈਕਲ ਚੋਂ ਇਹ ਆਵਾਜ਼ ਆਉਣ ਲੱਗ ਪਏ ਤਾਂ ਬੰਦਾ ਇਕਦਮ ਮੋਟਰਸਾਈਕਲ ਖੜਾ ਕਰ ਲੈਂਦਾ ਹੈ ਤੇ ਚੈੱਕ ਕਰਦਾ ਹੈ ਕਿ ਆਵਾਜ਼ ਕਿੱਥੋਂ ਆਈ । ਜੇ ਕਾਰ ਦੇ ਵਿੱਚੋਂ ਆਉਣ ਲੱਗ ਪਵੇ ਤਾਂ ਦੂਰ ਜਾਂਦਾ ਮੁਸਾਫਰ ਵੀ ਘਬਰਾ ਜਾਂਦਾ ਹੈ ਕਿ ਇਹ ਕਿੱਥੋਂ ਆਵਾਜ਼ ਆ ਰਹੀ ਹੈ।
 ਜੇ ਦਫਤਰ ਦੇ ਵਿੱਚ ਕੰਮ ਕਰਦੇ ਹੋਵੋ ਤੇ ਕਿਤੋਂ ਇਹ ਆਵਾਜ਼ ਆਉਣ ਲੱਗ ਜਾਵੇ ਤਾਂ ਸਾਰੇ ਘਬਰਾ ਜਾਂਦੇ ਹਨ ਕਿ ਕੀ ਹੋ ਗਿਆ ਹੈ । ਜੇ ਬਰਸਾਤਾਂ ਦੇ ਮੌਸਮ ਵਿੱਚ ਇਹ ਆਵਾਜ਼ ਆਉਣ ਲੱਗ ਜਾਵੇ ਤਾਂ ਫਿਕਰ ਪੈ ਜਾਂਦਾ ਹੈ ਕਿ ਕਿਤੇ ਛੱਤ ਤਾਂ ਨਹੀਂ ਚੋਣ ਲੱਗ ਪਈ । ਇਸ ਤਰਾਂ ਇਹ ਜਿਹੜੀ ਆਵਾਜ਼ ਹੈ ਇਹ ਬਹੁਤ ਹੀ ਖਤਰਨਾਕ ਆਵਾਜ਼ ਗਿਣੀ ਜਾਂਦੀ ਹੈ । ਜੇਕਰ ਇਹ ਕਿਸੇ ਦੀ ਛਾਤੀ ਵਿੱਚੋਂ ਹੋਣ ਲੱਗ ਪਏ ਤਾਂ ਉਸ ਨੂੰ ਇਹ ਲੱਗਦਾ ਹੈ ਕਿ ਬਸ ਹੁਣ ਸਮਾਂ ਆ ਗਿਆ ਹੈ , ਦਿਲ ਨੂੰ ਕੁਝ ਹੋ ਰਿਹਾ ਹੈ। ਇਹ ਆਵਾਜ਼ ਮਨੁੱਖ ਨੂੰ ਹਮੇਸ਼ਾ ਡਰਾਉਂਦੀ ਹੈ ਤੇ  ਮਨੁੱਖ ਇਸ ਤੋਂ ਡਰਦਾ ਵੀ ਹੈ ੱਪਰ ਮੇਰੇ ਲਈ ਇਹ ਆਵਾਜ਼ ਬੜੀ ਹੀ ਸੁਖਦ ਭਾਵ ਦਿੰਦੀ ਹੈ । ਭਾਵੇਂ ਕਿ ਇਸ ਨੇ ਮੈਨੂੰ ਪਹਿਲਾਂ ਪਹਿਲੋਂ ਬਹੁਤ ਡਰਾਇਆ । ਸਾਡੇ ਘਰ ਦੇ ਵਿੱਚ ਇੱਕ ਪਾਸੇ ਟੀਨ ਦੀ ਛੱਤ ਹੈ ਅਤੇ ਉਸਦੇ ਨਾਲ ਇੱਕ ਦਰਖਤ ਉਗਿਆ ਹੋਇਆ ਹੈ ਜਾਮਣ ਦਾ।  ਇਹ ਦਰਖਤ ਕਾਫੀ ਵੱਡਾ ਹੋ ਗਿਆ ਹੈ ਤੇ ਇਹ ਦੂਸਰੀ ਮੰਜਲ ਤੋਂ ਵੀ ਉੱਤੇ ਚਲਾ ਗਿਆ ਹੈ। ਰਾਤ ਨੂੰ ਸੁੱਤੇ ਪਏ ਇਸ ਆਵਾਜ਼ ਨੇ ਕਈ ਵਾਰੀ ਡਰਾਇਆ । ਮੇਰਾ ਕਮਰਾ ਵੀ ਦੂਜੀ ਛੱਤ ਦੇ ਉੱਤੇ ਹੀ ਹੈ । ਹੁਣ ਮੈਂ  ਕਈ ਵਾਰੀ ਉੱਠ ਕੇ ਦੇਖਿਆ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ ? ਕੀ ਕੋਈ ਜਾਨਵਰ ਜਾਮਣ ਦੇ ਉੱਤੇ ਚੜ ਗਿਆ ਹੈ ਤੇ  ਉਹ ਥੱਲੇ ਛਾਲਾ ਮਾਰ ਰਿਹਾ ਹੈ ਤੇ ਇਹ ਜਾਨਵਰ ਕਿਤੇ ਕੋਈ ਖਤਰਨਾਕ ਜਾਨਵਰ ਨਾ ਹੋਵੇ । ਪਰ ਇਹਨਾਂ ਬਰਸਾਤਾਂ ਤੋਂ ਪਹਿਲਾਂ ਮੈਨੂੰ ਇਸ ਆਵਾਜ਼ ਨੇ ਬੜਾ ਆਨੰਦ ਦਿੱਤਾ ਕਿਉਂਕਿ ਰਾਤ ਨੂੰ ਜਦੋਂ ਕੋਈ ਜਾਮਣ ਪੱਕਦੀ ਸੀ , ਉਹ ਆਪਣੇ ਆਪ ਡਿੱਗਦੀ ਸੀ ਤੇ ਛੱਤ ਉੱਤੇ ਵੱਜ ਕੇ ਠਕ ਟਕ ਠਕ ਟਕ ਕਰਦੀ ਸੀ ਤੇ ਸਵੇਰ ਨੂੰ ਇਹ ਮਿੱਠੀ ਜਾਮਣ ਮੇਰੇ ਮੂੰਹ ਵਿੱਚ ਜਦੋਂ ਜਾਂਦੀ ਸੀ ਤਾਂ ਠਕ ਟਕ ਠਕ ਟਕ ਠਕ ਟਕ ਕਰਕੇ ਅਨੰਦਮਈ ਕਰਦੀ ਹੈ ।

 

Previous articleਵਿਲੀਅਮ ਲੇਕ ਦੇ ਬਜ਼ੁਰਗਾਂ ਨੇ ਸਰੀ ’ਚ ਮਨਾਈ ਪਿਕਨਿਕ, ਕੇਕ ਕੱਟਣ ਮਗਰੋਂ ਸਾਵਦਲੇ ਭੋਜਨ ਦਾ ਮਾਣਿਆ ਆਨੰਦ
Next articleNTA ਦੀ ਮੰਗ ‘ਤੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, 18 ਜੁਲਾਈ ਨੂੰ ਅਗਲੀ ਸੁਣਵਾਈ